ਨਵੀਂ ਦਿੱਲੀ, 6 ਅਕਤੂਬਰ (ਪੀ.ਟੀ.ਆਈ.)- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਅਦਾਕਾਰ ਸਲਮਾਨ ਖਾਨ ਤੋਂ ਫਿਲਮ ‘ਕਾਲਾ ਹਿਰਨ: ਦ ਬੈਟਲ ਫਾਰ ਲੀਗਲ’ ਦੇ ਨਿਰਮਾਤਾਵਾਂ ਵਲੋਂ ਦਾਇਰ ਉਸ ਪਟੀਸ਼ਨ ’ਤੇ ਜਵਾਬ ਮੰਗਿਆ, ਜਿਸ ਵਿਚ ਬਾਲੀਵੁੱਡ ਸਟਾਰ ਵਲੋਂ ਫਿਲਮ ਦੀ ਰਿਲੀਜ਼ ਖ਼ਿਲਾਫ਼ ਦਾਇਰ ਮੁਕੱਦਮੇ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਜਸਟਿਸ ਅਨੂਪ ਜੈਰਾਮ ਭੰਭਾਨੀ ਨੇ ਨਿਰਮਾਤਾਵਾਂ ਦੀ ਅਰਜ਼ੀ ‘ਤੇ ਖਾਨ ਨੂੰ ਨੋਟਿਸ ਜਾਰੀ ਕੀਤਾ, ਜਿਸ ਵਿਚ ਦਲੀਲ ਦਿੱਤੀ ਗਈ ਕਿ ਲਗਭਗ ਇਹੀ ਵਿਵਾਦ ਪਹਿਲਾਂ ਹੀ ਅਦਾਕਾਰ ਵਲੋਂ ਦਾਇਰ ਕੀਤੇ ਗਏ ਇਕ ਪੁਰਾਣੇ ਮੁਕੱਦਮੇ ਵਿਚ ਹਾਈ ਕੋਰਟ ਦੇ ਸਾਹਮਣੇ ਲੰਬਿਤ ਹੈ।
ਖਾਨ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਆਧਾਰਿਤ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਆਪਣੀ ਪਟੀਸ਼ਨ ਵਿਚ ਫਿਲਮ ਦੇ ਨਿਰਮਾਤਾ ਅਮਿਤ ਜਾਨੀ ਨੇ ਦਲੀਲ ਦਿੱਤੀ ਕਿ ਇਹ ਕਾਰਵਾਈ ਉਸੇ ਪ੍ਰਸਤਾਵਿਤ ਫਿਲਮ, ਪ੍ਰਚਾਰ ਸਮੱਗਰੀ ਅਤੇ ਅਦਾਕਾਰ ਦੇ ਵਿਅਕਤੀਤਵ ਜਾਂ ਪ੍ਰਚਾਰ ਅਧਿਕਾਰਾਂ ਦੀ ਕਥਿਤ ਉਲੰਘਣਾ ਨਾਲ ਸਬੰਧਤ ਸਮਾਨਾਂਤਰ ਮੁਕੱਦਮੇਬਾਜ਼ੀ ਦੇ ਬਰਾਬਰ ਹੈ।
ਅਰਜ਼ੀ ਵਿਚ ਕਿਹਾ ਗਿਆ ਕਿ ਖਾਨ ਪਹਿਲਾਂ ਹੀ ਆਪਣੇ ਵਿਅਕਤੀਤਵ ਅਧਿਕਾਰਾਂ ਦੀ ਸੁਰੱਖਿਆ ਨਾਲ ਸਬੰਧਤ ਇਕ ਮੁਕੱਦਮਾ ਸ਼ੁਰੂ ਕਰ ਚੁੱਕੇ ਹਨ, ਜਿਸ ਵਿਚ 11 ਦਸੰਬਰ, 2025 ਨੂੰ ਇਕਤਰਫ਼ਾ ਅੰਤਰਿਮ ਹੁਕਮ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਖਾਨ ਨੇ ਖਾਸ ਤੌਰ ‘ਤੇ ਪ੍ਰਸਤਾਵਿਤ ਫਿਲਮ ਦੇ ਸਬੰਧ ਵਿਚ ਅੰਤਰਿਮ ਰੋਕ ਦੀ ਮੰਗ ਕਰਦਿਆਂ ਇਕ ਅਰਜ਼ੀ ਦਾਇਰ ਕੀਤੀ। ਨਿਰਮਾਤਾ ਨੇ ਕਿਹਾ ਕਿ ਅੰਤਰਿਮ ਰੋਕ ਅਜੇ ਵੀ ਲੰਬਿਤ ਹੈ।