ਤਹਿਸੀਲ ਕਪੂਰਥਲਾ ਤੇ ਢਿਲਵਾਂ ਦੇ ਨੰਬਰਦਾਰਾਂ ਦਾ 5 ਮਹੀਨੇ ਦਾ ਮਾਣ ਭੱਤਾ ਹੋਇਆ ਜਾਰੀ-ਕੰਗ
ਕਪੂਰਥਲਾ, 4 ਅਗਸਤ (ਸਡਾਨਾ)-ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਘੁੰਮਣ ਤੇ ਪ੍ਰੈੱਸ ਸਕੱਤਰ ਜਸਪ੍ਰੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਹਿਸੀਲ ਕਪੂਰਥਲਾ ਅਤੇ ਸਬ ਤਹਿਸੀਲ ਢਿਲਵਾਂ ਅਧੀਨ ਆਉਂਦੇ ਨੰਬਰਦਾਰਾਂ ਦਾ ਪਿਛਲੇ 5 ਮਹੀਨਿਆਂ ਦਾ ਬਣਦਾ ਮਾਣ ਭੱਤਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤਾ ਗਿਆ ਹੈ | ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਨੰਬਰਦਾਰ ਆਪਣੇ ਬੈਂਕ ਤੋਂ ਮਾਣ ਭੱਤੇ ਦੀ ਰਾਸ਼ੀ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੇ ਹੱਕਾਂ ਲਈ ਨੰਬਰਦਾਰ ਯੂਨੀਅਨ ਸਦਾ ਹੀ ਸਰਗਰਮ ਰਹਿੰਦੀ ਹੈ ਤੇ ਉਨ੍ਹਾਂ ਦੇ ਯਤਨਾਂ ਸਦਕਾ ਹੀ 5 ਮਹੀਨਿਆਂ ਤੋਂ ਰੁਕਿਆ ਮਾਣ ਭੱਤਾ ਜਾਰੀ ਹੋਇਆ ਹੈ | ਉਨ੍ਹਾਂ ਦੱਸਿਆ ਕਿ ਜਲਦੀ ਹੀ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ |