ਤਲਵੰਡੀ ਸਾਬੋ (ਬਠਿੰਡਾ), 13 ਅਗਸਤ (ਰਣਜੀਤ ਸਿੰਘ ਰਾਜੂ)- ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਗੁਰੂ ਘਰ ਦਰਸ਼ਨ-ਦੀਦਾਰ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਨਿੰਦਾ ਕਰਦਿਆਂ ਘਟਨਾ ਨੂੰ ਅਤਿਅੰਤ ਦੁਖਦਾਈ, ਮੰਦਭਾਗਾ ਅਤੇ ਸਿੱਖ ਰਵਾਇਤਾਂ ਦੇ ਵਿਰੁੱਧ ਕਰਾਰ ਦਿੱਤਾ ਹੈ।
ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਜਦੋਂ ਕੋਈ ਵੀ ਸ਼ਰਧਾਲੂ ਨਿਮਰਤਾ, ਸਮਰਪਣ ਅਤੇ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੋਣ ਆਉਂਦਾ ਹੈ, ਤਾਂ ਅਜਿਹੇ ਪਾਵਨ ਅਸਥਾਨ ’ਤੇ ਉਸ ਉੱਤੇ ਹਮਲਾ ਕਰਨਾ ਬੇਹੱਦ ਨਿੰਦਣਯੋਗ ਹੈ। ਗੁਰੂ ਧਾਮ ਹਰ ਗੁਰਸਿੱਖ ਅਤੇ ਸ਼ਰਧਾਲੂ ਲਈ ਆਤਮਿਕ ਸ਼ਾਂਤੀ ਤੇ ਆਸਥਾ ਦਾ ਮੁਕੱਦਸ ਕੇਂਦਰ ਹਨ। ਕਿਸੇ ਵੀ ਵਿਅਕਤੀ ਵਲੋਂ ਪਵਿੱਤਰ ਅਸਥਾਨ 'ਤੇ ਅਜਿਹੀ ਹਿੰਸਕ ਹਰਕਤ ਕਰਨਾ ਗੁਰਦੁਆਰਾ ਸਾਹਿਬ ਦੀ ਮਾਨ-ਮਰਯਾਦਾ ਅਤੇ ਪਵਿੱਤਰਤਾ ਦੀ ਸਿੱਧੀ ਤੌਹੀਨ ਹੈ।"
ਉਨ੍ਹਾਂ ਅੱਗੇ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋਣ ਆਏ ਸ਼ਰਧਾਲੂ ਨਾਲ ਅਜਿਹਾ ਵਿਵਹਾਰ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਂਦਾ ਹੈ। ਅਜਿਹੀਆਂ ਕਾਰਵਾਈਆਂ ਪੰਥਕ ਸ਼ਕਤੀ ਨੂੰ ਕਮਜ਼ੋਰ ਕਰਨ ਅਤੇ ਕੌਮ ਅੰਦਰ ਆਪਸੀ ਅਵਿਸ਼ਵਾਸ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਪ੍ਰਤੀਤ ਹੁੰਦੀਆਂ ਹਨ।
ਸਿੰਘ ਸਾਹਿਬ ਨੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਨਿਰਪੱਖ ਜਾਂਚ ਕੀਤੀ ਜਾਵੇ, ਤਾਂ ਜੋ ਇਸ ਘਟਨਾ ਦੇ ਦੋਸ਼ੀ ਅਤੇ ਇਸ ਪਿੱਛੇ ਕੰਮ ਕਰਨ ਵਾਲੀਆਂ ਪੰਥ-ਵਿਰੋਧੀ ਸ਼ਕਤੀਆਂ ਨੂੰ ਬੇਨਕਾਬ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਸਮੁੱਚੀ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਦੀ ਮਰਯਾਦਾ ਤੇ ਸਤਿਕਾਰ ਬਣਾਏ ਰੱਖਣ ਲਈ ਇੱਕਜੁੱਟ ਰਹਿਣ।