ਕਰਨਾਲ, 25 ਜੂਨ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਦੋ ਮਾਮਲਿਆਂ ਵਿਚ ਚਾਰ ਮੁਲਜ਼ਮ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਬੀਤੀ ਸ਼ਾਮ ਸਹਾਇਕ ਸਬ-ਇੰਸਪੈਕਟਰ ਦੇਵੇਂਦਰ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਦੀ ਐਂਟੀ ਆਟੋ ਥੈਫਟ ਸਟਾਫ ਟੀਮ ਨੇ ਨੇੜਲੇ ਪਿੰਡ ਬੁੱਢਾ ਖੇੜਾ ਤੋਂ ਇਕ ਮਾਮਲੇ ਵਿਚ ਤਿੰਨ ਮੁਲਜ਼ਮਾਂ ਆਸ਼ੀਸ਼ ਪੁੱਤਰ ਬਲਦੇਵ, ਪ੍ਰਦੀਪ ਪੁੱਤਰ ਰਾਮਨਿਵਾਸ ਵਾਸੀ ਪਿੰਡ ਗੁਮਟੋ ਥਾਣਾ ਬੁਟਾਣਾ, ਕਰਨਾਲ ਅਤੇ ਰਵੀ ਪੁੱਤਰ ਪੀਤਮ ਵਾਸੀ ਪਿੰਡ ਭਾਨੂ ਖੇੜੀ ਸਹਾਰਨਪੁਰ ਉੱਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਮੌਕੇ 'ਤੇ ਹੀ ਚਾਰ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ 16 ਜੂਨ ਨੂੰ ਇੰਦਰੀ ਇਲਾਕੇ ਤੋਂ ਦੋ ਮੋਟਰਸਾਈਕਲ ਅਤੇ ਸੈਕਟਰ 12 ਅਤੇ ਕਰਨਾਲ ਸ਼ਹਿਰ ਤੋਂ ਦੋ ਮੋਟਰਸਾਈਕਲ ਚੋਰੀ ਕਰਕੇ ਇਹ ਵਾਰਦਾਤ ਕੀਤੀ ਸੀ। ਇਕ ਹੋਰ ਮਾਮਲੇ ਵਿਚ ਸਬ-ਇੰਸਪੈਕਟਰ ਯਸ਼ਪਾਲ ਸਿੰਘ ਅਤੇ ਕਾਂਸਟੇਬਲ ਸੰਦੀਪ ਕੁਮਾਰ ਦੀ ਟੀਮ ਵਲੋਂ ਭਰੋਸੇਯੋਗ ਜਾਣਕਾਰੀ ਦੇ ਆਧਾਰ 'ਤੇ ਕਰਨਾਲ ਦੇ ਪਿੰਡ ਉਚਾਨੀ ਦੇ ਰਹਿਣ ਵਾਲੇ ਮੁਲਜ਼ਮ ਅੰਕਿਤ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ। ਅੱਜ ਦੋਵਾਂ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।