JALANDHAR WEATHER

30-04-2024

 ਨਸ਼ੇ ਵੰਡਣ ਦਾ ਰੁਝਾਨ

ਪੰਜਾਬ ਵਿਚ ਜਦੋਂ ਵੀ ਸਰਪੰਚੀ, ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ ਵੀ ਵੰਡਣ ਲੱਗ ਪੈਂਦੇ ਹਨ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸ਼ਰਾਬ ਹੈ। ਹੁਣ ਵੀ ਨਾਜਾਇਜ਼ ਘਰ ਦੀ ਕੱਢੀ ਹੋਈ ਸ਼ਰਾਬ ਉਮੀਦਵਾਰ ਵੋਟਰਾਂ ਨੂੰ ਪਿਆਉਣਗੇ ਜਿਸ ਨਾਲ ਕਈ ਮੌਤਾਂ ਹੋ ਸਕਦੀਆਂ ਹਨ। ਪੁਲਿਸ ਅਤੇ ਆਬਕਾਰੀ ਮਹਿਕਮੇ ਨੂੰ ਸ਼ਰਾਬ ਦੀ ਨਾਜਾਇਜ਼ ਵਿਕਰੀ ਫੜਨ ਲਈ ਕਮਰ ਕੱਸ ਲੈਣੀ ਚਾਹੀਦੀ ਹੈ, ਕਿਉਂਕਿ ਕਈ ਤਾਂ ਦੋ-ਦੋ ਮਹੀਨੇ ਪਹਿਲਾਂ ਹੀ ਨਾਜਾਇਜ਼ ਸ਼ਰਾਬ ਬਣਾ ਲੈਂਦੇ ਹਨ। ਹੁਣ ਆਬਕਾਰੀ ਵਿਭਾਗ ਨੂੰ ਇਹ ਨਾਜਾਇਜ਼ ਸ਼ਰਾਬ ਨੂੰ ਫੜਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਤਾਂ ਕਿ ਮੁਫ਼ਤ ਦੀ ਸ਼ਰਾਬ ਪੀ ਕੇ ਕਿਸੇ ਦੀ ਮੌਤ ਨਾ ਹੋਵੇ। ਇਹ ਵੀ ਦੱਸਣਯੋਗ ਹੈ, ਕਿ ਵੋਟਰਾਂ ਨੂੰ ਘਰੋਂ ਹੀ ਘਰ ਦੀ ਦੇਸੀ ਸ਼ਰਾਬ ਜੋ ਨਾਜਾਇਜ਼ ਤੌਰ 'ਤੇ ਬਣਾਈ ਜਾਂਦੀ ਹੈ, ਪੁੱਜਦੀ ਕੀਤੀ ਜਾਂਦੀ ਹੈ। ਵੋਟਰਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਨਸ਼ੇ ਦੇ ਲਾਲਚ ਵਿਚ ਨਾ ਆਉਣ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਕਦੋਂ ਨਿਕਲੇਗਾ ਸਾਰਥਕ ਹੱਲ?

ਅਵਾਰਾਂ ਕੁੱਤਿਆਂ ਦੀ ਗਿਣਤੀ ਲਗਾਤਾਰ ਦਿਨ-ਬਾ-ਦਿਨ ਵਧਦੀ ਜਾ ਰਹੀ ਹੈ ਪਿੱਟਬੁਲ ਅਤੇ ਹੋਰ ਕਈ ਨਸਲਾਂ ਜੋ ਬਹੁਤ ਖ਼ਤਰਨਾਕ ਹਨ, ਤੋਂ ਹਰ ਕੋਈ ਡਰਦਾ ਏ , ਜਦੋਂ ਇਸ ਨਸਲ ਦਾ ਕੁੱਤਾ ਕਿਸੇ ਨੇ ਵੀ ਆਪਣੇ ਘਰ ਰੱਖਿਆ ਹੁੰਦਾ ਹੈ ਤਾਂ ਉਸ ਘਰ ਦੇ ਨਾਲ ਲੱਗਦੇ ਆਂਢੀ-ਗੁਆਂਢੀ ਵੀ ਹਰ ਵੇਲੇ ਆਪਣੇ-ਆਪ ਵਿੱਚ ਡਰੇ-ਡਰੇ ਅਤੇ ਸਹਿਮੇ ਮਹਿਸੂਸ ਕਰਦੇ ਨੇ ਕਿਤੇ ਪਿੱਟਬੁੱਲ ਖੁੱਲ੍ਹ ਕੇ ਉਨ੍ਹਾਂ 'ਤੇ ਹਮਲਾ ਨਾ ਕਰ ਦੇਵੇ, ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿਚ ਤਾਂ ਕਈ ਗਲੀਆਂ ਇਸ ਤਰ੍ਹਾਂ ਦੀਆਂ ਹਨ, ਜਿੱਥੇ ਅਵਾਰਾ ਕੁੱਤੇ ਬਹੁਤ ਨੇ ਤਾਂ ਉਸ ਗਲੀ ਵਿੱਚੋਂ ਲੋਕ ਜਾਣ ਤੋਂ ਗੁਰੇਜ਼ ਕਰਦੇ ਨੇ। ਸਵੇਰ ਸਮੇਂ ਆਮ ਦੇਖਿਆ ਗਿਆ ਕਿ ਅਵਾਰਾ ਕੁੱਤੇ ਹਰ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਮਗਰ ਥੋੜ੍ਹੀ ਦੂਰੀ ਤੱਕ ਦੋੜਦੇ ਨੇ, ਇਨ੍ਹਾਂ ਤੋਂ ਬਚਣ ਲਈ ਜਾਂ ਇਨ੍ਹਾਂ ਨੂੰ ਬਚਾਉਂਦੇ ਹੋਏ ਕਈ ਵਾਰ ਦੋਪਹੀਆ ਵਾਹਨ ਚਾਲਕ ਆਪਣਾ ਸੰਤੁਲਨ ਗਵਾ ਬੈਠਦਾ ਹੈ ਅਤੇ ਦੁਰਘਟਨਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਹਾਲਤਾ ਵਿਚ ਤਾਂ ਚਾਲਕ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ। ਭਾਵੇਂ ਸਰਕਾਰ ਵਲੋਂ ਕੁੱਤੇ ਦੇ ਕੱਟਣ ਜਾਂ ਵੱਡਣ ਦਾ ਭਾਰੀ ਜੁਰਮਾਨਾ ਵੀ ਰੱਖਿਆ ਗਿਆ। ਪਰ ਅਜੇ ਤੱਕ ਵੀ ਘਟਨਾਵਾਂ ਘਟ ਨਹੀਂ ਰਹੀਆਂ ਹਨ। ਜੇਕਰ ਪਿੰਡਾਂ ਵਿੱਚ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਮਿਊਂਸੀਪਲ ਕੌਂਸਲਰਾਂ ਨੂੰ ਇਸ ਕੰਮ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਐਨ.ਜੀ.ਓ. ਨਾਲ ਸੰਪਰਕ ਕੀਤਾ ਜਾਵੇ ਤਾਂ ਸ਼ਾਇਦ ਸੋਨੇ 'ਤੇ ਸੁਹਾਗਾ ਹੋ ਜਾਵੇ, ਪਰੰਤੂ ਪਹਿਲਕਦਮੀ ਤਾਂ ਸਰਕਾਰ ਨੂੰ ਕਰਨੀ ਹੀ ਹੋਵੇਗੀ ਫਿਰ ਹੀ ਇਸ ਦਾ ਕੋਈ ਸਾਰਥਕ ਹੱਲ ਨਿਕਲ ਸਕੇਗਾ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਨੋਡਲ ਅਫ਼ਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ।

ਗੱਠਜੋੜਾਂ ਦੀ ਰਾਜਨੀਤੀ

ਸੱਤਾਧਾਰੀ ਪਾਰਟੀ ਭਾਜਪਾ ਖ਼ਿਲਾਫ਼ ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਨੇ 'ਇੰਡੀਆ' ਨਾਂਅ ਦਾ ਗੱਠਜੋੜ ਬਣਾਇਆ ਹੈ, ਇਸ ਤੋਂ ਪਹਿਲਾਂ ਵੀ ਕਾਂਗਰਸ ਨੂੰ ਸੱਤਾ ਵਿਚੋਂ ਪਾਸੇ ਕਰਨ ਲਈ 1977 ਵਿਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਜਨਤਾ ਪਾਰਟੀ ਬਣਾਈ ਸੀ ਤੇ ਚੋਣ ਵੀ ਬੜੇ ਬਹੁਮਤ ਨਾਲ ਜਿੱਤੀ ਸੀ। ਸੱਤਾ ਹਾਸਲ ਕਰ ਅਨੁਸ਼ਾਸਨ ਵਿਚ ਰਹਿ ਏਨੀਆਂ ਪਾਰਟੀਆਂ ਨੂੰ ਇਕੱਠਾ ਕਰਨ ਲਈ ਬੇਹੱਦ ਜ਼ਾਬਤੇ ਵਿਚ ਰਹਿ ਕੇ ਕਦਮ ਉਠਾਉਣ ਦੀ ਜ਼ਰੂਰਤ ਹੈ। ਦੂਸਰੇ ਪਾਸੇ ਜੋੇ ਸੱਤਾਧਾਰੀ ਪਾਰਟੀ ਐਨ.ਡੀ.ਏ. ਦੀ ਗੱਲ ਕਰੀਏ ਤਾਂ ਇਸ ਪਾਰਟੀ ਵਿਚ ਅਨੁਸ਼ਾਸਨ ਹੈ। ਜੋ ਹਾਈਕਮਾਨ ਤੋਂ ਹੁਕਮ ਹੁੰਦਾ ਹੈ, ਉਸ ਵਿਚ ਬਹੁਤਾ ਕਿੰਤੂ-ਪਰੰਤੂ ਨਹੀਂ ਹੁੰਦਾ। ਪਿੱਛੇ ਮੋਦੀ ਜੀ ਨੇ ਆਪਣੇ ਸਾਰੇ ਸਿਰਕੱਢ ਮੰਤਰੀ ਲਾ ਕੇ ਨਵੇਂ ਚਿਹਰੇ ਲਿਆਂਦੇ ਸਨ। ਕੋਈ ਕਿੰਤੂ-ਪ੍ਰੰਤੂ ਨਹੀਂ ਹੋਈ। ਜਿਹੜੀਆਂ ਪਾਰਟੀਆਂ ਵਿਚ ਕਾਟੋ ਕਲੇਸ਼ ਅਨੁਸ਼ਾਸਨ ਦੀ ਕਮੀ ਹੁੰਦੀ ਹੈ, ਉਹ ਪਾਰਟੀਆਂ ਕਦੀ ਕਾਮਯਾਬ ਨਹੀਂ ਹੁੰਦੀਆਂ ਤੇ ਨਾ ਹੀ ਸਹੀ ਤਰੀਕੇ ਨਾਲ ਰਾਜ ਕਰ ਵੋਟਰਾਂ ਦਾ ਮਨ ਜਿੱਤ ਸਕਦੀਆਂ ਹਨ। ਇਸ ਲਈ ਇਸ ਨਵੇਂ ਬਣੇ ਗੱਠਜੋੜ 'ਇੰਡੀਆ' ਨੂੰ ਜੇ ਸੱਤਾ ਵਿਚ ਆਉਣਾ ਹੈ ਤਾਂ ਅਨੁਸ਼ਾਸਨ ਵਿਚ ਰਹਿਣਾ ਪਵੇਗਾ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।