JALANDHAR WEATHER

ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਔਰਤ ਨੇ ਮਾਸੂਮ ਬੱਚੀ ਸਮੇਤ ਕੀਤੀ ਆਤਮ-ਹੱਤਿਆ

ਭਵਾਨੀਗੜ੍ਹ, 5 ਮਈ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਵਿਖੇ ਇਕ ਔਰਤ ਅਤੇ ਉਸ ਦੀ 8 ਸਾਲਾ ਪੁੱਤਰੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ’ਤੇ ਪੁਲਿਸ ਵਲੋਂ ਮ੍ਰਿਤਕਾ ਦੇ ਪਤੀ, ਸੱਸ ਅਤੇ ਨਨਾਣ ’ਤੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਮਾਮਾ ਬਲਵਿੰਦਰ ਸਿੰਘ ਪੁੱਤਰ ਨਰੈਣ ਰਾਮ ਜੋ ਕਿ ਪਟਿਆਲਾ ਵਿਖੇ ਹੋਮਗਾਰਡ ਵਿਚ ਕੰਪਨੀ ਕਮਾਂਡਰ ਹੈ, ਨੇ ਦੱਸਿਆ ਕਿ ਉਸ ਦੀ ਵੱਡੀ ਭਾਣਜੀ ਦਾ ਵਿਆਹ ਕਰੀਬ ਇਕ ਦਹਾਕਾ ਪਹਿਲਾਂ ਇਕ ਨਿੱਜੀ ਕਾਲਜ ਵਿਚ ਪ੍ਰੋਫੈਸਰ ਲੱਗੇ ਸੰਦੀਪ ਸਿੰਘ ਪੁੱਤਰ ਈਸ਼ਰ ਸਿੰਘ ਨਾਲ ਹੋਇਆ ਸੀ। ਇਨ੍ਹਾਂ ਦੇ ਇਕ 8 ਸਾਲਾ ਪੁੱਤਰੀ ਵੀ ਹੈ। ਉਸ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਦੀ ਛੋਟੀ ਭਾਣਜੀ ਨੂੰ ਉਸ ਦੇ ਭੈਣ ਅਤੇ ਜੀਜਾ ਨੇ 20-22 ਲੱਖ ਰੁਪਏ ਲਗਾ ਕੇ ਕੈਨੇਡਾ ਭੇਜ ਦਿੱਤਾ ਸੀ, ਜਿਸ ਕਰਕੇ ਸੰਦੀਪ ਸਿੰਘ ਉਸ ਦੀ ਵੱਡੀ ਭਾਣਜੀ ਨੂੰ ਆਪਣੇ ਪੇਕਿਆਂ ਤੋਂ ਪੈਸੇ ਲਿਆਉਣ ਸੰਬੰਧੀ ਤੰਗ ਪ੍ਰੇਸ਼ਾਨ ਕਰਦਾ ਸੀ। ਲੰਘੇ ਦਿਨੀਂ ਉਸ ਦੀ ਭਾਣਜੀ ਆਪਣੇ ਪਿਤਾ ਜਿਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਹੈ, ਦਾ ਪਤਾ ਲੈਣ ਆਪਣੇ ਪੇਕੇ ਘਰ ਚਲੀ ਗਈ, ਜਿਸ ’ਤੇ ਸੰਦੀਪ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਉਸ ਨਾਲ ਮੋਬਾਈਲ ਰਾਹੀਂ ਕਥਿਤ ਤੌਰ ’ਤੇ ਗਾਲੀ-ਗਲੋਚ ਕੀਤਾ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਉਸ ਦੀ ਭਾਣਜੀ ਵਾਪਸ ਆਪਣੇ ਸਹੁਰੇ ਘਰ ਆ ਗਈ ਤਾਂ ਉਨ੍ਹਾਂ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਦੱਸਣ ਅਨੁਸਾਰ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਔਰਤ ਨੇ ਆਪਣੀ 8 ਸਾਲ ਦੀ ਪੁੱਤਰੀ ਸਮੇਤ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਦੌਰਾਨ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਉਸ ਦੀ ਭਾਣਜੀ ਅਤੇ ਬੱਚੀ ਦੀ ਮੌਤ ਦੇ ਜ਼ਿੰਮੇਵਾਰਾਂ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਥਾਣੇ ਦੇ ਮੁਨਸ਼ੀ ਜਗਸੀਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਮ੍ਰਿਤਕਾ ਦੀ ਮਾਤਾ ਮਨਜੀਤ ਕੌਰ ਪਤਨੀ ਜੋਰਾ ਸਿੰਘ ਵਾਸੀ ਰੰਨੋਂ ਨੇੜੇ ਭਾਦਸੋਂ ਦੇ ਬਿਆਨਾਂ ’ਤੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਸੰਦੀਪ ਸਿੰਘ, ਸੱਸ ਗੁਰਮੇਲ ਕੌਰ ਅਤੇ ਨਨਾਣ ਹਰਪ੍ਰੀਤ ਕੌਰ ’ਤੇ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।