ਕਿਸਾਨ ਦੀਆਂ ਮੱਝਾਂ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ
ਫਗਵਾੜਾ, 12 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪਲਾਹੀ ‘ਚ ਇੱਕ ਕਿਸਾਨ ਦੀਆਂ ਦੂਜੀ ਵਾਰ ਮੱਝਾਂ ਚੋਰੀ ਹੋਣ ਨਾਲ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ | ਥਾਣਾ ਸਦਰ ਪੁਲਿਸ ਨੇ ਮੱਝਾਂ ਚੋਰੀ ਕਰਨ ਵਾਲੇ ਨੂੰ ਕਾਬੂ ਕਰਕੇ ਚੋਰ ਪਾਸੋਂ ਕਿਸਾਨ ਨੂੰ ਮੱਝਾਂ ਵਾਪਸ ਦਵਾਈਆਂ | ਕਿਸਾਨ ਅਮਰੀਕ ਸਿੰਘ ਵਾਸੀ ਪਲਾਹੀ ਨੇ ਦੱਸਿਆ ਕਿ ਉਸ ਦਾ ਪਲਾਹੀ ਤੋਂ ਖੁਰਮਪੁਰ ਰੋਡ ਤੇ ਖੂਹ ਹੈ ਉਹ ਰੋਜ਼ਾਨਾ ਦਾ ਤਰ੍ਹਾਂ ਰਾਤ ਨੂੰ 10 ਵਜੇ ਘਰ ਆ ਜਾਂਦਾ ਹੈ | ਜਦੋਂ ਸਵੇਰੇ ਉਸ ਨੇ ਜਾਂ ਕੇ ਦੇਖਿਆ ਤਾਂ ਦੋ ਮੱਝਾਂ ਇੱਕ ਝੋਟੀ ਸੰਗਲ ਸਮੇਤ ਗਾਇਬ ਸੀ ਆਲੇ ਦੁਆਲੇ ਭਾਲਣ ‘ਤੇ ਨਹੀਂ ਮਿਲੀਆਂ | ਜਦੋਂ ਪੁਲਿਸ ਨੂੰ ਇਸ ਸਬੰਧੀ ਇਤਲਾਹ ਦਿੱਤੀ ਤਾਂ ਪੁਲਿਸ ਨੇ ਚੋਰ ਨੂੰ ਕਾਬੂ ਕਰਕੇ ਉਸ ਦੀਆਂ ਮੱਝਾਂ ਵਾਪਸ ਦਵਾ ਦਿੱਤੀਆਂ | ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਜਨਵਰੀ ਮਹੀਨੇ ਵਿਚ ਵੀ ਇਸੇ ਜਗ੍ਹਾ ਤੋਂ ਉਸ ਦੀਆਂ ਤਿੰਨ ਮੱਝਾਂ ਚੋਰੀਆਂ ਹੋਈਆਂ ਸਨ ਉਹ ਹਾਲੇ ਤੱਕ ਨਹੀਂ ਮਿਲੀਆਂ | ਪਿੰਡ ਦੇ ਵਸਨੀਕ ਸੀਤਲ ਸਿੰਘ ਪਲਾਹੀ, ਜਤਿੰਦਰਪਾਲ ਸਿੰਘ ਪਲਾਹੀ, ਜੋਧਨ ਸਿੰਘ ਪਲਾਹੀ ਨੇ ਆਖਿਆ ਕਿ ਪਿੰਡ ‘ਚ ਚੋਰਾਂ ਕਰਕੇ ਸਹਿਮ ਦਾ ਮਾਹੌਲ ਹੈ | ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਵੀ ਆਪਣੀ ਗਸ਼ਤ ਤੇਜ਼ ਕਰਨੀ ਚਾਹੀਦੀ ਹੈ ਤਾਂ ਜੋ ਚੋਰਾਂ ਵਿਚ ਡਰ ਦਾ ਮਾਹੌਲ ਬਣੇ ਕਿ ਪੁਲਿਸ ਰਾਤ ਨੂੰ ਘੁੰਮਦੀ ਹੈ | ਪੁਲਿਸ ਵਲੋਂ ਕਾਬੂ ਚੋਰ ਗੁੱਜਰ ਦੱਸਿਆ ਜਾ ਰਿਹਾ ਹੈ |