ਬਦਮਾਸ਼ ਨੇ ਨਿਸ਼ਾਨਦੇਹੀ ਕਰਨ ਮੌਕੇ ਪੁਲਿਸ ਫੋਰਸ 'ਤੇ ਚਲਾਈ ਗੋਲੀ, ਜਵਾਬੀ ਫਾਇਰਿੰਗ ਦੌਰਾਨ ਜ਼ਖਮੀ

ਵਡਾਲਾ ਗ੍ਰੰਥੀਆਂ, 5 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਪਿਛਲੇ ਦਿਨੀਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਗ੍ਰੰਥਗੜ੍ਹ, ਸ਼ੇਰਪੁਰ ਅਤੇ ਬਟਾਲਾ ਸ਼ਹਿਰ ਦੇ ਇਕ ਕਾਲਜ ਦੇ ਸਾਹਮਣੇ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਕਰਨ ਵਾਲੇ ਗਰੁੱਪ ਦੇ ਇਕ ਮੈਂਬਰ ਦੀ ਪੁਲਿਸ ਮੁਠਭੇੜ ਵਿਚ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਬਟਾਲਾ ਪੁਲਿਸ ਦੇ ਐਸ.ਪੀ. ਜੀ.ਐਸ. ਸਹੋਤਾ ਨੇ ਦੱਸਿਆ ਕਿ ਸਿਟੀ ਪੁਲਿਸ ਬਟਾਲਾ ਵਲੋਂ ਇਕ ਕੇਸ ਵਿਚ ਫੜੇ ਬਦਮਾਸ਼ ਮੋਹਿਤ ਕਾਕਾ ਵਲੋਂ ਦੱਸੀ ਗਈ ਥਾਂ 'ਤੇ ਹੈਰੋਇਨ ਦੀ ਬਰਾਮਦਗੀ ਕਰਨ ਲਈ ਪਿੰਡ ਥਿੰਦ ਧਾਰੀਵਾਲ ਵਿਖੇ ਲਿਆਂਦਾ ਗਿਆ, ਜਦੋਂ ਪੁਲਿਸ ਪਾਰਟੀ ਉਸ ਨੂੰ ਪਿੰਡ ਥਿੰਦ ਧਾਰੀਵਾਲ ਲੈ ਕੇ ਆਈ ਤਾਂ ਉਸ ਨੇ ਹੈਰੋਇਨ ਦੀ ਜਗ੍ਹਾ ਉਸ ਥਾਂ 'ਤੇ ਲੁਕੋ ਕੇ ਰੱਖੇ ਹੋਏ ਆਪਣੇ ਪਿਸਤੌਲ ਨਾਲ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਤੇ ਸਿਟੀ ਪੁਲਿਸ ਦੇ ਐਸ.ਐਚ.ਓ. ਵਲੋਂ ਮੌਕੇ 'ਤੇ ਉਸ ਉੱਪਰ ਜਵਾਬੀ ਗੋਲੀਆਂ ਚਲਾਈਆਂ, ਜਿਸ ਦੇ ਸਿੱਟੇ ਵਜੋਂ ਮੋਹਿਤ ਕਾਕਾ ਦੀ ਲੱਤ ਵਿਚ ਗੋਲੀਆਂ ਵੱਜੀਆਂ ਅਤੇ ਪੁਲਿਸ ਪਾਰਟੀ ਵਲੋਂ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾ ਦਿੱਤਾ। ਐਸ.ਪੀ. ਸਹੋਤਾ ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀ ਮੋਹਿਤ ਕਾਕਾ, ਜੋ ਕਿ ਇਸ ਖੇਤਰ ਵਿਚ ਗੈਂਗਸਟਰ ਨਾਲ ਰਲ ਕੇ ਕਈ ਵਾਰਦਾਤਾਂ ਵਿਚ ਸ਼ਾਮਿਲ ਹੈ ਅਤੇ ਨਸ਼ੇ ਦੀ ਸਪਲਾਈ ਕਰਦਾ ਹੈ। ਉਨ੍ਹਾਂ ਨਾਲ ਡੀ.ਐਸ.ਪੀ. ਸਿਟੀ ਸੰਜੀਵ ਕੁਮਾਰ, ਐਸ.ਐਚ.ਓ. ਸੇਖਵਾਂ ਹਰਜਿੰਦਰ ਸਿੰਘ, ਐਸ.ਐਚ.ਓ. ਸਿਵਲ ਲਾਈਨ ਬਟਾਲਾ ਗੁਰਦੇਵ ਸਿੰਘ, ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਪਰਮਿੰਦਰ ਸਿੰਘ ਸਮੇਤ ਵੱਡੀ ਤਾਦਾਦ ਵਿਚ ਪੁਲਿਸ ਫੋਰਸ ਮੌਜੂਦ ਸੀ।