ਲੋਹੀਆਂ ਖਾਸ (ਜਲੰਧਰ), 20 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਕੌਮੀ ਇਨਸਾਫ਼ ਮੋਰਚਾ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਕੀਤੇ ਜਾ ਰਹੇ ‘ਪੰਜਾਬ ਬੰਦ’ ਦੇ ਸੱਦੇ ਦਾ ਲੋਹੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਵਲੋਂ ਜ਼ੋਰਦਾਰ ਸਮਰਥਨ ਕਰਦਿਆਂ ‘ਪੰਜਾਬ ਬੰਦ ਨੂੰ ਸਫ਼ਲ’ ਬਣਾਉਣ ਦਾ ਅਹਿਦ ਲਿਆ ਹੈ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਸ਼ਾਹਕੋਟ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਸਾਬੂਵਾਲ, ਸਤਿਕਾਰ ਕਮੇਟੀ ਦੇ ਸੂਬਾ ਆਗੂ ਸੁਖਜੀਤ ਸਿੰਘ ਖੋਸੇ, ਗੁਰੂ ਨਾਨਕ ਮੋਦੀਖਾਨਾ ਟਰੱਸਟ ਦੇ ਪ੍ਰਮੁੱਖ ਆਗੂ ਸਤਿੰਦਰ ਸਿੰਘ ਖਾਲਸਾ ਅਤੇ ਕਵੀਸ਼ਰ ਜਗਤਾਰ ਸਿੰਘ ਨੱਲ੍ਹ ਵਾਲਿਆਂ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ‘ਕੌਮੀ ਇਨਸਾਫ਼ ਮੋਰਚਾ’ ਲਗਾਤਾਰ ਕਰਦਾ ਆ ਰਿਹਾ ਹੈ, ਪਰ ਕੇਂਦਰ ਸਰਕਾਰ ਸੁਣਵਾਈ ਨਹੀਂ ਕਰ ਰਹੀ, ਜਿਸ ਦੀ ਸੁਣਵਾਈ ਲਈ ਇਹ ਪੰਜਾਬ ਬੰਦ ਸਫ਼ਲ ਹੋਣਾ ਜਰੂਰੀ ਹੈ।
ਇੱਕ ਵੱਖਰੇ ਬਿਆਨ ਰਾਹੀਂ ਪ੍ਰਾਈਵੇਟ ਸਕੂਲ ਐਸ਼ੋਸੀਏਸ਼ਨ ਦੇ ਬੁਲਾਰੇ ਅਤੇ ਫੁਲਵਾੜੀ ਸਕੂਲ ਲੋਹੀਆਂ ਦੇ ਅੇੱਮ.ਡੀ. ਕਵੀ ਜਗੀਰ ਜੋਸਨ ਨੇ ਵੀ ਕਿਹਾ ਕਿ ਅਸੀਂ ਸਕੂਲ ਵੀ ਬੰਦ ਕਰ ਰਹੇ ਹਾਂ, ਕਿਉਂਕਿ ਲੰਮੇ ਸਮੇਂ ਤੋਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਦਾ ਮਾਮਲਾ ਗੰਭੀਰ ਹੈ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ’ਤੇ ਮਨੁੱਖੀ ਪੱਖ ਨੂੰ ਧਿਆਨ ਵਿਚ ਰੱਖਦਿਆਂ ਯੋਗ ਕਦਮ ਚੁੱਕਦਿਆਂ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਇਕੱਲੇ ਸਿੱਖ ਬੰਦੀ ਸਿੰਘਾਂ ਦਾ ਨਹੀਂ ਹੈ, ਸਗੋਂ ਹਰ ਉਸ ਭਾਰਤੀ ਵਿਅਕਤੀ ਲਈ ਜ਼ਰੂਰੀ ਹੈ, ਜਿਸ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਕਾਨੂੰਨ ਅਨੁਸਾਰ ਵਿਚਾਰ ਕਰਦਿਆਂ ਉਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ।