JALANDHAR WEATHER

29-04-2024

 ਕਿਤਾਬਾਂ ਦੀ ਅਹਿਮੀਅਤ
ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ ਜੋ ਸਾਨੂੰ ਹਮੇਸ਼ਾ ਸਿੱਖਿਆਵਾਂ ਦਿੰਦੀਆਂ ਰਹਿੰਦੀਆਂ ਹਨ। ਹਰ ਕਿਸਮ ਦੀ ਕਿਤਾਬ ਤੋਂ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲਦੀ ਹੈ ਅਤੇ ਇਹ ਵਿਹਲਾ ਸਮਾਂ ਬਿਤਾਉਣ ਦਾ ਚੰਗਾ ਸਾਧਨ ਹੈ। ਪਰ ਅੱਜ ਦੇ ਸਮੇਂ ਵਿਚ ਮਨੁੱਖੀ ਦਿਲਚਸਪੀ ਕਿਤਾਬਾਂ ਪੜ੍ਹਨ ਵੱਲ ਨਾ ਹੋ ਕੇ ਹੋਰ ਸਰਗਰਮੀਆਂ ਵਿਚ ਵਧਦੀ ਜਾ ਰਹੀ ਹੈ।
ਅੱਜ ਦਾ ਮਨੁੱਖ ਮਨੋਰੰਜਨ ਲਈ ਮੋਬਾਈਲ ਫੋਨ ਦੀ ਸਭ ਤੋਂ ਵੱਧ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਉਹ ਕਿਤਾਬਾਂ ਪੜ੍ਹਨ ਨੂੰ ਤਰਜੀਹ ਨਹੀਂ ਦਿੰਦਾ, ਜਦੋਂ ਕਿ ਕਿਤਾਬਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵ ਰੱਖਦੀਆਂ ਹਨ।
ਨਾਵਲ, ਜੀਵਨੀਆਂ ਅਤੇ ਸਵੈ-ਜੀਵਨੀਆਂ ਜ਼ਿੰਦਗੀ ਦੀਆਂ ਤਲਖ਼ ਸੱਚਾਈਆਂ ਤੋਂ ਜਾਣੂੰ ਕਰਵਾਉਂਦੀਆਂ ਹਨ ਅਤੇ ਆਮ ਗਿਆਨ ਦੀਆਂ ਕਿਤਾਬਾਂ ਸਾਡੀ ਅਕਾਦਮਿਕ ਜਾਣਕਾਰੀ ਵਧਾਉਂਦੀਆਂ ਹਨ, ਜਿਸ ਦੀ ਮਦਦ ਨਾਲ ਅਸੀਂ ਆਪਣੀ ਪੜ੍ਹਾਈ ਵਿਚ ਸਫ਼ਲ ਹੋ ਸਕਦੇ ਹਾਂ। ਕਿਤਾਬਾਂ ਨਾ ਪੜ੍ਹਨਾ, ਨੌਕਰੀਆਂ ਅਤੇ ਚੰਗੀ ਨਾਗਰਿਕਤਾ ਤੋਂ ਵਾਂਝੇ ਰਹਿਣ ਦਾ ਵੱਡਾ ਕਾਰਨ ਹੈ। ਮਨੁੱਖ ਨੂੰ ਹੋਰਨਾਂ ਸਰਗਰਮੀਆਂ ਤੋਂ ਧਿਆਨ ਹਟਾ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਲੋੜ ਹੈ।


-ਰਾਜਿੰਦਰ ਕੌਰ
ਬੀ.ਵਾਕ (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ)


ਜਾਰੀ ਹੈ ਦਲਬਦਲੀ ਦਾ ਦੌਰ
ਜਦੋਂ ਤੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਹੈ, ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚ ਦਲ-ਬਦਲੂ ਲੋਕਾਂ ਨੇ ਬੜੀ ਬੇਚੈਨੀ ਤੇ ਘਬਰਾਹਟ ਪੈਦਾ ਕੀਤੀ ਹੋਈ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚੋਂ ਵੱਡੇ-ਵੱਡੇ ਲੀਡਰ ਅਤੇ ਵਰਕਰ ਆਪਣੀਆਂ ਪਾਰਟੀਆਂ ਛੱਡ ਕੇ ਹੋਰ ਪਾਰਟੀਆਂ ਵਿਚ ਜਾ ਰਹੇ ਹਨ। ਇਸ ਵਾਰ ਬੜਾ ਹੀ ਅਲੱਗ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਕਿਸੇ ਦਾ ਕੋਈ ਪਤਾ ਨਹੀਂ ਲਗਦਾ ਕਦੋਂ ਦੂਜੀ ਪਾਰਟੀ ਦਾ ਪੱਲਾ ਫੜ ਲਵੇ। ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ।
ਕੁਝ ਪਾਰਟੀਆਂ ਦੇ ਤਾਂ ਐਲਾਨ ਕੀਤੇ ਉਮੀਦਵਾਰ ਹੀ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਵਾਰ ਪਾਰਟੀਆਂ ਅਤੇ ਲੋਕਾਂ ਵਲੋਂ ਜਿੱਤ ਦੇ ਲਗਾਏ ਜਾ ਰਹੇ ਹਿਸਾਬ-ਕਿਤਾਬ ਨੂੰ ਦਲਬਦਲੂ ਲੋਕਾਂ ਨੇ ਵਿਗਾੜ ਕੇ ਰੱਖ ਦਿੱਤਾ ਹੈ। ਚੋਣਾਂ ਦੇ ਜਿਵੇਂ-ਜਿਵੇਂ ਦਿਨ ਨਜ਼ਦੀਕ ਆ ਰਹੇ ਹਨ, ਉਵੇਂ-ਉਵੇਂ ਹੀ ਸਾਰੀਆਂ ਸਿਆਸੀ ਪਾਰਟੀਆਂ ਵਿਚ ਭੱਜ-ਦੌੜ ਤੇ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਇਹ ਤਾਂ ਹੁਣ ਸਮਾਂ ਆਉਣ 'ਤੇ ਵੋਟਰ ਹੀ ਸਭ ਕੁਝ ਸਪੱਸ਼ਟ ਕਰਨਗੇ ਕਿ ਉਹ ਕਿਸ-ਕਿਸ ਉਮੀਦਵਾਰ ਨੂੰ ਕੁਰਸੀ 'ਤੇ ਬਿਠਾਉਂਦੇ ਹਨ।


-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।


ਔਰਤ ਦੀ ਸਮਾਜ ਵਿਚ ਮਹੱਤਤਾ
ਔਰਤਾਂ ਦੀ ਸਮਾਜ ਵਿਚ ਬਹੁਤ ਅਹਿਮ ਭੂਮਿਕਾ ਹੈ। ਸਮਾਜ ਵਿਚ ਵਿਚਰਦੇ ਹੋਏ ਔਰਤ ਕਈ ਤਰ੍ਹਾਂ ਦੇ ਰਿਸ਼ਤੇ ਨਿਭਾਉਂਦੀ ਹੈ, ਜਿਵੇਂ ਕਿ ਮਾਂ, ਧੀ, ਪਤਨੀ ਆਦਿ। ਜਿਸ ਦੇ ਮੱਦੇਨਜ਼ਰ ਔਰਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਿਚੋਂ ਗੁਜ਼ਰਦੀਆਂ ਹਨ। ਭਾਵੇਂ ਕਿ ਸੰਵਿਧਾਨਿਕ ਤੌਰ 'ਤੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਅਤੇ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ, ਪਰ ਔਰਤਾਂ ਸੁਤੰਤਰ ਹੋ ਕੇ ਵੀ ਸੁਤੰਤਰ ਨਹੀਂ ਹਨ। ਅੱਜ ਦੀ ਇੱਕੀਵੀਂ ਸਦੀ ਵਿਚ ਵੀ ਔਰਤਾਂ ਬਹੁਤ ਪੱਖਾਂ ਤੋਂ ਦੱਬੀਆਂ ਰਹਿ ਜਾਂਦੀਆਂ ਹਨ। ਔਰਤਾਂ ਘਰੇਲੂ ਹਿੰਸਾ, ਲਿੰਗ, ਅਸਮਾਨਤਾ ਦਾ ਸ਼ਿਕਾਰ ਹੁੰਦੀਆਂ ਹਨ। ਅਸੀਂ ਆਮ ਕਿਤਾਬਾਂ ਵਿਚ ਵੀ ਔਰਤਾਂ ਦੀ ਬੇਵਸੀ ਨੂੰ ਪੜ੍ਹਦੇ ਹਾਂ, ਪਰ ਕਰ ਕੁਝ ਵੀ ਨਹੀਂ ਪਾਉਂਦੇ। ਕਾਗਜ਼ੀ ਸੋਧਾਂ ਦੇ ਨਾਲ-ਨਾਲ ਮਨੁੱਖ ਦੀ ਸੋਚ ਵਿਚ ਵੀ ਸੋਧ ਹੋਣੀ ਚਾਹੀਦੀ ਹੈ ਤਾਂ ਜੋ ਔਰਤਾਂ ਨੂੰ ਸੰਪਰਨ ਆਜ਼ਾਦੀ ਮਿਲ ਸਕੇ।


-ਸਿਮਰਨਦੀਪ ਕੌਰ
ਵਿਦਿਆਰਥਣ ਬੀ.ਵਾ. (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ) ਬਰਨਾਲਾ।


ਗਾਇਬ ਹੋ ਰਹੇ ਲੋਕ ਮੁੱਦੇ
ਸੂਬੇ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਉਮੀਦਵਾਰਾਂ ਦਾ ਇੱਕ-ਦੂਜੇ ਉੱਪਰ ਚਿੱਕੜ ਉਛਾਲਣਾ ਵੀ ਵਧਦਾ ਜਾ ਰਿਹਾ ਹੈ। ਲੋਕ ਮੁੱਦਿਆਂ ਦੀ ਜਗ੍ਹਾ ਉਮੀਦਵਾਰਾਂ ਦਾ ਨਿੱਜੀ ਜੀਵਨ ਉਛਾਲਿਆ ਜਾ ਰਿਹਾ ਹੈ, ਸਰੀਰਕ ਬਣਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਪਰਿਵਾਰਕ ਹਮਲੇ ਕੀਤੇ ਜਾ ਰਹੇ ਹਨ। ਮੁੱਦਾਹੀਣ ਰਾਜਨੀਤੀ ਦੇਸ਼ ਦੇ ਭਵਿੱਖ ਲਈ ਇਕ ਗੰਭੀਰ ਸੰਕਟ ਹੈ। ਅਜਿਹੀ ਰਾਜਨੀਤੀ ਜਿਸ ਦਾ ਕੋਈ ਲਾਭ ਨਹੀਂ ਨੂੰ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਅਜਿਹੀ ਰਾਜਨੀਤੀ ਕਰਨ ਵਾਲੇ ਲੀਡਰਾਂ ਦੇ ਵਿਅਕਤੀਤਵ ਕਿਰਦਾਰ ਨੂੰ ਉਜਾਗਰ ਕਰਦੀ ਹੈ। ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਨਿੱਜੀ ਹਮਲੇ ਕਰਨ ਨਾਲੋਂ ਲੋਕ-ਮੁੱਦਿਆਂ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਜੋ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਸਾਰਥਕ ਨਤੀਜੇ ਦਿੰਦਾ ਹੋਇਆ ਖ਼ਤਮ ਹੋਵੇ।


-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, (ਲੁਧਿਆਣਾ)।


ਚੋਣ ਮਨੋਰਥ ਬਨਾਮ ਮੁਫ਼ਤ ਸਹੂਲਤਾਂ
ਭਾਜਪਾ ਨੇ ਚੋਣ ਮਨੋਰਥ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਹੋਰ ਗਾਰੰਟੀਆਂ ਦੇ ਨਾਲ ਮੁਫ਼ਤ ਰਾਸ਼ਨ, ਸਿਹਤ ਸੇਵਾਵਾਂ, ਮੁਫ਼ਤ ਬਿਜਲੀ, ਲੱਖਪਤੀ ਦੀਦੀ ਆਦਿ ਮੁਫ਼ਤ ਸਹੂਲਤਾਂ ਦਾ ਵੀ ਐਲਾਨ ਕੀਤਾ ਹੈ। ਇਸੇ ਤਰ੍ਹਾਂ ਹੋਰ ਪਾਰਟੀਆਂ ਨੇ ਵੀ ਮੁਫ਼ਤ ਸਹੂਲਤਾਂ ਦਾ ਐਲਾਨ ਕਰ ਸੱਤਾ ਹਾਸਲ ਕੀਤੀ ਹੈ। ਕਿੰਨਾ ਚੰਗਾ ਹੋਵੇ ਸਰਕਾਰਾਂ ਮੁਫ਼ਤ ਸਹੂਲਤਾਂ ਦੀ ਜਗ੍ਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ, ਪ੍ਰਦੇਸ਼ ਵਿਚ ਕਾਰਖ਼ਾਨੇ ਲੱਗਣ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਜਦੋਂ ਰੁਜ਼ਗਾਰ ਮਿਲੇਗਾ ਹਰ ਆਦਮੀ ਟੈਕਸ ਅਦਾ ਕਰੇਗਾ। ਆਪਣੇ ਆਪ ਆਮ ਨਾਗਰਿਕ ਨੂੰ ਜ਼ਰੂਰੀ ਮੁਫ਼ਤ ਸਹੂਲਤਾਂ ਬਾਹਰ ਦੇ ਮੁਲਕ ਵਾਂਗ ਮਿਲਣਗੀਆਂ। ਬਿਜਲੀ ਮੁਫ਼ਤ ਦੀ ਜਗ੍ਹਾ ਬਿਜਲੀ ਸਸਤੀ ਕਰ ਹਰ ਵਰਗ ਕੋਲੋਂ ਬਿਜਲੀ ਦਾ ਬਿੱਲ ਲਿਆ ਜਾਵੇ, ਬੱਸਾਂ ਵਿਚ ਤਨਖ਼ਾਹਦਾਰ ਔਰਤਾਂ ਹੀ ਅਕਸਰ ਸਫ਼ਰ ਕਰਦੀਆਂ ਹਨ, ਇਸ ਲਈ ਮੁਫ਼ਤ ਕਿਰਾਇਆ ਬੰਦ ਕੀਤਾ ਜਾਵੇ। ਇਸ ਨਾਲ ਖ਼ਜ਼ਾਨਾ ਭਰੇਗਾ ਤੇ ਜੋ ਪੰਜਾਬ ਸਿਰ ਕਰਜ਼ਾ ਚੜ੍ਹਿਆ ਹੈ, ਉਤਾਰਿਆ ਜਾ ਸਕੇਗਾ। ਜੋ ਚੋਣ ਮਨੋਰਥ ਵਿਚ ਘੋਸ਼ਣਾ ਹੁੰਦੀ ਹੈ, ਉਸ 'ਤੇ ਕਾਨੂੰਨ ਬਣਾਇਆ ਜਾਵੇ। ਜਿਹੜਾ ਦਲ ਚੋਣ ਮਨੋਰਥ ਵਿਚ ਦਿੱਤੀਆਂ ਗੱਲਾਂ ਪੂਰੀਆਂ ਨਹੀਂ ਕਰਦਾ, ਕਾਨੂੰਨ ਅਨੁਸਾਰ ਸਜ਼ਾ ਹੋਵੇ ਤਾਂ ਜੋ ਵੋਟਰਾਂ ਨੂੰ ਭਰਮਾ ਵੋਟਾਂ ਲੈਣ ਦਾ ਰੁਝਾਨ ਖ਼ਤਮ ਹੋ ਸਕੇ। ਇਸ 'ਤੇ ਸਾਰੀਆਂ ਪਾਰਟੀਆਂ ਨੂੰ ਮੰਥਨ ਕਰਨ ਦੀ ਲੋੜ ਹੈ।


-ਗੁਰਮੀਤ ਸਿੰਘ ਵੇਰਕਾ
(ਅੰਮ੍ਰਿਤਸਰ)