ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)- ਭਾਰਤ ਤੋਂ ਜਾਣ ਵਾਲੇ ਅੰਤਰਰਾਸ਼ਟਰੀ ਮੁਸਾਫਿਰਾਂ ਲਈ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਹੁਣ 1 ਸਤੰਬਰ ਤੋਂ ਉਨ੍ਹਾਂ ਨੂੰ ਆਪਣੇ ਬੋਰਡਿੰਗ ਪਾਸ ’ਤੇ ਪ੍ਰਵਾਸੀ ਅਥਾਰਿਟੀ ਵਲੋਂ ਮੋਹਰ ਲਗਵਾਉਣ ਦੀ ਲੋੜ ਨਹੀਂ ਹੋਵੇਗੀ। ਹੁਣ ਮੋਹਰ ਦੀ ਥਾਂ ’ਤੇ ਵਿਦੇਸ਼ ਜਾਣ ਵਾਲੇ ਮੁਸਾਫਿਰਾਂ ਨੂੰ ਆਪਣੇ ਸਮਾਰਟ ਫੋਨ ’ਤੇ ਬੋਰਡਿੰਗ ਪਾਸ ਵਿਖਾਉਣਾ ਹੋਵੇਗਾ। ਹਾਲਾਂਕਿ ਕਾਗਜ਼ ਵਾਲੇ ਬੋਰਡਿੰਗ ਪਾਸ ਵੀ ਪ੍ਰਵਾਨ ਕੀਤੇ ਜਾਣਗੇ ਪਰ ਉਨ੍ਹਾਂ ’ਤੇ ਮੋਹਰ ਲਗਵਾਉਣ ਦੀ ਲੋੜ ਨਹੀਂ ਹੋਵੇਗੀ।
ਗ੍ਰਹਿ ਮੰਤਰਾਲੇ ਅਧੀਨ ਆਉਂਦੇ ਪ੍ਰਵਾਸੀ ਬਿਓਰੋ ਵਲੋਂ ਜਾਰੀ ਇਹ ਬਦਲਾਅ ਮੁਸਾਫਿਰਾਂ ਦੀ ਸੁਵਿਧਾ ਲਈ ਕੀਤਾ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਿਕ ਬੋਰਡਿੰਗ ਪਾਸ ’ਤੇ ਮੋਹਰ ਲਗਵਾਉਣ ਲਈ ਮੁਸਾਫਿਰਾਂ ਨੂੰ ਲੰਬੀਆਂ ਕਤਾਰਾਂ ’ਚ ਖੜ੍ਹਾ ਹੋਣਾ ਪੈਂਦਾ ਸੀ। ਕਈ ਵਾਰ ਬੋਰਡਿੰਗ ਪਾਸ ’ਤੇ ਗਲਤ ਢੰਗ ਨਾਲ ਲੱਗੀ ਮੋਹਰ ਕਾਰਨ ਪਾਸ ਪੜ੍ਹਣ ’ਚ ਵੀ ਦਿੱਕਤ ਆਉਂਦੀ ਸੀ ਜਿਸ ਕਾਰਨ ਬਿਓਰੋ ਨੇ ਭਾਰਤ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੇ ਇਮੀਗ੍ਰੇਸ਼ਨ ਕਾਊਂਟਰ ’ਤੇ ਕਾਗਜ਼ ਦੇ ਬੋਰਡਿੰਗ ਪਾਸ ਅਤੇ ਉਨ੍ਹਾਂ ’ਤੇ ਮੋਹਰ ਲਗਵਾਉਣ ਦੀ ਸ਼ਰਤ ਖ਼ਤਮ ਕਰ ਦਿੱਤੀ।
ਨਵੇਂ ਸਿਸਟਮ ਤਹਿਤ ਭਾਰਤ ਤੋਂ ਵਿਦੇਸ਼ ਜਾ ਰਹੇ ਮੁਸਾਫਿਰ ਇਮੀਗ੍ਰੇਸ਼ਨ ਦੇ ਅਮਲ ਲਈ ਆਪਣੇ ਸਮਾਰਟ ਫੋਨ ’ਤੇ ਆਪਣਾ ਈ-ਬੋਰਡਿੰਗ ਪਾਸ ਵਿਖਾ ਸਕਦੇ ਹਨ ਜਾਂ ਕਾਗਜ਼ ਦੇ ਬੋਰਡਿੰਗ ਪਾਸ ਬਿਨਾਂ ਮੋਹਰ ਤੋਂ ਵੀ ਸਵੀਕਾਰ ਕੀਤੇ ਜਾਣਗੇ। ਇਹ ਕੰਮ ਪਹਿਲੀ ਸਤੰਬਰ ਤੋਂ ਲਾਗੂ ਹੋਵੇਗਾ।