JALANDHAR WEATHER

20-05-2024

 ਕਿਤਾਬਾਂ ਦੀ ਅਹਿਮੀਅਤ
ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ, ਜੋ ਹਮੇਸ਼ਾ ਜਾਣਕਾਰੀ ਦਿੰਦੀਆਂ ਹਨ। ਹਰ ਕਿਸਮ ਦੀ ਕਿਤਾਬ ਤੋਂ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲਦੀ ਹੈ ਅਤੇ ਇਹ ਸਮਾਂ ਬਿਤਾਉਣ ਦਾ ਵਧੀਆ ਸਾਧਨ ਹਨ। ਪਰ ਅੱਜ ਦੇ ਸਮੇਂ ਵਿਚ ਮਨੁੱਖੀ ਦਿਲਚਸਪੀ ਕਿਤਾਬਾਂ ਪੜ੍ਹਨ ਵੱਲ ਨਾ ਹੋ ਕੇ ਹੋਰ ਗਤੀਵਿਧੀਆਂ ਵਿਚ ਵਧਦੀ ਜਾ ਰਹੀ ਹੈ। ਮਨੁੱਖ ਮਨੋਰੰਜਨ ਲਈ ਸੋਸ਼ਲ ਮੀਡੀਆ, ਟੀ.ਵੀ. ਅਤੇ ਆਨਲਾਈਨ ਪਲੇਟਫਾਰਮਾਂ ਦੀ ਜ਼ਿਆਦਾ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਉਹ ਕਿਤਾਬਾਂ ਪੜ੍ਹਨ ਨੂੰ ਤਰਜੀਹ ਨਹੀਂ ਦਿੰਦਾ। ਜਦਕਿ ਕਿਤਾਬਾਂ ਸਭ ਦੀ ਜ਼ਿੰਦਗੀ ਵਿਚ ਬਹੁਤ ਮਹੱਤਤਾ ਰੱਖਦੀਆਂ ਹਨ। ਨਾਵਲ, ਜੀਵਨੀਆਂ ਅਤੇ ਕਹਾਣੀਆਂ ਮਨੁੱਖ ਨੂੰ ਜ਼ਿੰਦਗੀ ਦੀਆਂ ਸੱਚਾਈਆਂ ਤੋਂ ਜਾਣੂ ਕਰਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੇ ਦਿਮਾਗ਼ ਵਿਚ ਬਹੁਤ ਸਾਰੇ ਵਿਚਾਰ ਪੈਦਾ ਹੁੰਦੇ ਹਨ। ਕਿਤਾਬਾਂ ਮਨੁੱਖ ਦੀ ਸੋਚਣ ਸ਼ਕਤੀ ਨੂੰ ਵਧਾਉਂਦੀਆਂ ਹਨ। ਮਨੁੱਖ ਨੂੰ ਹੋਰਨਾਂ ਗ਼ਲਤ ਪ੍ਰਕਿਰਿਆਵਾਂ ਨੂੰ ਛੱਡ ਕੇ ਕਿਤਾਬਾਂ ਪੜ੍ਹਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।


-ਸਿਮਰਨਦੀਪ ਕੌਰ
ਵਿਦਿਆਰਥੀ ਬੀ.ਵਾਕ. (ਜੇ.ਐਮ.ਟੀ.) ਭਾਗ ਪਹਿਲਾ
ਐਸ.ਡੀ. ਕਾਲਜ, ਬਰਨਾਲਾ।


ਮਿਲਾਵਟਖ਼ੋਰਾਂ 'ਤੇ ਸ਼ਿਕੰਜਾ
ਪਿਛਲੇ ਦਿਨੀਂ ਪਟਿਆਲਾ ਵਿਚ ਕੇਕ ਖਾਣ ਨਾਲ ਇਕ ਬੱਚੀ ਦੀ ਮੌਤ ਹੋਣ ਦੀ ਖ਼ਬਰ ਅਜੇ ਭੁੱਲੀ ਨਹੀਂ ਸੀ ਕਿ ਉਸ ਤੋਂ ਬਾਅਦ ਮਿਆਦ ਪੁੱਗ ਚੁੱਕੀ ਚਾਕਲੇਟ ਖਾਣ ਨਾਲ ਦੋ ਬੱਚੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਜਦੋਂ ਹਾਦਸਾ ਵਾਪਰ ਚੁੱਕਿਆ ਹੈ ਤਾਂ ਪ੍ਰਸ਼ਾਸਨ ਦੀ ਵੀ ਅੱਖ ਖੁੱਲ੍ਹ ਚੁੱਕੀ ਹੈ, ਛਾਪੇਮਾਰੀ ਕਰ ਕੇ ਮਿਆਦ ਪੁੱਗ ਚੁੱਕੀਆਂ ਵਸਤਾਂ ਜ਼ਬਤ ਕਰ ਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ। ਇਹ ਅਕਸਰ ਦੇਖਣ ਵਿਚ ਆਇਆ ਹੈ ਕਿ ਪ੍ਰਸ਼ਾਸਨ ਉਦੋਂ ਜਾਗਦਾ ਹੈ, ਜਦੋਂ ਹਾਦਸਾ ਵਾਪਰ ਚੁੱਕਿਆ ਹੁੰਦਾ ਹੈ, ਉਸ ਤੋਂ ਪਹਿਲਾਂ ਉਹ ਕੋਈ ਪ੍ਰਵਾਹ ਨਹੀਂ ਕਰਦਾ। ਇਹੀ ਕਾਰਨ ਹੈ ਕਿ ਹਾਦਸੇ ਵਾਰ-ਵਾਰ ਵਾਪਰਦੇ ਰਹਿੰਦੇ ਹਨ। ਵਸਤਾਂ ਦੀ ਖ਼ਰੀਦ ਸਮੇਂ ਜਿਥੇ ਵਸਤਾਂ ਦੀ ਕੀਮਤ, ਬਣਨ ਅਤੇ ਮਿਆਦ ਖ਼ਤਮ ਹੋਣ ਦੀ ਮਿਤੀ ਦੀ ਜਾਂਚ ਕਰਨੀ ਚਾਹੀਦੀ ਹੈ ਉੱਥੇ ਵਿਕਰੇਤਾ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਲਾਲਚ ਛੱਡ ਕੇ ਮਿਆਦ ਪੁੱਗ ਚੁੱਕੀਆਂ ਵਸਤਾਂ ਨੂੰ ਸਮੇਂ-ਸਮੇਂ 'ਤੇ ਬਾਹਰ ਕੱਢਦਾ ਰਹੇ। ਫੂਡ ਸੇਫ਼ਟੀ ਵਿਭਾਗ ਨੂੰ ਵੀ ਸਮੇਂ-ਸਮੇਂ 'ਤੇ ਅਜਿਹੀ ਜਾਂਚ ਨਿਰੰਤਰ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸੇ ਵਾਰ-ਵਾਰ ਵਾਪਰਨ ਤੋਂ ਰੋਕਿਆ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ।


ਬਦਲਦੇ ਸਮੀਕਰਨ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਪ੍ਰੋਫ਼ੈਸਰ ਕੁਲਬੀਰ ਸਿੰਘ ਦਾ ਲੇਖ ਪੜ੍ਹਿਆ ਤੇ ਸਮਝਿਆ ਕਿ ਤੇਜ਼ੀ ਨਾਲ ਬਦਲਦੇ ਯੁੱਗ ਵਿਚ ਮਨੁੱਖ ਮਾਨਸਿਕ ਤੌਰ 'ਤੇ ਕਿੰਨਾ ਉਲਝ ਕੇ ਰਹਿ ਗਿਆ ਹੈ। ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਬੇਸ਼ੱਕ ਕੁਲ ਦੁਨੀਆ ਬੰਦੇ ਦੀ ਜ਼ੇਬ ਵਿਚ ਪਾ ਦਿੱਤੀ ਹੈ ਪਰ ਇਸ ਦੇ ਉਸਾਰੂ ਪ੍ਰਭਾਵ ਘੱਟ ਤੇ ਨੁਕਸਾਨ ਜ਼ਿਆਦਾ ਹਨ। ਮੱਲੋਮੱਲੀ ਲੋਕ ਵਟਸਐਪ, ਮੈਸੇਂਜਰ, ਫੇਸਬੁੱਕ ਆਦਿ ਦੇ ਜ਼ਰੀਏ ਵਿਹੜੇ ਵਿਚ ਆਣ ਵੜਦੇ ਹਨ ਤੇ ਬਿਨ ਮਤਲਬ ਹੀ ਗਿਆਨ ਦੀ ਵਰਖਾ ਕਰ ਜਾਂਦੇ ਹਨ। ਮਨੁੱਖੀ ਚੇਤਨਾ ਦਾ ਟਿਕਾਅ ਖੰਡਿਤ ਹੋ ਕੇ ਪ੍ਰੇਸ਼ਾਨ ਵਾਯੂਮੰਡਲ ਵਿਚ ਤਬਦੀਲ ਹੋ ਰਿਹਾ ਹੈ। ਆਧੁਨਿਕ ਯੁੱਗ ਦੀ ਇਹ ਤਕਨੀਕ ਮਾਨਸਿਕ ਰੋਗ ਬਣ ਕੇ ਚਿੰਬੜ ਗਈ ਹੈ, ਜਿਸ ਤੋਂ ਮੁਕਤੀ ਦਾ ਰਾਹ ਲੱਭਣਾ ਕਠਿਨ ਹੋ ਗਿਆ ਹੈ। ਅਣਚਾਹੀ ਸਮੱਗਰੀ ਨੂੰ ਸਾਫ਼ ਕਰਨਾ ਔਖਾ ਹੋ ਗਿਆ ਹੈ। ਕਈ ਲੋਕ ਖ਼ੁਦ ਹੁਕਮਨਾਮੇ ਨਹੀਂ ਪੜਦੇ ਪਰ ਵੰਡਣ ਦੀ ਸੇਵਾ ਬੜੀ ਕਰਦੇ ਹਨ।
ਆਓ, ਇਸ ਦੀ ਵਰਤੋਂ ਲੋੜ ਅਨੁਸਾਰ ਕਰ ਕੇ ਬਚਦਾ ਸਮਾਂ ਆਪਣੇ ਲਈ ਅਤੇ ਸਮਾਜ ਸੇਵਾ ਦੇ ਕਾਰਜਾਂ ਹਿੱਤ ਲਾਈਏ।


-ਗਿਆਨੀ ਜੋਗਾ ਸਿੰਘ ਕਵੀਸ਼ਰ,
ਭਾਗੋਵਾਲੀਆ, ਗੁਰਦਾਸਪੁਰ।


ਵਾਤਾਵਰਣ ਦੀ ਸੁਰੱਖਿਆ
ਪਿਛਲੇ ਦਿਨੀਂ 'ਅਜੀਤ' ਵਿਚ ਮੈਡਮ ਗੁਰਜੋਤ ਕੌਰ ਜੀ ਨੇ 'ਵਾਤਾਵਰਣ ਦੀ ਸੁਰੱਖਿਆ ਅਤੇ ਔਰਤਾਂ ਦੀ ਜ਼ਿੰਮੇਵਾਰੀ' ਬੜੇ ਸੁਚੱਜੇ ਢੰਗ ਨਾਲ ਔਰਤਾਂ ਨੂੰ ਸੁਨੇਹੇ ਦੇ ਰੂਪ 'ਚ ਲਿਖਿਆ। ਪਰ ਦੁਖ ਦੀ ਗੱਲ ਹੈ ਕਿ ਮਨੁੱਖ ਵਾਤਾਵਰਣ ਦੀ ਸਫ਼ਾਈ ਨੂੰ ਅਣਗੌਲਿਆਂ ਕਰੀ ਜਾ ਰਿਹਾ ਹੈ। ਇੰਨਾ ਜ਼ਰੂਰ ਹੈ ਕਿ ਪੌਦੇ ਲਗਾਉਣ ਵੇਲੇ ਫੋਟੋਆਂ ਖਿਚਵਾਉਣ ਦੀ ਹਰ ਇਕ ਨੂੰ ਲਾਲਸਾ ਪੈਦਾ ਹੋ ਜਾਂਦੀ ਹੈ, ਪਰ ਬਾਅਦ ਵਿਚ ਉਨ੍ਹਾਂ ਬੂਟਿਆਂ ਨੂੰ ਨਾ ਪਾਣੀ, ਨਾ ਡੰਗਰਾਂ ਦੇ ਖਾਣ ਤੋਂ ਬਚਾਅ ਕੀਤਾ ਜਾਂਦਾ ਹੈ। ਅਸੀਂ ਖ਼ੁਦ 'ਅਜੀਤ' ਵਲੋਂ ਭੇਜੇ ਗਿਆਰਾਂ ਸੌ ਤੋਂ ਵਧ ਬੂਟੇ ਲਗਾਏ ਅਤੇ ਵੰਡੇ ਸਨ, ਪਰ ਉਹ ਆਵਾਰਾ ਪਸ਼ੂਆਂ ਤੋਂ ਨਹੀਂ ਬਚ ਸਕੇ। ਸੋ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਵੀ ਬੂਟੇ ਲਗਾਓ, ਉਸ ਦੀ ਦੇਖਭਾਲ ਵੀ ਜ਼ਰੂਰ ਕਰੋ।


-ਭੋਲਾ ਨੂਰਪੁਰਾ।


ਸੁਰਜੀਤ ਪਾਤਰ ਨੂੰ ਸ਼ਰਧਾਂਜਲੀ
ਸੁਰਜੀਤ ਤਾਂ ਸੁਰਜੀਤ ਹੈ, ਜੋ ਸੁਰਜੀਤ ਹੈ ਉਹ ਕਦੇ ਮੋਇਆ ਨਹੀਂ ਕਰਦਾ। ਪਾਤਰ ਸਾਹਿਬ ਤੁਸੀਂ ਆਪਣੇ ਚਾਹੁੰਣ ਵਾਲਿਆਂ ਦੇ ਦਿਲਾਂ ਵਿਚ ਹਮੇਸ਼ਾ ਸੁਰਜੀਤ ਰਹੋਗੇ। ਤੁਹਾਡੇ ਮਾਣਕ ਮੋਤੀਆਂ ਵਰਗੇ ਸ਼ਬਦ ਮਾਂ ਬੋਲੀ ਦੇ ਸੁਨਹਿਰੀ ਪੰਨਿਆਂ ਵਿਚ ਸਦਾ ਆਪਣੀ ਚਮਕ ਬਿਖੇਰਦੇ ਰਹਿਣਗੇ। ਤੁਹਾਡੀ ਕਵਿਤਾ ਪੰਜਾਬ ਦੇ ਪਾਣੀਆਂ ਵਿਚ ਸਦਾ ਰੁਮਕਦੀ ਰਹੇਗੀ। ਤੁਹਾਡਾ ਲਿਖਿਆ ਹਰ ਇਕ ਹਰਫ਼ ਇਨ੍ਹਾਂ ਹਵਾਵਾਂ ਵਿਚ ਸੁਲਗਦਾ ਰਹੇਗਾ। ਤੁਹਾਡੇ ਵਰਗੇ ਮਹਾਨ ਸਪੂਤ ਦਾ ਚੁੱਪ ਚੁਪੀਤੇ ਤੁਰ ਜਾਣਾ ਪੰਜਾਬ ਅਤੇ ਪੰਜਾਬੀ ਬੋਲੀ ਲਈ ਅਸਹਿ ਹੈ। ਜੋ ਸਾਹਿਤ ਦਾ ਖਜ਼ਾਨਾ ਤੁਸੀਂ ਮਾਂ-ਬੋਲੀ ਦੀ ਝੋਲੀ ਪਾ ਕੇ ਗਏ ਹੋ ਉਸ ਲਈ ਹਰ ਪੀੜ੍ਹੀ ਤੁਹਾਡੀ ਰਿਣੀ ਰਹੇਗੀ।


-ਜਸਵੀਰ ਕੌਰ ਬਰਨਾਲਾ।