ਸਾਨ ਫਰਾਂਸਿਸਕੋ/ਨਿਊਯਾਰਕ, 4 ਨਵੰਬਰ ( ਐੱਸ. ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧਕਾਲੀ ਚੋਣਾਂ ’ਚ ਰਿਪਬਲਿਕਨ ਪਾਰਟੀ ਨੂੰ ਲੱਗੇ ਵੱਡੇ ਝਟਕਿਆਂ ਤੋਂ ਬਾਅਦ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਦੀ ਤਿਆਰੀ ਪ੍ਰਗਟਾਈ ਹੈ। ਟਰੰਪ ਨੇ ਮੰਗਲਵਾਰ ਰਾਤ ‘ਦਿ ਨਿਊਯਾਰਕ ਟਾਈਮਜ਼’ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ, ‘‘ਮੈਂ ਇਨ੍ਹਾਂ ਨਤੀਜਿਆਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਲਈ ਤਿਆਰ ਹਾਂ।’’ ਉਨ੍ਹਾਂ ਡੈਮੋਕ੍ਰੇਟਾਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ।ਟਰੰਪ ਨੇ ਕਿਹਾ ਕਿ, ‘‘ਅਸੀਂ ਡੈਮੋਕ੍ਰੇਟਾਂ ਨਾਲ ਮਿਲ ਕੇ ਕੰਮ ਕਰਾਂਗੇ ਤੇ ਉਮੀਦ ਹੈ ਕਿ ਕੋਈ ਸਾਂਝਾ ਰਾਹ ਕੱਢ ਲਵਾਂਗੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਅਗਲੇ ਦੋ ਸਾਲ ਉਹ ਆਪਣੇ ਵੀਟੋ ਅਧਿਕਾਰ ਦੀ ਵਰਤੋਂ ਕਰਦਿਆਂ ਸਰਕਾਰ ਚਲਾਉਣਗੇ। ਰਿਪਬਲਿਕਨ ਪਾਰਟੀ ਦੀ ਹਾਰ ਬਾਰੇ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਖ਼ੁਦ ਚੋਣ ਮੈਦਾਨ ’ਚ ਨਾ ਹੋਣਾ ਇਸ ਦਾ ਮੁੱਖ ਕਾਰਨ ਸੀ। ਉਨ੍ਹਾਂ ਦੱਖਣੀ ਕੈਰੋਲੀਨਾ ਦੇ ਸੈਨੇਟਰ ਡਾਰਲਿਨ ਗ੍ਰਾਹਮ ਤੇ ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਸਮੇਤ ਉਮੀਦਵਾਰਾਂ ਦੀ ਹਮਾਇਤ ਕਰਨ ’ਤੇ ਕੋਈ ਪਛਤਾਵਾ ਨਾ ਹੋਣ ਦੀ ਗੱਲ ਕਹੀ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਲਿਖਿਆ ਕਿ ਜੇਕਰ ਉਹ ਖ਼ੁਦ ਚੋਣ ਮੈਦਾਨ ’ਚ ਹੁੰਦੇ ਤਾਂ ਰਿਪਬਲਿਕਨ ਪਾਰਟੀ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਦੀ। ਉਨ੍ਹਾਂ ਕਿਹਾ, ਕਿ ‘‘ਮੈਂ ਚੋਣ ਮੈਦਾਨ ’ਚ ਨਹੀਂ ਸੀ ਤੇ ਜੇਕਰ ਹੁੰਦਾ ਤਾਂ ਅਸੀਂ ਹੂੰਝਾ ਫੇਰ ਜਿੱਤ ਹਾਸਲ ਕਰਦੇ।’’