ਖਮਾਣੋਂ : ਟਿੱਪਰ-ਟਰਾਲੀ ਦੀ ਟੱਕਰ 'ਚ ਨੌਜਵਾਨ ਦੀ ਮੌਤ
ਖਮਾਣੋਂ, 28 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਅੱਜ ਦੁਪਹਿਰ 2 ਵਜੇ ਦੇ ਕਰੀਬ ਥਾਣਾ ਖਮਾਣੋਂ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਕੌਮਾਂਤਰੀ ਰੋਡ ਉਪਰ ਟਿੱਪਰ ਅਤੇ ਟਰੈਕਟਰ-ਟਰਾਲੀ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਇਕਬਾਲ ਸਿੰਘ ਉਰਫ ਕਾਕਾ ਪੁੱਤਰ ਗੁਰਦੀਪ ਸਿੰਘ ਵਾਸੀ ਵਾਰਡ ਨੰਬਰ 6 ਖਮਾਣੋਂ ਖੁਰਦ ਆਪਣੀ ਟਰਾਲੀ ਦੇ ਟਾਇਰ ਨੂੰ ਪੰਕਚਰ ਲਗਵਾਉਣ ਲਈ ਪੰਕਚਰਾਂ ਦੀ ਦੁਕਾਨ ਅੱਗੇ ਟਰਾਲੀ ਖੜ੍ਹੀ ਕਰਕੇ ਸੜਕ ’ਤੇ ਖੜ੍ਹਾ ਸੀ ਤਾਂ ਇਕ ਟਿੱਪਰ ਜੋ ਸਮਰਾਲਾ ਸਾਈਡ ਤੋਂ ਆ ਰਿਹਾ ਸੀ, ਨੇ ਨੌਜਵਾਨ ਨੂੰ ਕੁਚਲ ਦਿੱਤਾ ਅਤੇ ਅੱਗੇ ਖੜ੍ਹੇ ਟਰੈਕਟਰ-ਟਰਾਲੀ ’ਚ ਜਾ ਵੱਜਾ। ਇਸ ਦੌਰਾਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।