JALANDHAR WEATHER

06-05-2024

 ਵਿਦਿਆਰਥੀਆਂ ਦਾ ਦੁਖਾਂਤ
ਤੇਲੰਗਾਨਾ ਵਿਚ ਬਾਰ੍ਹਵੀਂ ਜਮਾਤ ਵਿਚੋਂ ਫੇਲ੍ਹ ਹੋਣ ਕਰਕੇ ਸੱਤ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਨੇ ਇਕ ਵਾਰ ਫਿਰ ਸਾਡੀ ਸਿੱਖਿਆ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ। ਪੜ੍ਹਾਈ ਦਾ ਦਬਾਅ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਤਣਾਅ ਵਿਚ ਲਿਆ ਦਿੰਦਾ ਹੈ ਕਿ ਉਹ ਸਿਰਫ਼ ਜਮਾਤ ਵਿਚ ਟਾਪ ਕਰਨ ਦਾ ਹੀ ਸੁਪਨਾ ਲੈ ਕੇ ਚੱਲਦੇ ਹਨ, ਜਦਕਿ ਹਕੀਕਤ ਹੈ ਕਿ ਤਿੰਨ ਘੰਟਿਆਂ ਵਿਚ ਤੁਸੀਂ ਕਿਸੇ ਵਿਦਿਆਰਥੀ ਦੀ ਯੋਗਤਾ ਨੂੰ ਨਹੀਂ ਪਛਾਣ ਸਕਦੇ। ਇਹ ਸਾਡੀ ਸਿੱਖਿਆ ਪ੍ਰਣਾਲੀ ਦੀ ਕਮੀ ਹੈ ਕਿ ਕੋਰਸਾਂ ਰਾਹੀਂ ਮਸ਼ੀਨਾਂ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਦਕਿ ਮਨੁੱਖਤਾ ਦਿਨੋ-ਦਿਨ ਖ਼ਤਮ ਹੋ ਰਹੀ ਹੈ। ਬੱਚਿਆਂ ਦੇ ਸੁਪਨੇ ਅਤੇ ਚਾਅ ਕਿਧਰੇ ਗਵਾਚ ਹੀ ਜਾਂਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਣ ਅਤੇ ਮਨੋਰੰਜਨ ਲਈ ਵੀ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹਾਈ ਦੇ ਵਧ ਰਹੇ ਦਬਾਅ ਤੋਂ ਕੁਝ ਸਮੇਂ ਲਈ ਰਾਹਤ ਮਹਿਸੂਸ ਕਰ ਸਕਣ, ਤਰੋਤਾਜ਼ਾ ਹੋ ਕੇ ਦੁਬਾਰਾ ਫਿਰ ਪੜ੍ਹਾਈ ਵੱਲ ਪਰਤਿਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਇਕ ਟਾਈਮ ਟੇਬਲ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਉਹ ਹਰ ਕੰਮ ਨੂੰ ਸਮੇਂ ਸਿਰ ਕਰਕੇ ਸਫਲਤਾ ਪ੍ਰਾਪਤ ਕਰ ਸਕਣ। ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਮਿਲੀ ਇਕ ਅਸਫਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਹ ਕਥਨ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ 'ਕਭੀ ਨਾ ਗਿਰਨਾ ਕਮਾਲ ਕੀ ਬਾਤ ਨਹੀਂ ਹੈ, ਗਿਰ ਕਰ ਸੰਭਲ ਜਾਣਾ ਕਮਾਲ ਕੀ ਬਾਤ ਹੈ।'


-ਰਜਵਿੰਦਰ ਪਾਲ ਸ਼ਰਮਾ


ਖ਼ੁਦ ਲਈ ਸਮਾਂ ਕੱਢੋ
ਅੱਜਕਲ੍ਹ ਦੀ ਦੌੜ ਭੱਜ ਦੀ ਜ਼ਿੰਦਗੀ ਵਿਚ ਵੀ ਅਸੀਂ ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿਚ ਦਿਲਚਸਪੀ ਕਿਉਂ ਰੱਖ ਰਹੇ ਹਾਂ? ਦੋਸਤ ਦੀ ਜ਼ਿੰਦਗੀ ਵਿਚ ਜ਼ਿਆਦਾ ਦਖ਼ਲਅੰਦਾਜ਼ੀ ਨਾ ਕਰੋ। ਠੀਕ ਹੈ ਉਹ ਤੁਹਾਡਾ ਦੋਸਤ ਹੈ, ਪਰ ਉਸ ਦੋਸਤ ਦੇ ਵੀ ਅੱਗੇ ਦੋਸਤ ਹੁੰਦੇ ਹਨ, ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਹਰ ਇਕ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ ਚਾਹੀਦਾ। ਘਰ ਦੇ ਭੇਤ ਬਰਕਰਾਰ ਰੱਖੋ ਐਵੇਂ ਨਹੀਂ ਹਰ ਕਿਸੇ ਅੱਗੇ ਖੋਲ੍ਹੀ ਜਾਓ। ਹਰ ਇਨਸਾਨ ਹੱਥ ਮਿਲਾਉਣ ਵਾਲਾ ਤੁਹਾਡਾ ਚੰਗਾ ਦੋਸਤ ਨਹੀਂ ਹੋ ਸਕਦਾ। ਕੀ ਕਦੇ ਅਸੀਂ ਆਪਣੇ-ਆਪ ਨਾਲ ਗੱਲਾਂ ਕੀਤੀਆਂ ਹਨ? ਆਪਣਾ ਹਾਲ-ਚਾਲ ਪੁੱਛਿਆ ਹੈ? ਆਪਣੇ ਲਈ ਕਿੰਨਾ ਕੁ ਸਮਾਂ ਕੱਢਦੇ ਹਾਂ। ਜੇ 24 ਘੰਟੇ ਹਨ ਕੀ ਅਸੀਂ ਆਪਣੇ ਲਈ ਪੰਜ ਘੰਟੇ ਕੱਢਦੇ ਹਾਂ। ਵਿਚਾਰ ਕਰਿਓ। ਆਪਣੇ ਲਈ ਜ਼ਰੂਰ ਸਮਾਂ ਕੱਢੋ। ਆਪਣੀ ਸਿਹਤ ਦਾ ਧਿਆਨ ਰੱਖੋ। ਜੋ ਕੰਮ ਤੁਸੀਂ ਚੰਗਾ ਕਰੋਗੇ, ਤਾਂ ਤੁਹਾਡੀ ਰੂਹ ਖ਼ੁਸ਼ ਹੋਵੇਗੀ। ਰੂਹ ਨੂੰ ਸਕੂਨ ਦੇਣ ਵਾਲੇ ਕੰਮ ਕਰੋ, ਲੋੜਵੰਦਾਂ ਦੀ ਮਦਦ ਕਰੋ। ਸਕੂਨ ਦੇਣ ਵਾਲੀਆਂ ਥਾਵਾਂ 'ਤੇ ਜਾਓ। ਚੰਗਾ ਖਾਓ, ਜਿਸ ਨਾਲ ਤੁਹਾਨੂੰ ਸਕੂਨ ਮਿਲੇਗਾ। ਚੰਗਾ ਪਹਿਨੋ। ਚੰਗੇ ਦੋਸਤਾਂ ਨਾਲ ਸੰਗ ਕਰੋ। ਚੰਗੀਆਂ ਕਿਤਾਬਾਂ ਪੜ੍ਹੋ।


-ਸੰਜੀਵ ਸਿੰਘ ਸੈਣੀ
ਮੁਹਾਲੀ


ਕੋਵਿਡ ਵੈਕਸੀਨ ਦੀ ਅਸਲੀਅਤ
ਆਕਸਫੋਰਡ-ਐਸਟਰਾਜ਼ੈਨੇਕਾ ਨੇ ਕਾਨੂੰਨੀ ਮਾਮਲੇ 'ਚ ਮੰਨਿਆ ਕਿ ਕੋਰੋਨਾ ਵੈਕਸੀਨ ਜੋ ਕਿ ਕੋਵੀਸ਼ੀਲਡ ਅਤੇ ਵੈਕਸਜ਼ਾਵਰੀਆ ਬਰਾਂਡਾਂ ਹੇਠ ਵਰਤੀ ਗਈ ਸੀ, ਉਸ ਨਾਲ ਖ਼ੂਨ ਦੇ ਧੱਫੇ ਜੰਮ ਜਾਣ ਦਾ ਖ਼ਤਰਾ ਹੈ ਅਤੇ ਇਸ ਨਾਲ ਦਿਲ ਦਾ ਦੌਰਾ, ਦਿਮਾਗੀ ਨਸਾਂ ਫਟਣਾ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਯੂ.ਕੇ. ਹਾਈ ਕੋਰਟ 'ਚ ਆਪਣਾ ਜਵਾਬ ਦਾਇਰ ਕਰਦਿਆਂ ਕੰਪਨੀ ਨੇ ਮੰਨਿਆ ਕਿ ਬਹੁਤ ਘੱਟ ਮਾਮਲਿਆਂ 'ਚ ਉਨ੍ਹਾਂ ਦਾ ਟੀਕਾ ਟੀ.ਟੀ.ਐੱਸ. (ਥ੍ਰੋਮੋਸਾਈਟੋਪੇਨੀਆ ਸਿੰਡਰੋਮ) ਦਾ ਕਾਰਨ ਬਣ ਸਕਦਾ ਹੈ। ਇਹ ਕੇਸ ਜੈਮੀ ਸਕੌਟ ਨਾਂਅ ਦੇ ਉਸ ਵਿਅਕਤੀ ਨੇ ਦਾਇਰ ਕੀਤਾ ਸੀ, ਜੋ ਕਿ ਟੀਕਾ ਲਗਵਾਉਣ ਤੋਂ ਬਾਅਦ 'ਬ੍ਰੇਨ ਹੈਮਰੇਜ' ਦਾ ਸ਼ਿਕਾਰ ਹੋ ਗਿਆ ਸੀ। ਇਸ ਖ਼ਬਰ ਦੇ ਆਉਣ ਤੋਂ ਬਾਅਦ ਭਾਰਤ ਸਮੇਤ ਹਰ ਪਾਸੇ ਡਰ ਦਾ ਮਾਹੌਲ ਬਣ ਗਿਆ ਹੈ। ਭਾਵੇਂ ਕਿ ਉਕਤ ਕੰਪਨੀ ਵਲੋਂ ਅਖ਼ਬਾਰਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਹਰ ਕਿਸੇ ਨੂੰ ਸਮੱਸਿਆ ਨਹੀਂ ਆਵੇਗੀ, ਇਸ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ ਦਰ ਬਹੁਤ ਜ਼ਿਆਦਾ ਘੱਟ ਹੈ, ਲੋਕ ਅਜੇ ਵੀ ਡਰੇ ਹੋਏ ਹਨ। ਇਸ ਮਾਮਲੇ 'ਚ ਆਮ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।


-ਰਸ਼ਪਾਲ ਸਿੰਘ
ਐੱਸ.ਜੇ.ਐੱਸ. ਨਗਰ, ਹੁਸ਼ਿਆਰਪੁਰ।


ਸਬਰ ਤੇ ਸੰਤੋਖ
ਸਬਰ ਅਤੇ ਸੰਤੋਖ ਦੀ ਜ਼ਿੰਦਗੀ 'ਚ ਬੇਅੰਤ ਮਹੱਤਤਾ ਹੈ। ਇਹ ਗੁਣ ਇਨਸਾਨ ਨੂੰ ਸਮਰਪਿਤ, ਸ਼ਾਂਤ ਅਤੇ ਸ੍ਰੇਸ਼ਠ ਬਣਾਉਂਦੇ ਹਨ। ਸਬਰ ਨਾਲ, ਇਨਸਾਨ ਸਖ਼ਤੀ ਅਤੇ ਧੀਰਜ ਨਾਲ ਮੁਕਾਬਲਾ ਕਰਦਾ ਹੈ, ਜਿਸ ਨਾਲ ਉਸ ਨੂੰ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ।
ਇਨਸਾਨ ਆਪਣੀ ਹਾਲਤ ਨਾਲ ਸੰਤੋਖ ਨੂੰ ਕਬੂਲ ਕਰਦਾ ਹੈ ਅਤੇ ਮੰਨਿਆਂ ਦੀ ਬਦੌਲਤ ਸੁੱਖ ਅਤੇ ਖ਼ੁਸ਼ੀ ਦੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ। ਇਹ ਗੁਣ ਇਨਸਾਨੀ ਜੀਵਨ ਨੂੰ ਸਮਰਪਿਤ ਅਤੇ ਸੰਤੋਖਪੂਰਵਕ ਜੀਣ ਦੀ ਕਲਾ ਸਿਖਾਉਂਦੇ ਹਨ। ਸਬਰ ਅਤੇ ਸੰਤੋਖ ਦੀ ਮਿਹਨਤ ਨਾਲ, ਇਨਸਾਨ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਭਰ ਦੇਵੇਗਾ।


-ਅਰਸ਼ਦੀਪ ਕੌਰ
ਬੀ.ਵੋਕ. (ਜੇ.ਐਮ.ਟੀ.)।