25-02-26
ਭਾਸ਼ਾ ਅਤੇ ਵਿਚਾਰ
ਭਾਸ਼ਾ ਅਤੇ ਵਿਚਾਰਾਂ ਵਿਚ ਬਹੁਤ ਗਹਿਰਾ ਅਤੇ ਮਜ਼ਬੂਤ ਸੰਬੰਧ ਹੈ। ਵਿਚਾਰਾਂ ਦੀ ਉਤਪਤੀ ਸਾਡੇ ਗਿਆਨ ਅਤੇ ਸਮਝ ਦੇ ਹਿਸਾਬ ਨਾਲ ਹੁੰਦੀ ਹੈ। ਵਿਚਾਰ ਉੱਚੇ ਪੱਧਰ ਦੀ ਮਾਨਸਿਕ ਕਿਰਿਆ ਹੁੰਦੀ ਹੈ, ਜਿਹੜੀ ਕਿ ਪ੍ਰਤੱਖਬੋਧ, ਯਾਦ, ਕਲਪਨਾ ਤੇ ਤਰਕ ਆਦਿ 'ਤੇ ਨਿਰਭਰ ਕਰਦੀ ਹੈ। ਮਨੋਵਿਗਿਆਨੀਆਂ ਦੇ ਕਥਨ ਅਨੁਸਾਰ ਭਾਸ਼ਾ ਅਤੇ ਵਿਚਾਰ ਵਿਚ 'ਕਾਰਨ-ਪ੍ਰਭਾਵ' ਸੰਬੰਧ ਹੁੰਦਾ ਹੈ। ਕਾਰਨ-ਪ੍ਰਭਾਵ ਸੰਬੰਧ ਦਾ ਮਤਲਬ ਹੈ ਕਿ ਭਾਸ਼ਾ ਅਤੇ ਵਿਚਾਰ ਦੋਨੋਂ ਹੀ ਇਕ ਦੂਜੇ ਉੱਤੇ ਨਿਰਭਰ ਕਰਦੇ ਹਨ। ਭਾਸ਼ਾ ਦੇ ਰਾਹੀਂ ਹੀ ਅਸੀਂ ਆਪਣੇ ਵਿਚਾਰਾਂ ਦਾ ਪਰਗਟਾਵਾ ਕਰਦੇ ਹਾਂ। ਵਿਚਾਰਾਂ ਦੇ ਨਿਰਮਾਣ ਲਈ ਭਾਸ਼ਾ ਦਾ ਗਿਆਨ ਅਤੇ ਮਾਨਸਿਕ ਸਮਝਬੋਧ ਦਾ ਹੋਣਾ ਜ਼ਰੂਰੀ ਹੁੰਦਾ ਹੈ। ਦੁਨੀਆ ਵਿਚ ਅਨੇਕਾਂ ਹੀ ਭਾਸ਼ਾਵਾਂ ਹਨ ਅਤੇ ਇਨ੍ਹਾਂ ਭਾਸ਼ਾਵਾਂ ਦੇ ਆਧਾਰ 'ਤੇ ਅਸੀਂ ਦੂਜੇ ਮਨੁੱਖਾ, ਜਾਤੀਆਂ ਤੋਂ ਵੱਖਰੇ ਹੁੰਦੇ ਹਾਂ। ਭਾਸ਼ਾ ਦੇ ਨਿਯਮਾਂ ਅਤੇ ਢੰਗ-ਤਰੀਕਿਆਂ ਰਾਹੀਂ ਹੀ ਅਸੀਂ ਆਪਣੇ ਵਿਚਾਰ ਅਤੇ ਸੂਚਨਾਵਾਂ ਦੂਜਿਆਂ ਤੱਕ ਪਹੁੰਚਾਉਂਦੇ ਹਾਂ ਅਤੇ ਦੂਜਿਆਂ ਮਨੁੱਖਾਂ ਦੇ ਵਿਚਾਰ ਅਤੇ ਸੂਚਨਾ ਵੀ ਪ੍ਰਾਪਤ ਕਰਦੇ ਹਾਂ। ਭਾਸ਼ਾ ਵਿਚ ਅਸੀਂ ਅੱਖਰ-ਚਿੰਨ੍ਹ ਸਿੱਖਦੇ ਹਾਂ ਫਿਰ ਸ਼ਬਦ ਅਤੇ ਵਾਕ ਬਣਾਉਣੇ ਸਿੱਖਦੇ ਹਾਂ. ਵਿਆਕਰਨ ਦੇ ਨਿਯਮਾਂ ਦਾ ਧਿਆਨ ਰੱਖਦੇ ਹੋਏ ਭਾਸ਼ਾ ਨੂੰ ਦੂਜਿਆਂ ਲੋਕਾਂ ਤੱਕ ਪਹੁੰਚਣਯੋਗ ਬਣਾਇਆ ਜਾਂਦਾ ਹੈ। ਭਾਸ਼ਾ ਰਾਹੀਂ ਮਨੁੱਖ ਜਾਤੀ ਦੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਗੜ੍ਹਸ਼ੰਕਰ, (ਹੁਸ਼ਿਆਰਪੁਰ)
ਲੋਕਤੰਤਰ ਦਾ ਕਤਲ
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ, ਜਿਥੇ ਹਰ ਰੋਜ਼ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ, ਡੇਰਿਆਂ 'ਚ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਹੁੰਦੀਆਂ ਹਨ। ਜਿਥੇ ਵੀ ਕੋਈ ਆਫ਼ਤ ਆਪੰਜਾਬ ਦਾ ਹਰ ਵਰਗ ਮੋਹਰੀ ਹੋ ਕੇ ਉਥੇ ਸੇਵਾ ਲਈ ਤੱਤਪਰ ਹੋ ਕੇ ਸੇਵਾ ਲਈ ਪਹੁੰਚ ਜਾਂਦੇ ਹਨ। ਫਿਰ ਵੀ ਪਤਾ ਨਹੀਂ ਚੰਦ ਕੁ ਲੋਕਾਂ ਦੇ ਵਿਚ ਕਿਥੋਂ ਨਫਰਤ ਦੇ ਬੀਜ ਉੱਗ ਗਏ ਹਨ।
ਕਿਹੜੀ ਗੱਲ ਤੋਂ ਇਨਸਾਨੀਅਤ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਵੋਟ ਲੋਕਤੰਤਰ ਦੀ ਇਕ ਨਿਸ਼ਾਨੀ ਹੈ। ਕੋਈ ਵੀ ਆਦਮੀ ਭਾਵੇਂ ਜਿਸ ਮਰਜ਼ੀ ਇਨਸਾਨ ਨੂੰ ਵੋਟ ਪਾ ਦੇਵੇ। ਉਹ ਉਸ ਦਾ ਮੁੱਢਲਾ ਹੱਕ ਹੈ। ਜੇ ਕੋਈ ਵੱਧ ਵੋਟਾਂ ਲੈ ਕੇ ਕੋਈ ਆਹੁਦੇ ਉਤੇ ਬਿਰਾਜਮਾਨ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਵਿਰੋਧੀ ਧਿਰ ਗੋਲੀਆਂ ਨਾਲ ਮਾਰ ਹੀ ਦੇਵੇ। ਪਿਛਲੇ ਤਿੰਨ ਚਾਰ ਸਾਲ ਤੋਂ ਅਨੇਕਾਂ ਹੀ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਕਿ ਵਿਆਹ ਸਮਾਗਮ ਵਿਚ ਸ਼ਾਮਲ ਸਰਪੰਚ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ। ਇਹ ਸਰਪੰਚਾਂ ਦਾ ਕਤਲ ਨਹੀਂ ਲੋਕਤੰਤਰ ਦਾ ਕਤਲ ਹੈ। ਇਹ ਸੰਵਿਧਾਨ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ।
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਕਿਤਾਬਾਂ ਹਨ ਅਸਲੀ ਮਿੱਤਰ
ਕਿਤਾਬਾਂ ਨੂੰ ਮਨੁੱਖ ਦਾ ਸਭ ਤੋਂ ਵਧੀਆ ਅਤੇ ਅਸਲੀ ਮਿੱਤਰ ਕਿਹਾ ਜਾਂਦਾ ਹੈ। ਇਹ ਸਾਨੂੰ ਕਦੇ ਵੀ ਗ਼ਲਤ ਰਾਹ 'ਤੇ ਨਹੀਂ ਲੈ ਜਾਂਦੀਆਂ, ਸਗੋਂ ਸਹੀ ਮਾਰਗ ਦਿਖਾਉਂਦੀਆਂ ਹਨ। ਵਿਦਿਆਰਥੀਆਂ ਲਈ ਕਿਤਾਬਾਂ ਗਿਆਨ ਦਾ ਅਨਮੋਲ ਖਜ਼ਾਨਾ ਹੁੰਦੀਆਂ ਹਨ।
ਕਿਤਾਬਾਂ ਪੜ੍ਹਨ ਨਾਲ ਵਿਦਿਆਰਥੀਆਂ ਦਾ ਗਿਆਨ ਵਧਦਾ ਹੈ, ਭਾਸ਼ਾ ਨਿੱਖਰਦੀ ਹੈ ਅਤੇ ਲਿਖਣ-ਬੋਲਣ ਦੀ ਕਲਾ ਵਿਚ ਸੁਧਾਰ ਆਉਂਦਾ ਹੈ। ਕਹਾਣੀਆਂ, ਜੀਵਨੀਆਂ ਅਤੇ ਵਿਗਿਆਨਕ ਕਿਤਾਬਾਂ ਸਾਨੂੰ ਮਹਾਨ ਵਿਅਕਤੀਆਂ ਦੇ ਜੀਵਨ ਤੋਂ ਪ੍ਰੇਰਨਾ ਦਿੰਦੀਆਂ ਹਨ ਅਤੇ ਮਿਹਨਤ, ਇਮਾਨਦਾਰੀ ਤੇ ਅਨੁਸ਼ਾਸਨ ਵਰਗੇ ਉੱਚੇ ਮੁੱਲਾਂ ਦੀ ਸਿੱਖਿਆ ਦਿੰਦੀਆਂ ਹਨ।
ਕਿਤਾਬਾਂ ਸਾਡੀ ਕਲਪਨਾ ਸ਼ਕਤੀ ਨੂੰ ਵਿਕਸਤ ਕਰਦੀਆਂ ਹਨ ਅਤੇ ਸਾਡੀ ਸੋਚ ਨੂੰ ਵਿਸ਼ਾਲ ਬਣਾਉਂਦੀਆਂ ਹਨ। ਅੱਜ-ਕੱਲ੍ਹ ਮੋਬਾਈਲ ਫੋਨ, ਇੰਟਰਨੈੱਟ ਅਤੇ ਟੀਵੀ ਦੇ ਵਧਦੇ ਪ੍ਰਭਾਵ ਕਾਰਨ ਬੱਚੇ ਕਿਤਾਬਾਂ ਤੋਂ ਦੂਰ ਹੋ ਰਹੇ ਹਨ। ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸਿਰਫ਼ ਮਨੋਰੰਜਨ ਨਾਲ ਪੂਰਾ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇ ਵਿਦਿਆਰਥੀ ਹਰ ਰੋਜ਼ ਕੁਝ ਸਮਾਂ ਕਿਤਾਬਾਂ ਪੜ੍ਹਨ ਲਈ ਨਿਰਧਾਰਤ ਕਰਨ, ਤਾਂ ਉਹਨਾਂ ਦੀ ਪੜ੍ਹਾਈ ਵਿਚ ਰੁਚੀ ਵਧੇਗੀ ਅਤੇ ਪ੍ਰੀਖਿਆਵਾਂ ਵਿਚ ਵੀ ਚੰਗੇ ਨਤੀਜੇ ਮਿਲਣਗੇ।
- ਰਾਜਵੀਰ ਸਿੰਘ, ਸਰਹਿੰਦ
ਬੱਚਿਆਂ ਵਿਚ ਪ੍ਰਯੋਗੀ ਗਿਆਨ ਦੀ ਕਮੀ
ਅੱਜ ਦੇ ਡਿਜੀਟਲ ਯੁੱਗ ਵਿਚ ਮਸਨੂਈ ਬੁੱਧੀ (ਏ.ਆਈ.) ਬੱਚਿਆਂ ਦੀ ਪੜ੍ਹਾਈ ਦਾ ਅਹਿਮ ਹਿੱਸਾ ਬਣ ਚੁੱਕੀ ਹੈ।
ਘਰ-ਕੰਮ, ਪ੍ਰੋਜੈਕਟ ਅਤੇ ਜਾਣਕਾਰੀ ਲਈ ਬੱਚੇ ਏ.ਆਈ. 'ਤੇ ਬਹੁਤ ਜ਼ਿਆਦਾ ਨਿਰਭਰ ਹੋ ਰਹੇ ਹਨ। ਇਸ ਕਾਰਨ ਉਨ੍ਹਾਂ ਵਿਚ ਪ੍ਰੈਕਟੀਕਲ ਗਿਆਨ ਦੀ ਘਾਟ ਸਪੱਸ਼ਟ ਦਿੱਖ ਰਹੀ ਹੈ।
ਬੱਚੇ ਜਵਾਬ ਤਾਂ ਤੁਰੰਤ ਪ੍ਰਾਪਤ ਕਰ ਲੈਂਦੇ ਹਨ, ਪਰ ਸਵੈ-ਪੜਚੋਲ, ਤਜਰਬਾ ਕਰਨ ਅਤੇ ਗਲਤੀਆਂ ਤੋਂ ਸਿੱਖਣ ਦੀ ਪ੍ਰਕਿਰਿਆ ਦੀ ਘਾਟ ਰਹਿ ਜਾਂਦੀ ਹੈ।
ਵਿਗਿਆਨ ਦੇ ਪ੍ਰਯੋਗ, ਗਣਿਤ ਦੇ ਹਿਸਾਬ-ਕਿਤਾਬ ਜਾਂ ਜੀਵਨ-ਕੌਸ਼ਲ ਸਭ ਵਿਚ ਕਰਕੇ ਸਿੱਖਣ ਦੀ ਥਾਂ ਸਕ੍ਰੀਨ 'ਤੇ ਨਿਰਭਰਤਾ ਵਧ ਗਈ ਹੈ। ਇਸ ਨਾਲ ਸਿਰਜਣਾਤਮਕ, ਤਰਕਸ਼ੀਲ ਸੋਚ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਪ੍ਰਭਾਵਿਤ ਹੋ ਰਹੀ ਹੈ।
ਲੋੜ ਹੈ ਕਿ ਮਾਪੇ ਅਤੇ ਅਧਿਆਪਕ ਮਸਨੂਈ ਬੁੱਧੀ (ਏ.ਆਈ.) ਨੂੰ ਸਹਾਇਕ ਸਾਧਨ ਵਜੋਂ ਵਰਤਣ, ਨਾ ਕਿ ਬਦਲ ਵਜੋਂ। ਪ੍ਰਯੋਗਸ਼ਾਲਾ, ਖੇਡ, ਚਰਚਾ ਅਤੇ ਪ੍ਰਯੋਗਕ ਅਧਿਐਨ ਰਾਹੀਂ ਬੱਚਿਆਂ ਵਿਚ ਅਸਲ ਅਨੁਭਵ ਅਤੇ ਪ੍ਰੈਕਟੀਕਲ ਗਿਆਨ ਵਿਕਸਿਤ ਕੀਤਾ ਜਾਵੇ।
-ਰਾਜ ਕੁਮਾਰ ਖੰਨਾ
(ਐੱਮ.ਏ.ਐੱਮ.ਫਿਲ.)