JALANDHAR WEATHER

15-07-2025

 ਵਧਦੀ ਆਬਾਦੀ ਚਿੰਤਾ ਦਾ ਵਿਸ਼ਾ

ਆਬਾਦੀ ਵਾਧਾ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਵਧਦੀ ਆਬਾਦੀ ਨਾਲ ਰਿਹਾਇਸ਼ੀ ਥਾਵਾਂ ਦੀ ਕਮੀ ਹੁੰਦੀ ਹੈ, ਲੋਕ ਛੋਟੇ-ਛੋਟੇ ਘਰਾਂ 'ਚ ਰਹਿਣ ਨੂੰ ਮਜਬੂਰ ਹਨ, ਵੱਧ ਆਬਾਦੀ ਦੇ ਕਾਰਨ ਪਾਣੀ ਅਤੇ ਹਵਾ ਪ੍ਰਦੂਸ਼ਣ ਵਧਦਾ ਹੈ। ਆਬਾਦੀ ਦੇ ਵਾਧੇ ਨਾਲ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਉਦਯੋਗਾਂ ਦਾ ਵੀ ਵਾਧਾ ਹੁੰਦਾ ਹੈ, ਜਿਸ ਨਾਲ ਪਾਣੀ ਅਤੇ ਪ੍ਰਦੂਸ਼ਣ ਫੈਲਦਾ ਹੈ। ਰਿਹਾਇਸ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਜੰਗਲਾਂ ਦੀ ਕਟਾਈ ਹੁੰਦੀ ਹੈ ਅਤੇ ਮਨੁੱਖਾਂ ਦੇ ਰਹਿਣ ਲਈ ਪਿੰਡਾਂ ਅਤੇ ਸ਼ਹਿਰਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਆਬਾਦੀ ਵਾਧੇ ਦੇ ਕਾਰਨ ਹੀ ਅੱਜ ਦੇਸ਼ 'ਚ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ ਵਰਗੀਆਂ ਵੱਡੀਆਂ ਸਮੱਸਿਆਵਾਂ ਹਨ।

-ਗੌਰਵ ਮੁੰਜਾਲ
ਪੀ.ਸੀ.ਐਸ.

ਕਿਸ਼ੋਰ ਅਵਸਥਾ

ਕਿਸ਼ੋਰ ਅਵਸਥਾ ਦੌਰਾਨ ਬੱਚੇ ਪਰਪੱਕਤਾ ਵੱਲ ਵਧਦੇ ਹਨ। ਇਹ ਅਵਸਥਾ 13 ਤੋਂ 18 ਸਾਲ ਤੱਕ ਚੱਲਦੀ ਹੈ। ਕਿਸ਼ੋਰ ਅਵਸਥਾ ਜੀਵਨ ਦਾ ਉਹ ਸਮਾਂ ਹੈ ਜਿਹੜਾ ਬਾਲ ਅਵਸਥਾ ਦੇ ਅੰਤ ਤੋਂ ਸ਼ੁਰੂ ਹੋ ਕੇ ਬਾਲਕ ਅਵਸਥਾ ਦੀ ਸ਼ੁਰੂਆਤ ਤੱਕ ਚੱਲਦਾ ਹੈ। ਕਿਸ਼ੋਰ ਅਵਸਥਾ ਜੀਵਨ ਦਾ ਸਭ ਤੋਂ ਔਖਾ ਤੇ ਨਾਜ਼ੁਕ ਸਮਾਂ ਹੁੰਦਾ ਹੈ। ਇਸ ਅਵਸਥਾ ਨੂੰ ਬੜੇ ਸੰਘਰਸ਼, ਤਣਾਅ, ਤੂਫ਼ਾਨ ਅਤੇ ਵਿਰੋਧ ਦਾ ਸਮਾਂ ਕਿਹਾ ਜਾਂਦਾ ਹੈ। ਕਿਸ਼ੋਰਾਂ ਨੂੰ ਸਹੀ ਦਿਸ਼ਾ ਤੇ ਵਾਤਾਵਰਨ ਮਿਲਣ ਨਾਲ ਉਨ੍ਹਾਂ ਵਿਚ ਢੁਕਵਾਂ ਬੌਧਿਕ, ਨੈਤਿਕ, ਧਾਰਮਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ਪਰੰਤੂ ਸਹੀ ਦਿਸ਼ਾ ਨਾ ਮਿਲਣ 'ਤੇ ਕਿਸ਼ੋਰ ਭਟਕ ਕੇ ਸਮਾਜ ਵਿਰੋਧੀ ਵਿਵਹਾਰ ਅਤੇ ਨਸ਼ੀਲੇ ਪਦਾਰਥਾਂ ਦੀ ਆਦਤ ਵਿਚ ਜੁੜ ਜਾਂਦੇ ਹਨ। ਇਸ ਤਰ੍ਹਾਂ ਕਿਸ਼ੋਰ ਅਵਸਥਾ ਜੀਵਨ ਵਿਕਾਸ ਦੀ ਮਹੱਤਵਪੂਰਨ ਅਵਸਥਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ-ਨੌਨੀਤਪੁਰ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ)

ਸਫ਼ਾਈ ਵੱਲ ਧਿਆਨ ਦਿਉ

ਅਸੀਂ ਕਈ ਵਾਰ ਜਦੋਂ ਕਿਸੇ ਸਰਕਾਰੀ ਜਾਂ ਜਨਤਕ ਥਾਵਾਂ 'ਤੇ ਜਾਂਦੇ ਹਾਂ ਉਥੇ ਲੋਕਾਂ ਦੀ ਸਹੂਲਤ ਲਈ ਬੈਠਣ ਲਈ ਕੁਰਸੀਆਂ, ਬੈਂਚਾਂ ਅਤੇ ਹੋਰ ਬੈਠਣ ਵਾਲੀਆਂ ਥਾਵਾਂ ਦੀ ਸਾਫ਼-ਸਫ਼ਾਈ ਅਤੇ ਸਾਂਭ ਸੰਭਾਲ ਪੱਖੋਂ ਬਹੁਤ ਬੁਰਾ ਹਾਲ ਹੁੰਦਾ ਹੈ। ਜੇਕਰ ਜਨਤਕ ਥਾਵਾਂ 'ਤੇ ਬਣਾਏ ਗਏ ਬਾਥਰੂਮਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਹੈ। ਬਹੁਤ ਥਾਵਾਂ 'ਤੇ ਤਾਂ ਤੁਹਾਨੂੰ ਪੀਣ ਵਾਲੇ ਪਾਣੀ ਦੀਆਂ ਟੂਟੀਆਂ, ਪੀਣ ਵਾਲੇ ਪਾਣੀ ਦਾ ਆਰ.ਓ. ਅਤੇ ਬਾਥਰੂਮ ਜ਼ਿਆਦਾ ਕਰਕੇ ਬੰਦ ਹੀ ਮਿਲਣਗੇ। ਸਰਕਾਰੀ ਥਾਵਾਂ ਜਿਵੇਂ ਹਸਪਤਾਲ, ਬੱਸ ਸਟੈਂਡ, ਤਹਿਸੀਲ ਦਫ਼ਤਰ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਇਨ੍ਹਾਂ ਦੇ ਅੰਦਰੋਂ ਬਹੁਤ ਬੁਰਾ ਹਾਲ ਹੁੰਦਾ ਹੈ। ਲੋਕਾਂ ਦਾ ਇਨ੍ਹਾਂ ਦੇ ਅੰਦਰ ਜਾਣਾਂ ਤਾਂ ਦੂਰ ਦੀ ਗੱਲ ਹੈ, ਲੋਕ ਕੋਲੋਂ ਦੀ ਲੰਘ ਵੀ ਨਹੀਂ ਸਕਦੇ। ਜਿਨ੍ਹਾਂ ਥਾਵਾਂ 'ਤੇ ਸਰਕਾਰ, ਮਹਿਕਮੇ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਬਾਥਰੂਮਾਂ ਦੀ ਦੇਖਭਾਲ ਲਈ ਬੰਦੇ ਰੱਖੇ ਹੋਏ ਹੁੰਦੇ ਹਨ, ਜਾਂ ਠੇਕੇ 'ਤੇ ਦਿੱਤੇ ਹੋਏ ਹਨ, ਉਥੇ ਸਾਫ਼-ਸਫ਼ਾਈ ਠੀਕ ਹੈ। ਪਰ ਜਿੱਥੇ ਬੰਦੇ ਨਹੀਂ ਰੱਖੇ। ਉੱਥੇ ਸਾਫ਼ ਸਫ਼ਾਈ ਦੇ ਬਹੁਤ ਬੁਰੇ ਹਾਲਾਤ ਹਨ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਸਫ਼ਰ ਕਰਦੇ ਸੁਚੇਤ ਰਹੋ

ਅਸੀਂ ਰੋਜ਼ਾਨਾ ਅਖ਼ਬਾਰਾਂ ਵਿਚ ਯਾਤਰਾ ਦੌਰਾਨ ਹੁੰਦੀਆਂ ਸਮੱਸਿਆਵਾਂ ਬਾਰੇ ਪੜ੍ਹਦੇ ਹਾਂ। ਸਮਾਜ ਵਿਚ ਵਾਰਦਾਤਾਂ ਵਧ ਰਹੀਆਂ ਹਨ। ਆਏ ਦਿਨ ਵਾਰਦਾਤਾਂ ਨਵੀਆਂ ਵਿਧੀਆਂ ਨਾਲ ਹੋ ਰਹੀਆਂ ਹਨ। ਜੋ ਆਮ ਮਨੁੱਖ ਦੀ ਸੋਚ ਤੋਂ ਪਰ੍ਹੇ ਹਨ। ਸਫ਼ਰ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਰਾਤ ਸਮੇਂ ਰੇਲ ਵਿਚ ਸਫ਼ਰ ਕਰਨਾ ਬਹੁਤ ਔਖਾ ਹੈ। ਸਫ਼ਰ ਕਰਦੇ ਸਮੇਂ ਕਿਸੇ ਨਾਲ ਨਿੱਜੀ ਗੱਲਾਂ ਸਾਂਝੀਆਂ ਨਾ ਕਰੋ। ਕਿਸੇ ਨੂੰ ਕੋਈ ਭੇਤ ਨਾ ਦੱਸੋ। ਅਸੀਂ ਜਿਸ ਨੂੰ ਜਾਣਦੇ ਨਹੀਂ ਉਸ ਨਾਲ ਬਹੁਤੀ ਗੱਲਬਾਤ ਨਾ ਕਰੋ। ਹੋ ਸਕੇ ਤਾਂ ਦੋ ਜਣੇ ਸਫ਼ਰ ਕਰੋ ਤਾਂ ਸਫ਼ਰ ਸੌਖਾ ਹੋ ਜਾਏਗਾ ਤੇ ਡਰ ਵੀ ਨਹੀਂ ਰਹੇਗਾ। ਸਰਕਾਰ ਨੂੰ ਸਫ਼ਰ ਦੌਰਾਨ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

-ਰਾਮ ਸਿੰਘ ਪਾਠਕ

ਸੈਲਫੀ ਦਾ ਵਧਦਾ ਰੁਝਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਸੈਲਫੀ ਦੀ ਪਰੰਪਰਾ ਅਜੋਕੀ ਪੀੜ੍ਹੀ ਵਿਚ ਮਕਬੂਲ ਹੋ ਚੁੱਕੀ ਹੈ। ਨੌਜਵਾਨ ਸੈਲਫ਼ੀ ਜ਼ਰੂਰ ਲੈਂਦੇ ਹਨ, ਭਾਵੇਂ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ। ਸੈਲਫੀ ਦੌਰਾਨ ਵਾਪਰ ਰਹੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ। ਇਨ੍ਹੋਂ ਤੋਂ ਕੋਈ ਪ੍ਰਾਪਤੀ ਨਹੀਂ ਹੁੰਦੀ। ਸਿਰਫ਼ ਅਫ਼ਸੋਸ ਅਤੇ ਪਿੱਛੇ ਪਛਤਾਵਾ ਬਾਕੀ ਰਹਿ ਜਾਂਦੀ ਹੈ। ਬੀਤੇ ਦਿਨ ਇਕ ਲੜਕੀ ਸੈਲਫੀ ਲੈਂਦੇ ਸਮੇਂ ਸੰਤੁਲਨ ਵਿਗੜਨ ਕਰਕੇ ਨਹਿਰ ਵਿਚ ਰੁੜ ਗਈ, ਉਸ ਨੂੰ ਬਚਾਉਣ ਲਈ ਉਸ ਦੇ ਦੋਸਤ ਨੇ ਵੀ ਨਹਿਰ ਵਿਚ ਛਾਲ ਮਾਰੀ। ਮੁੰਡਾ-ਕੁੜੀ ਦੋਵੇਂ ਫੋਕੀ ਟੋਹਰ ਅਤੇ ਦਿਖਾਵੇ ਦੀ ਜ਼ਿੰਦਗੀ ਸੋਸ਼ਲ ਮੀਡੀਏ 'ਤੇ ਗੁਜ਼ਾਰਦੇ ਹੋਏ ਸਦਾ-ਸਦਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਸੈਲਫੀ ਲੈਣ ਦਾ ਸ਼ੌਕ ਅਤੇ ਜਨੂੰਨ ਉਨ੍ਹਾਂ ਦੀ ਜ਼ਿੰਦਗੀ ਦਾ ਦੁਸ਼ਮਣ ਬਣ ਗਿਆ। ਆਪਣੀ ਹੀ ਫੋਟੋ ਵਾਰ-ਵਾਰ ਖਿੱਚੀ ਜਾਣਾ ਮਾਨਸਿਕ ਰੋਗੀ ਹੋਣ ਦੀ ਵੀ ਨਿਸ਼ਾਨੀ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਨੀ, (ਬਠਿੰਡਾ)

ਕੁਦਰਤ ਨਾਲ ਛੇੜਛਾੜ ਬੰਦ ਕਰੀਏ

ਆਏ ਦਿਨ ਵੱਡੇ ਪੱਧਰ 'ਤੇ ਪਹਾੜਾਂ ਦੇ ਖਿਸਕਣ, ਬੱਦਲ ਫਟਣ, ਵਿਨਾਸ਼ਕਾਰੀ ਹੜ੍ਹ, ਤੇਜ਼ ਰਫ਼ਤਾਰ ਵਾਲੇ ਤੂਫ਼ਾਨ ਜਿਹੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਤੋਂ ਸਮਝਿਆ ਜਾ ਸਕਦਾ ਹੈ ਕਿ ਕੁਦਰਤ ਅਤੇ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਮਨੁੱਖਤਾ ਲਈ ਹਾਨੀਕਾਰਕ ਹੈ। ਆਰਾਮਦਾਇਕ ਅਤੇ ਸੁਵਿਧਾਜਨਕ ਜੀਵਨ ਦੀ ਲਾਲਸਾ ਵਿਚ ਮਨੁੱਖ ਬੇਤਰਤੀਬ ਵਿਕਾਸ ਦੇ ਰਾਹ 'ਤੇ ਬਹੁਤ ਅੱਗੇ ਵਧ ਗਿਆ ਹੈ, ਉਸ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਕੁਦਰਤ ਦੇ ਵਾਤਾਵਰਨ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਹੁਣ ਇਕ ਕਦਮ ਪਿੱਛੇ ਹੱਟ ਕੇ ਕੁਦਰਤ ਨਾਲ ਛੇੜਛਾੜ ਬੰਦ ਕਰਨ ਦਾ ਸਮਾਂ ਆ ਗਿਆ ਹੈ। ਆਓ, ਅਸੀਂ ਪ੍ਰਣ ਕਰੀਏ ਕਿ ਅਸੀਂ ਪਹਾੜਾਂ ਦੀ ਮੌਲਿਕਤਾ ਨੂੰ ਖ਼ਤਮ ਨਹੀਂ ਕਰਾਂਗੇ, ਅਸੀਂ ਰੁੱਖਾਂ ਦੀ ਵਹਿਸ਼ੀ ਕਟਾਈ ਨਾਲ ਜੰਗਲਾਂ ਨੂੰ ਤਬਾਹ ਨਹੀਂ ਕਰਾਂਗੇ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਆਪਣੇ ਮੂੰਹ ਮੀਆਂ ਮਿੱਠੂ

ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ, ਇਹ ਮੁਹਾਵਰਾ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਇਨਸਾਨ ਖ਼ੁਦ ਹੀ ਆਪਣੀ ਪ੍ਰਸੰਸਾ ਕਰਨ ਲੱਗ ਜਾਏ। ਅੱਜ ਸਮਾਜ 'ਚ ਅਜਿਹੇ ਲੋਕਾਂ ਦੀ ਘਾਟ ਨਹੀਂ, ਜੋ ਆਪਣੇ ਮੂੰਹੋਂ ਮੀਆਂ ਮਿੱਠੂ ਬਣਦੇ ਹਨ। ਅਜਿਹੇ ਲੋਕ ਬਸ ਆਪਣੀ ਪ੍ਰਸੰਸਾ ਸੁਣਨਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਦੂਜੇ ਦੀ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ। ਅਜਿਹੇ ਲੋਕਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੁੰਦਾ ਹੈ।

-ਲੈਕਚਰਾਰ ਅਜੀਤ ਖੰਨਾ