ਨਿਊਯਾਰਕ, 4 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਡੈਮੋਕ੍ਰੇਟਿਕ ਉਮੀਦਵਾਰ ਡਾਕਟਰ ਐਮੀ ਐਕਟਨ ਨੇ ਵਿਵੇਕ ਰਾਮਾਸਵਾਮੀ ਨੂੰ ਹਰਾ ਕੇ ਓਹਾਇਓ ਦੇ ਗਵਰਨਰ ਦੀ ਚੋਣ ਜਿੱਤ ਲਈ ਹੈ। ਉਹ ਇਸ ਅਹੁਦੇ ਲਈ ਚੋਣ ਜਿੱਤਣ ਵਾਲੀ ਸੂਬੇ ਦੀ ਪਹਿਲੀ ਮਹਿਲਾ ਬਣੀ ਹੈ। ਇਸ ਨਾਲ ਡੈਮੋਕ੍ਰੇਟਾਂ ਦੀ ਗਵਰਨਰ ਚੋਣ ਜਿੱਤਣ ਦੀ 20 ਸਾਲਾਂ ਦੀ ਉਡੀਕ ਵੀ ਮੁੱਕ ਗਈ ਹੈ।
ਐਕਟਨ ਵਿਰੁੱਧ ਪ੍ਰਚਾਰ ਉੱਤੇ ਰਾਮਾਸਵਾਮੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ 10 ਕਰੋੜ ਡਾਲਰ ਤੋਂ ਵੱਧ ਖ਼ਰਚੇ ਜਾਣ ਦੇ ਬਾਵਜੂਦ ਉਹ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ। ਟਰੰਪ ਅਤੇ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਵੀ ਰਾਮਾਸਵਾਮੀ ਲਈ ਪ੍ਰਚਾਰ ਕੀਤਾ ਸੀ। ਸਾਬਕਾ ਸਿਹਤ ਮੁਖੀ ਐਕਟਨ ਨੇ ਮਹਿੰਗਾਈ ਅਤੇ ਇਲਾਜ ਦੇ ਵਧਦੇ ਖ਼ਰਚਿਆਂ ਨੂੰ ਮੁੱਖ ਮੁੱਦਾ ਬਣਾਇਆ ਅਤੇ ਆਪਣੇ ਤੰਗੀਆਂ ਭਰੇ ਬਚਪਨ ਰਾਹੀਂ ਆਮ ਪਰਿਵਾਰਾਂ ਨਾਲ ਸਾਂਝ ਪਾਈ।