JALANDHAR WEATHER

02-05-2024

 ਹਸਪਤਾਲਾਂ 'ਚ ਸੁਧਾਰ ਦੀ ਲੋੜ

ਪਿਛਲੇ ਦਿਨੀਂ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖਲ ਇਕ ਮਰੀਜ਼ ਦੇ ਨਾਲ ਇਕੋ ਬੈੱਡ 'ਤੇ ਇਕ ਲਾਸ਼ ਸਾਰੀ ਰਾਤ ਰੱਖੇ ਜਾਣ ਦੀ ਘਟਨਾ ਅੰਤਰ ਆਤਮਾ ਨੂੰ ਝੰਜੋੜ ਦੇਣ ਵਾਲੀ ਹੈ। ਇਕ ਪਾਸੇ ਤਾਂ ਸਾਡੀ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਵਿਚ ਪੂਰੇ ਦੇਸ਼ ਵਿਚ ਨੰਬਰ ਇਕ ਹੋਣ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਅਜਿਹੀਆਂ ਘਟਨਾਵਾਂ ਸਾਡੇ ਪੰਜਾਬ ਦੀਆਂ ਸਿਹਤ ਸਹੂਲਤਾਂ ਦੀ ਅਸਲ ਹਕੀਕਤ ਬਿਆਨ ਕਰਦੀਆਂ ਹਨ। ਇਸੇ ਵਿਭਾਗ ਨਾਲ ਸੰਬੰਧਿਤ ਇਕ ਘਟਨਾ ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਹੋਈ ਜਿਸ ਵਿਚ ਇਕ ਦਰਦਨਾਕ ਹਾਦਸੇ ਵਿਚ ਹੋਈਆਂ 4 ਮੌਤਾਂ ਦੀਆਂ ਮ੍ਰਿਤਕ ਦੇਹਾਂ ਰੱਖਣ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਫਰੀਜ਼ਰ ਨਹੀਂ ਸਨ। ਹਸਪਤਾਲ ਵਿਚ ਸਿਰਫ਼ ਦੋ ਹੀ ਫਰੀਜ਼ਰ ਹਨ, ਜਿਨ੍ਹਾਂ ਵਿਚੋਂ ਵੀ ਇਕ ਖਰਾਬ ਹਾਲਤ ਵਿਚ ਪਿਆ ਹੈ। ਵਾਰਿਸਾਂ ਨੂੰ ਮ੍ਰਿਤਕ ਦੇਹਾਂ ਲਈ ਪ੍ਰਾਈਵੇਟ ਫਰੀਜਰਾਂ ਦਾ ਪ੍ਰਬੰਧ ਕਰਨਾ ਪਿਆ। ਸੋ, ਜਿਥੇ ਇਕ ਪਾਸੇ ਸਾਡੀ ਸਰਕਾਰ ਦੁਆਰਾ ਪੰਜਾਬ ਵਿਚ ਕਰੋੜਾਂ ਰੁਪਏ ਲਗਾ ਕੇ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਪਹਿਲਾਂ ਮੌਜੂਦਾ ਹਸਪਤਾਲਾਂ ਤੇ ਕਲੀਨਿਕਾਂ ਵਿਚ ਬਹੁਤ ਜ਼ਿਆਦਾ ਸੁਧਾਰ ਕੀਤੇ ਜਾਣ ਦੀ ਲੋੜ ਹੈ।

-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਮੁੱਖ ਅਧਿਆਪਕ
ਸਪਸ ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਬਹੁਤ ਵਧੀਆ ਲੇਖ

ਸੋਮਵਾਰ 15 ਅਪ੍ਰੈਲ ' ਅਜੀਤ ' ਦੇ ਸੰਪਾਦਕੀ ਪੰਨੇ 'ਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਸੁਰੇਸ਼ ਕੁਮਾਰ ਵਲੋਂ ਲਿਖੇ ਲੇਖ਼ 'ਪੈੱਸ ਦੀ ਆਜ਼ਾਦੀ ਤੇ ਜ਼ਰੂਰੀ ਜ਼ਾਬਤੇ ਦਰਮਿਆਨ ਸੰਤੁਲਨ ਬਣਾ ਕੇ ਰੱਖਣ ਦੀ ਲੋੜ 'ਚ ਪੜ੍ਹਿਆ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਣ ਵਾਲਾ ਮੀਡੀਆ ਸੰਸਥਾਵਾਂ ਦੇ ਵਪਾਰੀਕਰਨ ਨਾਲ ਪੱਤਰਕਾਰਤਾ ਦੀ ਇਮਾਨਦਾਰੀ ਅਤੇ ਨਿਰਪੱਖਤਾ ਬਾਰੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਦਾ ਮੀਡੀਆ ਇੱਕ ਮਿਸ਼ਨ ਤੇ ਸੇਵਾ-ਭਾਵਨਾ ਵਾਲਾ ਸੀ। ਪਰ ਸੁਤੰਤਰਤਾ ਤੋਂ ਬਾਅਦ ਮੀਡੀਏ ਦਾ ਇਕ ਵੱਡਾ ਹਿੱਸਾ ਵਪਾਰ ਦਾ ਰੂਪ ਲੈ ਗਿਆ। ਬਹੁਤ ਹੀ ਜਲਦੀ ਪੈਸਾ ਕਮਾਉਣ ਦੀ ਲਾਲਸਾ ਰੱਖਣ ਵਾਲੇ ਉਦਯੋਗਪਤੀ ਮੀਡੀਆ ਅਦਾਰਿਆਂ ਨੂੰ ਸਿਰਫ਼ ਵਪਾਰਕ ਹਿਤਾਂ ਲਈ ਹੀ ਚਲਾਉਂਦੇ ਹਨ ਜਿਸ ਕਾਰਨ ਮੀਡੀਆ ਦੀ ਆਜ਼ਾਦੀ ਵੀ ਖ਼ਤਮ ਹੁੰਦੀ ਜਾ ਰਹੀ ਹੈ। ਮੀਡੀਆ ਦਾ ਅਸਲ ਕੰਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਅਤੇ ਸਰਕਾਰਾਂ ਦੇ ਫ਼ੈਸਲੇ ਅਤੇ ਨੀਤੀਆ ਦੀ ਆਲੋਚਨਾ ਕਰਨਾ, ਜਵਾਬਦੇਹੀ ਤੈਅ ਕਰਨਾ ਅਤੇ ਜਨਤਕ ਹਿਤਾਂ ਦੀ ਵਕਾਲਤ ਕਰਨਾ ਹੈ।
ਪੱਤਰਕਾਰਤਾ ਅਤੇ ਸਨਸਨੀਖੇਜ਼ ਪੱਤਰਕਾਰਤਾ ਵਿਚਾਲੇ ਫ਼ਰਕ ਕਰਨਾ ਵੀ ਜ਼ਰੂਰੀ ਹੈ। ਸਨਸਨੀਖੇਜ਼ ਪੱਤਰਕਾਰਤਾ, ਮੀਡੀਆ ਕਿੱਤੇ ਦੀ ਵਿਸ਼ਵਾਸਯੋਗਤਾ ਅਤੇ ਇਮਾਨਦਾਰੀ ਨੂੰ ਕਮਜ਼ੋਰ ਕਰਦੀ ਹੈ। ਸਨਸਨੀਖੇਜ਼ ਅਤੇ ਝੂਠੀਆਂ ਖ਼ਬਰਾਂ ਨਾਲ ਨਜਿੱਠਣ ਲਈ ਸਾਂਝੀ ਕਾਰਵਾਈ ਦੀ ਲੋੜ ਹੈ। ਦੇਸ਼ 'ਚ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਰੱਖਣ ਲਈ ਪ੍ਰੈੱਸ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਬਹੁਤ ਹੀ ਜ਼ਰੂਰੀ ਹੈ। ਦੇਸ਼ ਦੇ ਨਾਗਰਿਕਾਂ, ਸਮਾਜਿਕ ਸੰਗਠਨਾਂ ਨੂੰ ਵੀ ਚਾਹੀਦਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ।

-ਲਖਵਿੰਦਰ ਪਾਲ ਗਰਗ
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ

ਅਧਿਆਪਕ ਦਾ ਸਨਮਾਨ ਹੋਵੇ

ਇਕ ਸਮਾਂ ਸੀ ਜਦੋਂ ਭਾਰਤ ਵਿਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਸਰਕਾਰੇ-ਦਰਬਾਰੇ ਇਸ ਦਾ ਮਾਨ-ਸਨਮਾਨ ਕੀਤਾ ਜਾਂਦਾ ਸੀ। ਇਹ ਇਕ ਸਚਾਈ ਹੈ ਕਿ ਅਧਿਆਪਕ ਦੇਸ਼ ਅਤੇ ਕੌਮ ਦਾ ਨਿਰਮਾਤਾ ਹੈ। ਇਸ ਦੀ ਸੱਚੀ ਸੁੱਚੀ ਅਗਵਾਈ ਹੀ ਦੇਸ਼ ਪਿਆਰ ਦੇ ਜਜ਼ਬੇ ਵਾਲੀ ਪੀੜ੍ਹੀ ਪੈਦਾ ਕਰ ਸਕਦੀ ਹੈ। ਅਧਿਆਪਕ ਦਾ ਅਸਲ ਅਸਥਾਨ ਸਕੂਲਾਂ ਅਤੇ ਕਾਲਜਾਂ ਵਿਚ ਹੈ। ਇਸ ਨਾਲ ਹੀ ਦੇਸ਼ ਸੇਵਾ ਦਾ ਫ਼ਰਜ਼ ਪੂਰਾ ਕੀਤਾ ਜਾ ਸਕਦਾ ਹੈ। ਅਧਿਆਪਕਾਂ ਦਾ ਪਾਣੀ ਦੀ ਟੈਂਕੀ ਉਪਰ ਚੜ੍ਹ ਕੇ ਨਾਅਰੇ ਲਾਉਣੇ ਜਾਂ ਆਪਣੇ-ਆਪ ਨੂੰ ਅੱਗ ਲਗਾਉਣੀ, ਕਿਸੇ ਤਰ੍ਹਾਂ ਵੀ ਉਚਿਤ ਕੰਮ ਨਹੀਂ ਹੈ। ਬੱਚੇ ਦੇਸ਼ ਦਾ ਧਨ ਹਨ। ਚੰਗੇ ਸ਼ਹਿਰੀ ਤਾਂ ਹੀ ਮਿਲਣਗੇ ਜੇ ਸਿੱਖਿਆ ਦਾ ਚੰਗਾ ਪ੍ਰਬੰਧ ਹੋਵੇਗਾ। ਸਕੂਲਾਂ ਵਿਚ ਖਾਲੀ ਪਈਆਂ ਆਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਹਨ। ਫ਼ੌਜ ਅਤੇ ਪੁਲਿਸ ਵਾਂਗ ਏਨੀਆਂ ਹੀ ਟ੍ਰੇਨਿੰਗਾਂ ਦਿਓ, ਜਿੰਨੇ ਅਧਿਆਪਕਾਂ ਦੀ ਲੋੜ ਹੈ। ਅਧਿਆਪਕ ਬੇਰੁਜ਼ਗਾਰ ਕਿਉਂ?

-ਮਹਿੰਦਰ ਸਿੰਘ ਬਾਜਵਾ
ਮਸੀਤਾਂ (ਕਪੂਰਥਲਾ)।

ਮਨੁੱਖ ਦੀ ਦਰਿੰਦਗੀ

ਮਨੁੱਖੀ ਜੀਵ ਦੀਆਂ ਦਰਿੰਦਗੀ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ, ਜਿਸ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੋਨੀਪਤ 'ਚ ਮਾਂ ਬਣੀ ਹਥਿਆਰੀ, ਪ੍ਰੇਮੀ ਨਾਲ ਮਿਲ ਮਾਸੂਮ ਬੱਚੇਦਾ ਕੀਤਾ ਕਤਲ। ਰਈਆ ਦੇ ਪਿੰਡ ਬੂਲੇ ਨੰਗਲ ਵਿਚ ਕਲਯੁਗੀ ਪਤੀ ਵਲੋਂ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜ ਕੇ ਮਾਰਿਆ। ਮੁਕਤਸਰ ਦੇ ਪਿੰਡ ਆਲਮਵਾਲਾ 'ਚ ਪਤਨੀ ਨੇ ਪ੍ਰੇਮੀ ਨਾਲ ਰਲ ਕੇ ਕੀਤਾ ਪਤੀ ਦਾ ਕਤਲ।
ਰੋਜ਼ਾਨਾ ਹੀ ਅਖ਼ਬਾਰਾਂ ਵਿਚ ਖ਼ਬਰਾਂ ਛਪਦੀਆਂ ਹਨ। ਅਣਖ ਦੀ ਖ਼ਾਤਰ ਕਤਲ, ਪ੍ਰੇਮ ਸੰਬੰਧ ਦੇ ਚੱਲਦਿਆਂ ਕਤਲ, ਨਸ਼ਿਆਂ ਦੀ ਪੂਰਤੀ ਲਈ ਆਪਣੇ ਹੀ ਖੂਨ ਦਾ ਹੀ ਕਤਲ, ਸਾਡੇ ਮੁਲਕ ਵਿਚ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ। ਜਦੋਂ ਕਿ ਮਨੁੱਖ ਜੀਵ ਨੂੰ ਪਤਾ ਹੈ ਜੋ ਉਹ ਕਤਲ ਕਰ ਰਿਹਾ ਹੈ, ਛੁਪਣਾ ਨਹੀਂ ਜੇਲ੍ਹ ਦੀਆਂ ਸਲਾਖ਼ਾਂ ਵਿਚ ਜਾਣਾ ਪੈਣਾ ਹੈ। ਫਿਰ ਵੀ ਮਨੁੱਖ ਇਹ ਕਾਰਾ ਕਰੀ ਜਾ ਰਿਹਾ ਹੈ। ਸਾਡੀ ਨਿਆਇਕ ਪ੍ਰਕਿਰਿਆ ਬੜੀ ਲੰਬੀ-ਚੌੜੀ ਹੈ। ਅਦਾਲਤਾਂ ਨੂੰ ਸਮੇਂ ਸਿਰ ਇਹੋ ਜਿਹੇ ਕੇਸਾਂ ਨੂੰ ਨੇਪਰੇ ਚਾੜ੍ਹ ਦੋਸ਼ੀਆਂ ਨੂੰ ਫਾਹੇ ਲਾਉਣਾ ਚਾਹੀਦਾ ਹੈ। ਵਿਸ਼ੇਸ਼ ਅਦਾਲਤਾਂ ਰਾਹੀਂ ਸਮੇਂ ਸਿਰ ਚਲਾਨ ਦੇ ਸਮੇਂ ਸੀਮਾ 'ਤੇ ਸੁਣਵਾਈ ਕਰ ਦੋਸ਼ੀਆਂ ਨੂੰ ਕਠੋਰ ਦੰਡ ਦੇ ਕੇ ਇਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਜੁਰਮ ਕਰਨ ਦਾ ਕੋਈ ਹੀਲਾ ਨਾ ਕਰ ਸਕੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।