JALANDHAR WEATHER

14-05-2024

 ਸੰਗੀਤ ਦਾ ਸਿਹਤਮੰਦ ਹੋਣਾ ਜ਼ਰੂਰੀ

ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਗਿਆ ਹੈ ਅਤੇ ਸਿਹਤ ਮਾਹਿਰ ਇਸ ਨੂੰ ਤਣਾਅ ਘਟਾਉਣ ਦਾ ਬਿਹਤਰ ਜ਼ਰੀਆ ਮੰਨਦੇ ਹਨ। ਲੋਕ ਗੀਤ ਲੋਕ ਮਨਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਵਰਤਮਾਨ ਹਾਲਾਤ ਨੂੰ ਸ਼ਾਬਦਿਕ ਬੰਧਨਾਂ 'ਚ ਬੰਨ੍ਹਦੇ ਹਨ। ਅਜੋਕੀ ਪੰਜਾਬੀ ਗਾਇਕੀ ਮਾਰਧਾੜ, ਰੁਮਾਂਸਵਾਦ ਅਤੇ ਜੱਟਵਾਦ ਦੇ ਸੀਮਤ ਦਾਇਰੇ 'ਚ ਸੁੰਗੜ ਕੇ ਰਹਿ ਗਈ ਹੈ। ਇਹ ਗਾਇਕੀ ਰੂਹ ਦੇ ਸਕੂਨ ਤੋਂ ਕੋਹਾਂ ਦੂਰ ਹੈ। ਮਨੋਰੰਜਨ ਦੇ ਨਾਂਅ 'ਤੇ ਨੰਗੇਜ਼ ਅਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਪੰਜਾਬੀ ਦਾ ਸ਼ਾਬਦਿਕ ਵਿਗਾੜ ਹੱਦ ਤੋਂ ਜ਼ਿਆਦਾ ਹੋ ਰਿਹਾ ਹੈ। ਇਹ ਮੰਦਭਾਗਾ ਰੁਝਾਨ ਜਵਾਨੀ ਨੂੰ ਕੁਰਾਹੇ ਪਾਉਣ 'ਚ ਬਰਾਬਰ ਦਾ ਜ਼ਿੰਮੇਵਾਰ ਹੈ। ਇਸ ਤਰ੍ਹਾਂ ਅਜੋਕਾ ਪੰਜਾਬੀ ਗੀਤ ਸੰਗੀਤ ਸਿਹਤਮੰਦ ਮਨੋਰੰਜਨ ਦੇਣ ਅਤੇ ਸੇਧਗਾਰ ਬਣਨ ਦੀ ਬਜਾਇ ਵਪਾਰੀਕਰਨ ਦੀ ਹਨੇਰੀ 'ਚ ਰੁਲ ਗਿਆ ਹੈ। ਇਸ ਨਿਘਾਰ ਨੂੰ ਰੋਕਣ ਲਈ ਸੈਂਸਰਸ਼ਿਪ ਹੋਣੀ ਜ਼ਰੂਰੀ ਹੈ। ਇਸ ਲਈ ਇਹ ਲਾਜ਼ਮੀ ਹੈ ਗਾਇਕੀ ਮਨੋਰੰਜਨ ਦੇ ਨਾਲ ਸੇਧਗਾਰ ਵੀ ਹੋਵੇ ਤਾਂ ਹੀ ਸਮਾਜ ਅਤੇ ਜਵਾਨੀ ਦਾ ਭਲਾ ਸੰਭਵ ਹੈ।

-ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖ਼ਤੂ
ਤਹਿ. ਤੇ ਜ਼ਿਲ੍ਹਾ ਬਠਿੰਡਾ।

ਕੋਰੋਨਾ ਟੀਕੇ ਦਾ ਸਹਿਮ

ਸਾਡੇ ਸਿਆਣੇ ਇਕ ਕਹਾਵਤ ਦੱਸਦੇ ਹੁੰਦੇ ਸਨ ਕਿ ਕਿਸੇ ਵਿਅਕਤੀ ਦੇ ਸੱਪ ਡਸ ਗਿਆ, ਪਰ ਉਸ ਨੂੰ ਪਤਾ ਨਹੀਂ ਲੱਗਿਆ। ਉਹ ਆਪਣੇ ਕੰਮ ਲਈ ਚਲਾ ਗਿਆ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਜਦੋਂ ਵਾਪਸ ਰਸਤੇ 'ਚ ਆ ਰਿਹਾ ਸੀ ਤਾਂ ਉਸ ਨੂੰ ਸਾਥੀਆਂ ਨੇ ਸੱਪ ਡੱਸਣ ਦੀ ਗੱਲ ਦੱਸੀ। ਉਹ ਵਿਅਕਤੀ ਘਬਰਾ ਕੇ ਡਿੱਗ ਗਿਆ ਤੇ ਮਰ ਗਿਆ। ਮੈਡੀਕਲ ਮਾਹਿਰਾਂ ਮੁਤਾਬਿਕ ਜ਼ਿਆਦਾਤਰ ਲੋਕ ਸੱਪ ਡੱਸਣ ਕਰਕੇ ਫੈਲੇ ਜ਼ਹਿਰ ਨਾਲ ਨਹੀਂ, ਸਗੋਂ ਸੱਪ ਦੇ ਡਰ ਨਾਲ ਮਰਦੇ ਹਨ।
ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਸਰਕਾਰ ਨੇ ਬਾਇਓਟੈੱਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਆਫ਼ 'ਇੰਡੀਆ' ਦੀ ਕੋਵੀਸ਼ੀਲਡ ਦੇ ਟੀਕੇ ਜਨਤਾ ਦੇ ਲਗਵਾਏ ਸਨ। ਉਸ ਸਮੇਂ ਇਨ੍ਹਾਂ ਟੀਕਿਆਂ ਬਾਰੇ ਬਹੁਤ ਸਾਰੇ ਵਾਦ-ਵਿਵਾਦ ਹੋਏ ਸਨ, ਜੋ ਕਿ ਹੁਣ ਸਹੀ ਸਾਬਿਤ ਹੁੰਦੇ ਦਿਖਾਈ ਦੇਣ ਲੱਗੇ ਹਨ। ਹੁਣ ਪਹਿਲੀ ਵਾਰ ਕੰਪਨੀ ਨੇ ਯੂ.ਕੇ. ਦੀ ਇਕ ਅਦਾਲਤ 'ਚ ਕੋਵਿਡ-19 ਵੈਕਸੀਨ ਨਾਲ ਖ਼ੂਨ ਜੰਮਣ ਅਤੇ ਹੋਰ ਦੁਰਪ੍ਰਭਾਵਾਂ ਬਾਰੇ ਮੰਨਿਆ ਹੈ। ਉਸ ਨੇ ਮੰਨਿਆ ਹੈ ਕਿ ਟੀਕੇ ਲਗਾਉਣ ਵਾਲੇ ਲੋਕਾਂ 'ਚੋਂ ਕੁਝ ਮਾਮਲਿਆਂ 'ਚ ਖ਼ੂਨ ਦੇ ਥੱਕੇ ਜੰਮਣ ਅਤੇ ਦਿਲ ਦੀਆਂ ਬਿਮਾਰੀਆਂ ਬਾਰੇ ਪਤਾ ਲੱਗਾ ਹੈ। ਹੁਣ ਇਸ ਚਰਚਾ ਤੋਂ ਬਾਅਦ ਲੋਕਾਂ ਦੀ ਹਾਲਤ ਸੱਪ ਡੱਸਣ ਵਾਲੇ ਵਿਅਕਤੀ ਵਰਗੀ ਹੋ ਗਈ ਹੈ, ਜਿਸ ਕਿਸੇ ਨੇ ਵੀ ਟੀਕਾ ਲਗਵਾਇਆ ਸੀ, ਉਨ੍ਹਾਂ ਦੀ ਹਾਲਤ ਹਨੇਰੇ 'ਚ ਭਟਕੇ ਪੰਛੀ ਵਰਗੀ ਹੋਈ ਪਈ ਹੈ। ਜੇ ਅਦਾਲਤੀ ਖ਼ਬਰ ਬਾਹਰ ਨਾ ਆਉਂਦੀ ਤਾਂ ਕੋਰੋਨਾ ਤੇ ਟੀਕਾ ਭੁੱਲ ਚੁੱਕਿਆ ਸੀ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਤੀਜੇ ਵਿਸ਼ਵ ਯੁੱਧ ਦੇ ਸੰਕੇਤ

ਰੂਸ ਅਤੇ ਯੂਕਰੇਨ ਦੀ ਜੰਗ ਚੱਲ ਰਹੀ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਇਸ ਦੌਰਾਨ ਦੋਵੇਂ ਦੇਸ਼ਾਂ ਦਾ ਜੋ ਨੁਕਸਾਨ ਹੋਇਆ ਉਸ ਤੋਂ ਕਿਤੇ ਜ਼ਿਆਦਾ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੀ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਉਪਰਾਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ। ਇਸ ਜੰਗ ਨੇ ਪਤਾ ਨਹੀਂ ਕਿੰਨੀਆਂ ਮਾਸੂਮ ਜਾਨਾਂ ਲਈਆਂ। ਆਪਣੇ ਨਿੱਜੀ ਫਾਇਦਿਆਂ ਲਈ ਅਮਰੀਕਾ ਤੇ ਚੀਨ ਵਰਗੇ ਕੁਝ ਦੇਸ਼ਾਂ ਵਲੋਂ ਇਸ ਨੂੰ ਰੋਕਣ ਦੀ ਬਜਾਏ ਸਿਆਸੀ ਹਵਾ ਦਿੱਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਹਥਿਆਰ ਵਿਕਦੇ ਰਹਿਣ ਅਤੇ ਆਪਣੀਆਂ ਜੇਬਾਂ ਭਰਦੇ ਰਹਿਣ। ਇਹ ਮਨੁੱਖ ਦੀ ਸੌੜੀ ਸੋਚ ਦਾ ਹੀ ਨਤੀਜਾ ਹੈ ਕਿ ਆਪਣੇ ਨਿੱਜੀ ਲਾਭ ਲਈ ਮਨੁੱਖ ਹੁਣ ਬੇਕਸੂਰ ਲੋਕਾਂ ਦੀਆਂ ਜਾਨਾਂ ਦਾ ਸੌਦਾਗਰ ਬਣ ਗਿਆ ਹੈ। ਇਹ ਜੰਗ ਇਸ ਤਰ੍ਹਾਂ ਹੀ ਜਾਰੀ ਹੈ ਹੋਰ ਪਤਾ ਨਹੀਂ ਕਿੰਨਾ ਸਮਾਂ ਚੱਲੇਗੀ ਪਰੰਤੂ ਜੇਕਰ ਇਹ ਜੰਗ ਸਮਾਂ ਰਹਿੰਦੇ ਨਾ ਰੁਕੀ ਤਾਂ ਤੀਜਾ ਵਿਸ਼ਵ ਯੁੱਧ ਬਹੁਤ ਜਲਦ ਹੋਣਾ ਤੈਅ ਹੈ। ਸੰਯੁਕਤ ਰਾਸ਼ਟਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇਸ ਮਸਲੇ ਨੂੰ ਸੰਜੀਦਗੀ ਨਾਲ ਮੈਂਬਰ ਦੇਸ਼ਾਂ ਅੱਗੇ ਰੱਖ ਕੇ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਵਿਸ਼ਵ ਸ਼ਾਂਤੀ ਵੱਲ ਕਦਮ ਪੁੱਟਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਮੋਬਾਈਲ ਫੋਨ ਦੀ ਵਧ ਰਹੀ ਵਰਤੋਂ

ਮੋਬਾਈਲ ਫੋਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਕੀਤਾ ਹੈ ਅਤੇ ਇਸ ਦੇ ਬਹੁਤ ਸਾਰੇ ਲਾਭ ਵੀ ਹਨ। ਪਰ ਮੋਬਾਈਲ ਫੋਨ ਦੀਆਂ ਬਹੁਤ ਸਾਰੀਆਂ ਹਾਨੀਆਂ ਵੀ ਹਨ, ਜਿਸ ਕਰਕੇ ਮਨੁੱਖ ਦਾ ਆਪਸੀ ਮੇਲ-ਮਿਲਾਪ ਘਟ ਗਿਆ ਹੈ। ਆਪਣੇ ਪਰਿਵਾਰ ਦੇ ਨਾਲ ਬੈਠੇ ਹੋਣ ਦੇ ਬਾਵਜੂਦ ਜਾਂ ਉਨ੍ਹਾਂ ਨਾਲ ਆਪਸੀ ਸੰਚਾਰ ਕਰਨ ਦੀ ਬਜਾਏ ਆਪਣਾ ਸਮਾਂ ਫ਼ੋਨ 'ਤੇ ਬਤੀਤ ਕਰਦੇ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਹੁਤ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਲੱਗ ਜਾਂਦੇ ਹਨ, ਜਿਸ ਵਿਚ ਸਭ ਤੋਂ ਖਤਰਨਾਕ ਹੈ 'ਡਿਪਰੈਸ਼ਨ।' ਇਸ ਰੋਗ ਵਿਚ ਵਿਅਕਤੀ ਬਹੁਤ ਇਕੱਲਾਪਣ ਮਹਿਸੂਸ ਕਰਦਾ ਹੈ ਅਤੇ ਆਪਣੀ ਸੋਚਣ ਸ਼ਕਤੀ ਨੂੰ ਗਵਾ ਦਿੰਦਾ ਹੈ। ਫ਼ੋਨ ਦੀ ਵਰਤੋਂ ਕਾਰਨ ਜੁਰਮਾਂ ਦੀ ਦਰ ਵਿਚ ਵੀ ਵਾਧਾ ਹੋਇਆ ਹੈ, ਜਿਨ੍ਹਾਂ ਵਿਚ ਸਾਈਬਰ ਕ੍ਰਾਈਮ ਬਹੁਤ ਚਰਚਿਤ ਹੈ।
ਮੋਬਾਈਲ 'ਤੇ ਇਕ ਓ.ਟੀ.ਪੀ. ਆਉਣ ਨਾਲ ਅਤੇ ਜਦੋਂ ਅਸੀਂ ਉਸ ਨੂੰ ਜਨਰੇਟ ਕਰਦੇ ਹਾਂ ਤਾਂ ਸਾਡਾ ਸਾਰਾ ਧਨ ਕਿਸੇ ਗਲਤ ਹੱਥ ਵਿਚ ਚਲਾ ਜਾਂਦਾ ਹੈ। ਬੱਚਿਆਂ 'ਤੇ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਹੈ। ਪੜ੍ਹਾਈ ਅਤੇ ਸਰੀਰਕ ਵਾਧੇ ਵਿਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਨੂੰ ਹਰ ਇਕ ਚੀਜ਼ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ।

-ਸਿਮਰਨਦੀਪ ਕੌਰ
ਵਿਦਿਆਰਥੀ ਬੀ.ਵੋਕ. (ਜੇ.ਐਮ.ਟੀ.) ਭਾਗ ਪਹਿਲਾ
ਐਸ.ਡੀ. ਕਾਲਜ, ਬਰਨਾਲਾ।