04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰਬਾਣੀ ਪ੍ਰਸਾਰਣ ਸਬੰਧੀ ਬਿਆਨਬਾਜ਼ੀ ਕਰਕੇ ਸੰਗਤ ਨੂੰ ਗੁੰਮਰਾਹ ਨਾ ਕੀਤਾ ਜਾਵੇ- ਮੰਨਣ

ਅੰਮ੍ਰਿਤਸਰ, 4 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਰਨੈਲ ਸਿੰਘ...

ਅਜੀਤ ਡੈਸਕ 04-08-2026

ਅੰਮ੍ਰਿਤਸਰ, 4 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਰਨੈਲ ਸਿੰਘ ਪੀਰਮੁਹੰਮਦ ਅਤੇ ਵਿਧਾਨ ਸਭਾ ਵਿਚ ਇਕ ਵਿਧਾਇਕ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਸਬੰਧ ਵਿਚ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਅਧਾਰਹੀਣ ਦੱਸਦਿਆਂ ਰੱਦ ਕੀਤਾ ਹੈ। ਸ. ਮੰਨਣ ਨੇ ਜਾਰੀ ਬਿਆਨ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਨਿੱਜੀ ਚੈਨਲ ਨਾਲ ਕੀਤਾ ਇਕਰਾਰਨਾਮਾ ਜੁਲਾਈ 2023 ਵਿਚ ਸਮਾਪਤ ਹੋ ਚੁੱਕਾ ਹੈ, ਜਿਸ ਅਨੁਸਾਰ ਉਨ੍ਹਾਂ ਵੱਲ ਹੁਣ ਸਾਲਾਨਾ ਲੈਣਦਾਰੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਸ. ਪੀਰ ਮੁਹੰਮਦ ਨੂੰ ਆਪਣੇ ਬਿਆਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪਾਸੋਂ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਸੀ। ਸ. ਮੰਨਣ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿਚ ਇਕ ਨਿੱਜੀ ਚੈਨਲ ਵੱਲ ਸ਼੍ਰੋਮਣੀ ਕਮੇਟੀ ਦਾ ਬਕਾਇਆ ਹੋਣ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ 2023 ਵਿਚ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਕੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਆਰੰਭ ਦਿੱਤਾ ਸੀ। ਇਸ ਨਾਲ ਪਹਿਲਾਂ ਪ੍ਰਸਾਰਣ ਕਰ ਰਹੇ ਚੈਨਲ ਨਾਲ ਇਕਰਾਰਨਾਮਾ ਖ਼ਤਮ ਹੋ ਗਿਆ ਸੀ।

ਉਨ੍ਹਾਂ ਆਖਿਆ ਕਿ ਪਹਿਲਾਂ ਨਿੱਜੀ ਚੈਨਲ ਨਾਲ ਇਕਰਾਰਨਾਮੇ ਤਹਿਤ ਸੈਟੇਲਾਈਟ ਚੈਨਲ ਦੇ ਨਾਲ-ਨਾਲ ਇੰਟਰਨੈੱਟ ਮਾਧਿਅਮ ਦੁਆਰਾ ਗੁਰਬਾਣੀ ਪ੍ਰਸਾਰਣ ਦੇ ਹੱਕ ਵੀ ਉਨ੍ਹਾਂ ਨੂੰ ਦਿੱਤੇ ਗਏ ਸਨ, ਜਦਕਿ 2023 ਵਿਚ ਇਹ ਸਾਰੇ ਹੱਕ-ਹਕੂਕ ਸ਼੍ਰੋਮਣੀ ਕਮੇਟੀ ਪਾਸ ਰਾਖਵੇਂ ਕਰ ਦਿੱਤੇ ਗਏ। ਜਦੋਂ ਇਹ ਪ੍ਰਸਾਰਣ ਵੈੱਬ ਰਾਹੀਂ ਸ਼੍ਰੋਮਣੀ ਕਮੇਟੀ ਵਲੋਂ ਆਪ ਸ਼ੁਰੂ ਕੀਤਾ ਗਿਆ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਪੱਤਰ ਦੀ ਰੌਸ਼ਨੀ ਵਿਚ ਸੰਗਤਾਂ ਦੀ ਮੰਗ ਅਤੇ ਭਾਵਨਾਵਾਂ ਅਨੁਸਾਰ ਨਿੱਜੀ ਸੈਟੇਲਾਈਟ ਚੈਨਲ ’ਤੇ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦਾ ਫੈਸਲਾ ਹੋਇਆ ਸੀ।

ਉਨ੍ਹਾਂ ਸਪੱਸ਼ਟ ਕੀਤਾ ਕਿ 2023 ਵਿਚ ਸ਼੍ਰੋਮਣੀ ਕਮੇਟੀ ਵਲੋਂ ਆਪਣਾ ਵੈੱਬ ਚੈਨਲ ਚਲਾਉਣ ਲਈ ਸੈਟਅੱਪ ਲਗਾਉਣ ਵਾਸਤੇ ਵੱਖ-ਵੱਖ ਕੰਪਨੀਆਂ ਨਾਲ ਚਰਚਾ ਹੋਈ ਸੀ, ਜਿਸ ’ਚ ਮਹੀਨਾਵਾਰ ਵੱਡੀ ਰਾਸ਼ੀ ਦਾ ਖ਼ਰਚ ਮੰਗਿਆ ਗਿਆ ਸੀ। ਇਕ ਚੈਨਲ ਵਲੋਂ ਆਪਣਾ ਸੈਟਅੱਪ ਲਗਾ ਕੇ ਸ਼੍ਰੋਮਣੀ ਕਮੇਟੀ ਦਾ ਵੈੱਬ ਚੈਨਲ ਬਿਨਾਂ ਕਿਸੇ ਖਰਚੇ ਦੇ ਚਲਾਉਣ ਦੀ ਪੇਸ਼ਕਸ਼ ਬਾਅਦ ਇਸ ਨੂੰ ਕੇਵਲ ਸੈਟੇਲਾਈਟ ਚੈਨਲ ਦੀਆਂ ਸੇਵਾਵਾਂ ਮਨਜ਼ੂਰ ਕੀਤੀਆਂ ਗਈਆਂ, ਜਦਕਿ ਸਾਰੇ ਹੱਕ-ਹਕੂਕ ਅਤੇ ਅਧਿਕਾਰ ਕਮੇਟੀ ਪਾਸ ਰਾਖਵੇਂ ਕੀਤੇ ਗਏ ਸਨ। 2023 ਤੋਂ ਪਹਿਲਾਂ ਦੇ ਇਕਰਾਰਨਾਮੇ ਅਨੁਸਾਰ ਨਿੱਜੀ ਚੈਨਲ ਵਲੋਂ ਸਾਰੀ ਰਾਸ਼ੀ ਜਮ੍ਹਾਂ ਹੈ ਅਤੇ ਕੋਈ ਬਕਾਇਆ ਨਹੀਂ ਬਚਦਾ, ਸਗੋਂ ਹੁਣ ਸੈਟਅੱਪ ਦੇ ਸਾਰੇ ਮਹੀਨਾਵਾਰ ਖਰਚੇ ਉਹ ਚੈਨਲ ਖ਼ਰਚ ਰਿਹਾ ਹੈ। 

ਪਿਛਲੀ ਖ਼ਬਰ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ ਅਗਲੀ ਖ਼ਬਰ ਭਾਜਪਾ ਦੇ ਸੰਗਰੂਰ ਦਫ਼ਤਰ ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿਚ ਗ੍ਰਿਫਤਾਰ ਦੋ ਜਣਿਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰ...