ਡੇਰਾਬੱਸੀ (ਮੋਹਾਲੀ), 11 ਸਤੰਬਰ (ਰਣਬੀਰ ਸਿੰਘ ਪੜ੍ਹੀ)- ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਨਵ-ਨਿਯੁਕਤ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਵਰੁਣ ਸ਼ਰਮਾ (ਆਈ.ਪੀ.ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸਬ-ਡਿਵੀਜ਼ਨ ਡੇਰਾਬੱਸੀ ਅਧੀਨ ਪੈਂਦੇ ਮੁਬਾਰਕਪੁਰ ਅਤੇ ਤ੍ਰਿਵੇਦੀ ਕੈਂਪ ਖੇਤਰ ਵਿਚ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (CASO - ਕਾਸੋ ਅਪ੍ਰੇਸ਼ਨ) ਚਲਾਇਆ ਗਿਆ।
ਇਸ ਕਾਸੋ ਅਪ੍ਰੇਸ਼ਨ ਦੀ ਅਗਵਾਈ ਡੀ.ਐੱਸ.ਪੀ. ਰਾਜੇਸ਼ ਹਸਤੀਰ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਬਲਵਿੰਦਰ ਸਿੰਘ, ਥਾਣਾ ਮੁਖੀ ਲਾਲੜੂ, ਥਾਣਾ ਮੁਖੀ ਹੰਡੇਸਰਾ ਅਤੇ ਮੁਬਾਰਕਪੁਰ ਪੁਲਿਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਸੀ। ਪੁਲਿਸ ਟੀਮਾਂ ਵਲੋਂ ਮੁਬਾਰਕਪੁਰ ਅਤੇ ਤ੍ਰਿਵੇਦੀ ਕੈਂਪ ਦੋਵਾਂ ਪਾਸਿਆਂ ਨੂੰ ਸੀਲ ਕਰਕੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ, ਵਾਹਨਾਂ ਅਤੇ ਘਰਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ।
ਇਸ ਮੌਕੇ ਮੁਬਾਰਕਪੁਰ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਵਲੋਂ ਨਸ਼ਾ ਕਰਨ ਦੇ ਆਦੀ ਸ਼ੱਕੀ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 27 ਤਹਿਤ 4 ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ। ਹਾਲਾਂਕਿ ਤਲਾਸ਼ੀ ਦੌਰਾਨ ਮੌਕੇ ਤੋਂ ਕੋਈ ਵਪਾਰਕ ਬਰਾਮਦਗੀ ਸਾਹਮਣੇ ਨਹੀਂ ਆਈ।