ਅਮਲੋਹ, 10 ਮਈ (ਕੇਵਲ ਸਿੰਘ)- ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸਨੇ ਵਾਲੀ ਦੇ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਮਲੋਹ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਮ੍ਰਿਤਕ ਦੀ ਪਹਿਚਾਣ 23 ਸਾਲਾਂ ਪਵਨਦੀਪ ਸਿੰਘ ਵਾਸੀ ਮਾਜਰੀ ਕਿਸਨੇ ਵਾਲੀ ਵਜੋਂ ਹੋਈ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਿਤਾ ਨਿਰਭੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ ਕੁਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਜਿਸ ਕਰਕੇ ਉਸਨੂੰ ਨਸ਼ਾ ਛਡਾਉ ਕੇਂਦਰ ਦੇ ਵਿਚ ਭਰਤੀ ਵੀ ਕਰਵਾਇਆ ਗਿਆ ਸੀ ਅਤੇ ਉਹ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਇਆ ਸੀ। ਉਨ੍ਹਾਂ ਦੇ ਬੇਟੇ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਰਕੇ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਦੀ ਲਾਸ਼ ਮੰਡੀ ਗੋਬਿੰਦਗੜ੍ਹ ਦੇ ਇਕ ਪਾਰਕ ਵਿਚੋਂ ਮਿਲੀ। ਜਿਸ ਦੇ ਨਜ਼ਦੀਕ ਹੀ ਇਕ ਟੀਕੇ ਦੀ ਸਰਿੱਜ਼ ਵੀ ਪਈ ਮਿਲੀ। ਉਹਨਾਂ ਅੱਗੇ ਕਿਹਾ ਕਿ ਸਰਕਾਰਾ ਕਿੱਥੇ ਨਸ਼ਾ ਖਤਮ ਕਰਦੀਆਂ ਹਨ ਇਹ ਤਾਂ ਆਪ ਲੈਕੇ ਆਉਂਦੀਆਂ ਹਨ ਅਤੇ ਨਸ਼ਾ ਵਿਕ ਰਿਹਾ।
ਉਨ੍ਹਾਂ ਅੱਗੇ ਦੱਸਿਆ ਕਿ ਉਸਦੇ ਬੇਟੀਆਂ ਹਨ ਅਤੇ ਇਹ ਵੱਡਾ ਬੇਟਾ ਸੀ, ਜਿਸਦੀ ਉਮਰ 23 ਸਾਲ ਦੇ ਕਰੀਬ ਸੀ। ਉਥੇ ਹੀ ਇਸ ਸਬੰਧ ਵਿਚ ਪੁਲਿਸ ਅਧਿਕਾਰੀ ਬੁੱਧ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਨੌਜਵਾਨ ਦੀ ਲਾਸ਼ ਆਈ ਹੈ। ਪੁਲਿਸ ਵਲੋਂ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।