JALANDHAR WEATHER

10-05-2024

 ਵਿਦੇਸ਼ ਜਾਣ ਦੀ ਦੌੜ

ਇਕ ਸਮਾਂ ਸੀ ਜਦੋਂ ਵਿਰਲਾ-ਵਿਰਲਾ ਪਰਿਵਾਰ ਹੀ ਵਿਦੇਸ਼ ਗਿਆ ਹੁੰਦਾ ਸੀ ਪਰ ਅੱਜ ਸ਼ਾਇਦ ਹੀ ਕੋਈ ਅਜਿਹਾ ਪਰਿਵਾਰ ਹੋਵੇਗਾ ਜਿਸ ਦਾ ਕੋਈ ਵੀ ਜੀਅ ਵਿਦੇਸ਼ ਨਾ ਗਿਆ ਹੋਵੇ ਜਾਂ ਜਾਣ ਦੀ ਤਾਂਘ ਨਾ ਰੱਖਦਾ ਹੋਵੇ। ਅਸਲ ਵਿਚ ਅੱਜ ਪੰਜਾਬੀਆਂ ਲਈ ਵਿਦੇਸ਼ ਜਾਣਾ ਸ਼ੌਂਕ ਨਾਲੋਂ ਕਿਤੇ ਵੱਧ ਮਜਬੂਰੀ ਬਣ ਗਿਆ ਹੈ। ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਵਧ ਰਹੀ ਦਲਦਲ ਪੰਜਾਬੀ ਦੀ ਜਵਾਨੀ ਨੂੰ ਖ਼ਤਮ ਕਰ ਰਹੀ ਹੈ। ਸਰਕਾਰਾਂ ਵੀ ਇਨ੍ਹਾਂ ਪ੍ਰਤੀ ਬਹੁਤੀ ਗੰਭੀਰ ਨਹੀਂ ਹੈ। ਅਜਿਹੇ ਵਿਚ ਪੰਜਾਬੀ ਹੀ ਨੌਜਵਾਨੀ ਸੁਨਹਿਰੀ ਭਵਿੱਖ ਨੂੰ ਬਚਾ ਸਕਦੇ ਹਨ।

-ਗੁਰਪ੍ਰੀਤ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀਕਸ, ਵਿਦਿਆਰਥਣ, ਭਾਗ ਪਹਿਲਾ।

ਸਮਾਜ ਵਿਚ ਆ ਰਿਹਾ ਨਿਘਾਰ

ਬੀਤੇ ਦਿਨੀਂ 'ਅਜੀਤ' 'ਚ ਛਪੀ ਡਾ. ਅਮਨਪ੍ਰੀਤ ਸਿੰਘ ਬਰਾੜ ਦੀ ਰਚਨਾ ਪੜ੍ਹੀ, ਜਿਸ ਨੇ ਸਾਡੇ ਮੂਹਰੇ ਸਮਾਜ ਦੀ ਅਸਲੀ ਤਸਵੀਰ ਨੂੰ ਬਿਆਨ ਕੀਤਾ ਹੈ। ਡਾ. ਸਾਹਿਬ ਨੇ ਸੱਚ ਲਿਖਿਆ ਹੈ। ਅੱਜ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲ ਗਈ ਹੈ। ਰਿਸ਼ਤਿਆਂ ਵਿਚ ਬਹੁਤ ਵੱਡੀ ਤਬਦੀਲੀ ਆਈ। ਪਹਿਲੇ ਜ਼ਮਾਨੇ ਵਿਚ ਮੁੰਡਾ-ਕੁੜੀ ਨੂੰ ਜਾਣਦਾ ਨਹੀਂ ਸੀ, ਹੁਣ ਤਾਂ ਵਿਆਹ ਤੋਂ ਪਹਿਲਾਂ ਹੀ ਇਕੱਠੇ ਘੁੰਮਦੇ-ਫਿਰਦੇ ਹਨ, ਫਿਲਮੀ ਸ਼ੋਅ ਵੇਖੇ ਜਾਂਦੇ ਹਨ। ਇਕ-ਦੂਜੇ ਪ੍ਰਤੀ ਆਦਰ-ਸਨਮਾਨ ਜਾਂ ਇਕ-ਦੂਜੇ ਤੋਂ ਕੋਈ ਝਿਜਕ ਨਹੀਂ ਰਹਿੰਦੀ, ਇਸ ਲਈ ਥੋੜ੍ਹੀ ਜਿੰਨੀ ਵੀ ਤਰੇੜ ਪੈਣ 'ਤੇ ਰਿਸ਼ਤੇ ਗੂੜੇ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ ਜੋ ਜਲਦੀ ਤਲਾਕ ਦਾ ਰੂਪ ਧਾਰ ਜਾਂਦੇ ਹਨ। ਅੱਜ ਸਮਾਜ ਵਿਚ ਵੱਡਿਆਂ ਦਾ ਆਦਰ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਨੂੰ ਘਰਾਂ ਵਿਚ ਰਹਿਣ ਦੀ ਬਜਾਏ ਆਸ਼ਰਮ ਵਿਚ ਜੀਵਨ ਗੁਜ਼ਾਰਨਾ ਪੈਂਦਾ ਹੈ। ਅੱਜ ਦੇ ਸਮੇਂ ਵਿਚ ਭੈਣ-ਭਰਾਵਾਂ ਵਿਚ ਪਿਆਰ ਨਹੀਂ ਹੈ। ਜ਼ਮੀਨ ਦੀ ਖਾਤਰ ਭਰਾ-ਭਰਾ ਦਾ ਕਤਲ ਕਰ ਰਿਹਾ ਹੈ। ਵਿਸ਼ਵਾਸ ਅਤੇ ਪਿਆਰ ਕਿਧਰੇ ਨਜ਼ਰ ਨਹੀਂ ਆਉਂਦਾ। ਭਾਈਚਾਰਕ ਸਾਂਝ ਲੀਰੋ-ਲੀਰ ਹੋ ਗਈ। ਸਾਰਾ ਸਮਾਜ ਨਿਘਰਿਆ ਪਿਆ ਹੈ। ਸਮਾਜਿਕ ਤਾਣਾ-ਬਾਣਾ ਉਲਝਿਆ ਪਿਆ ਹੈ। ਸੋ, ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਬੁੱਧੀਜੀਵੀ ਲੋਕਾਂ ਨੂੰ ਇਸ ਪ੍ਰਤੀ ਚੇਤੰਨ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਆ ਰਹੇ ਨਿਘਾਰ ਨੂੰ ਰੋਕਿਆ ਜਾ ਸਕੇ।

-ਰਾਮ ਸਿੰਘ ਪਾਠਕ

ਚਿੰਤਾ ਦਾ ਵਿਸ਼ਾ

ਪੰਜਾਬ ਤੋਂ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿਚ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਵਿਦੇਸ਼ਾਂ ਵੱਲ ਜਾ ਰਹੀ ਹੈ। ਕਰਜ਼ੇ ਦੇ ਭਾਰ ਹੇਠ ਦੱਬੇ ਪਰਿਵਾਰ ਆਪਣੇ ਬੱਚਿਆਂ ਨੂੰ ਔਖੇ-ਸੌਖੇ ਵਿਦੇਸ਼ਾਂ ਵਿਚ ਭੇਜਦੇ ਹਨ। ਪਰ ਅਖ਼ਬਾਰਾਂ ਵਿਚ ਪੜ੍ਹ ਕੇ ਦਿਲ ਬਹੁਤ ਦੁਖੀ ਹੁੰਦਾ ਹੈ ਕਿ ਵਿਦੇਸ਼ਾਂ ਵਿਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਕਤਲ ਮਾਮਲੇ, ਨੌਜਵਾਨ ਲਾਪਤਾ, ਸੜਕ ਹਾਦਸਿਆਂ ਵਿਚ ਮੌਤਾਂ ਅਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਇਹ ਵਰਤਾਰਾ ਬਹੁਤ ਹੀ ਚਿੰਤਾਜਨਕ ਹੈ। ਪੰਜਾਬ ਤੇ ਕੇਂਦਰ ਸਰਕਾਰ ਨੂੰ ਇਸ ਦੇ ਪਿੱਛੇ ਦੇ ਅਸਲ ਕਾਰਨਾਂ ਦੀ ਘੋਖ ਕਰਨੀ ਚਾਹੀਦੀ ਹੈ ਅਤੇ ਜੇਕਰ ਇਸ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਲਵਪ੍ਰੀਤ ਕੌਰ

ਪੁਸਤਕਾਂ ਦੀ ਅਹਿਮੀਅਤ

ਬੀਤੇ ਦਿਨੀਂ ਵਿਸ਼ਵ ਪੁਸਤਕ ਦਿਵਸ 'ਤੇ ਮੈਨੂੰ ਇਕ ਲੇਖ ਪੜ੍ਹਨ ਦਾ ਮੌਕਾ ਮਿਲਿਆ ਜੋ ਕਿ ਸਾਰੇ ਪੱਖਾਂ ਤੋਂ ਬਹੁਤ ਹੀ ਵਧੀਆ ਸੀ। ਪੁਸਤਕਾਂ ਸਾਡੇ ਜੀਵਨ ਵਿਚ ਬਹੁਤ ਹੀ ਅਹਿਮ ਰੋਲ ਅਦਾ ਕਰਦੀਆਂ ਹਨ ਜੋ ਗਿਆਨ ਸਾਨੂੰ ਕਿਤਾਬਾਂ ਤੋਂ ਪ੍ਰਾਪਤ ਹੁੰਦਾ ਹੈ, ਉਹ ਇੰਟਰਨੈੱਟ ਜਾਂ ਹੋਰ ਕਿਤੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਗੱਲ ਬਿਲਕੁਲ ਸੱਚ ਹੈ। ਜੇਕਰ ਥਾਣੇ-ਕਚਹਿਰੀਆਂ ਦੀ ਜਗ੍ਹਾ ਲਾਇਬ੍ਰੇਰੀਆਂ ਵਧੇਰੇ ਹੋਣਗੀਆਂ ਤਾਂ ਸਾਡੇ ਸਮਾਜ ਵਿਚੋਂ ਅਪਰਾਧਿਕ ਮਾਮਲੇ ਘੱਟ ਹੋ ਜਾਣਗੇ ਅਤੇ ਸਾਡੇ ਬੱਚੇ ਕਿਤਾਬਾਂ ਨਾਲ ਜੁੜ ਜਾਣਗੇ ਅਤੇ ਸਾਡਾ ਸਮਾਜ ਪੜ੍ਹਿਆ ਲਿਖਿਆ ਹੋ ਜਾਵੇਗਾ।

-ਬਲਜੀਤ ਕੌਰ
ਲਾਇਬ੍ਰੇਰੀਅਨ (ਰਾਏਕੋਟ)

ਪ੍ਰੈੱਸ ਦੀ ਆਜ਼ਾਦੀ

ਸ਼ੁੱਕਰਵਾਰ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਪ੍ਰੋਫ਼ੈਸਰ ਅਭੈ ਕੁਮਾਰ ਦੂਬੇ ਵਲੋਂ ਲਿਖੇ ਲੇਖ਼ 'ਮੀਡੀਆ ਦੇ ਵੱਡੇ ਹਿੱਸੇ ਨੇ ਆਲੋਚਨਾ ਦਾ ਅਧਿਕਾਰ ਛੱਡਿਆ' ਪੜ੍ਹਿਆ, ਜੋ ਕਿ 3 ਮਈ ਨੂੰ ਹਰ ਸਾਲ ਮਨਾਏ ਜਾਣ ਵਾਲੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਸੰਬੰਧੀ ਸੀ। ਲੇਖ ਪੜ੍ਹ ਕੇ ਪਤਾ ਲੱਗਿਆ ਕਿ ਪ੍ਰੈੱਸ ਦੀ ਆਜ਼ਾਦੀ ਸੰਬੰਧੀ ਜਾਰੀ ਕੀਤੀ ਜਾਂਦੀ ਦੇਸ਼ਾਂ ਦੀ ਸੂਚੀ 'ਚ ਭਾਰਤ ਦੇਸ਼ 2023 ਦੀ ਰਿਪੋਰਟ ਅਨੁਸਾਰ 180 ਦੇਸ਼ਾਂ 'ਚੋਂ 161 ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦੋਂ ਕਿ ਉਹ ਸਾਲ 2002 'ਚ 180 ਦੇਸ਼ਾਂ 'ਚੋਂ 80ਵੇਂ ਸਥਾਨ 'ਤੇ ਸੀ। ਭਾਰਤ 'ਚ ਪ੍ਰੈੱਸ ਦੀ ਆਜ਼ਾਦੀ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਭਾਰਤ 'ਚ ਪੱਤਰਕਾਰਾਂ ਦੀ ਆਜ਼ਾਦੀ ਨੂੰ ਸੀਮਤ ਕਰਨ 'ਚ ਸੱਤਾਧਾਰੀ ਪਾਰਟੀਆਂ ਵਲੋਂ ਪੱਤਰਕਾਰਾਂ 'ਤੇ ਦਬਾਅ ਬਣਾਉਣਾ, ਪੁਲਿਸ ਦੀ ਪੱਤਰਕਾਰਾਂ ਵਿਰੋਧੀ ਹਿੰਸਾ, ਵੱਖ-ਵੱਖ ਰਾਜਨੀਤਕ ਵਿਚਾਰਧਾਰਾਂ ਦੇ ਸਮਰਥਕਾਂ ਵਲੋਂ ਕੀਤੇ ਜਾਣ ਵਾਲੇ ਹਮਲੇ, ਅਪਰਾਧੀ ਗਰੋਹਾਂ ਦੀ ਹਿੰਸਾ ਆਦਿ ਬਹੁਤ ਸਾਰੇ ਕਾਰਨ ਹਨ। ਮੀਡੀਆ ਦੀ ਬਹੁਤ ਜ਼ਿਆਦਾ ਪੂੰਜੀ-ਇਕਾਗਰਤਾ ਅਤੇ ਨਵੀਂ ਤਕਨੀਕ ਨਿਰਭਰਤਾ ਕਾਰਨ ਦੁਨੀਆ 'ਚ ਲੇਖ਼ਕ ਪੱਤਰਕਾਰ ਦੀ ਹੈਸੀਅਤ ਨੂੰ ਘਟਾਉਣ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਪ੍ਰਿੰਟ ਮੀਡੀਆ 'ਚ ਅਜੇ ਵੀ ਚੰਗੇ ਲੇਖ਼ਕ ਪੱਤਰਕਾਰਾਂ ਦਾ ਬੋਲਬਾਲਾ ਹੈ ਪਰ ਅੱਜ ਦੇ ਨਵੇਂ ਮਾਹੌਲ 'ਚ ਮੀਡੀਆ ਸਰਕਾਰ ਦੇ ਪੱਖ 'ਚ ਬੋਲਣ-ਲਿਖ਼ਣ ਨੂੰ ਸਮਰਪਿਤ ਦਿਖਾਈ ਦਿੰਦਾ ਹੈ। ਭਾਵੇਂ ਕਿ ਦੇਸ਼ 'ਚ ਤਕਨੀਕੀ ਤੌਰ 'ਤੇ ਪ੍ਰੈੱਸ ਆਜ਼ਾਦ ਹੈ, ਪਰ ਉਸ ਨੇ ਆਲੋਚਨਾ ਕਰਨ ਦੇ ਅਧਿਕਾਰ ਨਾਲੋਂ ਖ਼ੁਦ ਨੂੰ ਵਾਂਝਾ ਕਰ ਲਿਆ ਹੈ।

-ਇੰਜੀ : ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।