05-05-2024
ਕਲੰਦਰੀ
ਗੀਤਕਾਰ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਰੌਸ਼ਨ ਕਲਾ ਕੇਂਦਰ, ਹੁਸ਼ਿਆਰਪੁਰ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 99184-44002
ਗੁਰਦਿਆਲ ਰੌਸ਼ਨ ਦਾ ਇਹ ਗੀਤ ਸੰਗ੍ਰਹਿ 'ਕਲੰਦਰੀ' ਉਸ ਦੀ 48ਵੀਂ ਸਾਹਿਤਕ ਪ੍ਰਕਾਸ਼ਿਤ ਪੁਸਤਕ ਹੈ। ਰੌਸ਼ਨ ਨੇ ਆਪਣੀ ਕਲਮ ਦੀ ਸਿਆਹੀ ਕਦੇ ਵੀ ਸੁੱਕਣ ਨਹੀਂ ਦਿੱਤੀ। ਉਸ ਨੇ ਆਪਣੀ ਉਮਰ ਦੇ ਸਾਰੇ ਬਿਹਤਰ ਸਾਲ ਲੇਖਣੀ ਦੇ ਨਾਂਅ ਲਾਏ ਹਨ। ਉਸ ਨੇ ਜਿਥੇ 20 ਗ਼ਜ਼ਲ-ਸੰਗ੍ਰਹਿ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਏ ਹਨ, ਉਥੇ 10 ਗੀਤ-ਸੰਗ੍ਰਹਿ ਵੀ ਸਿਰਜੇ ਅਤੇ ਪ੍ਰਕਾਸ਼ਿਤ ਕਰਵਾਏ ਹਨ। ਰੌਸ਼ਨ ਸਮਕਾਲ ਦੇ ਸਾਰੇ ਭਖਦੇ ਮਸਲਿਆਂ ਪ੍ਰਤੀ ਚੇਤਨਤਾ ਜਗਾਈ ਰੱਖਦਾ ਹੈ। ਦੇਸ਼ ਭਾਰਤ ਹੀ ਨਹੀਂ, ਉਹ ਸੰਸਾਰ ਦੇ ਲੋਕ ਮਸਲਿਆਂ ਉੱਤੇ ਵੀ ਲਿਖਦਾ ਆ ਰਿਹਾ ਹੈ। ਉਸ ਦੀ ਸ਼ਿਅਰਕਾਰੀ ਵਕਤ ਦੇ ਸਰੋਕਾਰਾਂ ਦਾ ਆਇਨਾ ਹੈ। ਉਹ ਕਹਿੰਦਾ ਹੈ ਕਿ ਸ਼ਾਇਰੀ ਨਿੱਜੀ ਪਿਆਰ ਅਤੇ ਨਿੱਜੀ ਮਸਲਿਆਂ ਤੱਕ ਹੀ ਮਹਿਦੂਦ ਨਹੀਂ ਹੋਣੀ ਚਾਹੀਦੀ, ਸਗੋਂ ਉਹ ਮਸਲੇ ਜੋ ਲੋਕਾਂ ਦੇ ਸਾਹਮਣੇ ਮੂੰਹ ਅੱਡੀ ਖੜ੍ਹੇ ਹਨ, ਉਨ੍ਹਾਂ ਬਾਰੇ ਵੀ ਕਵੀਆਂ/ ਗੀਤਕਾਰਾਂ ਨੂੰ ਕਲਮ ਚੁੱਕਣੀ ਚਾਹੀਦੀ ਹੈ। ਭਾਰਤ ਵਰਗਾਂ ਵਿਚ ਵੰਡਿਆ ਦੇਸ਼ ਹੈ। ਹੇਠਲੇ ਵਰਗ ਨਪੀੜੇ ਜਾ ਰਹੇ ਹਨ। ਮੰਨੂਵਾਦੀ ਨਜ਼ਰੀਆ ਬੇਜ਼ਮੀਨੇ ਲੋਕਾਂ ਵਿਚ ਅਤਿ ਤ੍ਰਾਸਦੀ ਪੇਸ਼ ਕਰ ਰਿਹਾ ਹੈ। ਰੌਸ਼ਨ ਨੂੰ ਇਸ ਗੱਲ ਦਾ ਇਲਮ ਹੈ ਕਿ ਲੋਕਾਂ ਨੂੰ ਮਾਨਵ ਮਸਲਿਆਂ ਤੋਂ ਪਰ੍ਹਾਂ ਧੱਕਦੀ ਸ਼ਾਇਰੀ ਦਾ ਹਕੂਮਤਾਂ ਅਤੇ ਗਾਇਕਾਂ ਨੇ ਲੋਕਾਂ ਨੂੰ ਚਸਕਾ ਪਾ ਦਿੱਤਾ ਹੋਇਆ ਹੈ, ਇਸ ਚਸਕੇ ਨੂੰ ਸਾਦਗੀ ਨਾਲ ਬਦਲਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਵੰਗਾਰਿਆ ਸੀ ਅਤੇ 'ਰਾਜੇ ਸੀਹ ਮੁਕਦਮ ਕੁਤੇ' ਕਹਿ ਕੇ ਹਾਕਮਾਂ ਨੂੰ ਦੁਰਕਾਰਿਆ ਸੀ।
ਦੇਸ਼ ਆਜ਼ਾਦ ਹੋਇਆ ਭਗਤ, ਰਾਜਗੁਰੂ ਤੇ ਸੁਖਦੇਵ ਸਿੰਘ ਜਿਹੇ ਅਨੇਕਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਜਿਹੜੀ ਆਜ਼ਾਦੀ ਸਾਡੇ ਗ਼ਦਰੀ ਬਾਬਿਆਂ ਨੇ ਚਿਤਵੀ ਸੀ, ਉਹ ਕਿੱਥੇ ਹੈ? ਸਿਰਫ਼ ਸੱਤਾਧਾਰੀ ਧਿਰ ਹੀ ਬਦਲਦੀ ਹੈ। ਹੁਣ ਵੀ ਐਸਾ ਹੀ ਹੈ ਕਿ ਪਾਰਟੀਆਂ ਬਦਲ ਜਾਂਦੀਆਂ ਨੇ, ਮਸਲੇ ਜਿਉਂ ਦੇ ਤਿਉਂ ਰਹਿੰਦੇ ਹਨ। ਬੇਰੁਜ਼ਗਾਰੀ, ਅਨਪੜ੍ਹਤਾ, ਗ਼ਰੀਬੀ ਅਤੇ ਲਾਰੇ-ਲੱਪੇ ਦੀ ਰਾਜਨੀਤੀ ਲੋਕਾਂ ਨੂੰ ਉੱਲੂ ਬਣਾ ਕੇ ਰਾਜ ਕਰਦੀ ਹੈ। ਐਸੇ ਲੋਕ ਮਸਲਿਆਂ ਨੂੰ ਗੁਰਦਿਆਲ ਰੌਸ਼ਨ ਆਪਣੇ ਸ਼ਿਅਰਾਂ/ਕਵਿਤਾਵਾਂ ਅਤੇ ਖ਼ਾਸ ਕਰ ਗੀਤਾਂ ਵਿਚ ਦਲੇਰੀ ਨਾਲ ਪੇਸ਼ ਕਰਦਾ ਹੈ। ਉਹ ਸੰਸਾਰ ਭਰ ਦੇ ਸ਼ਾਇਰਾਂ ਦੇ ਚੰਗੇ ਸ਼ਿਅਰ ਪੇਸ਼ ਕਰਦਾ ਹੈ, ਜਿਨ੍ਹਾਂ ਵਿਚ ਲੋਕ ਮਸਲਿਆਂ ਦੀ ਮਹਿਕ ਹੈ।
ਕਲੰਦਰੀ ਗੀਤ ਸੰਗ੍ਰਹਿ ਇਕ ਭਰਪੂਰ ਗੀਤ ਸੰਗ੍ਰਹਿ ਹੈ, ਜਿਸ ਵਿਚ ਕਰੀਬ 225 ਸ਼ਾਨਦਾਰ ਗੀਤ ਹਨ। ਇਹ ਗੀਤ ਗੀਤਕਾਰੀ ਦੇ ਸਾਹੇ ਤਕਨੀਕੀ ਪੱਖ ਪੂਰਨ ਕਰਦੇ ਹਨ।
ਪਹਿਲੇ ਹੀ ਗੀਤ ਵਿਚ ਉਹ ਸੰਸਾਰ ਭਰ ਦੇ ਲੇਖਕਾਂ ਵਾਸਤੇ ਕਲੰਦਰੀ ਸਿਰਜਦਾ ਹੈ :
-ਪੱਲੇ 'ਚ ਫਕੀਰੀਆਂ ਤੇ ਸਾਹ ਨੇ ਕਲੰਦਰੀ।
ਸਾਥੋਂ ਕੀ ਤੂੰ ਲੈਣਾ, ਸਾਡੇ ਰਾਹ ਨੇ ਕਲੰਦਰੀ...
ਪੁੱਛ ਨਾ ਤੂੰ ਸਾਨੂੰ ਅਸੀਂ ਕਿੰਨੇ ਮਜਬੂਰ ਆਂ,
ਰੌਸ਼ਨ ਬੁਰੇ ਆਂ ਤੇਰੀ ਦੁਨੀਆ ਤੋਂ ਦੂਰ ਆਂ,
ਹੋਏ ਜਲ ਥਲ ਕੇ ਸੁਆਹ ਨੇ ਕਲੰਦਰੀ।...
ਉਸ ਦੇ ਕੁਝ ਗੀਤਾਂ ਦੇ ਮੁਖੜੇ ਇਥੇ ਦਰਜ ਨੇ ਤੇ ਸਾਰਾ ਗੀਤ ਉਸ ਦੀ ਕਲੰਦਰੀ ਵਿਚ ਹੈ :
-ਸੂਟ ਬੂਟ ਨਵੇਂ ਤੇ ਨਕੋਰ ਲੈ ਗਏ,
ਮੁੰਨੀ ਤੇਰੀ ਗੁੱਡੀ ਕਾਲੇ ਚੋਰ ਲੈ ਗਏ।
-ਜਦ ਗਾਇਆ ਇਕ ਸੁਰ ਵਿਚ, ਦੂਰ ਹਨੇਰਾ ਹੋਵੇਗਾ
ਚੰਦ ਸਿਤਾਰੇ ਕਿ ਦਿਨ ਸੂਰਜ ਤੇਰਾ ਹੋਵੇਗਾ
-ਹੰਝੂ, ਪੀੜ, ਲਹੂ, ਦੁੱਖਾਂ ਦੀ ਪੰਡ ਭੁਲਾਈ ਜਾ ਨਹੀਂ ਸਕਦੀ,
ਸਾਡੇ ਕੋਲੋਂ ਸੰਤਾਲੀ ਦੀ ਵੰਡ ਭੁਲਾਈ ਜਾ ਨਹੀਂ ਸਕਦੀ।
-ਬਾਬਿਆਂ ਦੇ ਡੇਰਿਆਂ 'ਤੇ ਨਾ ਜਾਈਂ ਕੁੜੀਏ
ਆਪਣੀ ਤੂੰ ਆਬਰੂ ਬਚਾਈਂ ਕੁੜੀਏ।
ਕਲੰਦਰੀ ਦੇ ਸਾਰੇ ਗੀਤ ਲੋਕ ਮਸਲਿਆਂ ਅਤੇ ਪੱਛੜੇ ਵਰਗ ਦੀਆਂ ਵਿਰੋਧਤਾਈਆਂ ਨੂੰ ਅਕਲ ਨਾਲ ਪੇਸ਼ ਕਰਦੇ ਹਨ। ਸਾਰੇ ਗੀਤ ਸਟੇਜਾਂ ਉੱਤੇ ਗਾਏ ਜਾਣ ਵਾਲੇ ਹਨ। ਰੌਸ਼ਨ ਇਨਕਲਾਬੀ ਗੀਤਕਾਰ ਹੈ ਤੇ ਉਸ ਦੇ ਗੀਤ ਲੋਕ ਧਰਾਤਲ ਦੀ ਜੀਨਤ ਹਨ।
-ਸੁਲੱਖਣ ਸਰਹੱਦੀ
ਮੋਬੀਲ : 94174-84337
ਚਾਰ ਸਾਹਿਬਜ਼ਾਦੇ
ਲੇਖਕ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ:- ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98141-45047
ਹਥਲੀ ਕਿਤਾਬ ਦੇਸ਼, ਕੌਮ ਤੇ ਧਰਮ ਲਈ ਕੁਰਬਾਨ ਹੋਏ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਅਨੌਖੀ, ਲਾਸਾਨੀ ਤੇ ਦਿਲ ਚੀਰਵੀਂ ਸ਼ਹਾਦਤ ਦੀ ਗਾਥਾ ਹੈ। ਇਸ ਕਿਤਾਬ ਦਾ ਸਮਰਪਨ ਵੀ ਉਨ੍ਹਾਂ ਸਾਰੇ ਸ਼ਹੀਦ ਸਿੰਘ-ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਤੇ ਧਰਮ ਖ਼ਾਤਿਰ ਆਪਣੀਆਂ ਅਨਮੋਲ ਜ਼ਿੰਦੜੀਆਂ ਕੁਰਬਾਨ ਕਰ ਦਿੱਤੀਆਂ। ਲੇਖਿਕਾ ਨੇ ਕਿਤਾਬ ਨੂੰ ਚੌਦਾਂ ਅਧਿਆਇਆਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਸਾਹਿਬਜ਼ਾਦਿਆਂ ਦਾ ਜਨਮ ਤੇ ਬਚਪਨ, ਦੂਜੇ ਵਿਚ ਖ਼ਾਲਸਾ ਪੰਥ ਦੀ ਸਾਜਨਾ ਤੇ ਸਾਹਿਬਜ਼ਾਦਿਆਂ ਦਾ ਅੰਮ੍ਰਿਤ ਛਕਣਾ, ਅਧਿਆਇ ਤੀਜੇ ਵਿਚ ਪਹਾੜੀ ਰਾਜਿਆਂ ਵਲੋਂ ਵਿਰੋਧ, ਚੌਥੇ ਵਿਚ ਪਹਾੜੀ ਰਾਜਿਆਂ ਨਾਲ ਜੰਗਾਂ, ਪੰਜਵਾਂ, ਅਨੰਦਪੁਰ ਦੀ ਆਖ਼ਰੀ ਜੰਗ, ਛੇਵੇਂ ਵਿਚ ਪਰਿਵਾਰ ਵਿਛੋੜਾ, ਸੱਤਵਾਂ, ਵੱਡੇ ਸਾਹਿਬਜ਼ਾਦੇ (ਚਮਕੌਰ ਦੀ ਜੰਗ), ਅੱਠਵਾਂ, ਛੋਟੇ ਸਾਹਿਬਜ਼ਾਦੇ ਤੇ ਕੁੰਮਾ ਮਾਛੀ, ਨੌਵਾਂ, ਗੰਗੂ ਬ੍ਰਾਹਮਣ ਨਾਲ ਮੇਲ, ਦਸਵੇਂ ਵਿਚ ਕਚਹਿਰੀ ਵਿਚ ਪਹਿਲਾ ਦਿਨ, ਗਿਆਰ੍ਹਵਾ, ਕਚਹਿਰੀ ਵਿਚ ਦੂਜਾ ਦਿਨ, 12ਵਾਂ, ਨੀਂਹਾਂ ਵਿਚ ਚਿਣਨਾ, ਤੇਰ੍ਹਵਾਂ, ਕਲਗੀਧਰ ਪਿਤਾ ਦੀ ਭਵਿੱਖਬਾਣੀ, ਚੌਦਵੇਂ ਵਿਚ ਸਾਹਿਬਜ਼ਾਦਿਆਂ ਦੀ ਮੌਤ ਦਾ ਬਦਲਾ ਭਾਵਪੂਰਤ ਤਰੀਕੇ ਨਾਲ ਦਰਜ ਕੀਤਾ ਹੈ। ਸੰਸਾਰ ਵਿਚ ਅਲੱਗ-ਅਲੱਗ ਕਲਾ ਨਾਲ ਨਾਤਾ ਰੱਖਣ ਵਾਲੇ ਕੁਝ ਵਿਰਲੇ ਵਿਅਕਤੀ ਹੁੰਦੇ ਹਨ। ਇਹ ਵਿਅਕਤੀ ਬਹੁਤ ਨਾਜੁਕ, ਭਾਵੁਕ ਤੇ ਸੋਹਲ ਹੁੰਦੇ ਹਨ। ਸਮਾਜ ਅੰਦਰ ਵਾਪਰੀਆਂ ਹਿਰਦੇ-ਵੇਦਕ ਘਟਨਾਵਾਂ ਨਾਲ ਇਨ੍ਹਾਂ ਦੀ ਆਤਮਾ ਝੰਜੋੜੀ ਜਾਂਦੀ ਹੈ, ਅਜਿਹੀਆਂ ਘਟਨਾਵਾਂ ਇਨ੍ਹਾਂ ਦੇ ਮਨ ਉੱਤੇ ਅਮਿੱਟ ਛਾਪ ਛੱਡ ਜਾਂਦੀਆਂ ਹਨ। ਜਿਨ੍ਹਾਂ ਤੋਂ ਕਿਸੇ ਨਾ ਕਿਸੇ ਪ੍ਰਕਾਰ ਦੀ ਕਲਾ ਦਾ ਜਨਮ ਹੁੰਦਾ ਹੈ। ਲਿਖਣਾ ਵੀ ਇਕ ਕਲਾ ਹੈ। ਇਨਸਾਨ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੀ ਕਲਮ ਦਾ ਇਸਤੇਮਾਲ ਬਹੁਤ ਸੋਚ ਸਮਝ ਕੇ ਕਰੇ ਜਿਸ ਨਾਲ ਸਮਾਜ ਦੇ ਲੋਕਾਂ ਦਾ ਭਲਾ ਹੋ ਸਕੇ। ਲੇਖਕ ਦੀ ਲੇਖਣੀ ਤੋਂ ਪਾਠਕਾਂ ਨੂੰ ਕੁਝ ਸਾਰਥਿਕ ਪ੍ਰਾਪਤ ਹੋ ਸਕੇ। ਸਮਾਜ ਅੰਦਰ ਫੈਲ ਚੁੱਕੀਆਂ ਬੁਰਾਈਆਂ ਤੇ ਉਨ੍ਹਾਂ ਦੇ ਸਮਾਧਾਨ ਬਾਰੇ, ਕਿਸੇ ਰਾਸ਼ਟਰੀ ਜਾਂ ਅੰਤਰ- ਰਾਸ਼ਟਰੀ ਸਮੱਸਿਆ ਬਾਰੇ, ਗੁਰੂਆਂ, ਪੀਰਾਂ, ਪੈਗੰਬਰਾਂ ਦੀਆਂ ਜੀਵਨੀਆਂ, ਉਨ੍ਹਾਂ ਸ਼ਹੀਦਾਂ ਬਾਰੇ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸਾਹਿਤ ਸੱਚ ਦੀ ਆਵਾਜ਼ ਤੇ ਉਤਸ਼ਾਹ ਦਾ ਸ੍ਰੋਤ ਹੋਣਾ ਹੁੰਦਾ ਹੈ। ਸਾਹਿਤ ਸਤਿਮਈ ਵਿਚਾਰਾਂ ਤੇ ਹਿਰਦੇ-ਸਪਰਸ਼ੀ ਭਾਵਾਂ-ਭਾਵਨਾਵਾਂ ਦਾ ਅਚੁੱਕ ਪ੍ਰਵਾਹ ਹੁੰਦਾ ਹੈ। ਉਰਦੂ ਤੇ ਫ਼ਾਰਸੀ ਵਿਚ ਸਾਹਿਤ ਨੂੰ ਅਦਬ ਆਖਿਆ ਗਿਆ ਹੈ। ਸਾਹਿਤ ਦੀ ਕਿਸੇ ਵੀ ਵੰਨਗੀ ਵਿਚ ਪ੍ਰਸਤੁਤ ਕੀਤੇ ਜਾਣ ਵਾਲੇ ਵਿਚਾਰ ਗਹਿਰ-ਗੰਭੀਰ ਤੇ ਗੁਣੀ-ਗਹੀਰ ਹੋਣੇ ਚਾਹੀਦੇ ਹਨ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਸਾਂਝ ਰੂਹਾਂ ਦੀ
ਕਵੀ : ਜਸਵਿੰਦਰ ਸਿੰਘ ਝਬਾਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 82270-88811
ਜਸਵਿੰਦਰ ਸਿੰਘ ਝਬਾਲ ਦੀ ਇਹ ਕਾਵਿ-ਪੁਸਤਕ ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੀ ਉਸ ਦੀ ਇਹ ਕਾਵਿ-ਪੁਸਤਕ ਸਮਾਜ ਦੇ ਨੌਜਵਾਨ ਵਰਗ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਵੀ ਕਰਦੀ ਹੈ। ਜਸਵਿੰਦਰ ਝਬਾਲ ਦੀਆਂ ਰਚਨਾਵਾਂ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ। ਉਹ ਆਪਣੇ ਨਿੱਜ ਤੋਂ ਸ਼ੁਰੂ ਕਰਦੇ ਸਮਾਜਿਕ ਚੇਤਨਾ ਤੱਕ ਆਪਣੀ ਸੋਚ ਫੈਲਾਉਂਦਾ ਹੈ। ਬਾਬਾ ਨਾਨਕ ਤੋਂ ਸ਼ੁਰੂ ਕਰਕੇ ਵਰਤਮਾਨ ਦੌਰ ਤੱਕ ਸਮਾਜਿਕ ਚੁਣੌਤੀਆਂ ਨੂੰ ਖੁੱਲ੍ਹ ਕੇ ਪੇਸ਼ ਕਰਦਾ ਕਵੀ ਸਮੇਂ ਦਾ ਹਾਣੀ ਹੈ।
ਉਹ ਸਮਾਜ ਵਿਚ ਦਬਾਈ ਜਾ ਰਹੀ ਧਿਰ ਦੀ ਆਵਾਜ਼ ਵੀ ਬਣਦਾ ਹੈ। 'ਬਗ਼ਾਵਤ' ਕਵਿਤਾ ਇਸ ਦੀ ਖ਼ੂਬਸੂਰਤ ਉਦਾਹਰਨ ਹੈ। ਕਿਸਾਨੀ ਜੀਵਨੀ ਦੀਆਂ ਚੁਣੌਤੀਆਂ ਚਿਤਰਦਾ ਕਵੀ ਪੁੱਤਾਂ ਵਾਂਗਰ ਪਾਲੀ ਕਿਸਾਨਾਂ ਦੀ ਫ਼ਸਲ ਦਾ ਪੂਰਾ ਮੁੱਲ ਨਾ ਮਿਲਣ ਦੀ ਸੂਰਤ ਤੇ ਕਿਸਾਨ ਦੀ ਮਨੋਦਸ਼ਾ ਬੜੀ ਖ਼ੂਬਸੂਰਤੀ ਨਾਲ ਬਿਆਨ ਕਰਦਾ ਹੈ।
ਕਦੇ ਸੋਕਾ ਮਾਰ ਜਾਂਦਾ ਤੇ ਕਦੇ ਮਾਰੇ ਗੜੇਮਾਰੀ
ਪਾਣੀ ਵਿਚ ਹੜ੍ਹ ਜਾਂਦੀ ਕੀਤੀ ਮਿਹਨਤ ਸਾਰੀ।
ਰਹਿੰਦੀ ਫ਼ਸਲ ਰੁਲ ਜਾਂਦੀ ਪਈ ਵਿਚ ਮੰਡੀ ਦੇ
ਲੁੱਟ ਲੈ ਜਾਂਦੀ ਸ਼ਾਹੂਕਾਰ ਤੇ ਸਰਕਾਰ ਦੀ ਯਾਰੀ।
ਨਾਰੀ ਪ੍ਰਤੀ ਸਨਮਾਨ ਦੇ ਭਾਵ, ਭੇਖਾਂ, ਪਾਖੰਡਾਂ ਤੋਂ ਪਰਦਾ ਉਠਾਉਣਾ, ਦੇਸ਼ ਭਗਤੀ, ਭਗਤ ਸਿੰਘ ਦੀ ਵਿਚਾਰਧਾਰਾ ਦਾ ਵਰਤਮਾਨ ਸਮੇਂ ਮਹੱਤਵ, ਲੋਕਤੰਤਰ ਦੀ ਹਾਲਤ ਆਦਿ ਸਮਾਜਿਕ ਵਿਸ਼ੇ ਕਵੀ ਨੇ ਬੜੀ ਬਾਖ਼ੂਬੀ ਚਿਤਰੇ ਹਨ। ਇਤਿਹਾਸਕ ਘਟਨਾਵਾਂ ਦੀ ਕਾਵਿ-ਸਿਰਜਣਾ ਵੀ ਕੀਤੀ ਹੈ। ਮੁਹੱਬਤ ਵਰਗੇ ਕੀਮਤੀ ਅਹਿਸਾਸ ਵੀ ਉਸ ਦੀ ਰਚਨਾ ਦਾ ਵਿਸ਼ਾ ਬਣੇ ਹਨ।
ਅੱਜ ਪੁੱਛ ਤਾਂ ਸਹੀ ਕਿੰਨੇ ਚੰਗੇ ਨੇ
ਮੇਰੇ ਹਾਲ ਸੱਜਣਾ
ਸਾਰਾ ਦਿਨ ਲੰਘਿਆ ਯਾਦਾਂ
ਤੇਰੀਆਂ ਦੇ ਨਾਲ ਸੱਜਣਾ।
ਦੇਸ਼ ਵੰਡ, ਪੰਜਾਬ, ਰੁੱਖ, ਕੁਦਰਤੀ ਨਜ਼ਾਰੇ, ਲਾਸ਼, ਪੱਗੜੀ ਸੰਭਾਲ ਜੱਟਾ, ਮਿੰਨਤ, ਦੁਆ, ਅਰਦਾਸ, ਜਨਮ ਦਿਨ ਉਸ ਦੀਆਂ ਖ਼ੂਬਸੂਰਤ ਰਚਨਾਵਾਂ ਹਨ। ਨਸ਼ਿਆਂ ਪ੍ਰਤੀ ਨੌਜਵਾਨਾਂ ਨੂੰ ਰੋਕਣਾ, ਕੁਦਰਤ ਨੂੰ ਸਾਫ਼-ਸੁਥਰਾ ਰੱਖਣਾ, ਰੁੱਖ ਲਗਾਉਣਾ ਆਦਿ ਪ੍ਰੇਰਨਾਤਮਿਕ ਵਿਸ਼ਿਆਂ ਬਾਰੇ ਕਵੀ ਜਸਵਿੰਦਰ ਝਬਾਲ ਨੇ ਖੁੱਲ੍ਹ ਕੇ ਲਿਖਿਆ ਹੈ। ਧੀ ਦੇ ਬਚਪਨ ਤੇ ਪਿਤਾ ਵਲੋਂ ਵਧਾਈ ਸੰਦੇਸ਼ ਬਹੁਤ ਹੀ ਸੰਵੇਦਨਾ ਭਰਪੂਰ ਹੈ :
ਦੁਆ ਕਿ ਮੇਰੀ ਉਮਰ ਨੂੰ ਤੈਨੂੰ ਲੱਗ ਜਾਏ
ਹੋਵੇ ਜਨਮ ਦਿਨ ਦੀ ਵਧਾਈ ਧੀਏ ਮੇਰੀ ਏ।
ਜਿਹੜੇ ਆਖਦੇ ਧੀਆਂ ਨੂੰ ਘੱਟ ਪੁੱਤਾਂ ਨਾਲੋਂ,
ਬਣ ਜ਼ਿੰਦਗੀ 'ਚ ਉਨ੍ਹਾਂ ਲਈ ਮਿਸਾਲ ਧੀਏ ਮੇਰੀਏ।
ਇਸ ਪੁਸਤਕ ਲਈ ਲੇਖਕ ਨੂੰ ਮੁਬਾਰਕਾਂ!
-ਪ੍ਰੋ. ਕੁਲਜੀਤ ਕੌਰ
ਢਾਈ ਆਬ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 126
ਸੰਪਰਕ : 98147-34035
ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਵਲੋਂ ਲਿਖੇ ਗਏ ਵਿਸ਼ਲੇਸ਼ਣਾਤਮਕ ਤੇ ਖੋਜਾਤਮਿਕ ਬਿਰਤੀ ਵਾਲੇ ਲਘੂ ਨਿਬੰਧਾਂ ਦਾ ਸੰਗ੍ਰਹਿ 'ਢਾਈ ਆਬ' ਪੰਜਾਬੀ ਵਾਰਤਕ ਵਿਚ ਇਕ ਗੁਣਾਤਮਿਕ ਸ਼ਮੂਲੀਅਤ ਹੈ। ਬਨਵੈਤ ਦੀ ਖੁਰਦਬੀਨੀ ਸੂਝ ਸੰਬੰਧਿਤ ਵਿਸ਼ੇ ਦੀ ਗਹਿਰਾਈ 'ਚ ਜਾ ਕੇ ਦੁੱਧ-ਪਾਣੀ ਵੱਖਰਾ ਕਰਦੀ ਹੈ ਤੇ ਅਸਲੀਅਤ ਜਾਂ ਅਸਲ ਸਥਿਤੀ ਪਾਠਕਾਂ ਸਨਮੁੱਖ ਰੱਖਦੀ ਹੈ। ਪੁਸਤਕ 'ਚ ਸ਼ਾਮਿਲ ਲੇਖਾਂ ਦੇ ਨਾਂਅ ਜਿਹਾ ਕਿ 'ਨਸ਼ੇ ਦੀ ਓਵਰਡੋਜ਼', 'ਸਵਾ ਲੱਖ ਟੀਚਰ', 'ਡੱਬਿਆਂ ਹੇਠ ਚਲਦਾ ਨਗਦਨਾਮਾ', 'ਡੰਕੀ ਰਸਤਾ', 'ਪੰਜਾਬ ਬਿਨਾਂ ਨਹੀਂ ਸਰਨਾ', 'ਪੰਜਾਬੀ ਚੜ੍ਹਦੇ ਨੇ ਗ਼ੈਰ-ਕਾਨੂੰਨੀ ਜਹਾਜ਼', 'ਪੰਜਾਬ ਦਾ ਖ਼ੂਨ ਡੁੱਲ੍ਹਿਆ', 'ਪੰਜਾਬ ਨਾਲ ਜ਼ਿਆਦਤੀਆਂ', 'ਚਿੱਕੜਬਾਜ਼ੀ ਦੀ ਸਿਆਸਤ', 'ਕਰਜ਼ਾਈ ਪੰਜਾਬ', 'ਸਿਆਸੀ ਕਿੱਕਲੀ', 'ਰੱਬਾ!' ਪੰਜਾਬ ਦੇ ਚੁੱਲ੍ਹਿਆਂ 'ਚ ਘਾਹ ਨਾ ਉਗਾਵੀਂ', 'ਵਿਆਹਾਂ ਦਾ ਕਾਰੋਬਾਰ ਛੇ ਲੱਖ ਕਰੋੜ ਸਾਲਾਨਾ' ਆਦਿ ਹੀ ਸੰਬੰਧਿਤ ਲਘੂ ਨਿਬੰਧ ਦੇ ਅੰਤਰ ਵਸਤੂ ਵੱਲ ਸਿੱਧਾ ਸੰਕੇਤ ਕਰ ਜਾਂਦੇ ਹਨ। ਪੰਜਾਬ ਦੀ ਤੇ ਪੰਜਾਬੀਆਂ ਦੀ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਤੇ ਹੋਰ ਅਨੇਕਾਂ ਪੱਖੀ ਸਥਿਤੀ ਨੂੰ ਇਸ ਪੁਸਤਕ 'ਚੋਂ ਬਿਹਤਰ ਸਮਝਿਆ ਜਾ ਸਕਦਾ ਹੈ। ਕਲਮਕਾਰ ਦੀ ਸ਼ੈਲੀ ਸਰਲ, ਸਪੱਸ਼ਟ ਤੇ ਜਾਣਕਾਰੀ ਭਰਪੂਰ ਹੈ। ਵੰਨਗੀ ਵਜੋਂ 'ਡੰਕੀ ਰਸਤਾ' ਨਾਂਅ ਦੀ ਲਿਖਤ 'ਚੋਂ ਕੁਝ ਸਤਰਾਂ ਪੜ੍ਹੋ :-
ਰਿਪੋਰਟ ਅਨੁਸਾਰ ਅਮਰੀਕਾ ਵਿਚ ਦਾਖ਼ਲ ਹੋਣ ਦੇ ਇੱਛੁਕ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਲਾਤੀਨੀ ਅਮਰੀਕਾ ਦੇ ਦੇਸ਼ ਇਕਵਾਡੋਰ ਲਿਜਾਇਆ ਜਾਂਦਾ ਹੈ, ਉਥੇ ਦਾ ਵੀਜ਼ਾ ਏਅਰਪੋਰਟ 'ਤੇ ਮਿਲ ਜਾਂਦਾ ਹੈ, ਜਿਸ ਕਰਕੇ ਕੋਈ ਦਿੱਕਤ ਨਹੀਂ ਆਉਂਦੀ। ਇਕਵਾਡੋਰ ਤੋਂ ਬਾਅਦ ਸਭ ਤੋਂ ਪਹਿਲਾਂ ਕੋਲੰਬੀਆ ਪਹੁੰਚਣਾ ਹੁੰਦਾ ਹੈ। ਇਹ ਰਸਤਾ ਸਮੁੰਦਰ ਰਾਹੀਂ ਤੈਅ ਕਰਨ ਲਈ ਕਿਹਾ ਜਾਂਦਾ ਹੈ। ਕੋਲੰਬੀਆ ਤੋਂ ਅਗਲਾ ਸੁਰੱਖਿਅਤ ਪੜਾਅ ਪਨਾਮਾ ਦਾ ਹੁੰਦਾ ਹੈ, ਜਿਥੋਂ ਜੰਗਲ ਰਾਹੀਂ ਪੈਦਲ ਚੱਲ ਕੇ ਨਿਕਾਰਵਗੁਆ ਰਾਹੀਂ ਮੈਕਸੀਕੋ ਪੁੱਜਦੇ ਹਨ। ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ 3100 ਕਿੱਲੋਮੀਟਰ ਲੰਮੀ ਹੈ। ਉਥੋਂ ਦੇ ਵੱਡੇ ਹਿੱਸੇ ਵਿਚ ਕੰਧ ਬਣੀ ਹੋਈ ਹੈ। ਕੰਧ ਟੱਪ ਕੇ ਅਮਰੀਕਾ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ, ਜਿਹੜੇ ਕੰਧ ਪਾਰ ਨਹੀਂ ਕਰ ਸਕਦੇ, ਉਹ ਰੀਓ ਨਦੀ ਦਾ ਰਸਤਾ ਚੁਣਦੇ ਹਨ। (ਪੰਨਾ 26)
ਕਮਲਜੀਤ ਸਿੰਘ ਬਨਵੈਤ ਨੇ 'ਜੰਮਦੀਆਂ ਸੂਲਾਂ' ਅਤੇ 'ਗੋਇਟੇ ਮਰ ਚੁੱਕਾ ਹੈ' ਨਾਂਅ ਦੇ ਦੋ ਕਹਾਣੀ ਸੰਗ੍ਰਹਿ ਵੀ ਪੰਜਾਬੀ ਕਹਾਣੀ ਦੇ ਪਾਠਕਾਂ ਦੇ ਹੱਥਾਂ ਵਿਚ ਪੁੱਜਦੇ ਕੀਤੇ ਹਨ। 'ਸਾਡੇ ਪੇਂਡੂ ਬੱਚੇ ਅਤੇ ਮਾਵਾਂ' (ਖੋਜ ਨਿਬੰਧ), ਪੁਸਤਕ ਵੀ ਪਾਠਕਾਂ ਨੇ ਪੜ੍ਹੀ ਹੈ ਲੇਖਕ ਦੀ। ਹੋਰ ਵੀ ਕਾਫ਼ੀ ਲਿਖਤਾਂ ਲਿਖੀਆਂ ਹਨ ਕਮਲਜੀਤ ਸਿੰਘ ਬਨਵੈਤ ਨੇ। ਸੰਖੇਪ ਰੂਪ 'ਚ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਲੇਖਕ ਪੱਤਰਕਾਰ ਦੇ ਨਾਲ-ਨਾਲ ਚੰਗਾ ਸਾਹਿਤਕਾਰ ਵੀ ਹੈ। ਉਸ ਦੀ ਹਰ ਲਿਖਤ ਅਰਥ ਭਰਪੂਰ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਸੁਮੇਲ
ਲੇਖਕ : ਜੇ.ਐੱਸ. ਸੇਖੋਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 73475-60156
'ਸੁਮੇਲ' ਜੇ. ਐੱਸ. ਸੇਖੋਂ ਦਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 51 ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸੰਗ੍ਰਹਿ ਵਿਚ ਜਿੰਨੀਆਂ ਵੀ ਕਹਾਣੀਆਂ ਹਨ, ਉਨ੍ਹਾਂ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਅਤੇ ਅਨੁਭਵ ਪੇਸ਼ ਕੀਤੇ ਹਨ। ਇਸ ਕਰਕੇ ਪੁਸਤਕ ਵਿਚ ਸ਼ਾਮਿਲ ਕਹਾਣੀਆਂ ਨੂੰ ਕਹਾਣੀ ਦੀ ਵਿਧਾ ਦ੍ਰਿਸ਼ਟੀ ਤੋਂ ਕੁਝ ਇਕ ਨੂੰ ਛੱਡ ਕੇ ਕਹਾਣੀਆਂ ਨਾਲੋ ਯਾਦਾਂ, ਸਵੈ-ਜੀਵਨੀ ਦੇ ਅੰਸ਼ ਜਾਂ ਫਿਰ 'ਹੱਡੀਂ ਹੰਡਾਏ ਅਨੁਭਵ' ਕਹਿਣਾ ਜ਼ਿਆਦਾ ਮੁਨਾਸਿਬ ਹੋਵੇਗਾ। ਪਰ ਇਹ ਗੱਲ ਵਰਣਨਯੋਗ ਹੈ ਕਿ ਲੇਖਕ ਕੋਲ ਕਹਾਣੀ ਬਣਾਉਣ ਦਾ ਤਜਰਬਾ ਹੈ, ਜਿਸ ਕਰਕੇ ਉਹ ਆਪਣੇ ਅਨੁਭਵ ਵਿਚੋਂ ਕਿਸੇ ਵੀ ਪਹਿਲੂ ਚੁਣ ਕੇ ਕਹਾਣੀਨੁਮਾ ਲਹਿਜ਼ੇ ਵਿਚ ਪੇਸ਼ ਜ਼ਰੂਰ ਕਰ ਦਿੰਦਾ ਹੈ, ਜਿਸ ਕਰਕੇ ਇਸ ਸੰਗ੍ਰਹਿ ਵਿਚ ਸ਼ਾਮਿਲ ਉਸ ਦੇ ਅਨੁਭਵ ਕਹਾਣੀਆਂ ਬਣ ਕੇ ਪਾਠਕ ਨੂੰ ਕਥਾ-ਰਸ ਦੀ ਅਨੁਭੂਤੀ ਪ੍ਰਦਾਨ ਕਰਦੇ ਹਨ। ਇਨ੍ਹਾਂ ਕਹਾਣੀਆਂ ਵਿਚ ਲੇਖਕ ਨੇ ਆਪਣੇ ਵਿਦੇਸ਼ੀ ਸਫ਼ਰ ਬਾਰੇ ਵੀ ਜ਼ਿਕਰ ਕੀਤਾ ਹੈ ਪਰ ਜਿਥੇ ਨਿਰੋਲ ਕਹਾਣੀ ਸ਼ਾਮਿਲ ਹੋਈ ਹੈ, ਉਹ ਬਹੁਤ ਹੀ ਖ਼ੂਬਸੂਰਤੀ ਨਾਲ ਆਪਣਾ ਸੁਨੇਹਾ ਵੀ ਪ੍ਰਦਾਨ ਕਰ ਜਾਂਦੀ ਹੈ। 'ਸ਼ਬਦਾਂ ਦਾ ਅਸਰ', 'ਖ਼ੁਸ਼ਨਸੀਬ, 'ਸੁਮੇਲ', 'ਸੱਭਿਆਚਾਰ ਲਈ ਯੋਗਦਾਨ', 'ਨਵੀਂ ਸੋਚ', 'ਵਿਦੇਸ਼ੀ ਝਾਕ' ਤੋਂ ਇਲਾਵਾ ਹੋਰ ਕਹਾਣੀਆਂ ਦੇਖੀਆਂ ਜਾ ਸਕਦੀਆਂ ਹਨ। ਕਿਤੇ-ਕਿਤੇ ਲੇਖਕ ਨੇ ਆਪਣੀਆਂ ਕਹਾਣੀਆਂ ਵਿਚ ਵਾਰਤਾਲਾਪੀ ਸ਼ੈਲੀ ਦੀ ਵਰਤੋਂ ਕਰਕੇ ਇਸ ਨੂੰ ਦਿਲਚਸਪ ਅਤੇ ਰੌਚਿਕ ਬਣਾਇਆ ਹੈ। ਅਸਲ ਵਿਚ ਲੇਖਕ ਕੋਲ ਜ਼ਿੰਦਗੀ ਦਾ ਗੂੜ੍ਹ ਤਜਰਬਾ ਹੈ, ਇਸੇ ਕਰਕੇ ਹੀ ਉਹ ਕਹਾਣੀ ਵਿਚ ਕੋਈ ਨਾ ਕੋਈ ਘਟਨਾ ਅਜਿਹੀ ਬਿਆਨ ਕਰਦਾ ਹੈ, ਜਿਸ ਨਾਲ ਪਾਠਕ ਦੀ ਦਿਲਚਸਪੀ ਵੀ ਬਣੀ ਰਹੇ ਅਤੇ ਉਸ ਨੂੰ ਕੋਈ ਸੇਧ ਵੀ ਪ੍ਰਾਪਤ ਹੋਵੇ। ਇਸੇ ਕਰਕੇ ਹੀ ਹਰੇਕ ਜੀਵਨ ਅਨੁਭਵ ਜਾਂ ਕਹਾਣੀ ਦੇ ਅੰਤ ਉੱਤੇ ਉਹ ਮਾਨਵੀ ਦ੍ਰਿਸ਼ਟੀ ਤੋਂ ਇਕ ਜਾਂ ਦੋ ਪੰਕਤੀਆਂ 'ਕਥਨ' ਦੇ ਰੂਪ ਵਿਚ ਦਰਜ ਕਰ ਦਿੰਦਾ ਹੈ। ਇਹ ਪੁਸਤਕ ਅਸਲ ਵਿਚ ਫੈਲੇ ਕੁਹਜ ਅਤੇ ਵਿਸੰਗਤੀਆਂ ਨੂੰ ਪੇਸ਼ ਕਰਕੇ ਹਮਦਰਦੀ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੀ ਪੁਸਤਕ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਮੌਤ ਦਾ ਤਾਂਡਵ
ਲੇਖਕ : ਜਰਨੈਲ ਸਿੰਘ ਮੱਲੇਆਣਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ 200 ਰੁਪਏ, ਸਫ਼ੇ : 104
ਸੰਪਰਕ : 84375-29875
ਵੰਡ ਮੁਲਕ ਦੀ ਹੋਵੇ ਜਾਂ ਘਰ ਦੀ, ਹਮੇਸ਼ਾ ਤ੍ਰਾਸਦਿਕ ਹੀ ਹੁੰਦੀ ਹੈ। ਨਾਵਲਕਾਰ ਜਰਨੈਲ ਸਿੰਘ ਮੱਲੇਆਣਾ ਵਲੋਂ ਰਚਿਤ ਤੀਸਰਾ ਨਾਵਲ 'ਮੌਤ ਦਾ ਤਾਂਡਵ' ਸੰਨ 1947 ਦੀ ਭਾਰਤ-ਪਾਕਿ ਵੰਡ ਦੇ ਦੁਖਾਂਤ 'ਤੇ ਆਧਾਰਿਤ ਹੈ। ਬੇਸ਼ੱਕ ਇਸ ਤੋਂ ਪਹਿਲਾਂ ਵੀ ਇਸ ਗੰਭੀਰ ਵਿਸ਼ੇ 'ਤੇ ਬਹੁਤ ਸਾਰਾ ਕਥਾ ਸਾਹਿਤ ਲਿਖਿਆ ਜਾ ਚੁੱਕਿਆ ਹੈ ਪਰ ਇਸ ਨਾਵਲ ਦੀ ਵਿਲੱਖਣਤਾ ਇਸ ਗੱਲ ਵਿਚ ਹੀ ਹੈ ਕਿ 47 ਦੀ ਵੰਡ ਸਮੇਂ ਲੇਖਕ ਸਿਰਫ ਪੰਜ ਵਰ੍ਹਿਆਂ ਦਾ ਮਾਸੂਮ ਬੱਚਾ ਸੀ ਪਰ ਉਸ ਦੇ ਮਲੂਕ ਮਨ 'ਤੇ ਇਸ ਵੰਡ ਦੀਆਂ ਝਰੀਟਾਂ ਉਕਰੀਆਂ ਪਈਆਂ ਹਨ ਅਤੇ ਉਨ੍ਹਾਂ ਦੀ ਟੀਸ ਤੇ ਕਸਕ ਹੁਣ ਉਮਰ ਦੇ ਨੌਵੇਂ ਦਹਾਕੇ ਵਿਚ ਵੀ ਜਿਉਂ ਦੀ ਤਿਉਂ ਮੌਜੂਦ ਹੈ। ਇਸ ਸਦੀਵੀ ਪੀੜ ਨੇ ਹੀ ਲੇਖਕ ਦੀ ਕਲਮ ਤੋਂ ਇਸ ਤ੍ਰਾਸਦੀ ਤੇ ਮੌਤ ਦਾ ਤਾਂਡਵ ਵਰਗਾ ਗੰਭੀਰ ਨਾਵਲ ਲਿਖਣ ਲਈ ਪ੍ਰੇਰਿਆ ਹੈ। ਹੁਣ ਲੇਖਕ ਨੇ ਇਸ ਸਮੇਂ ਦੌਰਾਨ ਇਸ ਵੰਡ ਸੰਬੰਧੀ ਕਾਰਨਾਂ ਅਤੇ ਇਸ ਦੀਆਂ ਪੇਚੀਦਗੀਆਂ ਨੂੰ ਸਮਝ ਕੇ ਬੜੀ ਸੰਤੁਲਿਤ ਅਤੇ ਪਰਪੱਕ ਸੋਚ ਨਾਲ ਇਸ ਨੂੰ ਨਾਵਲੀ ਰੂਪ ਦਿੱਤਾ ਹੈ। ਲੇਖਕ ਨੇ ਇਸ ਕਥਾਨਕ ਵਿਚ ਧਰਮੇ ਅਤੇ ਨਜ਼ੀਰਾਂ ਦੀ ਪ੍ਰੇਮ ਕਹਾਣੀ ਨੂੰ ਫ਼ਿਰਕੂ ਏਕਤਾ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਇਸ ਦੇ ਨਾਲ-ਨਾਲ ਚੰਨਣ ਸਿੰਘ, ਗੁਰਦਿਆਲ ਸਿੰਘ ਦਿਆਲ, ਪਾਲ ਕੌਰ, ਫਰੀਦਾ, ਨੂਰ, ਸੰਪੂਰਾ, ਬੀਘੜ, ਘੱਕਰ ਬਸ਼ੀਰੇ, ਖੈਰਦੀਨ, ਮੇਹਰਦੀਨ ਜਿਹੇ ਪਾਤਰਾਂ ਰਾਹੀਂ ਨਾਵਲ ਦਾ ਕਥਾਨਕ ਬੁਣਿਆ ਹੈ। ਵੰਡ ਸਮੇਂ ਦੀ ਦਹਿਸ਼ਤ, ਆਪਣੀ ਧਰਤੀ ਤੇ ਮਨੁੱਖਾਂ ਦੀਆਂ ਜੜ੍ਹਾਂ ਨਾਲੋਂ ਟੁੱਟਣ ਦਾ ਰੁਦਨ, ਆਪਸੀ ਭਾਈਚਾਰਾ ਭੁੱਲ ਕੇ ਜਾਨਵਰਾਂ ਨਾਲੋਂ ਵੀ ਖੂੰਖਾਰ ਹੋ ਕੇ ਕੀਤੀ ਗਈ ਵੱਢ-ਟੁੱਕ ਦੇ ਜਿਹੜੇ ਦ੍ਰਿਸ਼ਟਾਂਤ ਸਿਰਜੇ ਗਏ ਹਨ, ਉਹ ਬਹੁਤ ਹੀ ਹਿਰਦੇਵੇਦਕ ਅਤੇ ਲੂੰਅ-ਕੰਡੇ ਖੜ੍ਹੇ ਕਰਨ ਵਾਲੇ ਹਨ। ਇਨ੍ਹਾਂ ਨੂੰ ਪੜ੍ਹਦਿਆਂ ਪਾਠਕ ਦੀ ਸੋਚ ਸੁੰਨ ਹੋ ਜਾਂਦੀ ਹੈ। ਲੇਖਕ ਨੇ ਇਨ੍ਹਾਂ ਦਿਲ ਵਲੂੰਧਰ ਦੇਣ ਵਾਲੀਆਂ ਘਟਨਾਵਾਂ ਦਾ ਚਿਤਰਣ ਕਰਦਿਆਂ, ਉਸ ਸਮੇਂ ਦਾ ਦਹਿਸ਼ਤੀ ਮਾਹੌਲ, ਅਫ਼ਵਾਹਾਂ ਦਾ ਬਾਜ਼ਾਰ, ਧਾਰਮਿਕ ਕੱਟੜਤਾ, ਫ਼ਿਰਕੂ ਉਨਮਾਦ, ਇਸ ਫ਼ਿਰਕੂ ਅੱਗ ਵਿਚ ਘਿਉ ਪਾਉਂਦੇ ਮੌਕਾਪ੍ਰਸਤ ਅਤੇ ਇਸ ਨੂੰ ਬੁਝਾਉਣ ਲਈ ਏਕਤਾ ਦੀ ਮਸ਼ਾਲ ਲੈ ਕੇ ਤੁਰੇ ਲੋਕਾਂ ਦਾ ਵੀ ਵਰਣਨ ਕੀਤਾ ਹੈ। ਇਹ ਨਾਵਲ ਖ਼ਾਸ ਕਰ ਕੇ ਨਵੀਂ ਪੀੜ੍ਹੀ ਨੂੰ 47 ਦੀ ਵੰਡ ਦੇ ਮੂਲ ਕਾਰਨਾਂ, ਇਸ ਲਈ ਜ਼ਿੰਮੇਦਾਰ ਲੀਡਰਾਂ ਦਾ ਸੁਆਰਥੀਪਣ ਆਦਿ ਕਈ ਮਹੱਤਵਪੂਰਨ ਨੁਕਤਿਆਂ 'ਤੇ ਪੰਛੀ-ਝਾਤ ਪੁਆਉਂਦਾ ਹੈ। ਕਥਾਨਕ ਮੁਤਾਬਿਕ ਭਾਰਤੀ ਪੰਜਾਬ ਨੂੰ ਛੱਡ ਕੇ ਜਾ ਰਹੇ ਨੂਰ ਮੁਹੰਮਦ ਦੇ ਪਰਿਵਾਰ 'ਤੇ ਕੱਟੜ, ਜ਼ਰਾਇਮਪੇਸ਼ਾ ਅਤੇ ਹੋਰ ਗੁੰਡਿਆਂ ਦੇ ਹਮਲੇ ਵਿਚ ਬਚੀ ਹੋਈ ਨਜ਼ੀਰਾਂ ਕਿਸੇ ਤਰ੍ਹਾਂ ਬਚਦੀ-ਬਚਾਉਂਦੀ ਮੁੜ ਧਰਮੇ ਦੇ ਪਰਿਵਾਰ ਵਿਚ ਪੁੱਜ ਜਾਂਦੀ ਹੈ । ਫਿਰ ਧਰਮ-ਨਿਰਪੱਖ ਕਮੇਟੀ ਅਤੇ ਚੰਨਣ ਸਿੰਘ ਦੀ ਰਜ਼ਾਮੰਦੀ ਨਾਲ ਦੋ ਪ੍ਰੇਮੀਆਂ ਧਰਮੇ ਅਤੇ ਨਜ਼ੀਰਾਂ ਨੂੰ ਵਿਆਹ ਬੰਧਨ ਵਿਚ ਬੰਨ੍ਹ ਕੇ ਮੁੜ ਬਿਖੜੇ ਰਾਹਾਂ 'ਤੇ ਤੋਰ ਦਿੱਤਾ ਜਾਂਦਾ ਹੈ। ਅੰਤ ਵਿਚ ਇਹ ਪ੍ਰੇਮੀ ਜੋੜੀ ਸੰਪੂਰੇ, ਬੀਘੜ ਅਤੇ ਘੱਕਰ ਰਖਵਾਲਿਆਂ ਦੇ ਹੁੰਦਿਆਂ ਵੀ ਘਾਤ ਲਾ ਕੇ ਬੈਠੇ ਇਨਸਾਨੀਅਤ ਦੇ ਦੁਸ਼ਮਣਾਂ ਹੱਥੋਂ ਅਨਿਆਈਂ ਮੌਤ ਮਾਰੀ ਜਾਂਦੀ ਹੈ। ਨਾਵਲ ਸਰਲ ਭਾਸ਼ਾ ਅਤੇ ਕਿੱਸਾਗੋਈ ਸ਼ੈਲੀ ਰਾਹੀਂ ਸ਼ੁਰੂ ਤੋਂ ਅੰਤ ਤੀਕ ਰੌਚਕ ਬਣਿਆ ਰਹਿੰਦਾ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964