ਜੀ.ਵੀ.ਜੇ. ਰਾਈਸ ਇੰਡਸਟਰੀਜ਼ ’ਚੋਂ ਝੋਨੇ ਦੀਆਂ ਬੋਰੀਆਂ ਚੋਰੀ ਕਰਨ ਦੀ ਕੋਸ਼ਿਸ਼
ਸੁਲਤਾਨਪੁਰ ਲੋਧੀ, 4 ਨਵੰਬਰ (ਨਰੇਸ਼ ਹੈਪੀ)-ਬੀਤੀ ਰਾਤ ਕਰੀਬ 1 ਵਜੇ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਖਮਾਂਗਾ ਵਿਖੇ ਸਰੂਪਵਾਲ ਰੋਡ ’ਤੇ ਸਥਿਤ ਜੀ.ਵੀ.ਜੇ. ਰਾਈਸ ਇੰਡਸਟਰੀਜ਼ ਵਿਚ ਚੋਰਾਂ ਨੇ ਧਾਵਾ ਬੋਲਦਿਆਂ 50 ਤੋਂ 60 ਬੋਰੀਆਂ ਝੋਨਾ ਚੋਰੀ ਕਰ ਲਿਆ। ਚੋਰ ਸ਼ੈਲਰ ਦੀ ਕੰਧ ਤੋਡ਼ ਕੇ ਅੰਦਰ ਦਾਖ਼ਲ ਹੋਏ ਤੇ ਝੋਨਾ ਬਲੈਰੋ ਕੈਂਪਰ ਗੱਡੀ ’ਚ ਲੱਦ ਕੇ ਫ਼ਰਾਰ ਹੋਣ ਲੱਗੇ। ਸ਼ੈਲਰ ਮਾਲਕ ਸ਼ਿੰਦਰਪਾਲ ਸਿੰਘ ਅਨੁਸਾਰ, ਘਟਨਾ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਗਾਰਡਾਂ ਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੇ ਕਰੀਬ 30 ਤੋਂ 40 ਕਿੱਲੋਮੀਟਰ ਤੱਕ ਮੱਖੂ ਵੱਲ ਚੋਰਾਂ ਦੀ ਗੱਡੀ ਦਾ ਪਿੱਛਾ ਕਰਕੇ ਆਪਣੀ ਸੂਝ-ਬੂਝ ਨਾਲ ਬਲੈਰੋ ਕੈਂਪਰ ਨੂੰ ਟਰੈਕ ਕਰ ਲਿਆ। ਦੱਸਿਆ ਗਿਆ ਕਿ ਪਿੱਛਾ ਕੀਤੇ ਜਾਣ ਦਾ ਅਹਿਸਾਸ ਹੋਣ ’ਤੇ ਚੋਰ ਗੱਡੀ ਤੇ ਉਸ ’ਚ ਲੱਦਿਆ ਝੋਨਾ ਛੱਡ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਮਾਲਕ ਤੇ ਕਰਮਚਾਰੀਆਂ ਨੇ ਚੋਰੀ ਹੋਇਆ ਝੋਨਾ ਤੇ ਬਲੈਰੋ ਕੈਂਪਰ ਵਾਪਸ ਸ਼ੈਲਰ ਲਿਆਂਦਾ। ਸ਼ੈਲਰ ਮਾਲਕ ਨੇ ਆਪਣੇ ਕਰਮਚਾਰੀਆਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਰਮਚਾਰੀਆਂ ਨੂੰ ਸਿਰਫ਼ ਮੁਲਾਜ਼ਮ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ। ਇਸ ਮੌਕੇ ਸ਼ੈਲਰ ਦੇ ਐਮ.ਡੀ. ਸ਼ਿੰਦਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਘਟਨਾ ਦੌਰਾਨ ਉਨ੍ਹਾਂ ਨੇ 112 ਨੰਬਰ ’ਤੇ ਫ਼ੋਨ ਕਰਕੇ ਪੁਲਿਸ ਸਹਾਇਤਾ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਟੀਮ ਭੇਜਣ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਨੂੰ ਲੋਡ਼ੀਂਦੀ ਮਦਦ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਸਬੰਧਿਤ ਥਾਣੇ ਨੂੰ ਵੀ ਸੂਚਿਤ ਕਰਕੇ ਮਦਦ ਮੰਗੀ ਗਈ ਪਰ ਸਮੇਂ ਸਿਰ ਕੋਈ ਪੁਲਿਸ ਮੁਲਾਜ਼ਮ ਮੌਕੇ ’ਤੇ ਨਹੀਂ ਪਹੁੰਚਿਆ। ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਉਨ੍ਹਾਂ ਨੂੰ ਖ਼ੁਦ ਮੌਕੇ ਵੱਲ ਜਾਣਾ ਪਿਆ। ਉਨ੍ਹਾਂ ਅਨੁਸਾਰ ਪੁਲਿਸ ਉਸ ਸਮੇਂ ਪਹੁੰਚੀ ਜਦੋਂ ਉਹ ਚੋਰੀ ਹੋਈ ਗੱਡੀ ਤੇ ਝੋਨਾ ਵਾਪਸ ਸ਼ੈਲਰ ਲਿਆ ਚੁੱਕੇ ਸਨ। ਸ਼ੈਲਰ ਮਾਲਕ ਨੇ ਕਿਹਾ ਕਿ ਇਲਾਕੇ ’ਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਵਪਾਰੀਆਂ ਤੇ ਕਾਰੋਬਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਵਪਾਰੀ ਵਰਗ ਬਿਨਾਂ ਕਿਸੇ ਡਰ ਤੋਂ ਆਪਣਾ ਕਾਰੋਬਾਰ ਕਰ ਸਕੇ।