ਕਪੂਰਥਲਾ, 6 ਅਗਸਤ (ਅਮਰਜੀਤ ਕੋਮਲ)- ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਦੇ ਉਪ ਕੁਲਪਤੀ ਵਜੋਂ ਯੂਨੀਵਰਸਿਟੀ ਦੇ ਡੀਨ ਫੈਕਲਟੀ ਪ੍ਰੋਫੈਸਰ (ਡਾ.) ਯਾਦਵਿੰਦਰ ਸਿੰਘ ਬਰਾੜ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਹਾਲ ਹੀ ਵਿਚ ਖਾਲੀ ਹੋਈ ਅਸਾਮੀ 'ਤੇ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਪ੍ਰੋਫੈਸਰ ਯਾਦਵਿੰਦਰ ਸਿੰਘ ਬਰਾੜ ਨੂੰ ਉਪ ਕੁਲਪਤੀ ਦਾ ਵਾਧੂ ਕਾਰਜਭਾਗ ਸੰਭਾਲਣ ਲਈ ਬੀਤੇ ਦਿਨੀਂ ਹੁਕਮ ਜਾਰੀ ਕੀਤੇ ਸਨ।
ਪ੍ਰੋਫੈਸਰ ਬਰਾੜ ਇਸ ਸਮੇਂ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 34 ਸਾਲ ਦਾ ਅਧਿਆਪਨ, ਖੋਜ ਤੇ ਪ੍ਰਸ਼ਾਸਕ ਦੇ ਤੌਰ 'ਤੇ ਸੇਵਾਵਾਂ ਨਿਭਾਉਣ ਦਾ ਤਜਰਬਾ ਰੱਖਦੇ ਡਾ. ਬਰਾੜ ਗਿਆਨੀ ਜੈਲ ਸਿੰਘ ਕਾਲਜ ਬਠਿੰਡਾ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਬਤੌਰ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।
ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਅਹੁਦੇ ਦਾ ਵਾਧੂ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ, ਯੂਨੀਵਰਸਿਟੀ ਬੋਰਡ ਦੇ ਚੇਅਰਮੈਨ ਅਨੂਪ ਬੈਕਟਰ ਸਮੇਤ ਹੋਰ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਯੂਨੀਵਰਸਿਟੀ ਉਪ ਕੁਲਪਤੀ ਸਕੱਤਰੇਤ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਉਪਰੰਤ ਯੂਨੀਵਰਸਿਟੀ ਦੇ ਬਿਹਤਰ ਭਵਿੱਖ, ਵਿਦਿਆਰਥੀਆਂ ਦੇ ਉੱਜਵਲ, ਅਕਾਦਮਿਕ ਭਵਿੱਖ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਹੋਈ।
ਇਸ ਮੌਕੇ ਯੂਨੀਵਰਸਿਟੀ ਅਫ਼ਸਰ ਐਸੋਸੀਏਸ਼ਨ ਤੇ ਮੁਲਾਜ਼ਮ ਐਸੋਸੀਏਸ਼ਨ ਨੇ ਡਾ. ਯਾਦਵਿੰਦਰ ਸਿੰਘ ਬਰਾੜ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਉਪ ਕੁਲਪਤੀ ਦਾ ਅਹੁਦਾ ਸੰਭਾਲਣ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ, ਡੀਨ ਆਰ.ਐਂਡ.ਡੀ. ਡਾ. ਪ੍ਰਵੀਨ ਬਾਂਸਲ, ਡੀਨ ਵਿਦਿਆਰਥੀ ਭਲਾਈ, ਡਾ. ਸਤਬੀਰ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾ. ਪਰਮਜੀਤ ਸਿੰਘ, ਵਿੱਤ ਅਧਿਕਾਰੀ ਡਾ. ਸੁਖਬੀਰ ਸਿੰਘ ਵਾਲੀਆ, ਸੰਦੀਪ ਕੌਰ ਬਰਾੜ, ਡਿਪਟੀ ਡਾਇਰੈਕਟਰ ਲੋਕ ਸੰਪਰਕ ਰਜਨੀਸ਼ ਸ਼ਰਮਾ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਅਧਿਕਾਰੀ, ਫੈਕਲਟੀ ਮੈਂਬਰ, ਸਟਾਫ਼ ਮੈਂਬਰ ਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।