28-04-2024
ਮੇਲਾ ਦੋ ਘੜੀਆਂ...
ਲੇਖਕ : ਖ਼ੁਸ਼ਵੰਤ ਸਿੰਘ
ਅਨੁਵਾਦ : ਰਵਨੀਤ ਕੌਰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98147-32198
ਸ. ਖ਼ੁਸ਼ਵੰਤ ਸਿੰਘ ਇਕ ਬਹੁਵਿਧਾਈ ਅਤੇ ਤੀਖਣ-ਅਨੁਭਵੀ ਲੇਖਕ ਸੀ। ਲੰਡਨ ਤੋਂ ਬਾਰ-ਐਟ-ਲਾਅ ਕਰਨ ਉਪਰੰਤ ਕੁਝ ਵਰ੍ਹੇ ਉਸ ਨੇ ਪ੍ਰੈਕਟਿਸ ਵੀ ਕੀਤੀ ਪਰ ਬਾਅਦ ਵਿਚ ਇਕ ਕੁਲਵਕਤੀ ਲੇਖਕ (ਨਾਵਲਕਾਰ, ਨਿਬੰਧਕਾਰ, ਪੱਤਰਕਾਰ, ਇਤਿਹਾਸਕਾਰ ਅਤੇ ਸੰਪਾਦਕ... ਆਦਿ) ਬਣ ਗਿਆ। ਉਸ ਦੁਆਰਾ ਲਿਖੀ 'ਅ ਹਿਸਟਰੀ ਆਫ਼ ਦ ਸਿੱਖਸ' ਆਪਣੀ ਕਿਸਮ ਦੀ ਇਕੋ-ਇਕ ਹਵਾਲਾ-ਪੁਸਤਕ ਹੈ। ਉਹ ਅਖ਼ਬਾਰਾਂ ਵਿਚ ਕਾਲਮ ਵੀ ਲਿਖਦਾ ਸੀ, ਜੋ ਬਹੁਤ ਪਸੰਦ ਕੀਤੇ ਜਾਂਦੇ ਸਨ। ਬੀਬਾ ਰਵਨੀਤ ਕੌਰ ਨੇ ਉਸ ਦੁਆਰਾ ਲਿਖੇ ਇਹੋ ਜਿਹੇ ਕੁਝ ਕਾਲਮਾਂ ਦਾ ਸੁੰਦਰ ਅਨੁਵਾਦ ਕੀਤਾ ਹੈ। ਇਹ ਕਾਲਮ ਬਹੁਤ ਪਸੰਦ ਕੀਤੇ ਜਾਂਦੇ ਹਨ।
ਇਸ ਪੁਸਤਕ ਵਿਚ ਸਰਦਾਰ ਸਾਹਿਬ ਦੇ 34 ਲਘੂ-ਲੇਖਾਂ ਦਾ ਅਨੁਵਾਦ ਸੁਲੱਭ ਹੈ। ਆਖਰੀ ਲੇਖ ਪ੍ਰਸਿੱਧ ਦਾਨਿਸ਼ਵਰ-ਪੱਤਰਕਾਰ ਸ. ਰੂਪਿੰਦਰ ਸਿੰਘ ਦਾ ਲਿਖਿਆ ਹੋਇਆ ਹੈ, ਜਿਸ ਵਿਚ ਉਹ ਦੱਸਦਾ ਹੈ ਕਿ ਕਿਵੇਂ ਖ਼ੁਸ਼ਵੰਤ ਇਕ 'ਨਾਕਾਮ ਵਕੀਲ ਅਤੇ ਪ੍ਰਸਿੱਧ ਲੇਖਕ' ਸੀ। ਭੂਮਿਕਾ ਵਿਚ ਅਨੁਵਾਦਕਾ ਨੇ ਅਨੁਵਾਦ-ਕਲਾ ਦੀ ਵਿਧਾ ਬਾਰੇ ਪ੍ਰਕਾਸ਼ ਪਾਇਆ ਹੈ। ਪੱਤਰਕਾਰਿਤਾ ਦੇ ਖਤੇਰ ਵਿਚ ਉਹ ਡਾ. ਨਵਜੀਤ ਜੌਹਲ ਦੀ ਵਿਦਿਆਰਥੀ ਰਹੀ ਸੀ, ਉਨ੍ਹਾਂ ਦਾ ਵੀ ਜ਼ਿਕਰੇ-ਖ਼ੈਰ ਹੋਇਆ ਹੈ। ਲੇਖਿਕਾ ਖ਼ੁਦ ਇਕ ਸੁਹਿਰਦ ਅਤੇ ਸੰਵੇਦਨਸ਼ੀਲ ਨਾਰੀ ਹੈ।
ਖ਼ੁਸ਼ਵੰਤ ਸਿੰਘ ਦਾ ਰਚਨਾ-ਸੰਸਾਰ ਬਹੁਤ ਵਿਸ਼ਾਲ ਅਤੇ ਵੰਨ-ਸੁਵੰਨਾ ਹੈ, ਜਿਸ ਵਿਚ ਸ੍ਰੀਮਤੀ ਇੰਦਰਾ ਗਾਂਧੀ, ਸੰਜੇ ਗਾਂਧੀ, ਕਾਰਟੂਨਿਸਟ ਆਰ. ਕੇ. ਲਕਸ਼ਮਣ, ਜੋਤਸ਼ੀ-ਬਾਬੇ, ਲੋਭੀ-ਪ੍ਰਕਾਸ਼ਕ, ਦੇਸ਼-ਵੰਡ ਦਾ ਸੰਤਾਪ, ਪੰਜਾਬੀ ਲੇਖਕ ਕਰਤਾਰ ਸਿੰਘ ਦੁੱਗਲ ਅਤੇ ਸ਼ਿਵ ਕੁਮਾਰ ਆਦਿ ਬਾਰੇ ਬਹੁਤ ਸਾਰੇ ਵਿਸ਼ੇ ਛੋਹੇ ਗਏ ਹਨ। ਉਹ ਇਕ ਬੇਬਾਕ ਅਤੇ ਦੰਭ-ਨਿਵਾਰਕ ਲੇਖਕ ਸੀ। ਰਸਮੀ ਵਰਤੋਂ-ਵਿਹਾਰ ਨਹੀਂ ਸੀ ਕਰਦਾ। ਸੱਚਮੁੱਚ ਦਾ ਸੈਕੂਲਰ ਇਨਸਾਨ ਸੀ। ਉਹੋ ਜਿਹਾ ਜੀਵਨ ਅਤੇ ਲੇਖਣ ਹਰ ਕਿਸੇ ਦੇ ਵੱਸ ਦਾ ਨਹੀਂ। ਅਨੁਵਾਦਕ ਨੂੰ ਸਾਬਾਸ਼।
c c c
ਬੋਧ ਗਯਾ ਤੋਂ ਗਿਆਨ ਦੀ ਧਾਰਾ
ਲੇਖਕ : ਜਗਤਾਰ ਸਿੰਘ ਹਿੱਸੋਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਮੁਹਾਲੀ
ਮੁੱਲ : 250 ਰੁਪਏ, ਸਫ਼ੇ : 150
ਸੰਪਰਕ : 98783-30324
ਸ. ਜਗਤਾਰ ਸਿੰਘ ਹਿੱਸੋਵਾਲ ਦੀ ਇਹ ਪੁਸਤਕ ਪੜ੍ਹ ਕੇ ਮੈਨੂੰ ਖੁਸ਼ੀ ਹੋਈ ਹੈ ਕਿ ਪੰਜਾਬੀ ਵਿਚ ਧਰਮ-ਸ਼ਾਸਤਰ ਬਾਰੇ ਕੁਝ ਜਗਿਆਸੂ ਅਤੇ ਸੂਝਵਾਨ ਲੋਕ ਵੀ ਬੜਾ ਚੰਗਾ ਕੰਮ ਕਰ ਰਹੇ ਹਨ, ਵਰਨਾ ਧਰਮ-ਗੁਰੂਆਂ ਜਾਂ ਵਿਭਿੰਨ ਧਰਮਾਂ ਬਾਰੇ ਕੇਵਲ ਅਕਾਦਮਿਕ ਕਿਸਮ ਦੇ ਵਿਦਵਾਨ ਹੀ ਖ਼ੁਸ਼ਕ ਜਿਹੀਆਂ ਕਿਤਾਬਾਂ ਲਿਖ ਛੱਡਦੇ ਸਨ। ਹਿੱਸੋਵਾਲ ਸਾਹਿਬ ਦੀ ਸਮੱਗਰੀ ਉਹਦੇ ਨਿੱਜੀ ਅਨੁਭਵ ਵਿਚੋਂ ਨਿੱਤਰੀ ਹੋਣ ਕਾਰਨ ਬੜੀ ਤਾਜ਼ਾ ਅਤੇ ਨਿੱਘੀ ਹੈ।
ਇਹ ਪੁਸਤਕ ਮਹਾਤਮਾ ਬੁੱਧ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਦੀ ਪ੍ਰਮਾਣਿਕਤਾ ਬਾਰੇ ਸੰਵਾਦ ਰਚਾਉਂਦੀ ਹੈ। ਲੇਖਕ ਨੇ ਸਮੁੱਚੀ ਸਮੱਗਰੀ ਨੂੰ 12 ਭਾਗਾਂ ਵਿਚ ਵੰਡਿਆ ਹੈ : ਮਹਾਤਮਾ ਬੁੱਧ ਦਾ ਜਨਮ ਅਤੇ ਵੈਰਾਗ, ਮਹਾਂ-ਤਿਆਗ, ਸੰਬੋਧੀ ਦੀ ਪ੍ਰਾਪਤੀ, ਪਰਿਵਰਤਨ ਦਾ ਪਹਿਲਾ ਗੇੜ, ਕਪਿਲਵਸਤੂ ਵੱਲ ਫੇਰੀ, ਸਭ ਲਈ ਖੁੱਲ੍ਹੇ ਦਰਵਾਜ਼ੇ, ਔਰਤਾਂ ਨੂੰ 'ਧੰਮ' ਦੀ ਦੀਕਸ਼ਾ, ਜਾਤਕ-ਕਥਾਵਾਂ, ਸੰਘ ਵਿਚ ਮੱਤਭੇਦ, ਵੈਸ਼ਾਲੀ ਨੂੰ ਅਲਵਿਦਾ, ਮਹਾਂਪਰਿਨਿਰਵਾਣ, ਗਿਆਨ ਧਾਰਾ ਦੇ ਸੁੱਚੇ ਮੋਤੀ, ਪੁਸਤਕ ਦੇ ਅੰਤਿਮ ਭਾਗ ਵਿਚ ਮਹਾਤਮਾ ਬੁੱਧ ਦੇ ਕੁਝ ਵਚਨ ਅੰਕਿਤ ਕੀਤੇ ਗਏ ਹਨ। ਇਸ ਪੁਸਤਕ ਦੇ ਕੁਝ ਵਿਸ਼ੇਸ਼ ਲੇਖਾਂ ਵਿਚ ਜੀਵਨ ਦੇ ਉਦੇਸ਼, ਖ਼ੁਦ ਦੀ ਖੋਜ, ਪ੍ਰੇਮ ਵਿਚ ਦੁੱਖ ਦੇ ਬੀਜ, ਸੱਚਾ ਸੁੱਖ, ਅਨੁਚਿਤ ਕੰਮ, ਮਨ ਦੀ ਸ਼ੁੱਧੀ, ਸਵੈ-ਸੰਜਮ, ਚੰਗੇ ਕਰਮ, ਦਯਾ ਤੇ ਪਿਆਰ, ਭੈਮੁਕਤੀ, ਸਰਬਦਰਸ਼ਿਤਾ, ਉੱਤਮ ਜੀਵਨ ਅਤੇ ਹੋਸ਼ ਨੂੰ ਜਗਾਓ ਆਦਿ ਵਿਸ਼ਿਆਂ ਬਾਰੇ ਸੰਖੇਪ ਟਿੱਪਣੀਆਂ ਵੀ ਦ੍ਰਿਸ਼ਟੀਗੋਚਰ ਹੋਣਗੀਆਂ, ਜਿਨ੍ਹਾਂ ਨੂੰ ਪੜ੍ਹ ਕੇ ਹਰ ਮਾਨਵ ਆਪਣੇ ਜੀਵਨ ਦਾ ਰੂਪਾਂਤਰਣ ਕਰ ਸਕਦਾ ਹੈ।
ਪੁਸਤਕ ਦੀ ਭੂਮਿਕਾ ਵਿਚ ਬੁੱਧ-ਦਰਸ਼ਨ ਦੀ ਮਹਿਮਾ ਦਾ ਬਖਾਣ ਕਰਦਾ ਹੋਇਆ ਲੇਖਕ ਲਿਖਦਾ ਹੈ, 'ਜਦੋਂ ਗੌਤਮ ਬੁੱਧ ਨੂੰ ਪੜ੍ਹਿਆ ਵਿਚਾਰਿਆ ਤਾਂ ਜ਼ਿੰਦਗੀ ਵਿਚ ਸਹਿਜ ਹੀ ਪਰਿਵਰਤਨ ਆਉਂਦਾ ਨਜ਼ਰ ਆਇਆ। ਅਧਿਆਤਮਿਕ ਦੇ ਇਸ ਨਵੇਂ ਆਕਾਸ਼ ਵਿਚ ਵਿਚਰਦਿਆਂ ਜ਼ਿੰਦਗੀ ਵਿਚ ਨਵਾਂ ਵਿਸ਼ਵਾਸ, ਨਵਾਂ ਜੋਸ਼ ਅਤੇ ਨਵਾਂ ਇਤਫ਼ਾਕ ਪੈਦਾ ਹੋਇਆ।' (ਪੰਨਾ 14). ਜਗਤਾਰ ਸਿੰਘ ਹਿੱਸੋਵਾਲ ਦੀ ਇਹ ਪੁਸਤਕ 'ਅਜੀਤ' ਦੇ ਧਰਮ ਤੇ ਵਿਰਸਾ ਅੰਕ ਵਿਚ ਹਰ ਮੰਗਲਵਾਰ ਲੜੀਵਾਰ ਪ੍ਰਕਾਸ਼ਿਤ ਹੁੰਦੀ ਰਹੀ ਹੈ। ਇਹ ਤੱਥ ਪੁਸਤਕ ਦੀ ਪ੍ਰਮਾਣਿਕਤਾ ਦਾ ਸਬੂਤ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਤੰਦ-ਤਾਣੀਆਂ
ਲੇਖਿਕਾ : ਕਰਮਜੀਤ ਕੌਰ ਮੁਕਤਸਰ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 98
ਸੰਪਰਕ: 89685-94379
ਕਰਮਜੀਤ ਕੌਰ ਮੁਕਤਸਰ ਦੀ ਇਹ ਪਲੇਠੀ ਪੁਸਤਕ ਹੈ, ਜਿਸ ਵਿਚ ਉਸ ਨੇ ਕਹਾਣੀਆਂ, ਯਾਦਾਂ, ਘਟਨਾਵਾਂ ਅਤੇ ਸਫ਼ਰਨਾਮੇ ਦਰਜ ਕੀਤੇ ਹਨ। ਇਸ ਪੁਸਤਕ ਵਿਚ ਉਸ ਦੀਆਂ 27 ਵਾਰਤਕ ਰਚਨਾਵਾਂ ਸ਼ਾਮਿਲ ਹਨ। ਉਸ ਦੀ ਹਰ ਰਚਨਾ ਵਿਚ 'ਮੈਂ' ਪਾਤਰ ਹਾਜ਼ਰ ਰਹਿੰਦਾ ਹੈ। ਇਹ ਰਚਨਾਵਾਂ ਉਸ ਦੇ ਹੱਡੀਂ ਹੰਢਾਏ ਅਨੁਭਵ ਹਨ ਜਿਨ੍ਹਾਂ ਨੂੰ ਉਹ ਕਦੀ ਕਹਾਣੀ ਦਾ, ਕਦੀ ਲੇਖਨੁਮਾ ਕਹਾਣੀ ਦਾ, ਕਦੀ ਲੇਖ ਦਾ ਤੇ ਕਦੀ ਸਫ਼ਰਨਾਮੇ ਦਾ ਰੂਪ ਦਿੰਦੀ ਹੈ। ਇਸ ਲਈ ਇਸ ਪੁਸਤਕ ਦੀਆਂ ਰਚਨਾਵਾਂ ਨੂੰ ਕਿਸੇ ਇਕ ਵਿਧਾ ਵਿਚ ਬੰਨ੍ਹਣਾ ਮੁਸ਼ਕਿਲ ਕਾਰਜ ਹੈ।
ਇਸ ਵਿਚ 'ਅਸੀਂ ਪੰਜਾਬੀ ਸੰਘਰਸ਼ੀ ਹੱਕ-ਸੱਚ ਵਾਲੇ', 'ਹੋਲਾ ਮਹੱਲਾ', 'ਵਿਸਾਖੀ', 'ਪਰਵਾਸੀ ਪੰਛੀ', 'ਜੀਵਨ ਜਾਚ', 'ਕੰਧੋਲੀ', 'ਇਕ ਸਵੇਰ ਟਹਿਲਦਿਆਂ-ਟਹਿਲਦਿਆਂ', 'ਅੰਮ੍ਰਿਤ ਜਾਂ ਜ਼ਹਿਰ' ਲੇਖ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਵਿਚ ਸਮੇਂ ਦੀਆਂ ਸਮੱਸਿਆਵਾਂ ਵੱਲ ਕਿੰਤੂ-ਪ੍ਰੰਤੂ ਕੀਤਾ ਹੋਇਆ ਹੈ। 'ਚੰਨ ਮਾਤਾ-ਗੁਜਰੀ ਦਾ' ਤੇ 'ਸ਼ਰਧਾ ਦੇ ਫੁੱਲ' ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਯਾਤਰਾਵਾਂ ਦਰਜ ਕੀਤੀਆਂ ਗਈਆਂ ਹਨ।
'ਤਾਂਡਵ', 'ਨਵੀਂ ਸਵੇਰ' ਤੇ ਕੁਝ ਹੋਰ ਬਿਹਤਰ, ਅਮਾਨਤ ਨੰਦ ਕੌਰ ਦੀ, ਕਿਰਾਏ ਦੀ ਛੱਤ, ਸੁੰਨਾ ਵਿਹੜਾ, ਕਹਾਣੀਆਂ ਔਰਤ ਦੀ ਦੁਰਦਸ਼ਾ ਤੇ ਦਲੇਰੀ ਨੂੰ ਪ੍ਰਗਟ ਕਰਦੀਆਂ ਹਨ।
ਚਾਲੀ ਰੁਪਏ, ਜੀਣਾ, ਚਾਹ ਦੀ ਇਕ ਘੁੱਟ, ਫੁਲਕਾਰੀ ਦੀ ਬੁੱਕਲ ਆਖਰ ਕਦੋਂ ਤੱਕ, ਗੋਹਲ ਦੀ ਆਸ, ਆਪ ਬੀਤੀ ਆਦਿ ਆਪ ਬੀਤੀਆਂ ਹਨ ਜੋ ਯਾਦਾਂ ਦੇ ਰੂਪ ਵਿਚ ਕਦੀ-ਕਦਾਈਂ ਲੇਖਿਕਾ ਦੇ ਮਨ ਵਿਚ ਉੱਭਰਦੀਆਂ ਹਨ। ਇਹ ਪੁਸਤਕ ਹਾਲੇ ਲੇਖਿਕਾ ਦੀ ਅਭਿਆਸੀ ਪੁਸਤਕ ਹੈ। ਉਸ ਨੂੰ ਹਾਲੇ ਹੋਮਵਰਕ ਦੀ ਲੋੜ ਹੈ।
-ਕੇ. ਐਲ. ਗਰਗ
ਮੋਬਾਈਲ : 94635-37050
ਸ਼ਾਇਰ ਦਾ ਦਿਲ
ਸੰਪਾਦਕ : ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 126
ਸੰਪਰਕ : 87086-19568
ਵੈਦ ਇੰਦਰ ਸਿੰਘ ਦੀਆਂ ਰਚਨਾਵਾਂ ਦੀ ਸੰਪਾਦਨਾ ਦੀ ਇਹ ਪੁਸਤਕ ਉਨ੍ਹਾਂ ਦੇ ਜੀਵਨ ਸਫ਼ਰ ਉੱਪਰ ਵੀ ਝਾਤ ਪਵਾਉਂਦੀ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਦਾਤੇਵਾਸ ਵਿਚ 1906 ਵਿਚ ਜਨਮੇ ਵੈਦ ਇੰਦਰ ਸਿੰਘ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਸਨ ਜੋ ਉਨ੍ਹਾਂ ਦੀਆਂ ਹੱਥ ਲਿਖਤਾਂ ਦੇ ਰੂਪ ਵਿਚ ਸਨ। ਸੰਪਾਦਕਾ ਡਾ. ਖੁਸ਼ਨਸੀਬ ਅਤੇ ਗੁਰਬਖਸ਼ੀਸ਼ ਕੌਰ ਨੇ ਇਹ ਸਾਰੀਆਂ ਰਚਨਾਵਾਂ ਇਕੱਤਰ ਕਰਕੇ ਇਨ੍ਹਾਂ ਨੂੰ ਸੰਗ੍ਰਹਿ ਕਰਕੇ ਸ਼ਾਇਰ ਦਾ ਦਿਲ ਪੁਸਤਕ ਵਿਚ ਸ਼ਾਮਿਲ ਕੀਤਾ ਹੈ।
ਕਵੀ ਵੈਦ ਇੰਦਰ ਸਿੰਘ ਦੀਆਂ ਰਚਨਾਵਾਂ ਦੇ ਵਿਸ਼ਿਆਂ ਵਿਚ ਵੰਨ-ਸੁਵੰਨਤਾ ਹੈ। ਉਨ੍ਹਾਂ ਨੇ ਸ਼ਾਇਰ ਦਾ ਦਿਲ ਨਾਂਅ ਦੀ ਕਵਿਤਾ ਰਾਹੀਂ ਸੱਚ ਅਤੇ ਹੱਕ ਬਾਰੇ ਜਾਣੂ ਕਰਵਾਇਆ ਹੈ-
ਜੀਆਂ ਨੂੰ ਪਿਆਰ ਨਾ ਕਰਨਾ ਅਮਾਨਤ ਵਿਚ ਖਿਆਨਤ ਹੈ
ਜਿਹੜਾ ਮੁਨਸਫ਼ ਦੀ ਕੁਰਸੀ 'ਤੇ ਬੈਠ ਕੇ ਇਨਸਾਫ਼ ਨਹੀਂ ਕਰਦਾ
ਉਹਨੂੰ ਏਥੇ ਵੀ ਲਾਹਨਤ ਹੈ
ਉਹਨੂੰ ਉਥੇ ਵੀ ਲਾਹਨਤ ਹੈ।
'ਕਲੀ ਹੀਰ ਦੀ' ਆਪ ਦੀ ਪਰੰਪਰਾਗਤ ਹੀਰ ਦੇ ਕਿੱਸੇ ਵਾਂਗ ਬਹੁਤ ਪ੍ਰਭਾਵਕਾਰੀ ਰਚਨਾ ਹੈ। 'ਰੱਬ ਨਾਲ ਮੁਲਾਕਾਤ' ਦੇ ਵਿਚਾਰ ਵਾਲੀ ਕਵਿਤਾ ਰਾਹੀਂ ਕਵੀ ਨੇ ਆਰਥਿਕ ਪਾੜੇ ਬਾਰੇ ਬਹੁਤ ਹੀ ਭਾਵਪੂਰਤ ਰਚਨਾ ਪੇਸ਼ ਕੀਤੀ ਹੈ। ਖੁਸ਼ੀ ਦੀ ਘਾਟ, ਪੁੱਤਰ ਦਾ ਸੁੱਖ, ਤਿਆਗ, ਹਾਏ ਪੈਸਾ, ਕੁਨਬਾ ਪਰਵਰੀ, ਆਵਾਗਵਨ ਦਾ ਭਰਮ, ਮਜ਼ਹਰਬ ਦਾ ਝੋਲਾ, ਸਾਇੰਸ ਦੀ ਤਰੱਕੀ, ਵੇਦਾਂਤ ਸਾਰ, ਸਿੱਖੀ ਦੀ ਰਹਤ ਬਹੁਤ ਹੀ ਪ੍ਰਭਾਵਕਾਰੀ ਨਜ਼ਮਾਂ ਹਨ। ਰਾਜਨੀਤਕ ਅਤੇ ਇਤਿਹਾਸਕ ਘਟਨਾਵਾਂ ਬਾਰੇ ਵੀ ਬਹੁਤ ਵਧੀਆ ਰਚਨਾਵਾਂ ਰਚੀਆਂ ਹਨ ਕਰਫਿਊ, ਦਿੱਲੀ ਦੰਗੇ, ਹਰਿਮੰਦਰ ਦੀ ਹੁਕਮਤ, ਐਮਰਜੈਂਸੀ, ਨਾਹਰਾ ਗੁਰੂ ਦਸਮੇਸ਼ ਦਾ, ਰਾਖਾ ਬਣਿਆ ਸੀ ਸਾਰੀ ਹਿੰਦ ਵੈਣ ਦਾ ਜੀ ਆਦਿ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਇਸ ਪੁਸਤਕ ਦਾ ਦੂਸਰਾ ਭਾਗ ਸੀਹਰਫੀਆਂ ਦਾ ਹੈ। ਸੀਹਰਫ਼ੀ ਤੀਹ ਅੱਖਰਾਂ ਦੀ ਰਚਨਾ ਹੈ। ਇਸ ਦੇ ਹਰ ਪਹਿਲੇ ਅੱਖਰ ਨੂੰ ਲੈ ਕੇ ਕਵੀ ਨੇ ਕਾਵਿ ਰਚਨਾ ਕੀਤੀ ਹੈ। ਇਨ੍ਹਾਂ ਰਚਨਾਵਾਂ ਵਿਚ ਵਧੇਰੇ ਰਚਨਾਵਾਂ ਅਟੱਲ-ਸੱਚਾਈਆਂ ਅਤੇ ਜੀਵਨ ਦੇ ਡੂੰਘੇ ਗਿਆਨ ਨਾਲ ਸੰਬੰਧਿਤ ਹਨ। ਇਕ ਆਦਰਸ਼ ਮਾਨਵ ਦੇ ਜੋ ਗੁਣ ਹੋਣੇ ਚਾਹੀਦੇ ਹਨ। ਉਨ੍ਹਾਂ ਦਾ ਕਵੀ ਨੇ ਕੁਝ ਸੀਹਰਫੀਆਂ ਰਾਹੀਂ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ :-
ਬੇ: ਵਾਸਨਾ ਪੁੰਜ ਨੂੰ ਮਾਰ ਕੇ ਤੂੰ
ਪਾਪੀ ਚਿੱਤ ਨੂੰ ਵਿਸ਼ਿਆਂ ਤੋਂ ਮੋੜ ਖਾਂ ਤੂੰ
ਹਿਰਦੇ ਜਾਲ ਤੂੰ ਚਿਰਾਗ ਏਕਤਾ ਦਾ
ਦਿਲੋਂ ਭਰਮ ਦਵੈਤ ਨੂੰ ਛੋੜ ਖਾਂ ਤੂੰ।
ਇਸ ਪ੍ਰਕਾਰ ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਨੇ ਵੈਦ ਇੰਦਰ ਸਿੰਘ ਦੀਆਂ ਰਚਨਾਵਾਂ ਨੂੰ ਇਕੱਤਰ ਕਰਕੇ ਸੰਪਾਦਨਾ ਕਰਕੇ ਬਹੁਤ ਵਧੀਆ ਸਾਹਿਤਕ ਕਾਰਜ ਕੀਤਾ ਹੈ। ਇਸ ਉੱਦਮ ਲਈ ਉਹ ਵਧਾਈ ਦੇ ਹੱਕਦਾਰ ਹਨ।
-ਪ੍ਰੋ. ਕੁਲਜੀਤ ਕੌਰ
ਐਚ.ਐੱਮ.ਵੀ. ਜਲੰਧਰ
ਮਤਰਏ ਸਾਕ
ਲੇਖਕ : ਹਰਬੰਸ ਸਿੰਘ ਧੀਮਾਨ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 495 ਰੁਪਏ, ਸਫ਼ੇ : 376
ਸੰਪਰਕ : 98152-18545
'ਕਾਲ ਚੱਕਰ' ਅਤੇ 'ਉੱਚਾ ਥੇਹ' ਨਾਵਲਾਂ ਮਗਰੋਂ ਹਰਬੰਸ ਸਿੰਘ ਧੀਮਾਨ ਦਾ ਨਵ-ਪ੍ਰਕਾਸ਼ਿਤ ਨਾਵਲ 'ਮਤਰਏ ਸਾਕ' ਆਪਣੇ ਸਿਰਲੇਖ ਮੁਤਾਬਕ ਪੰਜਾਬੀ ਪਰਿਵਾਰਾਂ ਵਿਚ ਮਤਰੇਅ ਸਾਕਾਂ ਦੀ ਹੋਣੀ ਨਿਭਾਉਂਦੇ ਪਾਤਰਾਂ ਦੀ ਵਿਅਥਾ-ਕਥਾ ਹੈ। ਸਾਡੇ ਸਮਾਜ ਵਿਚ ਮਨੁੱਖ ਰੇਸ਼ਮ ਦੇ ਕੀੜੇ ਵਾਂਗ ਆਪਣੇ ਇਰਦ-ਗਿਰਦ ਰਿਸ਼ਤਿਆਂ ਦਾ ਰੇਸ਼ਮ ਲਪੇਟ ਲੈਂਦਾ ਹੈ ਤੇ ਫਿਰ ਇਸੇ ਰੇਸ਼ਮੀ ਜੰਜਾਲ ਵਿਚ ਉਲਝ ਕੇ ਆਪਣਾ ਜੀਵਨ ਗੁਆ ਬਹਿੰਦਾ ਹੈ। ਇਸ ਨਾਵਲ ਦੀ ਮੁੱਖ ਪਾਤਰਾ ਬਚਨੀ ਹੈ ਜੋ ਵਿਧਵਾ ਹੋਣ ਉਪਰੰਤ ਹਰਮੋਹਿੰਦਰ ਸਿੰਘ ਅਤੇ ਬੇਟੀ ਬਾਵੀ ਸਮੇਤ ਪਿਆਰਾ ਸਿੰਘ ਦੇ ਘਰ ਬਿਠਾ ਦਿੱਤੀ ਜਾਂਦੀ ਹੈ। ਪਿਆਰਾ ਸਿੰਘ ਦੀ ਪਤਨੀ ਵੀ ਤਿੰਨ ਲੜਕੇ ਤੇ ਲੜਕੀਆਂ ਛੱਡ ਕੇ ਰੱਬ ਨੂੰ ਪਿਆਰੀ ਹੋ ਚੁੱਕੀ ਹੁੰਦੀ ਹੈ। ਜ਼ੁਬਾਨੋ ਕੌੜੀ ਪਰ ਪਤੀ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਬਚਨੀ ਪਹਿਲੇ ਪਤੀ ਅਤੇ ਪਿਆਰਾ ਸਿੰਘ ਦੀ ਪਹਿਲੀ ਪਤਨੀ ਦੇ ਬੱਚਿਆਂ ਦੀ ਆਪਣੀ ਕੁੱਖੋਂ ਜਾਏ ਸਮਝ ਕੇ ਪਰਵਰਿਸ਼ ਕਰਦੀ ਹੈ। ਪਿਆਰਾ ਸਿੰਘ ਵੀ ਆਪਣੇ ਜਿਊਂਦੇ ਜੀਅ ਮਨ ਵਿਚ ਕੋਈ ਵੱਲ-ਫਰੇਬ ਰੱਖੇ ਬਿਨਾਂ ਸਾਰੇ ਪਰਿਵਾਰ ਪ੍ਰਤੀ ਇਕੋ ਜਿਹੇ ਫਰਜ਼ ਨਿਭਾਉਂਦਾ ਹੈ। ਨਾਲ ਉਸ ਦਾ ਛੋਟਾ ਭਰਾ ਹਰਦੀਪ ਸਿੰਘ ਵੀ ਆਪਣੀ ਈਰਖਾਲੂ ਸੁਭਾਅ ਦੀ ਪਤਨੀ ਸੁਰਜੀਤ ਦੇ ਹੁੰਦਿਆਂ ਅਤੇ ਅੱਡ ਹੋ ਕੇ ਵੀ ਇਸ ਪਰਿਵਾਰ ਨਾਲ ਪੂਰਾ ਮੋਹ ਰੱਖਦਾ ਹੈ ਤੇ ਉਹ ਹਰ ਔਖੀ-ਭਾਰੀ ਘੜੀ ਵਿਚ ਉਨ੍ਹਾਂ ਦੀ ਬਾਂਹ ਵੀ ਫੜਦਾ ਹੈ। ਨਵਲ ਦੇ ਮੁੱਖ ਕਥਾਨਕ ਦੇ ਨਾਲ-ਨਾਲ ਕਈ ਸਪੋਰਟਿੰਗ ਸਟੋਰੀਜ਼ ਵੀ ਚਲਦੀਆਂ ਹਨ ਅਤੇ ਕਥਾਨਕ ਦੀ ਗੋਂਦ ਨੂੰ ਗੁੰਦਵਾਂ ਬਣਾਉਣ ਵਿਚ ਮਦਦਗਾਰ ਭੂਮਿਕਾ ਨਿਭਾਉਂਦੀਆਂ ਹਨ। ਚਾਹੇ ਉਹ ਬਾਵੀ ਦੇ ਪੂਰਨ ਨਾਲ ਪ੍ਰੇਮ ਸੰਬੰਧ ਅਤੇ ਚੋਰੀ-ਚੋਰੀ ਉਸ ਦਾ ਹਮਲ ਗਿਰਾਉਣ ਦਾ ਪ੍ਰਸੰਗ ਹੋਵੇ ਜਾਂ ਪਿਆਰਾ ਸਿੰਘ ਅਤੇ ਹਰਦੀਪ ਸਿੰਘ ਦੋਹਾਂ ਭਰਾਵਾਂ ਵਲੋਂ ਮਿਲ ਕੇ ਪੂਰਨ ਦਾ ਕਤਲ ਕਰਨ ਵਾਲਾ ਦ੍ਰਿਸ਼ਟਾਂਤ ਹੋਵੇ, ਗੁਰਜਿੰਦਰ ਦਾ ਆਪਹੁਦਰਾਪਣ, ਨਫ਼ਰਤੀ ਤੇ ਫ਼ਿਤਰਤੀ ਦਿਮਾਗ਼ ਕਰਕੇ ਮਤਰੇਈ ਮਾਂ ਬਚਨੀ ਨਾਲ ਗਾਲੀ-ਗਲੌਚ ਤੇ ਮਾਰਨਾ-ਕੁੱਟਣਾ, ਖਿੱਚ-ਧੂਹ ਕਰਨੀ, ਘਰੋਂ ਗ਼ਾਇਬ ਰਹਿਣਾ ਤੇ ਵੇਸ਼ਵਾ ਗਮਨੀ ਕਰਨ ਵਾਲਾ ਕਿੱਸਾ, ਹਰਦੀਪ ਸਿੰਘ ਵਲੋਂ ਗੈਰਾਜ ਦਾ ਸੌਦਾ, ਸੁਖਬੀਰ ਇੰਸਪੈਕਟਰ ਤੇ ਪ੍ਰੇਮ ਪ੍ਰਕਾਸ ਦੀ ਗੁੱਝੀ ਮਿੱਤਰਤਾ, ਪ੍ਰੇਮ ਪ੍ਰਕਾਸ਼ ਦੀ ਬੇਟੀ ਦੇ ਵਿਆਹ ਤੋਂ ਪਹਿਲੋਂ ਗਰਭਵਤੀ ਹੋਣਾ ਅਤੇ ਪ੍ਰੇਮ ਪ੍ਰਕਾਸ਼ ਤੇ ਉਸ ਦੀ ਪਤਨੀ ਵਲੋਂ ਮਿਲ ਕੇ ਬੇਟੀ ਨੂੰ ਕਰੰਟ ਲਾ ਕੇ ਮਾਰ ਦੇਣਾ, ਫਿਰ ਪੁਲਿਸ ਦੇ ਸ਼ਿਕੰਜੇ ਤੋਂ ਬਚ ਜਾਣਾ। ਅੰਤ ਵਿਚ ਲਗਭਗ ਸਾਰੇ ਬੱਚਿਆਂ ਦੀਆਂ ਸ਼ਾਦੀਆਂ ਤੋਂ ਸੁਰਖਰੂ ਹੋਣਾ, ਪਹਿਲੋਂ ਪਿਆਰਾ ਸਿੰਘ ਦਾ ਪਰਲੋਕ ਸਿਧਾਰਨਾ ਤੇ ਸਾਰੀ ਉਮਰ ਪਿਆਰਾ ਸਿੰਘ ਦੇ ਟੱਬਰ ਦੇ ਲੇਖੇ ਲਾਉਣ ਤੇ ਬੇਟੇ ਹਰਮੋਹਿੰਦਰ ਵਲੋਂ ਪਿਤਾ, ਭੈਣਾਂ-ਭਰਾਵਾਂ ਤੇ ਪਰਿਵਾਰ ਪ੍ਰਤੀ ਪੂਰੀ ਵਫਾਦਾਰੀ ਤੇ ਫਰਮਾਬਰਦਾਰੀ ਨਿਭਾਉਣ ਦੇ ਬਾਵਜੂਦ ਉਨ੍ਹਾਂ ਨੂੰ ਘਰ ਦੀ ਮਲਕੀਅਤ ਤੋਂ ਬੇਦਖ਼ਲ ਕਰਕੇ ਮਤਰੇਅ ਹੀ ਕਹਾਉਣਾ ਤੇ ਬਚਨੀ ਦਾ ਬਿਰਧ ਅਵਸਥਾ ਵਿਚ ਆਪਣੇ ਬਹੂ-ਬੇਟੇ ਨਾਲ ਘਰ ਛੱਡਣ ਲਈ ਮਜਬੂਰ ਹੋਣਾ 'ਮਤਰੇਅ ਸਾਕਾਂ' ਦੀ ਦੁਖਾਂਤਕ ਹੋਣੀ ਨੂੰ ਬਿਆਨ ਕਰਦਾ ਹੈ। 376 ਸਫ਼ਿਆਂ ਦੇ ਵੱਡ-ਆਕਾਰੀ ਕਥਾਨਕ ਵਿਚ ਫੈਲਿਆ ਇਹ ਦੁਖਾਂਤਕ ਨਾਵਲ ਧੀਮੀ ਗਤੀ ਦੇ ਸਮਾਚਾਰਾਂ ਵਾਂਗ ਹੌਲੀ-ਹੌਲੀ ਅੱਗੇ ਵਧਦਾ ਹੈ। ਲੇਖਕ ਨੇ ਸੂਖ਼ਮ ਤੋਂ ਸੂਖ਼ਮ ਵੇਰਵਿਆਂ ਨੂੰ ਵਿਸਥਾਰ ਵਿਚ ਇਸ ਤਰ੍ਹਾਂ ਚਿਤਰਿਆ ਹੈ ਕਿ ਹਰੇਕ ਪਾਤਰ ਦੀ ਮਾਨਸਿਕਤਾ, ਗੱਲਬਾਤ ਕਰਨ ਦਾ ਢੰਗ, ਉਸ ਦੀ ਸੋਚ ਅਤੇ ਕਿਰਦਾਰ ਉਭਰ ਕੇ ਸਾਹਮਣੇ ਆ ਜਾਂਦੇ ਹਨ। ਨਾਵਲ ਮਤਰੇਅ ਸਾਕਾਂ ਦੀ ਬਾਤ ਪਾਉਂਦਾ ਹੋਇਆ ਆਨਰ ਕਿਲਿੰਗ ਅਤੇ ਨਸ਼ਿਆਂ ਦੇ ਨੁਕਸਾਨ ਨਾਲ ਵੀ ਨਾਲ ਜੋੜ ਦਿੰਦਾ ਹੈ। ਪੰਜਾਬੀ ਮਿਹਨਤਕਸ਼ ਸਮਾਜ ਦੇ ਸੱਭਿਆਚਾਰ ਦਾ ਯਥਾਰਥਮਈ ਚਿੱਤਰਣ ਹੋਣ ਕਰਕੇ ਨਾਵਲ ਵਿਚ ਰੌਚਕਿਤਾ ਬਰਾਬਰ ਬਣੀ ਰਹਿੰਦੀ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਅਕੀਦਾ
ਲੇਖਕ : ਰੂਪ ਕੌਰ ਕੂੰਨਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 144
ਸੰਪਰਕ : 97797-70922
'ਅਕੀਦਾ' ਪੁਸਤਕ ਦੀ ਲੇਖਿਕਾ ਰੂਪ ਕੌਰ ਕੂੰਨਰ ਹੈ। ਇਸ ਪੁਸਤਕ ਵਿਚ 98 ਕਵਿਤਾਵਾਂ ਹਨ। ਪੁਸਤਕ ਵਿਚ ਕੁਝ ਕਵਿਤਾਵਾਂ ਬਹੁਤ ਹੀ ਛੋਟੀਆਂ ਹਨ, ਜਿਨ੍ਹਾਂ ਵਿਚ ਕੁਝ ਨਾ ਕੁਝ ਛੁਪਿਆ ਹੋਇਆ ਤਾਂ ਹੈ ਪਰ ਜੇਕਰ ਹੋਰ ਵਿਸਥਾਰ ਦਿੱਤਾ ਜਾਂਦਾ ਤਾਂ ਚੰਗਾ ਹੋਣਾ ਸੀ। ਕਵਿਤਾਵਾਂ ਦੇ ਵਿਸ਼ੇ ਕਾਫ਼ੀ ਵੰਨ-ਸੁਵੰਨੇ ਹਨ, ਜਿਨ੍ਹਾਂ ਵਿਚ ਜੀਵਨ ਦੇ ਹਰ ਮੋੜ ਦੀ ਗੱਲ ਕੀਤੀ ਗਈ ਹੈ। ਜੇਕਰ ਪ੍ਰਪੱਕਤਾ ਹੁੰਦੀ ਤਾਂ ਵਧੀਆ ਹੋਣਾ ਸੀ। ਇਹ ਗੱਲ ਨਹੀਂ ਕਿ ਸਾਰੀਆਂ ਹੀ ਕਵਿਤਾਵਾਂ ਵਿਚ ਪ੍ਰਪੱਕਤਾ ਦੀ ਘਾਟ ਹੈ, ਬਲਕਿ ਕੁਝ ਕਵਿਤਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਲੇਖਿਕਾ ਨੇ ਇਹ ਕਵਿਤਾ ਕਿਸ ਮੂਡ, ਕਿਸ ਦ੍ਰਿਸ਼, ਕਿਸ ਵਾਤਾਵਰਨ, ਕਿਸ ਹਾਲਾਤ, ਕਿਸ ਮੌਕੇ 'ਤੇ ਮਹਿਸੂਸ ਕਰਦੇ ਹੋਏ ਲਿਖੀ। ਇਸ ਬਾਰੇ ਲੇਖਿਕਾ ਹੀ ਭਲੀਭਾਂਤ ਜਾਣਦੀ ਹੈ ਕਿ ਸਾਡੀ ਤਾਂ ਇਕ ਕਲਪਨਾ ਹੀ ਕਹੀ ਜਾ ਸਕਦੀ ਹੈ। ਕਵਿਤਾਵਾਂ ਵਿਚ ਵਕਤ, ਜੜ੍ਹ, ਟੱਪੇ, ਸਬਰ, ਫਾਡੀ, ਸਫ਼ਰ, ਇਸ਼ਕ, ਰੰਗ, ਸਾਦੀ ਜ਼ਿੰਦਗੀ, ਦੁਨੀਆਦਾਰੀ, ਹਿਸਾਬ, ਭੁਲੇਖਾ, ਰਾਜ, ਚੀਜ਼ਾਂ ਚਾਰ, ਵਜੂਦ, ਜਿੰਦ, ਮਾਸੂਮ ਦਿਲ, ਅਣਖ, ਸਾਦਗੀ, ਅੰਦਾਜ਼ਾ, ਨੀਅਤਾਂ, ਸ਼ੁਕਰ, ਫਿਤਰਤ, ਦਰਦੀ, ਨਾਂਹ ਕਹਿਣਾ ਸਿੱਖ, ਗੱਲ ਹੋਰ ਏ, ਸਕੂਨ, ਜੀਅ ਕਰਦੈ, ਬੇਅਕਲੀ, ਬਚਪਨ, ਸਮਾਂ, ਸਲੀਕਾ ਆਦਿ ਕਵਿਤਾਵਾਂ ਬਹੁਤ ਛੋਟੇ ਆਕਾਰ ਦੀਆਂ ਹਨ। ਲੇਖਿਕਾ ਦੀ ਇਹ ਗੱਲ ਸ਼ਲਾਘਾਯੋਗ ਹੈ ਕਿ ਏਨੇ ਵਿਸ਼ਿਆਂ 'ਤੇ ਹੱਥ ਅਜਮਾਉਣਾ ਕੋਈ ਸੌਖੀ ਗੱਲ ਨਹੀਂ, ਉਨ੍ਹਾਂ ਦੇ ਅੰਦਰ ਇਕ ਜਨੂੰਨ ਛਿਪਿਆ ਹੋਇਆ ਹੈ ਅਤੇ ਨਾਲ ਹੀ ਅੰਦਰਲੇ ਦਰਦ ਨੂੰ ਇਨ੍ਹਾਂ ਨੇ ਪਾਠਕਾਂ ਦੇ ਨਾਲ ਸਾਂਝਾ ਕਰਕੇ ਆਪਣੇ ਵਲਵਲਿਆਂ ਨੂੰ ਬਾਹਰ ਕੱਢਿਆ ਹੈ। ਇਸ ਪੁਸਤਕ ਤੋਂ ਪਹਿਲਾਂ ਜੇ ਕੁਝ ਲਿਖਿਆ ਹੋਵੇ, ਉਸ ਦਾ ਕੋਈ ਜ਼ਿਕਰ ਨਹੀਂ। ਲੇਖਿਕਾ ਨੂੰ ਅਜੇ ਹੋਰ ਅਭਿਆਸ ਦੀ ਜ਼ਰੂਰਤ ਹੈ। ਇਨ੍ਹਾਂ ਦੀ ਹੱਲਾਸ਼ੇਰੀ ਹੀ ਕਾਫ਼ੀ ਹੈ ਕਿ ਪੁਸਤਕ ਪਾਠਕਾਂ ਦੀ ਝੋਲੀ ਵਿਚ ਪਾ ਕੇ ਕੁਝ ਕਹਿਣ ਦੀ ਹਿੰਮਤ ਤਾਂ ਕੀਤੀ ਹੈ। ਇਕ ਥਾਂ 'ਤੇ ਲੇਖਿਕਾ ਲਿਖਦੀ ਹੈ :
ਸੁਣ ਵੇ ਸੱਜਣਾ, ਵੇਖ ਕੇ ਚੱਲੀਂ,
ਆਸਾ ਪਾਸਾ, ਉੱਪਰ ਥੱਲੀਂ,
ਦੁਨੀਆ ਦੀ ਇਹ ਅੱਲ-ਅਵੱਲੀ,
ਗੱਲ ਗੱਲ 'ਤੇ ਪੈਂਦੀ ਥਰਥੱਲੀ।
-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990
ਬੂੰਦ ਬੂੰਦ ਬਰਸਾਤ
(ਰੁਬਾਈ ਮਾਲਾ ਤੇ ਮਣਕੇ)
ਲੇਖਿਕਾ : ਬੀਬੀ ਸੁਰਜੀਤ ਕੌਰ 'ਸੈਕਰਾਮੈਂਟੋ'
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਸ੍ਰੀ ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ : 95
ਸੰਪਰਕ : 0183-2258633
ਬੀਬੀ ਸੁਰਜੀਤ ਕੌਰ 'ਸੈਕਰਾਮੈਂਟੋ' ਦਾ ਅਮਰੀਕਨ ਕਵਿਤਾ 'ਚ ਉੱਘਾ ਨਾਂਅ ਹੈ। 'ਬੂੰਦ ਬੂੰਦ ਬਰਸਾਤ' ਉਨ੍ਹਾਂ ਦਾ ਚੌਥਾ ਕਾਵਿ-ਸੰਗ੍ਰਹਿ ਹੈ। 'ਬੂੰਦ ਬੂੰਦ ਬਰਸਾਤ' ਕਾਵਿ-ਸੰਗ੍ਰਹਿ ਵਿਚ 'ਜਿਸ ਦਾ ਸਤਿਕਾਰ ਨਿਆਰਾ ਹੈ' ਤੋਂ ਲੈ ਕੇ 'ਫੁਲਵਾੜੀ ਵਿਚ ਰੰਗ ਬਰੰਗੇ ਫੁੱਲ', 'ਰੁਬਾਈ ਮਾਲਾ' ਅਨੁਵਾਨ ਤਹਿਤ 211 ਰੁਬਾਈਆਂ ਅਤੇ 'ਮਣਕੇ' ਅਨੁਵਾਨ ਹੇਠ 'ਸਭ ਅਪਣੇ ਬੇਗਾਨੇ ਬਣ' ਤੋਂ ਲੈ ਕੇ 'ਜਿਨ੍ਹਾਂ ਦਾ ਨਾਂਅ ਗੁਰਦੁਆਰਾ' ਤੱਕ ਦੋਹੜੇ ਸੰਕਲਿਤ ਕੀਤੇ ਗਏ ਹਨ। ਉਸ ਨੇ ਇਹ ਕਾਵਿ-ਸੰਗ੍ਰਹਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼ਬਦ ਗੁਰੂ ਗੁਰਬਾਣੀ ਜੀ ਨੂੰ ਸਮਰਪਿਤ ਕੀਤਾ ਹੈ। ਇਹ ਸਮਰਪਣ ਤਸਦੀਕ ਕਰਦਾ ਹਾਂ ਕਿ ਉਨ੍ਹਾਂ ਦੀ ਵਿਚਾਰਧਾਰਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਅਤੇ ਸਮੁੱਚੀ ਮਾਨਵਤੀ ਦੀ ਅਲੰਬਰਦਾਰ ਮਿਕਨਾਤੀਸੀ ਸੋਚ ਦੀ ਪ੍ਰਸੰਸਕ ਅਤੇ ਅਨੁਸਰਣ ਕਰਨ ਵਾਲੀ ਹੈ, ਜਿਸ ਦਾ ਮੂਲ ਆਧਾਰ ਅਧਿਆਤਮ, ਜਿਗਿਆਸਾ, ਕਿਰਤ, ਗੁਰਮੁਖ, ਮਨਮੁੱਖ ਅਤੇ ਸਿਮਰਨ ਦੇ ਮਾਨਵੀ ਆਤਮ ਚਿੰਤਨ ਰਾਹੀਂ ਅਨੰਦਿਤ ਹੋਣ ਦੀ ਪ੍ਰਕਿਰਿਆ ਰਾਹੀਂ 'ਸਚਿਆਰ' ਹੋਣ ਦੇ ਸਫ਼ਰ ਦੀ ਧਾਰਨੀ ਹੈ। ਇਹ ਪ੍ਰਕਿਰਿਆ ਥੀਂ ਗੁਜ਼ਰਦਾ ਮਨੁੱਖ ਇਹ ਅਨੁਭਵ ਕਰਦਾ ਹੈ ਕਿ ਬੇਸ਼ੱਕ ਇਹ ਮਾਰਗ ਬਿਖੜਾ ਹੈ, ਸਹਿਜ ਨਹੀਂ ਪ੍ਰੰਤੂ ਗੁਰ ਕਿਰਪਾ ਨਾਲ ਇਹ ਮਾਰਗ ਸਹਿਜ ਵੀ ਹੈ, ਸਰਲ ਵੀ ਹੈ ਅਤੇ ਅਕੀਦਤ ਭਰਿਆ ਵੀ ਹੈ। ਇਹ ਸਾਰਾ ਵਰਤਾਰਾ ਪੂਰੇ ਬ੍ਰਹਿਮੰਡ 'ਚ ਇਹ ਵਚਿੱਤਰ ਵਰਤਾਰੇ ਦੇ ਝਲਕਾਰੇ ਗੁਰਮੁੱਖ ਮਹਿਸੂਸ ਕਰਦਾ ਹੈ ਜੋ ਆਦਿ-ਜੁਗਾਦੀ, ਸਰਵ-ਵਿਆਪਕ ਪ੍ਰਭੂ ਦੀ ਰਜ਼ਾ 'ਚ ਰਹਿੰਦਾ ਹੈ। ਇਸ ਲਈ 'ਸਮਾਂ', ਉਸ ਦੀ 'ਨਦਰਿ' ਰਾਹੀਂ ਅਨੇਕਾਂ ਰੰਗਾਂ 'ਚ ਵਰਤਦਾ ਨਜ਼ਰ ਆਉਂਦਾ ਹੈ। ਪੁਸ਼ਟੀ ਹਿੱਤ ਰੁਬਾਈ ਨੰਬਰ 22 ਪੇਸ਼-ਏ-ਖ਼ਿਦਮਤ ਹੈ : 'ਸਮੇਂ ਦੀਆਂ ਕੀ ਗੱਲਾਂ ਕਰੀਏ, ਸਭ ਤੋਂ ਬੱਧ (ਵੱਧ) ਬਲਵਾਨ ਸਮਾਂ ਹੈ, ਸਮਾਂ ਹੀ ਰਾਮ, ਸਮਾਂ ਹੀ ਰਾਵਣ, ਸੀਤਾ ਦਾ ਅਪਮਾਨ ਸਮਾਂ ਹੈ, ਸਮਾਂ ਕ੍ਰਿਸ਼ਨ ਹੈ, ਸਮਾਂ ਕੰਸ ਹੈ, ਸਮਾਂ ਗਿਆਨ ਹੀ ਗੀਤਾ ਦਾ ਹੈ, ਸਭ ਕੁਝ ਹੱਥ 'ਸੁਰਜੀਤ' ਸਮੇਂ ਦੇ, ਹਰ ਜੁਗ ਦਾ ਭਗਵਾਨ ਸਮਾਂ ਹੈ।' ਉਨ੍ਹਾਂ ਅਨੁਸਾਰ ਹੀ ਦੁਨਿਆਵੀ ਦੁੱਖ-ਸੁੱਖ, ਰਿਸ਼ਤੇ-ਨਾਤੇ, ਖੂਨੀ ਖੇਡਾਂ, ਅਮੀਰੀ-ਗ਼ਰੀਬੀ, ਊਚਤਾ-ਨੀਚਤਾ ਦੇ ਸਭ ਵਰਤਾਰੇ ਉਸ ਦੀ ਰਜ਼ਾ ਅਨੁਸਾਰ ਹੈ। ਗਰਮੁਖ ਦਾ ਆਤਮ-ਸਮਰਪਣ ਹੀ ਆਪਣੇ ਗੁਰੂ ਅੱਗੇ ਆਤਮ-ਸੋਝੀ ਦਾ ਪ੍ਰਗਟਾਅ ਹੈ। ਮਾਂ-ਬੋਲੀ ਪੰਜਾਬੀ ਪ੍ਰਤੀ ਉਨ੍ਹਾਂ ਦਾ ਪਿਆਰ ਅਤੇ ਸਤਿਕਾਰ ਇਨ੍ਹਾਂ ਸਤਰਾਂ ਰਾਹੀਂ ਝਲਕਦਾ ਹੈ : 'ਮੇਰੀ ਮਾਂ ਬੋਲੀ ਪੰਜਾਬੀ ਹੈ, ਮੈਂ ਧੀ ਹਾਂ ਪੰਜ ਦਰਿਆਵਾਂ ਦੀ', ਦੇਖਿਆ ਜਾ ਸਕਦਾ ਹੈ। ਮਾਂ-ਬੋਲੀ ਪੰਜਾਬੀ ਰਾਹੀਂ ਹੀ ਫੜੀ ਕਲਮ 'ਕਲਮ ਨਾਲ ਹੀ ਮੁਰਦਾ ਰੂਹਾਂ ਫਿਰ 'ਸੁਰਜੀਤ' ਬਨਾਵਾਂਗੀ ਮੈਂ', ਮੁਰਦਾ ਰੂਹਾਂ 'ਚ ਜੀਵਨ-ਫਲਸਫ਼ੇ ਦਾ ਸੰਚਾਰ ਕਰ ਸਕਦੀ ਹੈ। ਆਸ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਇਸ ਕਾਵਿ-ਪੁਸਤਕ ਦਾ ਭਰਪੂਰ ਸਮਰਥਨ ਕਰਨਗੇ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਯਾਰ ਭਰਾਵਾਂ ਵਰਗੇ
ਗ਼ਜ਼ਲਕਾਰ : ਰਾਜਿੰਦਰ ਪਰਦੇਸੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 350 ਰੁਪਏ, ਸਫ਼ੇ :152
ਸੰਪਰਕ : 98551-00712
ਰਾਜਿੰਦਰ ਪ੍ਰਦੇਸੀ ਪੰਜਾਬੀ ਗ਼ਜ਼ਲ ਦੇ ਕਾਫ਼ਿਲੇ ਵਿਚ ਉਦੋਂ ਸ਼ਾਮਿਲ ਹੋਇਆ, ਜਦੋਂ ਗ਼ਜ਼ਲ ਪੰਜਾਬੀ ਵਿਚ ਸਥਾਪਤੀ ਲਈ ਅਹੁਲ ਰਹੀ ਸੀ। ਪ੍ਰਿੰ. ਤਖ਼ਤ ਸਿੰਘ ਦੇ ਸੰਪਰਕ ਵਿਚ ਆ ਕੇ ਉਹ ਹੋਰ ਲਿਸ਼ਕਿਆ ਤੇ ਕੁਝ ਸਮਾਂ ਪਹਿਲਾਂ ਸੰਸਾਰ ਨੂੰ ਅਲਵਿਦਾ ਕਹਿਣ ਦੀ ਕਾਹਲ ਕਰ ਗਿਆ। 'ਯਾਰ ਭਰਾਵਾਂ ਵਰਗੇ' ਗ਼ਜ਼ਲ-ਸੰਗ੍ਰਹਿ ਉਸ ਦੇ ਤੁਰ ਜਾਣ ਬਾਅਦ ਛਪਿਆ ਹੈ। ਪਰਦੇਸੀ ਦੀਆਂ ਛਪਣੋਂ ਰਹਿ ਗਈਆਂ ਗ਼ਜ਼ਲਾਂ ਨੂੰ ਇਕੱਤਰ ਕਰ ਕੇ ਕਿਤਾਬੀ ਰੂਪ ਦੇਣ ਵਿਚ ਉਸ ਦੇ ਬੇਟੇ ਤੇਜਿੰਦਰ ਮਨਚੰਦਾ ਪਰਦੇਸੀ ਦਾ ਵੱਡਾ ਯੋਗਦਾਨ ਹੈ। ਇਸ ਪੁਸਤਕ ਨਾਲ ਰਾਜਿੰਦਰ ਪਰਦੇਸੀ ਦੀਆਂ ਛਪੀਆਂ ਪੁਸਤਕਾਂ ਦੀ ਗਿਣਤੀ ਵੀ ਇਕ ਦਰਜਨ ਨੂੰ ਪਹੁੰਚ ਜਾਂਦੀ ਹੈ। 'ਯਾਰ ਭਰਾਵਾਂ ਵਰਗੇ' ਗ਼ਜ਼ਲ-ਸੰਗ੍ਰਹਿ ਵਿਚ ਕੁੱਲ 92 ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ। ਪਰਦੇਸੀ ਪੰਜਾਬੀ ਗ਼ਜ਼ਲ ਦੇ ਵੱਡੇ ਹਸਤਾਖ਼ਰਾਂ ਦੀ ਸੰਗਤ ਵਿਚ ਰਿਹਾ ਹੈ ਤੇ ਆਪਣੇ ਖ਼ੇਤਰ ਵਿਚ ਉਸ ਨੂੰ ਉੱਚਾ ਮੁਕਾਮ ਹਾਸਿਲ ਸੀ। ਇਸੇ ਕਾਰਨ ਉਸ ਦੀਆਂ ਤਮਾਮ ਗ਼ਜ਼ਲਾਂ ਦੇ ਸ਼ਿਅਰ ਜਿੱਥੇ ਗ਼ਜ਼ਲ ਦੇ ਤਕਨੀਕੀ ਅਨੁਸ਼ਾਸਨ ਦੀ ਪਾਲਣਾ ਕਰਦੇ ਹਨ, ਉਥੇ ਸ਼ਬਦਾਵਲੀ ਪੱਖੋਂ ਵੀ ਇਹ ਗ਼ਜ਼ਲੀਅਤ ਦੀਆਂ ਮਿਥਾਂ ਪਾਰ ਨਹੀਂ ਕਰਦੇ। ਸ਼ਾਮਿਲ ਗ਼ਜ਼ਲਾਂ 'ਚੋਂ ਬਹੁਤੀਆਂ ਗ਼ਜ਼ਲਾਂ ਮਾਨਵੀ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ ਤੇ ਇਨ੍ਹਾਂ ਵਿਚ ਮਨੁੱਖੀ ਜੀਵਨ ਦੇ ਕੌੜੇ-ਕੁਸੈਲੇ ਸੱਚ ਨੂੰ ਦਰਸਾਇਆ ਗਿਆ ਹੈ। ਕਿਤੇ-ਕਿਤੇ ਛੋਟੇ-ਛੋਟੇ ਲੇਕਿਨ ਮਹੱਤਵਪੂਰਨ ਅਨੁਭਵਾਂ ਨੂੰ ਵਿਸਥਾਰ ਦਿੱਤਾ ਹੋਇਆ ਵੀ ਮਿਲਦਾ ਹੈ। ਪਰਦੇਸੀ ਦੀਆਂ ਕੁਝ ਗ਼ਜ਼ਲਾਂ ਬਰਜਿੰਦਰ ਸਿੰਘ ਹਮਦਰਦ, ਜਗਤਾਰ, ਕਰਨੈਲ ਸਿੰਘ ਨਿੱਝਰ, ਅਜੀਤ ਸਿੰਘ, ਮਦਨ ਮੋਹਨ ਤੇ ਤਲਵਿੰਦਰ ਸਿੰਘ ਆਦਿ ਮਿੱਤਰ-ਪਿਆਰਿਆਂ ਦੇ ਨਾਂਅ ਵੀ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਗ਼ਜ਼ਲਕਾਰ ਮੁਹੱਬਤੀ ਰਿਸ਼ਤਿਆਂ ਪ੍ਰਤੀ ਕਿੰਨਾ ਸਮਰਪਿਤ ਸੀ। ਗ਼ਜ਼ਲਕਾਰ ਨੇ ਕੁਝ ਨਵੀਆਂ ਰਦੀਫ਼ਾਂ ਦਾ ਪ੍ਰਯੋਗ ਕਰਕੇ ਸ਼ਿਅਰਾਂ ਵਿਚ ਸੱਜਰਾਪਨ ਵੀ ਪੈਦਾ ਕੀਤਾ ਹੈ ਜਿਵੇਂ ਕੀੜੀਆਂ, ਤਰਸੋਗੇ, ਸਰਫ਼ਰੋਸ਼, ਚਿੜੀਆਂ ਚੂਕਦੀਆਂ, ਕੈਂਚੀ, ਜਾਦੂ, ਗੱਲ ਬਣੇ ਤੇ ਕ੍ਰਿਸ਼ਨ ਮੁਰਾਰੀ। 'ਯਾਰ ਭਰਾਵਾਂ ਵਰਗੇ' ਵਿਚ ਪਰਦੇਸੀ ਦੇ ਇਕ ਜ਼ਰੂਰੀ ਲੇਖ ਨੂੰ ਮੁੱਖ ਬੰਦ ਨੂੰ ਵੀ ਸਾਂਭਿਆ ਗਿਆ ਹੈ। ਇਹ ਸੰਗ੍ਰਹਿ ਨਵੇਂ ਗ਼ਜ਼ਲਗੋਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਰਾਜਿੰਦਰ ਪਰਦੇਸੀ ਦਾ ਇਹ ਗ਼ਜ਼ਲ-ਸੰਗ੍ਰਹਿ ਉਸ ਨੂੰ ਸੱਚੀ ਸ਼ਰਧਾਂਜਲੀ ਹੈ ਤੇ ਉਸ ਦੀਆਂ ਛਪਣੋਂ ਰਹਿ ਗਈਆਂ ਗ਼ਜ਼ਲਾਂ ਦਾ ਇਹ ਕਿਤਾਬੀ ਰੂਪ ਨਿਸ਼ਚੇ ਹੀ ਤਾਰੀਫ਼ ਦੇ ਕਾਬਿਲ ਹੈ। ਗ਼ਜ਼ਲਕਾਰ ਦੇ ਪਰਿਵਾਰ ਦਾ ਇਹ ਉੱਦਮ ਗ਼ਜ਼ਲ ਸਾਹਿਤ ਲਈ ਵੀ ਵੱਡੀ ਪ੍ਰਾਪਤੀ ਹੈ।
c c c
ਜਲ ਕਣ
ਸ਼ਾਇਰ : ਗੁਰਭਜਨ ਗਿੱਲ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98726-31199
ਰੁਬਾਈ ਸਦੀਆਂ ਪੁਰਾਣੀ ਕਾਵਿ-ਵਿਧਾ ਹੈ, ਜਿਸ ਨੇ ਫ਼ਾਰਸੀ, ਅਰਬੀ ਤੇ ਉਰਦੂ ਵਿਚ ਬੜੀ ਮਕਬੂਲੀਅਤ ਹਾਸਿਲ ਕੀਤੀ ਹੈ। ਇਸ ਦੇ ਪੰਜਾਬੀ ਵਿਚ ਪ੍ਰਵੇਸ਼ ਨੂੰ ਬਹੁਤਾ ਸਮਾਂ ਨਹੀਂ ਹੋਇਆ। ਨਿਸ਼ਚਿਤ ਵਜ਼ਨ ਵਾਲੀ ਇਸ ਲਘੂ ਸਿਨਫ਼ ਦਾ ਹੁਣ ਇਧਰਲੇ ਪੰਜਾਬ ਵਿਚ ਫ਼ੈਲਾਓ ਸ਼ੁਰੂ ਹੋ ਚੁੱਕਾ ਹੈ। ਗੁਰਭਜਨ ਗਿੱਲ ਪੰਜਾਬੀ ਦਾ ਮਕਬੂਲ ਸ਼ਾਇਰ ਹੈ, ਜਿਸ ਨੇ ਸ਼ਾਇਰੀ ਦੇ ਹਰ ਖ਼ੇਤਰ 'ਤੇ ਕਲਮ ਅਜ਼ਮਾਈ ਹੈ। ਉਸ ਦੀਆਂ ਪੇਂਡੂ ਮੁਹਾਵਰੇ ਵਾਲੀਆਂ ਗ਼ਜ਼ਲਾਂ ਵਿਸ਼ੇਸ਼ ਤੌਰ 'ਤੇ ਚਰਚਾ ਵਿਚ ਰਹੀਆਂ ਹਨ। ਹੁਣ ਉਸ ਨੇ ਰੁਬਾਈ ਵੱਲ ਵੀ ਧਿਆਨ ਦਿੱਤਾ ਹੈ। 'ਜਲ ਕਣ' ਉਸ ਦਾ 660 ਰੁਬਾਈਆਂ ਦਾ ਸੰਗ੍ਰਹਿ ਹੈ, ਜਿਸ ਨੂੰ ਬੜੀ ਰੀਝ ਨਾਲ ਛਾਪਿਆ ਗਿਆ ਹੈ। ਇਨ੍ਹਾਂ ਰੁਬਾਈਆਂ ਦੀ ਕੈਨਵਸ 'ਤੇ ਰੰਗਾਂ ਤੇ ਉਪ-ਰੰਗਾਂ ਦੀ ਭਰਮਾਰ ਹੈ, ਕੁਝ ਚਟਕੀਲੇ, ਭੜਕੀਲੇ, ਗੂੜ੍ਹੇ ਤੇ ਜਵਾਨ ਅਤੇ ਕੁਝ ਉਦਾਸੇ-ਉਦਾਸੇ, ਕਾਲੇ-ਚਿੱਟੇ, ਸੁੱਘੜ-ਸਿਆਣੇ ਤੇ ਦੱਬੇ-ਦੱਬੇ ਹਨ। ਮਾਨਵੀ ਜੀਵਨ ਨਾਲ ਜੁੜੀਆਂ ਇਨ੍ਹਾਂ ਰੁਬਾਈਆਂ ਵਿਚ ਕੁਰਸੀ ਲਈ ਤਾਂਘਦੀਆਂ ਸ਼ਕਤੀਆਂ ਦੀ ਹਕੀਕਤ ਦਾ ਵਰਨਣ ਵੀ ਹੈ ਤੇ ਤਖ਼ਤਾਂ ਹੇਠਾਂ ਬੇਵੱਸ ਇੱਛਾਵਾਂ ਦੀਆਂ ਕਬਰਾਂ ਦਾ ਸੱਚ ਵੀ ਹੈ। ਇਨ੍ਹਾਂ ਰੁਬਾਈਆਂ ਵਿਚ ਕੁਦਰਤ ਦੀ ਇਬਾਦਤ ਵੀ ਤੇ ਮਾਨਵਤਾ ਦੀ ਖ਼ੈਰ ਵੀ ਮੰਗੀ ਗਈ ਹੈ। ਇਨ੍ਹਾਂ ਵਿਚ ਧੀਆਂ-ਪੁੱਤਰਾਂ ਲਈ ਦੁਆਵਾਂ ਵੀ ਹਨ ਤੇ ਘਰਾਂ ਦੀ ਸਲਾਮਤੀ ਲਈ ਅਰਦਾਸਾਂ ਵੀ ਹਨ। ਰੁਬਾਈ ਕਵਿਤਾ ਦਾ ਛੋਟਾ ਰੂਪ ਹੈ ਤੇ ਇਹ ਹਰ ਵਿਸ਼ੇ ਨੂੰ ਨਿਭਾਉਣ ਦੇ ਸਮਰੱਥ ਹੁੰਦੀ ਹੈ। ਇਕ ਲੰਮੀ ਕਵਿਤਾ ਵਿਚ ਵਿਚਾਰਾਂ ਦਾ ਪ੍ਰਗਟਾਓ ਨੂੰ ਇਕ ਰੁਬਾਈ ਵਿਚ ਸਮੇਟਿਆ ਜਾ ਸਕਦਾ ਹੈ। ਇਸੇ ਕਾਰਨ ਇਸ ਪੁਸਤਕ ਦੇ ਵਿਸ਼ਿਆਂ ਦਾ ਦਾਇਰਾ ਸੀਮਤ ਨਹੀਂ ਮਹਿਸੂਸ ਹੁੰਦਾ। ਰੁਬਾਈ ਦਾ ਚੌਥਾ ਮਿਸਰਾ ਰੁਬਾਈ ਦੀ ਜਾਨ ਹੁੰਦਾ ਹੈ ਤੇ ਪੁਸਤਕ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਗਿੱਲ ਵਧੇਰੇ ਕਰਕੇ ਇਸ ਨਿਭਾਅ ਵਿਚ ਸਫ਼ਲ ਹੋਇਆ ਹੈ। ਇਹ ਵੀ ਸੱਚ ਹੈ ਕਿ ਕਿਸੇ ਪੁਸਤਕ ਵਿਚ ਸਾਰਾ ਕੁਝ ਇਕਸਾਰ ਪ੍ਰਭਾਵ ਵਾਲਾ ਨਹੀਂ ਹੁੰਦਾ, ਕਿਸੇ ਸ਼ਾਇਰ ਦੀ ਸਫ਼ਲਤਾ ਦਾ ਨਿਰਣਾ ਬਹੁਗਿਣਤੀ ਰਚਨਾਵਾਂ ਦੇ ਅਸਰ ਅਨੁਸਾਰ ਲਿਆ ਜਾਣਾ ਚਾਹੀਦਾ ਹੈ। ਗੁਰਭਜਨ ਗਿੱਲ ਦਾ ਇਹ ਯਤਨ ਸਲਾਹੁਣਯੋਗ ਹੈ ਤੇ ਨਿਸ਼ਚੇ ਹੀ ਇਹ ਪੰਜਾਬੀ ਵਿਚ ਰੁਬਾਈ ਨੂੰ ਹੋਰ ਲੋਕਪ੍ਰਿਆ ਬਣਾਉਣ ਵਿਚ ਸਹਾਈ ਹੋਵੇਗਾ। 'ਜਲ ਕਣ' ਜਲਵਾਸ਼ਪ ਨਹੀਂ ਸਗੋਂ ਬਾਰਿਸ਼ ਵਿਚ ਤਬਦੀਲ ਹੋ ਕੇ ਔੜ ਨੂੰ ਮਾਤ ਦੇਣਗੇ, ਮੈਨੂੰ ਇਸ ਦੀ ਆਸ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਰੌਸ਼ਨ ਮੀਨਾਰ ਸੇਵਾ ਸਿੰਘ ਠੀਕਰੀਵਾਲਾ
ਸੰਪਾਦਕ : ਬਲਵਿੰਦਰ ਸਿੰਘ ਠੀਕਰੀਵਾਲਾ
ਪ੍ਰਕਾਸ਼ਕ : ਰੀਥਿਕ ਬੁੱਕਸ ਸੰਗਰੂਰ
ਮੁੱਲ : 299 ਰੁਪਏ, ਸਫ਼ੇ : 112
ਸੰਪਰਕ : 94633-30551
ਹਥਲੀ ਪੁਸਤਕ ਦਾ ਸੰਪਾਦਕ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੇ ਪਿੰਡ ਠੀਕਰੀਵਾਲਾ ਦਾ ਹੀ ਵਾਸੀ ਹੈ। ਸ. ਸੇਵਾ ਸਿੰਘ ਠੀਕਰੀਵਾਲਾ ਅਜਿਹਾ ਜਾਂਬਾਜ਼ ਸੂਰਬੀਰ ਯੋਧਾ ਹੈ, ਜਿਸ ਨੇ 18ਵੀਂ ਅਤੇ 19ਵੀਂ ਸਦੀ ਦੇ ਸਮੇਂ ਜਦੋਂ ਦੇਸ਼ ਵਾਸੀ ਅੰਗਰੇਜ਼ ਹਕੂਮਤ ਅਤੇ ਰਜਵਾੜਾਸ਼ਾਹੀ ਅਧੀਨ ਚੱਕੀ ਵਿਚ ਪਿਸ ਰਹੇ ਸਨ, ਲਈ ਆਪਣਾ ਆਪਾ ਕੁਰਬਾਨ ਕੀਤਾ। ਪੁਸਤਕ ਦੇ ਸੰਪਾਦਕ ਨੇ ਆਪਣੀ ਸਿੱਖਿਆ ਪ੍ਰਾਪਤੀ ਸਮੇਂ ਹੀ ਇਸ ਜਾਂਬਾਜ਼ ਸੂਰਮੇ ਦੇ ਜੀਵਨ ਦੇ ਕਾਰਨਾਮਿਆਂ ਨੂੰ ਵੱਖ-ਵੱਖ ਲੇਖਕਾਂ ਵਲੋਂ ਲਿਖੇ ਜੀਵਨ ਬਿਰਤਾਂਤ ਤੋਂ ਪ੍ਰਭਾਵਿਤ ਹੋ ਪੁਸਤਕ ਰੂਪ ਵਿਚ ਪੇਸ਼ ਕਰਨ ਦਾ ਮਨ ਬਣਾ ਲਿਆ ਸੀ। ਸ. ਸੇਵਾ ਸਿੰਘ ਠੀਕਰੀਵਾਲਾ ਨੇ ਰਿਆਸਤੀ ਮਹਾਰਾਜਿਆਂ ਦੀ ਐਸ਼-ਪ੍ਰਸਤੀ, ਫਜ਼ੂਲ ਖ਼ਰਚੀ ਮਨਮਾਨੀਆਂ ਦੇ ਸ਼ਿਕਾਰ ਹੋ ਰਹੇ ਪੇਂਡੂ/ ਸ਼ਹਿਰੀ ਗ਼ਰੀਬ ਕਿਸਾਨਾਂ, ਮਜ਼ਦੂਰਾਂ ਦੀ ਦਸ਼ਾ ਨੂੰ ਬਹੁਤ ਨੇੜਿਓਂ ਤੱਕਿਆ। ਉਸ ਸਮੇਂ ਦੇਸ਼ ਵਾਸੀਆਂ ਉੱਪਰ ਮੁਗਲਾਂ ਵਾਂਗ ਅੰਗਰੇਜ਼ ਹਕੂਮਤ ਵਲੋਂ ਰਿਆਸਤੀ ਰਾਜਿਆਂ ਵਲੋਂ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਖੇਤਰ ਵਿਚ ਸਿੱਧੀ ਦਖ਼ਲ-ਅੰਦਾਜ਼ੀ ਕੀਤੀ ਜਾਂਦੀ ਸੀ। ਉਸ ਸਮੇਂ ਦੇ ਲਿਤਾੜੇ ਹੋਏ ਇਹ ਲੋਕ ਕਿਸੇ ਨਿਧੜਕ ਅਤੇ ਤਿਆਗੀ ਆਗੂ ਦੀ ਅਗਵਾਈ ਚਾਹੁੰਦੇ ਸਨ। ਅਮਰ ਸ਼ਹੀਦ ਸ. ਠੀਕਰੀਵਾਲਾ ਦਾ ਮੁਢਲਾ ਜੀਵਨ ਧਾਰਮਿਕ ਸੀ। ਸਿੱਖ ਧਰਮ ਤੋਂ ਮਿਲੀ ਪ੍ਰੇਰਨਾ ਅਨੁਸਾਰ ਉਸ ਨੇ ਦੱਬੇ ਤੇ ਲਿਤਾੜੇ ਲੋਕਾਂ ਦੀ ਅਗਵਾਈ ਕਰਕੇ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੇ ਜੀਵਨ ਤੋਂ ਕੁਰਬਾਨੀ ਦਾ ਮਾਰਗ ਚੁਣਿਆ। ਪੁਸਤਕ 'ਚ ਸੰਪਾਦਕ ਵਲੋਂ ਇਕ ਦਰਜਨ ਤੋਂ ਵੱਧ ਵੱਖ-ਵੱਖ ਲੇਖਾਂ ਜਿਨ੍ਹਾਂ ਵਿਚ ਲੇਖਕ ਬਲਦੇਵ ਸਿੰਘ ਸੜਕਨਾਮਾ ਦਾ ਲੇਖ 'ਪੰਜਾਬ ਰਿਆਸਤੀ ਪਰਜਾ ਮੰਡਲ ਦਾ ਮਹਾਂਨਾਇਕ ਸ. ਸੇਵਾ ਸਿੰਘ ਠੀਕਰੀਵਾਲਾ', ਕੇ. ਐਲ. ਗਰਗ ਦੀ ਰਚਨਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਡਾ. ਅਰਵਿੰਦਰ ਕੌਰ ਕਾਕੜਾ ਦਾ ਲੇਖਕ 'ਪਰਜਾ ਮੰਡਲ ਲਹਿਰ ਦੀ ਸਥਾਪਨਾ, ਮੰਤਵ ਤੇ ਅਜੋਕੀ ਸਾਰਥਕਿਤਾ' (ਨਿਸ਼ਾਨੀ ਅੰਦੋਲਨ ਦੀ ਨਿਰੰਤਰਤਾ ਦੇ ਪ੍ਰਸੰਗਿਕ ਵਿਚ), ਡਾ. ਸੁਰਜੀਤ ਬਰਾੜ ਦਾ ਲੇਖ 'ਬੇਜੋੜ ਅਮਰ ਸ਼ਹੀਦ, ਸੇਵਾ ਸਿੰਘ ਠੀਕਰੀਵਾਲਾ', ਲੇਖਕ ਬੂਟਾ ਸਿੰਘ ਚੌਹਾਨ ਵਲੋਂ 'ਲਾਸਾਨੀ ਸ਼ਹਾਦਤ ਦੇ ਕੇ ਕਾਲ ਮੁਕਤ ਹੋਏ ਸੇਵਾ ਸਿੰਘ ਠੀਕਰੀਵਾਲਾ', ਜਸਬੀਰ ਕਲਸੀ ਧਰਮਕੋਟ ਵਲੋਂ 'ਪ੍ਰੇਰਨਾ ਪ੍ਰਸੰਗ', ਨਿਰੰਜਣ ਬੋਹਾ ਦੀ ਰਚਨਾ 'ਰਿਆਸਤੀ ਰਾਜਿਆਂ ਤੇ ਬਰਤਾਨਵੀ ਸਮਰਾਜ ਦੀਆਂ ਜੜ੍ਹਾਂ ਪੁੱਟਣ ਵਾਲਾ ਲੋਕ ਨਾਇਕ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ, ਮਾਰਕੰਡਾ ਦਾ ਲੇਖ 'ਪਰਜਾ ਮੰਡਲ ਦਾ ਉਸਰਈਆ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ', ਜਰਨੈਲ ਸਿੰਘ ਅੱਚਰਵਾਲ ਦੀ ਰਚਨਾ 'ਸ਼ਹੀਦ ਸੇਵਾ ਸਿੰਘ ਠੀਕਰੀਵਾਲਾ, 'ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਵਲੋਂ ਲਿਖੇ ਕਿੱਸਾ ਸੇਵਾ ਸਿੰਘ ਠੀਕਰੀਵਾਲਾ' ਬਾਰੇ ਖੋਜ ਭਰਪੂਰ ਲੇਖ ਤੇਜਾ ਸਿੰਘ ਤਿਲਕ ਵਲੋਂ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਅਗਲਾ ਲੇਖ ਭੋਲਾ ਸਿੰਘ ਸੰਘੇੜਾ ਵਲੋਂ 'ਧੱਕੇਸ਼ਾਹੀ ਵਿਰੁੱਧ ਜੂਝਣ ਵਾਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ', ਡਾ. ਭੁਪਿੰਦਰ ਸਿੰਘ ਬੇਦੀ ਵਲੋਂ ਲਿਖਿਆ ਲੇਖ 'ਬਹੁਤ ਉੱਚੀ ਤੇ ਸੁੱਚੀ ਸ਼ਖ਼ਸੀਅਤ ਦੇ ਮਾਲਕ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ', ਪੁਸਤਕ ਦੇ ਸੰਪਾਦਕ ਬਲਵਿੰਦਰ ਸਿੰਘ ਠੀਕਰੀਵਾਲਾ ਦਾ ਲੇਖ 'ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ' ਅਤੇ ਪੁਸਤਕ ਦੇ ਅੰਤ ਵਿਚ ਜਰਨੈਲ ਸਿੰਘ ਅੱਚਰਵਾਲ ਦੀ ਇਕ ਹੋਰ ਰਚਨਾ ਪਰਜਾ ਮੰਡਲ ਦਾ ਮੁਢੈਲੀ ਪਿੰਡ ਠੀਕਰੀਵਾਲਾ ਸ਼ਾਮਿਲ ਕਰਕੇ ਇਸ ਪਿੰਡ ਨਾਲ ਵੀ ਸਾਂਝ ਪੁਆਈ ਗਈ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਇਹ ਦੁਨੀਆ ਪਿੱਤਲ ਦੀ
(ਸਵੈ ਨੂੰ ਉਤਸ਼ਾਹਿਤ ਕਰਨ ਵਾਲੀ)
ਲੇਖਕ : ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਯੂ.ਕੇ.
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭੀਖੀ, ਮਾਨਸਾ
ਮੁੱਲ : 250 ਰੁਪਏ, ਸਫ਼ੇ : 170
ਸੰਪਰਕ : 99889-13155
ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਵੱਖ-ਵੱਖ ਵਿਸ਼ਿਆਂ ਭਾਸ਼ਾ ਵਿਗਿਆਨ, ਸਮਾਜ ਵਿਗਿਆਨ, ਮਨੋਵਿਗਿਆਨ, ਇਤਿਹਾਸ ਅਤੇ ਸਵੈ-ਪ੍ਰੇਰਨਾ ਆਦਿ ਬਾਰੇ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਾ ਕਰ ਚੁੱਕਿਆ ਹੈ। 'ਇਹ ਦੁਨੀਆ ਪਿੱਤਲ ਦੀ' ਰਚਨਾ ਵਿਚ 50 ਤੋਂ ਵੱਧ ਨਿੱਕੇ-ਵੱਡੇ ਲੇਖ ਹਨ, ਜਿਨ੍ਹਾਂ ਬਾਰੇ ਸਰਲ ਭਾਸ਼ਾ ਵਿਚ ਜੀਵਨ ਤਜਰਬੇ ਸਾਂਝੇ ਕੀਤੇ ਗਏ ਹਨ, ਜਿਸ ਵਿਚ ਜੀਵਨ ਰਹੱਸਾਂ ਦੇ ਭੇਦ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਾਰਤਕ ਸੰਜਮੀ ਤੇ ਸਰਲ ਹੈ। ਵਿਸ਼ੇ ਨੂੰ ਰੌਚਿਕ ਬਣਾਉਣ ਲਈ ਇਤਿਹਾਸ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਵਿਦਵਾਨਾਂ, ਗੁਰੂਆਂ, ਰਾਜਸੀ ਨੇਤਾਵਾਂ ਤੇ ਲੋਕ-ਕਥਾਵਾਂ ਰਾਹੀਂ ਚਾਨਣਾ ਪਾਇਆ ਗਿਆ ਹੈ। ਸੁਚੱਜੀ ਜੀਵਨ ਜਾਚ ਵਾਸਤੇ ਸੇਧ ਦੇਣ ਵਾਲੀਆਂ ਪੁਸਤਕਾਂ 'ਚੋਂ ਇਸ ਨੂੰ ਸ਼ਾਮਿਲ ਕੀਤਾ ਜਾ ਸਕਦਾ। ਸਮੁੱਚੇ ਰੂਪ ਵਿਚ ਮਨੁੱਖ ਸਫ਼ਲਤਾ ਅਤੇ ਖ਼ੁਸ਼ਹਾਲੀ ਵਾਲਾ ਜੀਵਨ ਕਿਵੇਂ ਬਤੀਤ ਕਰ ਸਕਦਾ ਹੈ, ਇਹ ਇਸ ਪੁਸਤਕ ਦਾ ਕੇਂਦਰ ਬਿੰਦੂ ਹੈ। ਪੁਸਤਕ ਦੇ ਨਾਂਅ ਕਰਨ ਵਾਲੇ ਲੇਖ ਦਾ ਆਰੰਭ ਕਰਦਾ ਲੇਖਕ ਕਹਿੰਦਾ : ਚੰਗੀਆਂ ਪੁਸਤਕਾਂ, ਨੇਕ ਬੰਦੇ, ਚੰਗੇ ਦੋਸਤ ਤੇ ਸਾਫ਼ ਦਿਲ ਲੋਕ ਜਲਦੀ ਨਾਲ ਸਮਝ ਨਹੀਂ ਆਉਂਦੇ, ਇਹ ਦੁਨੀਆ ਪਿੱਤਲ ਦੀ ਹੈ, ਸੋਹਣੀ ਵੀ ਹੈ ਤੇ ਕੋਝੀ ਵੀ ਬਹੁਤ ਹੈ। ਆਦਤ ਲੇਖ ਦਾ ਸਿੱਟਾ ਕਹਿੰਦਾ ਕਿ ਸੋਸ਼ਲ ਮੀਡੀਆ ਨੇ ਮਨੁੱਖ ਨੂੰ ਇਕੱਲੇ ਰਹਿਣ ਦੀ ਆਦਤ ਪਾ ਦਿੱਤੀ ਹੈ। ਆਸ ਮੁਕਤ ਜੀਵਨ ਵਾਸਤੇ ਕਰਮਯੋਗੀ ਹੋਣਾ ਪਹਿਲਾ ਗੁਰੂ ਹੈ। ਬ੍ਰਹਿਮੰਡ ਵਿਚ ਸ਼ਬਦ ਸਭ ਤੋਂ ਵੱਡੀ ਸ਼ਕਤੀ ਹਨ। ਕਲਮ ਦੀ ਤਾਕਤ ਵੱਡੀ ਹੈ, ਲਿਖਣ ਲਈ ਤਪੱਸਿਆ ਜ਼ਰੂਰੀ ਹੈ। ਪੁਸਤਕਾਂ ਸਮਾਜ ਦਾ ਅਕਸ ਅਤੇ ਖ਼ਜ਼ਾਨਾ ਹੁੰਦੀਆਂ ਹਨ। ਜ਼ਿੰਦਗੀ ਕੁਦਰਤ ਦੇ ਨਾਲ ਸਮਤੋਲ ਦਾ ਹੀ ਦੂਸਰਾ ਨਾਂਅ ਹੈ। ਕੁਦਰਤ ਨਾਲ ਛੇੜ-ਛਾੜ ਤਬਾਹੀ ਲਿਆਉਣਾ ਹੈ। ਮਨੁੱਖ ਦੀ ਫ਼ਿਤਰਤ ਬਦਲਦੀ ਨਹੀਂ, ਸੁਧਾਰੀ ਜਾ ਸਕਦੀ ਹੈ। ਅਧਿਆਪਕ ਦੀ ਸ਼ਖ਼ਸੀਅਤ ਸ਼ਾਗਿਰਦ ਲਈ ਪ੍ਰੇਰਨਾਦਾਇਕ ਹੋਣੀ ਚਾਹੀਦੀ ਹੈ। ਇੱਕੀਵੀਂ ਸਦੀ ਦਾ ਸੱਚ, ਲੇਖ ਦਾ ਸਾਰੰਸ਼ ਹੈ : ਪੂੰਜੀਵਾਦ ਦੇ ਸ਼ੋਰ-ਸ਼ਰਾਬੇ ਵਾਲੀ ਇਸ ਸਦੀ ਵਿਚ ਨੈਤਿਕ ਕਦਰਾਂ-ਕੀਮਤਾਂ, ਪੂੰਜੀ ਅਤੇ ਪਦਾਰਥ ਦੇ ਗਲਬੇ ਹੇਠ ਕੁਚਲੀਆਂ ਗਈਆਂ ਹਨ। ਕੁਦਰਤ ਦਾ ਰਾਖਾ ਬਣਿਆਂ ਹੀ ਸਵਰਗ ਮਾਣਨਾ ਹੈ। ਮਸ਼ੀਨਾਂ ਦੀ ਸਹੀ ਵਰਤੋਂ ਕਰਨੀ ਜ਼ਰੂਰੀ ਹੈ। ਬਦਲਾਵ ਕੁਦਰਤ ਦਾ ਇਕ ਅਟੱਲ ਨਿਯਮ ਹੈ। ਨਾਰੀ, ਦੋਸਤੀ, ਅਸਲ ਧਰਮ, ਮਾਇਆ, ਮਿਹਨਤ, ਸ਼ਹੀਦ, ਮੌਤ, ਫ਼ਰਜ਼, ਮਾਂ, ਸੋਚ, ਜੀਵਨ ਸਾਥੀ ਆਦਿ ਵਿਸ਼ਿਆਂ ਨੂੰ ਕਥਨਾਂ ਅਤੇ ਉਦਾਹਰਨਾਂ ਰਾਹੀਂ ਵਰਨਣ ਕੀਤਾ ਗਿਆ। ਅੰਤਲੇ ਸਫ਼ਿਆਂ ਵਿਚ ਕੁਟੇਸ਼ਨਾਂ ਰਾਹੀਂ ਕੌੜੇ ਅਨੁਭਵ, ਸਿਆਣੀਆਂ ਗੱਲਾਂ, ਜ਼ਰਾ ਸੋਚੋ ਅਤੇ ਸਿਆਣੇ ਕਹਿੰਦੇ ਹਨ, ਮੁੱਲਵਾਨ ਪ੍ਰਵਚਨ ਸਾਂਝੇ ਕੀਤੇ ਗਏ ਹਨ। ਸੈਲਫ਼ ਮੋਟੀਵੇਸ਼ਨ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ ਜੋ ਮਨੁੱਖੀ ਜੀਵਨ ਨੂੰ ਸੇਧ ਦੇਣ ਵਾਲੀ ਹੈ ਜਿਵੇਂ ਮਨੁੱਖ ਨੂੰ ਉਸ ਦੇ ਗੁਣ ਉੱਚਾ ਕਰਦੇ, ਪਦਵੀ ਨਹੀਂ। ਅਜਿਹੀ ਕਥਨਾਵਲੀ ਵਰਗੀ ਪੁਸਤਕ, ਮਾਂ-ਬੋਲੀ ਲਈ ਖ਼ੁਸ਼ਨਸੀਬੀ ਹੈ।
c c c
ਚੁੰਬਕੀ ਅਪਣੱਤ
ਲੇਖਕ : ਗੁਰਮਲਕੀਅਤ ਸਿੰਘ ਕਾਹਲੋਂ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 196
ਸੰਪਰਕ : 98141-77676
'ਜੱਦੀ ਸਰਮਾਇਆ' (2022) ਕਹਾਣੀ ਸੰਗ੍ਰਹਿ ਤੋਂ ਬਾਅਦ ਗੁਰਮਲਕੀਅਤ ਸਿੰਘ ਕਾਹਲੋਂ ਦਾ ਦੂਜਾ ਕਹਾਣੀ-ਸੰਗ੍ਰਹਿ 'ਚੁੰਬਕੀ ਅਪਣੱਤ' ਹੈ, ਜਿਸ ਵਿਚ 19 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਅਜੋਕੀ ਕਹਾਣੀ ਜਿਥੇ ਸਮਾਜਕ ਸਰੋਕਾਰਾਂ ਨੂੰ ਆਧਾਰ ਬਣਾ ਕੇ, ਰਾਜ-ਪ੍ਰਬੰਧ ਦੀਆਂ ਖਾਮੀਆਂ ਨੂੰ ਨੰਗਿਆਂ ਕਰਦੀ ਹੈ, ਉਥੇ ਮਨੁੱਖ ਦੇ ਅੰਦਰਲੇ ਸੰਸਿਆਂ ਨੂੰ ਬਾਰੀਕੀ ਨਾਲ ਚਿਤਰਨ ਦੀ ਦਲੇਰੀ ਵੀ ਕਰਦੀ ਹੈ। ਮਾਨਵੀ-ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਅਣਮਨੁੱਖੀ ਵਰਤਾਰਿਆਂ ਦੇ ਸੰਤਾਪ ਨੂੰ ਪੇਸ਼ ਕਰਨਾ ਵੀ ਜ਼ਰੂਰੀ ਸਮਝਦੀ ਹੈ। ਸ੍ਰੀ ਕਾਹਲੋਂ ਪੱਤਰਕਾਰੀ ਕਰਦੇ-ਕਰਦੇ ਕਹਾਣੀਆਂ ਲਿਖਣ ਲੱਗ ਪਏ। ਉਨ੍ਹਾਂ ਦਾ ਲੋਕ-ਜੀਵਨ ਨਾਲ ਨੇੜਲਾ ਅਨੁਭਵ ਅਤੇ ਤਜਰਬਾ ਹੋਣ ਕਾਰਨ, ਉਨ੍ਹਾਂ ਕੋਲ ਬਿਰਤਾਂਤ ਸਿਰਜਣ ਦੀ ਕਲਾ ਹੈ। ਉਸ ਦਾ ਆਪਣਾ ਮੰਨਣਾ ਹੈ : ''ਰਚਨਾਵਾਂ ਵਿਚ ਮੈਂ ਕਿਸੇ ਵਲੋਂ ਪ੍ਰਗਟਾਏ ਅਹਿਸਾਸ ਤੇ ਦੱਸੀ ਹੱਡਬੀਤੀ ਨੂੰ ਉਸੇ ਰੂਪ ਵਿਚ ੇਪਸ਼ ਕਰਨ ਦੀ ਥਾਂ, ਉਸ ਦਾ ਰੰਗ-ਰੂਪ ਨਿਖਾਰ ਕੇ ਪਾਠਕਾਂ ਮੂਹਰੇ ਲਿਆਉਣ ਦਾ ਯਤਨ ਕਰਦਾ ਹਾਂ।'' ਇਸ ਨਜ਼ਰੀਏ ਤੋਂ 'ਚੁੰਬਕੀ ਅਪਣੱਤ' ਕੈਨੇਡਾ ਵਸੇ ਪਰਿਵਾਰ ਨਾਲ ਮੁਸਲਮਾਨ ਮੁਬੱਸਰ ਦੇ ਪਰਿਵਾਰਕ ਮੈਂਬਰ ਹਾਮਿਦ ਤੇ ਫਾਇਜਾ 1947 ਦੀ ਕਤਲੋ-ਗਾਰਤ ਵਿਚ ਨਿੱਕੀ ਬੱਚੀ ਨੂੰ ਕਿਵੇਂ ਬਚਾਉਂਦੇ ਤੇ ਧੀ ਵਾਂਗ ਪਾਲਦੇ ਜੋ ਸੁਲਤਾਨਾ ਬਣ ਜਾਂਦੀ ਹੈ। ਇਨਸਾਨੀਅਤ ਦੇ ਸੁੱਚੇ ਕਿਰਦਾਰ ਦੀ ਸੰਵੇਦਨਾ ਨੂੰ ਝੰਜੋੜਨ ਵਾਲੀ ਮਾਰਮਿਕ ਕਹਾਣੀ ਹੈ। ਕਹਾਣੀ ਅੰਦਰ ਕਹਾਣੀ ਦਾ ਬਿਰਤਾਂਤ ਰੌਚਿਕ ਬਣ ਜਾਂਦਾ ਹੈ। ਇੰਝ ਹੀ 'ਲਿਫਟ' ਕਹਾਣੀ 'ਚ ਸੀਤੋ ਮੁੱਖ ਪਾਤਰ ਆਪਣੀ ਹੱਡ-ਬੀਤੀ ਸੁਣਾਉਂਦੀ ਤੇ ਕਹਾਣੀ ਦਾ ਨਾਇਕ ਉਸ ਦੀ ਮਦਦ ਕਰਦੈ। 'ਰੂਹ ਦਾ ਨਿਖਾਰ' 'ਚ ਛੜਾ ਰਿਹਾ ਤਾਇਆ ਆਪਣੀ ਪ੍ਰੇਮ ਕਹਾਣੀ ਦਾ ਚਿੱਠਾ ਸੁਣਾਉਂਦੈ। ਨਰਸ ਨਿੰਮੀ ਨੂੰ ਆਪਣੀ ਵਾਰਿਸ ਬਣਾਉਂਦੈ। 'ਸ਼ੌਕਾਂ ਦੀ ਮੰਡੀ ਵਿਚ ਸਮਝੌਤੇ' ਹਰਮਨ ਗਾਇਕਾ ਕਿੰਝ ਆਪਣੀ ਪ੍ਰਸਿੱਧੀ ਲਈ ਫਿਲਮ ਡਾਇਰੈਕਟਰ ਦੀ ਕਾਮਨਾ ਪੂਰੀ ਕਰਦੀ ਹੈ ਤੇ ਸਵੈ-ਮਾਣ ਤੋਂ ਮੁੱਖ ਮੋੜਦੀ। 'ਮੇਰਾ ਰੱਬ ਬਹੁੜਿਆ' 'ਚ ਪੁਲਿਸ ਦੇ ਦੁਰਵਿਹਾਰ ਤੋਂ ਪੀ.ਸੀ.ਓ. 'ਚ ਨੌਕਰੀ ਕਰਦੀ ਔਰਤ ਨੂੰ ਪੱਤਰਕਾਰ ਰੱਬ ਵਾਂਗ ਬਹੁੜਦੈ। 'ਮਨਾਂ ਦੀਆਂ ਤਰੰਗਾਂ 'ਚ ਵੀ ਚਾਣਚੱਕ ਪਾਤਰਾਂ ਦੀ ਹੱਡਬੀਤੀ ਦਾ ਹੀ ਰੂਪ ਹੈ। 'ਇਕੋ ਵੇਲੇ ਦੋ ਚੰਨ' ਅਜੀਬ ਤਰ੍ਹਾਂ ਦੀ ਘਟਨਾ ਮਾਨਵੀਕਰਨ 'ਤੇ ਆਧਾਰਿਤ ਹੈ। 'ਫੌਜੀ ਜਾਂ ਫਰਿਸ਼ਤਾ' ਕਹਾਣੀ ਦੇ ਪਾਤਰ ਨੂੰ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਦੀ ਗ਼ਲਤੀ ਨੂੰ ਪਹਿਰੇਦਾਰ ਮੁਸਲਮਾਨ ਸੁਧਾਰ ਕਰਕੇ ਬਚਾਉਂਦੈ। ਕਹਾਣੀਆਂ ਦਾ ਉਦੇਸ਼ ਮਾਨਵਵਾਦੀ ਹੈ। ਸਮਾਜ 'ਚ ਵਾਪਰਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਕਹਾਣੀ ਸਿਰਜਣ ਦਾ ਹੁਨਰ ਬਿਰਤਾਂਤਿਰਕ ਹੈ, ਕਹਾਣੀ 'ਚ ਕਲਾਤਮਿਕ ਸੰਜਮ ਰੱਖਣ ਨਾਲ ਹੋਰ ਵੀ ਨਿਖਾਰ ਆ ਸਕਦਾ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900