JALANDHAR WEATHER

ਐਡਵੋਕੇਟ ਧਾਮੀ ਨੇ ਧਾਰਮਿਕ ਪ੍ਰੀਖਿਆ ਦੇ ਤੀਜੇ ਅਤੇ ਚੌਥੇ ਦਰਜੇ ਦਾ ਨਤੀਜਾ ਐਲਾਨਿਆ

ਅੰਮ੍ਰਿਤਸਰ, 9 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਦੇ ਤੀਜੇ ਅਤੇ ਚੌਥੇ ਦਰਜੇ ਦਾ ਨਤੀਜਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਵਲੋਂ ਜਾਰੀ ਕੀਤਾ ਗਿਆ। ਪਹਿਲੇ ਅਤੇ ਦੂਜੇ ਦਰਜੇ ਦਾ ਨਤੀਜਾ ਜਾਰੀ ਕੀਤਾ ਜਾ ਚੁੱਕਾ ਹੈ। ਅੱਜ ਤੀਜੇ ਅਤੇ ਚੌਥੇ ਦਰਜੇ ਦੇ ਜਾਰੀ ਕੀਤੇ ਗਏ ਨਤੀਜੇ ਤਹਿਤ 3 ਲੱਖ 40 ਹਜ਼ਾਰ 900 ਰੁਪਏ ਦਾ ਵਜ਼ੀਫਾ ਮੈਰਿਟ ਵਿਚ ਆਏ ਪ੍ਰੀਖਿਆਰਥੀਆਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਕ੍ਰਮਵਾਰ 5100, 4100 ਅਤੇ 3100 ਰੁਪਏ ਦੀ ਵਿਸ਼ੇਸ਼ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅੱਜ ਐਡਵੋਕੇਟ ਧਾਮੀ ਨੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਵੀ ਜਾਰੀ ਕੀਤਾ, ਜਿਸ ਵਿਚ ਮੈਰਿਟ 'ਚ ਆਏ 20 ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਦਿੱਤੀ ਜਾਵੇਗੀ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ, ਗੁਰਬਾਣੀ, ਰਹਿਤ ਮਰਿਯਾਦਾ ਅਤੇ ਇਤਿਹਾਸ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਲਗਾਤਾਰ ਕਾਰਜਸ਼ੀਲ ਹੈ। ਇਸੇ ਤਹਿਤ ਹੀ ਧਾਰਮਿਕ ਪ੍ਰੀਖਿਆ ਕਰਵਾ ਕੇ ਲੱਖਾਂ ਰੁਪਏ ਦੀ ਵਜ਼ੀਫਾ ਰਾਸ਼ੀ ਹਰ ਸਾਲ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੱਤਰ-ਵਿਹਾਰ ਕੋਰਸ ਰਾਹੀਂ ਆਮ ਸ਼ਰਧਾਲੂਆਂ ਨੂੰ ਸਿੱਖ ਧਰਮ ਬਾਰੇ ਕੋਰਸ ਕਰਵਾਇਆ ਜਾਂਦਾ ਹੈ। ਉਨ੍ਹਾਂ ਸੰਗਤ ਅਤੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਧਾਰਮਿਕ ਪ੍ਰੀਖਿਆਵਾਂ ਵਿਚ ਵੱਧ-ਚੜ੍ਹ ਕੇ ਦਾਖ਼ਿਲਾ ਲੈ ਕੇ ਸਿੱਖੀ ਬਾਰੇ ਜਾਣਕਾਰੀ ਹਾਸਲ ਕਰਨ ਤਾਂ ਜੋ ਆਪਣੇ ਇਤਿਹਾਸ ਅਤੇ ਕਦਰਾਂ-ਕੀਮਤਾਂ ਨਾਲ ਜੁੜਿਆ ਜਾ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ