14-09-25
ਪੈਸੇ ਦਾ ਤਰਾਜੂ
ਲੇਖਕ : ਪ੍ਰਿੰਸੀਪਲ ਨਾਹਰ ਸਿੰਘ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 94179-33831
ਪੰਜਾਬੀ ਸਾਹਿਤ ਦੀ ਵਾਰਤਕ ਵਿਧਾ ਦੀ ਇਸ ਪੁਸਤਕ ਵਿਚ ਲੇਖਕ ਨੇ ਆਪਣੀਆਂ 25 ਲੇਖ-ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਲੇਖਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਕਈਆਂ ਲੇਖਾਂ ਵਿਚ ਕਹਾਣੀ ਰਸ ਦੀ ਵਰਤੋਂ ਹੋਣ ਕਰਕੇ ਪਾਠਕ ਦੀ ਸੋਚ ਨੂੰ ਕੀਲਣ ਦੀ ਸਮਰੱਥਾ ਹੈ। ਇਸ ਪੁਸਤਕ ਨੂੰ ਪੜ੍ਹ ਕੇ ਪਾਠਕ ਨੂੰ ਲੇਖਕ ਦੀ ਸਮਾਜ ਪ੍ਰਤੀ ਸੰਵੇਦਨਸ਼ੀਲਤਾ, ਉਸ ਦਾ ਦੁਖੀਆਂ ਲਈ ਦੁਖੀ ਹੋਣ ਦਾ ਜਜ਼ਬਾ ਸਪੱਸ਼ਟ ਹੋ ਜਾਂਦਾ ਹੈ। ਕਹਾਣੀ-ਰਸ ਵਾਲੇ ਲੇਖਾਂ ਵਿਚ 'ਪੈਸੇ ਦਾ ਤਰਾਜੂ', 'ਵਾਤਾਵਰਨ ਪ੍ਰੇਮੀ', 'ਅਣਮੁੱਲੀ ਖ਼ੁਸ਼ੀ' ਆਦਿ ਸ਼ਾਮਿਲ ਹਨ। ਉਸ ਦਾ ਲਿਖਿਆ ਲੇਖ 'ਸਿਰੜੀ ਮਨੁੱਖ+ ਭਾਰਤ ਦੇ ਸੂਬੇ ਬਹਾਰ ਦੇ ਗਯਾ ਜ਼ਿਲ੍ਹੇ ਦੇ ਪਿੰਡ ਗਹਲੋਰ ਦੇ ਦਸ਼ਰਥ ਮਾਝੀ ਦੀ ਬੇਮਿਸਾਲ ਜੀਵਨ ਕਹਾਣੀ ਪੇਸ਼ ਕਰਦਾ ਹੈ। ਜੋ ਪਾਠਕ ਲਈ ਪ੍ਰੇਰਨਾ ਦੀ ਵੱਡੀ ਮਿਸਾਲ ਹੈ। ਉਸ ਦਾ ਹਰੇਕ ਲੇਖ ਸਾਂਭਣਯੋਗ ਹੈ। ਪੁਸਤਕ ਦੇ ਮੁੱਖਬੰਧ ਵਿਚ ਹਰਬੰਸ ਸਿੰਘ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ ਵਲੋਂ ਲਿਖੇ ਲਫ਼ਜ਼ ਕਿ ਪ੍ਰਿੰਸੀਪਲ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਸਮਰਪਿਤ ਹਨ, ਇਸੇ ਕਰਕੇ ਹੀ 'ਪੇ ਬੈਕ ਟੂ ਦੀ ਸੁਸਾਇਟੀ' ਦੇ ਸਿਧਾਂਤ ਨੂੰ ਮੰਨਦੇ ਹੋਏ, ਸਮਾਜ ਨੂੰ ਜਾਗ੍ਰਿਤ ਕਰਨ ਲਈ ਅਗਰਸਰ ਹਨ।' ਲੇਖਕ ਦੀ ਘਾਲਣਾ ਥਾਏ ਪਈ ਹੈ। ਇਹ ਪੁਸਤਕ ਉਸ ਦੀਆਂ ਤਮਾਮ ਘਾਲਣਾਵਾਂ ਦਾ ਦਸਤਾਵੇਜ਼ੀ ਪਰੂਫ਼ ਹੈ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਜਪੁ ਜੀ ਤੇ ਹੋਰ ਬਾਣੀਆਂ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 395 ਰੁਪਏ, ਸਫ਼ੇ : 270
ਸੰਪਰਕ : 99151-03490
ਵਿਦਵਾਨ ਲੇਖਕ ਦਾ ਲਿਖਣ ਖੇਤਰ, ਕਾਫ਼ੀ ਮੋਕਲਾ ਹੈ। ਗੁਰਮਤਿ ਸਾਹਿਤ ਬਾਰੇ ਪੰਜ, ਬਾਲ ਸਾਹਿਤ ਬਾਰੇ ਵੀ ਪੰਜ, ਕਹਾਣੀ, ਮਿੰਨੀ ਕਹਾਣੀ ਦੀਆਂ 3, ਕਵਿਤਾ ਬਾਰੇ ਇਕ ਅਤੇ ਗੁਰੂ ਨਾਨਕ ਦੇਵ ਮਿਸ਼ਨ ਵਲੋਂ ਚਾਰ ਟਰੈਕਟ (ਨਿਰੋਲ ਧਾਰਮਿਕ ਵਿਸ਼ਿਆਂ) ਉਨ੍ਹਾਂ ਦੀ, ਪੰਜਾਬੀ ਸਾਹਿਤ ਨੂੰ ਦੇਣ ਹੈ।
ਇਸ ਪੁਸਤਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰਨ ਕੀਤੀਆਂ ਬਾਣੀਆਂ 'ਜਪੁਜੀ', 'ਆਸਾ ਕੀ ਵਾਰ', 'ਸਿੱਧ ਗੋਸਟਿ', 'ਬਾਰਹ ਮਾਹ ਤੁਖਾਰੀ', 'ਓਅੰਕਾਰ' ਅਤੇ 'ਪੱਟੀ ਲਿਖੀ' ਨੂੰ, ਸਾਹਿਤਕ ਨਜ਼ਰੀਏ ਤੋਂ, ਤਫ਼ਸੀਲ ਨਾਲ, ਲਿਖਿਆ ਗਿਆ ਹੈ। ਇਸ ਪੁਸਤਕ ਦੇ 12 ਅਧਿਆਇ ਹਨ। ਪ੍ਰਥਮ ਅਧਿਆਇ 'ਜਪੁ ਬਾਣੀ' ਦੇ ਵਿਸ਼ਾ-ਵਸਤੂ ਬਾਰੇ ਹੈ। 'ਜਪੁ ਬਾਣੀ ਦਰਸ਼ਨ, ਭਗਤੀ ਅਤੇ ਬ੍ਰਹਮ-ਗਿਆਨ ਦਾ ਸੁਮੇਲ ਹੈ।' (ਪੰਨਾ 18)। ਸ੍ਰਿਸ਼ਟੀ ਦੀ ਰਚਨਾ ਬਾਰੇ ਇਸ ਬਾਣੀ ਦੇ ਸੰਦਰਭ ਵਿਚ, ਵਿਸਥਾਰਤ ਚਰਚਾ ਹੈ। ਦੂਜਾ ਅਧਿਆਇ, ਬਾਣੀ ਜਪੁ ਦੀ ਕਾਵਿ-ਕਲਾ ਬਾਰੇ ਹੈ। ਗੁਰੂ ਸਾਹਿਬ ਨੇ ਅਨੇਕਾਂ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਮੁਹਾਵਰੇ ਵੀ ਇਸ ਬਾਣੀ ਦਾ ਅੰਗ ਹੈ। ਜਿਵੇਂ 'ਵਾਤ ਨਾ ਪੁੱਛਣੀ', 'ਸਿਰ ਤੇ ਭਾਰ ਹੋਣਾ' ਆਦਿ (ਪੰਨਾ 69-70)। ਜਪੁ ਬਾਣੀ ਦੇ ਕਾਵਿ-ਰਸ ਦੀ ਸੁੰਦਰ ਵਿਆਖਿਆ ਕੀਤੀ ਗਈ ਹੈ। (ਪੰਨਾ 71 ਤੋਂ 76)। ਤੀਜਾ ਅਧਿਆਇ, ਬਾਣੀ 'ਆਸਾ ਦੀ ਵਾਰ' ਦੇ ਵਿਸ਼ਾ-ਵਸਤੂ ਦੀ ਸੰਪੂਰਨ ਵਿਆਖਿਆ ਹੈ। ਚੌਥਾ ਅਧਿਆਇ, ਬਾਣੀ 'ਆਸਾ ਦੀ ਵਾਰ' ਦੇ ਕਲਾਤਮਿਕ/ਸਾਹਿਤਕ ਪੱਖ ਨੂੰ ਰੂਪਮਾਨ ਕਰਦਾ ਹੈ। ਇਹ ਬਾਣੀ ਕਾਵਿ-ਰੂਪ 'ਵਾਰ' ਵਿਚ ਉਚਾਰੀ ਗਈ ਹੈ। (ਪੰਨਾ 114)। ਪੰਜਵਾਂ ਭਾਗ, ਸਿੱਧ ਗੋਸਟਿ ਦੇ ਵਿਸ਼ਾ-ਵਸਤੂ ਬਾਰੇ ਹੈ। 6ਵਾਂ, ਸਿੱਧ ਗੋਸਟਿ ਦੀ ਕਾਵਿ ਕਲਾ/ਸ਼ਾਂਤ, ਸਰੋਦੀ ਅਤੇ ਸੰਗੀਤਕ ਹੈ। (ਪੰਨਾ 178)। 7ਵਾਂ ਖੰਡ, 'ਬਾਰਹ ਮਾਹ ਤੁਖਾਰੀ ਦੇ ਕੇਂਦਰੀ ਵਿਸ਼ਾ-ਵਸਤੂ ਬਾਰੇ ਗੰਭੀਰ ਚਿੰਤਨ ਹੈ। ਇਹ, ਬਿਰਹਾ ਅਤੇ ਮਿਲਾਪ ਦੇ ਸਮਝ ਦੀਆਂ ਅਵਸਥਾਵਾਂ ਦਾ ਚਿਤਰਨ' ਹੈ। (ਪੰਨਾ 192)। ਇਸ ਦਾ ਪਰਕਿਰਤੀ ਚਿਤਰਨ, ਬਾ-ਕਮਾਲ ਹੈ। 8ਵਾਂ ਅਧਿਆਇ ਬਾਰਹ ਮਾਹ ਤੁਖਾਰੀ ਦੇ ਸਾਹਿਤਕ ਪੱਖ ਦੀਆਂ ਰਮਜ਼ਾਂ ਖੋਲ੍ਹਦਾ ਹੈ। ਪੰਨਾ 213 ਤੋਂ 214 ਤੱਕ, ਇਸ ਬਾਣੀ ਵਿਚ ਵਰਤੇ ਮੁਹਾਵਰਿਆਂ ਅਤੇ ਅਖਾਣਾਂ ਬਾਰੇ ਜਾਣਕਾਰੀ ਹੈ, ਜਿਵੇਂ ਰੰਗ ਮਾਨਣਾ, 'ਅੱਧੀ ਕੌਡੀ ਦਾ ਨਾ ਹੋਣਾ' ਤੇ ਭੱਠੀ ਵਾਂਗ ਤਪਣਾ ਆਦਿ। ਨੌਵੇਂ ਅਧਿਆਇ ਵਿਚ, ਬਾਣੀ ਓਅੰਕਾਰ ਅੰਦਰਲੇ ਗੁੱਝੇ ਰੂਹਾਨੀ ਭੇਦਾਂ ਨੂੰ ਖੋਲ੍ਹਿਆ ਗਿਆ ਹੈ। ਇਹ ਬਾਣੀ, ਅੱਖਰਾਂ 'ਤੇ ਆਧਾਰਿਤ ਕਰ ਕੇ ਲਿਖੀ ਹੋਈ ਹੈ। (ਪੰਨਾ 218). ਇਸ ਬਾਣੀ ਦੇ ਅਨੇਕ ਅਰੰਭਲੇ ਅੱਖਰਾਂ ਦੀ ਇਕ ਵੰਨਗੀ-'ਓਅੰਕਾਰ', 'ਗਗਨ', 'ਘਰ', 'ਠਾਕੁਰ', 'ਜੋਸੁਇਨਾ', 'ਹੇਰਤ' ਅਤੇ 'ਧਨਿ' ਆਦਿ। (ਪੰਨਾ 219)। ਇਸ ਬਾਣੀ ਵਿਚ, ਪ੍ਰਭੂ ਲਈ ਵਰਤੇ ਅਨੇਕ ਨਾਵਾਂ ਦਾ ਵੀ ਵੇਰਵਾ ਹੈ। (ਪੰਨਾ 225)। 10ਵਾਂ ਭਾਗ, 'ਓਅੰਕਾਰ' ਬਾਣੀ ਦੀ ਕਾਵਿ-ਕਲਾ ਬਾਰੇ ਅਤੇ 11ਵਾਂ ਬਾਣੀ 'ਪੱਟੀ' ਦੇ ਕੇਂਦਰੀ ਵਿਸ਼ਾ-ਵਸਤੂ ਬਾਰੇ ਹੈ। ਬਾਣੀ-ਪੱਟੀ ਲਿਖੀ ਦੇ ਸਾਹਿਤਕ ਪੱਖ ਦੇ (ਅੰਤਲੇ) 12ਵੇਂ ਅਧਿਆਇ ਵਿਚ ਭਾਵ-ਪੂਰਤ ਵਰਣਨ ਹੈ। ਅੰਤਿਕਾ ਤੋਂ ਬਾਅਦ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਗੁਰਬਾਣੀ ਦੇ ਮੰਨੇ ਪ੍ਰਮੰਨੇ ਵਿਦਵਾਨਾਂ ਅਤੇ ਖੋਜਕਰਤਾਵਾਂ ਦੇ ਹਵਾਲਿਆਂ ਦੀ ਸੂਚੀ ਹੈ। ਸ਼ਾਂਤ ਹੋਰ ਇਸ ਪੁਸਤਕ ਵਿਚ, ਹਰ ਨੁਕਤੇ ਦੀ ਸਪੱਸ਼ਟਤਾ ਲਈ, ਗੁਰਬਾਣੀ ਦੇ, ਬੇਅੰਤ ਢੁਕਵੇਂ ਪ੍ਰਮਾਣ ਦਿੱਤੇ ਹਨ। ਇਹ ਪੁਸਤਕ, ਬੜੀ ਸ਼ਰਧਾ, ਲਗਨ, ਖੋਜ ਅਤੇ ਅੰਤਰ ਆਤਮਾ ਦੇ ਅਨੁਭਵ ਦਾ ਨਿਚੋੜ ਹੈ। ਹਰੇਕ ਗੁਰਬਾਣੀ ਪ੍ਰੇਮੀ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਬਦਾਮੀ ਬਾਗ਼
ਲੇਖਕ : ਦੇਵ ਦਰਦ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 95016-60416
ਦੇਵ ਦਰਦ ਸਮਰੱਥਾਵਾਨ ਗ਼ਜ਼ਲਗੋਅ ਸੀ। ਉਸ ਨੇ 'ਕਾਲੀਆਂ ਧੁੱਪਾਂ', 'ਤੇਰੇ ਬਿਨ', 'ਸ਼ਬਦਾਂ ਦੀ ਵਲਗਣ', 'ਮਿਜ਼ਰਾਥ' ਅਤੇ 'ਪੁਰਵਸ਼ੀ' ਗ਼ਜ਼ਲ-ਸੰਗ੍ਰਹਿ ਅਤੇ ਕਾਵਿ-ਸੰਗ੍ਰਹਿ ਪੰਜਾਬੀ ਕਾਵਿ-ਜਗਤ ਦੀ ਝੋਲੀ ਪਾਏ ਸਨ। 'ਬਦਾਮੀ ਬਾਗ਼' ਉਸ ਦਾ ਛੇਵਾਂ ਕਾਵਿ-ਸੰਗ੍ਰਹਿ ਹੈ ਜੋ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਆਪਣੇ ਪੂਜਨੀਕ ਪਿਤਾ ਦੀ ਅਣਥੱਕ ਮਿਹਨਤ ਨੂੰ ਸਲਾਮ ਕਰਦਿਆਂ ਸ਼ਰਧਾਂਜਲੀ ਵਜੋਂ ਪੰਜਾਬੀ ਪਾਠਕਾਂ ਦੀ ਝੋਲੀ ਪਾਇਆ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਦੁਆ ਕਰੀਂ ਕਿ ਮੈਂ ਪਰਤ ਆਵਾਂ' ਤੋਂ ਲੈ ਕੇ 'ਲੋਹੜੀ' ਤੱਕ ਕਾਵਿ-ਰਚਨਾਵਾਂ ਨੂੰ ਸੰਕਲਿਤ ਕੀਤਾ ਹੈ। 'ਕਿਹੜੇ ਘਰ ਜਾਵਾਂ', 'ਪੰਧ', 'ਜਨਮ-ਜਨਮ ਇਕਲਾਪੇ', 'ਅਜ਼ਾਦੀਏ', 'ਪੰਜਾਬੀਓ', 'ਕੱਲ੍ਹ ਦਾ ਵਾਰਸੋ', 'ਆ ਮੁੜ ਆ', 'ਵਾਹਗੇ ਦੀ ਸਰਹੱਦ', 'ਇਹ ਲੋਕ' ਪੜ੍ਹਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਉਹ ਵੰਡਾਂ ਪਏ ਇਸ ਜਗਤ ਦਾ ਹਿੱਸਾ ਹੈ। ਇਹ ਵੰਡਾਂ ਸਮਾਜਿਕ ਪਾੜਿਆਂ ਦੀਆਂ ਵੀ ਹਨ, ਆਰਥਿਕ ਪਾੜਿਆਂ ਦੀਆਂ ਵੀ ਹਨ। ਅਕੌਤੀ ਧਾਰਮਿਕ ਅਕੀਦਿਆਂ ਦੀਆਂ ਵੀ ਹਨ। ਮਨੁੱਖੀ ਇਤਿਹਾਸ 'ਚ ਵੰਡਾਂ ਦੀ ਕਹਾਣੀ ਬਹੁਤ ਲੰਮੀ ਹੈ। 'ਵੰਡਾਂ' ਕਵਿਤਾ ਇਸ ਇਤਿਹਾਸਕ ਪ੍ਰਸੰਗ ਦਾ ਵਿਸਥਾਰ ਕਰਦੀ ਹੈ। ਕਵੀ ਦੇਵ ਦਰਦ ਹੋਕਾ ਦਿੰਦਾ ਹੈ ਕਿ ਜੇਕਰ ਵੰਡਣਾ ਹੈ ਆਓ ਮਨੁੱਖੀ ਦੁੱਖ-ਸੁੱਖ ਵੰਡੀਏ। ਇਸ ਕਵਿਤਾ ਦੀਆਂ ਸਤਰਾਂ ਮਨੁੱਖ-ਮਾਤਰ ਨੂੰ ਸੁਖਦ-ਸੁਨੇਹਾ ਦਿੰਦੀਆਂ ਹਨ :
ਵੰਡਣਾ ਏ ਤਾਂ ਦੁੱਖ-ਸੁੱਖ ਵੰਡੀਏ
ਆਦਮ ਦੇ ਢਿੱਡ ਦੀ ਭੁੱਖ ਵੰਡੀਏ
ਜਿਸ ਮਿੱਟੀ ਨੂੰ ਮਾਂ ਕਹਿਦੇ ਹਾਂ
ਨਾ ਉਸ ਅੰਮੜੀ ਦੀ ਕੁੱਖ ਵੰਡੀਏ
ਸਾਦ-ਮੁਰਾਦੀ, ਸਰਲ, ਸਪੱਸ਼ਟ ਅਤੇ ਰਸੀਲੀ ਕਾਵਿ-ਸ਼ਬਦਾਵਲੀ 'ਬਦਾਮੀ ਬਾਗ਼' ਦੀਆਂ ਮਹਿਕਾਂ ਨੂੰ ਚੁਪਾਸੀਂ ਬਿਖੇਰਦੀ ਜਾਪਦੀ ਹੈ। 'ਵਾਹਗੇ ਦੀ ਸਰਹੱਦ' ਕਵਿਤਾ ਝੂਠੇ-ਗ਼ੁਮਾਨ ਤੋਂ ਵਰਜਦੀ ਹੈ। ਮੇਰੀ ਜਾਚੇ ਦੇਵ ਦਰਦ ਸਰੀਰਕ ਤੌਰ 'ਤੇ ਭਾਵੇਂ ਪੰਜਾਬੀ ਪਿਆਰਿਆਂ ਤੋਂ ਦੂਰ ਹੋ ਗਿਆ ਪ੍ਰੰਤੂ ਉਹ ਆਪਣੇ ਸ਼ਬਦਾਂ ਰਾਹੀਂ ਹਮੇਸ਼ਾ ਸਾਡੇ ਅੰਗ-ਸੰਗ ਰਹੇਗਾ। ਪਿਆਰਿਆ! ਜਿਥੇ ਵੀ ਏਂ, ਖ਼ੁਸ਼ ਰਹਿ। ਇਹ ਮੇਰੀ ਦੁਆ ਹੈ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਸਿਰ ਦੀ ਛੱਤ
ਲੇਖਕ : ਲਾਲ ਸਿੰਘ ਕਲਸੀ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 195 ਰੁਪਏ, ਸਫ਼ੇ : 120
ਸੰਪਰਕ : 98149-76639
ਕਥਾਕਾਰ, ਕਵੀ ਲਾਲ ਸਿੰਘ ਕਲਸੀ 'ਨੀਲੀ' ਅਤੇ 'ਯਾਦਗਾਰੀ ਗੇਟ' ਮਗਰੋਂ ਆਪਣੇ ਤੀਸਰੇ ਕਹਾਣੀ ਸੰਗ੍ਰਹਿ, 'ਸਿਰ ਦੀ ਛੱਤ' ਵਿਚਲੀਆਂ 15 ਕਹਾਣੀਆਂ ਨਾਲ ਪਾਠਕਾਂ ਦੇ ਰੂ-ਬਰੂ ਹੋਇਆ ਹੈ। ਲਾਲ ਸਿੰਘ ਕਲਸੀ ਦੀਆਂ ਸਾਰੀਆਂ ਕਹਾਣੀਆਂ ਅਜੋਕੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਕਹਾਣੀਆਂ ਹਨ। ਜਿਨ੍ਹਾਂ ਵਿਚ ਸਧਾਰਨ ਮਨੁੱਖ ਦੀਆਂ ਨਿਤ ਦੀਆਂ ਸਮੱਸਿਆਵਾਂ, ਜਿਊਣ ਲਈ ਨਿੱਤ ਦੇ ਸੰਘਰਸ਼ ਅਤੇ ਸਮਾਜਿਕ ਬੁਰਾਈਆਂ ਨੂੰ ਯਥਾਰਥ ਦੇ ਧਰਾਤਲ ਚਿਤਰਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਗ੍ਰਹਿ ਦੀਆਂ ਕਹਾਣੀਆਂ ਵਿਚ ਜਿੱਥੇ ਜ਼ਿਮੀਂਦਾਰਾਂ ਦੀ ਜ਼ਮੀਨ ਦੀ ਵੰਡ ਦੀ ਸਮੱਸਿਆ (ਸੌਂਕਣ ਕਹਾਣੀ), ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਭੇੜਚਾਲ (ਇਕ ਕੁੜੀ), ਨਸ਼ਿਆਂ ਨਾਲ ਹੋ ਰਹੀ ਬਰਬਾਦੀ ਦਾ ਦੁਖਾਂਤ (ਊਸ਼ਾ ਦੀ ਪਹਿਲੀ ਕਿਰਨ ਅਤੇ ਚੀਸ ਕਹਾਣੀਆਂ), ਰਾਜਨੀਤਕ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਮਾਰ ਧਾੜ (ਚੀਸ ਕਹਾਣੀ), ਸਰਕਾਰ ਦੀਆਂ ਦੋਗਲੀਆਂ ਨੀਤੀਆਂ (ਧੂਆਂ), ਅੰਡਰਵਰਲਡ ਦਾ ਨੰਗਾ ਸੱਚ ਉਜਾਗਰ ਕਰਦੀ ਕਹਾਣੀ (ਅਗਵਾਈ), ਦੇਹ ਵਪਾਰ ਦੇ ਧੰਦੇ ਦਾ ਕੱਚ-ਸੱਚ (ਓਏ ਸੂਰਾ, ਮਾਲ ਕੀ ਹੁੰਦੇ) ਅਤੇ ਪਤੀ-ਪਤਨੀ ਦੇ ਰਿਸ਼ਤੇ ਦੀ ਅਹਿਮੀਅਤ ਦਰਸਾਉਂਦੀ ਕਹਾਣੀ (ਸਿਰ ਦੀ ਛੱਤ) ਅਤੇ ਹੋਰ ਬਾਕੀ ਕਹਾਣੀਆਂ ਵੀ ਜੀਵਨ ਦੇ ਵੱਖੋ-ਵੱਖਰੇ ਪਹਿਲੂਆਂ ਨਾਲ ਜੁੜੀਆਂ ਹੋਈਆਂ ਕਹਾਣੀਆਂ ਹਨ। ਵਿਸ਼ੇ ਵੰਨ-ਸੁਵੰਨੇ ਹਨ। ਪਾਤਰ ਨੇੜੇ-ਤੇੜੇ ਵਿਚਰਦੇ ਜਾਪਦੇ ਹਨ। ਕਹਾਣੀਆਂ ਦਾ ਨਿਭਾਅ ਵੀ ਸਕਾਰਤਮਿਕ ਸੋਚ ਅਤੇ ਸੇਧ ਦੇਣ ਵਾਲਾ ਹੈ। ਲੇਖਕ ਕਿਧਰੇ ਕਿੱਸਾਗੋਈ, ਕਿਧਰੇ ਸੰਵਾਦਮਈ, ਕਿਧਰੇ ਸਫ਼ਰਨਾਮਾ, ਕਿੱਧਰੇ ਆਤਮਕਥਾਤਮਿਕ ਸ਼ੈਲੀ ਦੀ ਵਰਤੋਂ ਕਰਦਾ ਹੈ। ਭਾਸ਼ਾ ਸਰਲ ਪਰ ਮੁਹਾਵਰੇਦਾਰ ਹੋਣ ਕਰਕੇ ਕਹਾਣੀ ਵਿਚ ਕਥਾਰਸ ਪੈਦਾ ਕਰਕੇ ਰੌਚਕਤਾ ਵਧਾਉਂਦੀ ਹੈ। ਇਨ੍ਹਾਂ ਕਹਾਣੀਆਂ ਵਿਚ ਲੇਖਕ ਦਾ ਡੂੰਘਾ ਜੀਵਨ ਅਨੁਭਵ ਅਤੇ ਰਿਸ਼ਤਿਆਂ ਦੀ ਮਨੋਵਿਗਿਆਨਕ ਸਮਝ ਸਪੱਸ਼ਟ ਝਲਕਦੀ ਹੈ। ਲੇਖਕ ਨੇ ਸਮਾਜ ਦੇ ਨਿਘਰੇ ਹੋਏ ਹਾਲਾਤਾਂ ਦਾ ਸਿਰਫ਼ ਦਿਲ ਟੁੰਬਵਾਂ ਵਰਨਣ ਹੀ ਨਹੀਂ ਕੀਤਾ ਹੈ ਸਗੋਂ ਇਸ ਦੁਰਗਤੀ ਲਈ ਜ਼ਿੰਮੇਦਾਰ ਧਿਰਾਂ ਨੂੰ ਆਈਨਾ ਵਿਖਾਲਣ ਦੀ ਵੀ ਜੁਰੱਤ ਕੀਤੀ ਹੈ। ਸਿਰ ਦੀ ਛੱਤ ਦੀਆਂ ਕਹਾਣੀਆਂ 'ਸਾਹਿਤ ਤੇ ਕਲਾ ਸਮਾਜ ਲਈ' ਦੇ ਮੰਤਵ ਨੂੰ ਪੂਰਾ ਕਰਦੀਆਂ ਦਿਖਾਈ ਦਿੰਦੀਆਂ ਹਨ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਹਾਓ ਟੂ ਰੇਜ ਯੂਅਰ ਔਨ ਸੈਲਰੀ
ਲੇਖਕ : ਨੈਪੋਲੀਅਨ ਹਿੱਲ
ਅਨੁਵਾਦਕ : ਅਨੂ ਸ਼ਰਮਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 299 ਰੁਪਏ, ਸਫ਼ੇ : 192
ਸੰਪਰਕ : 01679-233244
ਪ੍ਰਸਿੱਧ ਅਮਰੀਕਨ ਲੇਖਕ ਨੈਪੋਲੀਅਨ ਹਿੱਲ (1883-1970) ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਸ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਨੇ ਸੰਸਾਰ ਭਰ ਦੇ ਲੱਖਾਂ-ਕਰੋੜਾਂ ਵਿਅਕਤੀਆਂ ਨੂੰ ਵਿਅਕਤੀਗਤ ਕਾਰੋਬਾਰੀ ਸਫ਼ਲਤਾ ਦੇ ਉਚੇਰੇ ਮੁਕਾਮ 'ਤੇ ਪਹੁੰਚਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ ਹੈ। ਉਸ ਦੀ ਪੁਸਤਕ 'ਸੋਚੋ ਤੇ ਅਮੀਰ ਬਣੋ' ਨੂੰ ਤਾਂ ਸਰਵਕਾਲੀ ਬੈਸਟ ਵਿੱਕਰੀ ਪੁਸਤਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ 'ਸਫ਼ਲਤਾ ਦੇ ਨਿਯਮ', 'ਮਨ ਦੀ ਸ਼ਾਂਤੀ ਨਾਲ ਅਮੀਰ ਬਣੋ', 'ਆਪਣੇ ਚਮਤਕਾਰ ਦੇ ਮਾਲਕ ਆਪ ਬਣੋ', 'ਜ਼ਿੰਦਗੀ 'ਚ ਖੁਸ਼ਹਾਲੀ ਲਈ ਸਾਰੀਆਂ ਚਾਬੀਆਂ ਅਤੇ ਮਾਸਟਰ ਕੁੰਜੀ ਅਸੀਂ ਕਿਵੇਂ ਪ੍ਰਾਪਤ ਕਰੀਏ' ਅਤੇ 'ਸਫਲਤਾ ਦੇ ਸਿਲੇਬਸ ਦਾ ਪੀ.ਐਮ.ਏ. ਵਿਗਿਆਨ' ਉਸ ਦੀਆਂ ਕੁਝ ਹੋਰ ਬਹੁਚਰਚਿਤ ਪੁਸਤਕਾਂ ਹਨ। ਪੰਜਾਬੀ ਵਿਚ ਅਨੁਵਾਦਿਤ ਰੀਵਿਊ ਅਧੀਨ ਪੁਸਤਕ 'ਹਓ ਟੂ ਰੇਜ ਯੂਅਰ ਸੈਲਰੀ' (2025) ਵਿਚ ਅਮਰੀਕੀ ਸਟੀਲ ਉਦਯੋਗ ਦੇ ਵਿਕਾਸ ਤੇ ਵਿਸਤਾਰ ਵਿਚ ਇਤਿਹਾਸਕ ਯੋਗਦਾਨ ਪਾਉਣ ਵਾਲੇ ਅਤੇ ਕਿਸੇ ਸਮੇਂ ਆਪਣੀ ਆਮਦਨ ਦਾ 90 ਪ੍ਰਤੀਸ਼ਤ ਚੈਰਿਟੀ ਫਾਊਂਡੇਸ਼ਨਾਂ, ਯੂਨੀਵਰਸਿਟੀਆਂ ਤੇ ਲਾਇਬ੍ਰੇਰੀਆਂ ਦੀ ਸਥਾਪਨਾ ਵਿਚ ਲਾਉਣ ਵਾਲੇ ਅਮੀਰ ਅਮਰੀਕੀ ਕਾਰੋਬਾਰੀ ਐਂਡਰਿਊ ਕਾਰਨੇਰ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਨੂੰ ਆਧਾਰ ਬਣਾ ਕੇ ਸਫ਼ਲਤਾ ਦੇ ਇਕ ਵਿਲੱਖਣ ਦਰਸ਼ਨ ਸ਼ਾਸਤਰ ਤੇ ਸਿਧਾਂਤ ਨੂੰ ਪੇਸ਼ ਕੀਤਾ ਗਿਆ ਹੈ। ਕਾਰਨੇਗੀ ਦੇ ਜੀਵਨ ਅਨੁਭਵਾਂ ਦੇ ਆਧਾਰ 'ਤੇ ਉਸਰਿਆ ਇਹ ਦਰਸ਼ਨ ਸ਼ਾਸਤਰ ਬਹੁਤ ਵਿਹਾਰਕ, ਦਿਲਚਸਪ ਤੇ ਸਮਾਜ ਦੇ ਸਭ ਵਰਗਾਂ ਲਈ ਉਪਯੋਗੀ ਹੈ ਕਿਉਂਕਿ ਅਸੀਂ ਸਭ ਆਪੋ-ਆਪਣੇ ਕੰਮ-ਧੰਦੇ, ਕਿੱਤੇ ਤੇ ਕਾਰੋਬਾਰ ਵਿਚ ਵਿਅਕਤੀਗਤ ਸਫ਼ਲਤਾ ਦੀ ਚੋਟੀ 'ਤੇ ਪਹੁੰਚਣਾ ਚਾਹੁੰਦੇ ਹਾਂ ਪਰ ਸਿਧਾਂਤ ਗਿਆਨ, ਅਗਵਾਈ ਤੇ ਅਭਿਆਸ ਦੀ ਅਣਹੋਂਦ ਵਿਚ ਅੱਧੀ-ਅਧੂਰੀ ਸਫਲਤਾ ਨਾਲ ਸੰਤੋਸ਼ ਜਾਂ ਅੱਧਵਾਟੇ ਹੀ ਸਭ ਕੁਝ ਛੱਡ ਛੜਾਅ ਜਾਂਦੇ ਹਾਂ।
ਇਸ ਪੁਸਤਕ ਦੇ ਪਹਿਲੇ ਨੌਂ ਅਧਿਆਇ ਉਦਯੋਗਪਤੀ ਐਂਡਰਿਊ ਕਰਨੇਗੀ ਨਾਲ ਨੈਪੋਲੀਅਨ ਹਿੱਲ ਦੀ ਹੋਈ ਗੱਲਬਾਤ ਦੇ ਰੂਪ ਵਿਚ ਹਨ। ਇਹ ਗੱਲਬਾਤ ਬਹੁਤ ਸਹਿਜ, ਤਰਕਪੂਰਨ, ਉਦੇਸ਼ਮੁੱਖ, ਲੜੀਬੱਧ ਅਤੇ ਸਮੁੱਚੀ ਵਿਸ਼ੈ ਸਮੱਗਰੀ ਨੂੰ ਇਕ ਸੰਗਠਿਤ ਸੂਤਰ ਆਧਾਰ ਪ੍ਰਦਾਨ ਕਰਨ ਵਾਲੀ ਹੈ। ਦਿਲਚਸਪ ਗੱਲਬਾਤ ਲਹਿਜਾ ਪਾਠਕ ਦੀ ਵਿਸ਼ੇ ਪ੍ਰਤੀ ਉਤਸੁਕਤਾ ਬਣਾਈ ਰੱਖਦਾ ਹੈ ਅਤੇ ਪਾਠ ਦੀ ਪੜ੍ਹਨਯੋਗਤਾ ਇਕ ਵਿਸ਼ੇਸ਼ ਗੁਣ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦੀ ਹੈ। ਭਾਵੇਂ ਇਨ੍ਹਾਂ ਅਧਿਆਵਾਂ ਵਿਚ ਗੱਲਬਾਤ ਦਾ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ ਪਰ ਫੇਰ ਵੀ ਹਰ ਅਧਿਆਇ ਨੂੰ ਢੁੱਕਵਾਂ ਸਿਰਲੇਖ ਦੇ ਕੇ ਵਿਸ਼ੇ ਨੂੰ ਆਕਰਸ਼ਿਤ ਵੀ ਬਣਾਇਆ ਹੈ ਅਤੇ ਸਫ਼ਲਤਾ ਦੇ ਸਿਧਾਂਤ-ਸੂਤਰਾਂ ਨੂੰ ਵੀ ਸਪੱਸ਼ਟ ਰੂਪ ਵਿਚ ਉਭਾਰਿਆ ਗਿਆ ਹੈ ਜਿਵੇਂ ਉਦੇਸ਼ ਦੀ ਨਿਸ਼ਚਿਤਤਾ, ਮਾਸਟਰ ਗਾਈਡ ਸਿਧਾਂਤ ਦੀ ਵਰਤੋਂ, ਆਦਰਸ਼ਕ ਚਰਿੱਤਰ ਦਾ ਵਿਕਾਸ ਕਰਨਾ, ਵਿਸ਼ਵਾਸ ਲਾਗੂ ਕਰਨਾ, ਸਵੈ-ਅਨੁਸ਼ਾਸਨ ਦਾ ਅਭਿਆਸ, ਹਾਰ ਤੋਂ ਸਿੱਖੋ, ਜ਼ਿਆਦਾ ਦੂਰੀ ਤੈਅ ਕਰਨਾ ਆਦਿ ਸਿਰਲੇਖਾਂ ਦਾ ਇਸ ਦ੍ਰਿਸ਼ਟੀ ਤੋਂ ਉਲੇਖ ਕੀਤਾ ਜਾ ਸਕਦਾ ਹੈ। ਆਖਰੀ ਦੋ ਅਧਿਆਵਾਂ ਵਿਚ ਤੰਦਰੁਸਤੀ ਨੂੰ ਆਦਤ ਬਣਾਉਣ ਅਤੇ ਧਨ ਦੇ ਸਰੋਤਾਂ ਦੀ ਸੰਭਾਲ 'ਤੇ ਜ਼ੋਰ ਦਿੱਤਾ ਗਿਆ ਹੈ।
ਅੱਜ ਦੀ ਨੌਜਵਾਨ ਪੀੜ੍ਹੀ ਲਈ ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹੈ ਅਤੇ ਇਹ ਉਨ੍ਹਾਂ ਲਈ ਪ੍ਰੇਰਨਾ ਤੇ ਉਤਸ਼ਾਹ ਦਾ ਚੰਗਾ ਸੋਮਾ ਬਣ ਸਕਦੀ ਹੈ। ਅਜੋਕੇ ਚੁਣੌਤੀਪੂਰਨ ਜੀਵਨ ਵਿਚ ਨੌਜਵਾਨ ਅਕਸਰ ਛੇਤੀ ਉਦਾਸ ਤੇ ਨਿਰਾਸ਼ ਹੋ ਜਾਂਦੇ ਹਨ। ਇਕ ਵਾਰ ਕਾਰਨੇਗੀ ਨੂੰ ਇਸ ਪੁਸਤਕ ਦੇ ਜ਼ਰੀਏ ਮਿਲ ਕੇ ਤਾਂ ਦੇਖੋ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਸਿੱਖ ਇਤਿਹਾਸ ਦੇ ਅਜਬ ਪੰਨੇ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98764-52223
ਇਸ ਹਥਲੀ ਕਿਤਾਬ ਵਿਚ ਲੇਖਕ ਨੇ ਸਿੱਖ ਇਤਿਹਾਸ ਨਾਲ ਲਬਰੇਜ 21 ਘਟਨਾਵਾਂ ਤਸਵੀਰਾਂ ਸਮੇਤ ਅੰਕਿਤ ਕੀਤੀਆਂ ਹਨ, ਜਿਸ ਵਿਚ ਅਨੰਦਾਂ ਅਤੇ ਜੰਗਾਂ ਦੀ ਧਰਤ-ਸ੍ਰੀ ਅਨੰਦਪੁਰ ਸਾਹਿਬ, ਭੀਲਵਾਲ ਦੀ ਲੜਾਈ ਜਦੋਂ ਜ਼ਕਰੀਆ ਖ਼ਾਨ ਨੂੰ ਸਿੱਖਾਂ ਵਿਰੁੱਧ ਆਪਣੀ ਪਾਲਿਸੀ ਬਦਲਣੀ ਪਈ, ਧੰਨ ਧੰਨ ਧਰਤ ਪੰਜੋਖੜਾ ਸਾਹਿਬ ਦੀ ਜਿੱਥੇ ਹੋਇਆ ਗੀਤਾ ਦਾ ਵਿਖਿਆਨ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ 'ਮੁਗ਼ਲਾਨੀ ਬੇਗਮ' ਨੂੰ 'ਸੁਲਤਾਨ ਮਿਰਜ਼ਾ' ਦਾ ਖ਼ਿਤਾਬ ਦਿੱਤਾ-ਸਿੰਘਾਂ ਦਿਖਾਏ ਹੱਥ, ਜਦੋਂ ਅਨੰਦਪੁਰੀ 'ਤੇ ਚੜ੍ਹ ਆਇਆ ਮੁਗ਼ਲ ਜਰਨੈਲ ਰੁਸਤਮ ਖ਼ਾਂ ਸਤਲੁਜ ਪਾਰ ਕਰਕੇ ਭੱਜਿਆ, ਜਦੋਂ ਮਾਤਾ ਖੀਵੀ ਜੀ ਦੇ ਹਿੱਸੇ 'ਅੰਨ-ਦੇਗ' ਦਾ ਕੜਛਾ ਆਇਆ, ਜਦੋਂ ਸੱਜਣ ਠੱਗ ਦੀ ਹਵੇਲੀ ਨੂੰ ਸਿੱਖ ਇਤਿਹਾਸ ਦੀ ਪਹਿਲੀ ਧਰਮਸ਼ਾਲਾ ਥਾਪਿਆ ਗਿਆ, ਜਦੋਂ ਸਿੰਘਾਂ ਨੇ ਦਾਤਰੀਆਂ ਨਾਲ ਹੀ ਸਰਹਿੰਦ ਦੀਆਂ ਫ਼ੌਜਾਂ ਮਾਰ ਭਜਾਈਆਂ, ਮੁਸਲਮਾਨ ਫ਼ਕੀਰ ਹਜ਼ਰਤ ਹਾਜੀ ਮਸਕੀਨ ਦੀ ਗੁਰੂ ਘਰ ਪ੍ਰਤੀ ਸ਼ਰਧਾ ਨੂੰ ਸਲਾਮ, ਨੌਵੇਂ ਪਾਤਸ਼ਾਹ ਜੀ ਦੇ ਸੀਸ ਦੀ ਛੋਹ ਪ੍ਰਾਪਤ ਯਾਦਗਾਰੀ ਗੁਰਦੁਆਰਾ ਬਿਬਾਣਗੜ੍ਹ-ਕੀਰਤਪੁਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਦਾ ਵਸਾਉਣਾ ਸਿੱਖ ਇਤਿਹਾਸਦੀ ਇੱਕ ਬਚਿੱਤਰ, ਦਿਲਚਸਪ ਅਤੇ ਸ਼ਰਧਾ-ਭਰਪੂਰ ਘਟਨਾ, ਜਦੋਂ ਭਾਈ ਸੰਗਤੀਆ ਦੀ ਅਗਵਾਈ ਵਿਚ ਕੇਵਲ 7 ਸਿੱਖਾਂ ਨੇ ਗੁਲੇਰ ਦੀ ਲੜਾਈ ਫ਼ਤਹਿ ਕੀਤੀ, ਜਦੋਂ ਜ਼ਖ਼ਮੀ ਸਿੰਘਣੀ ਸ਼ੇਰਨੀ ਸਾਹਮਣੇ ਰਾਜਾ ਅਜਮੇਰ ਚੰਦ ਮੌਤ ਨਾਲ ਲੁਕਣਮੀਚੀ ਖੇਡਦਾ ਰਿਹਾ, ਮੁਗ਼ਲ ਸਾਮਰਾਜ ਦੀਆਂ ਮਸ਼ਹੂਰ ਸ਼ਾਹੀ ਬੇਗਮਾਂ, ਸੇਵਾ ਅਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਸਮਾਜਿਕ ਸੁਧਾਰਾਂ ਦੀ ਵੱਡੀ ਲੜੀ ਦਾ ਮੁੱਢ, ਦਸਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ-ਸ੍ਰੀ ਕ੍ਰਿਪਾਨ ਭੇਟ ਸਾਹਿਬ, ਮਾਛੀਵਾੜਾ, ਪੰਚਮ ਪਾਤਸ਼ਾਹ ਅਤੇ ਮਾਤਾ ਗੰਗਾ ਜੀ ਦਾ ਵਿਆਹ ਅਸਥਾਨ ਗੁਰਦੁਆਰਾ ਮੌ ਸਾਹਿਬ, ਜ਼ਿਲ੍ਹਾ ਜਲੰਧਰ, ਬੜੀ ਬਚਿੱਤਰ ਅਤੇ ਪਵਿੱਤਰ ਸੀ, ਨੌਵੇਂ ਪਾਤਸ਼ਾਹ ਜੀ ਦੀ ਪੂਰਬ ਦੀ ਯਾਤਰਾ, ਜਦੋਂ ਦਸਮੇਸ਼ ਜੀ ਨੇ 40 ਮੁਕਤਿਆਂ ਨੂੰ ਬਖਸ਼ਿਸ਼ਾਂ ਦੇ ਗੱਫੇ ਵੰਡੇ, ਜਦੋਂ ਸ੍ਰੀ ਦਸਮੇਸ਼ ਜੀ ਦੀ ਅਗਵਾਈ ਵਿਚ ਸਿੰਘਾਂ ਨੇ ਕਿਲ੍ਹਾ ਕਲਮੋਟ 'ਤੇ ਕਬਜ਼ਾ ਕੀਤਾ, ਸਿੰਘ ਸਭਾ ਲਹਿਰ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਰਦਾਨ ਸਿੱਧ ਹੋਈ ਘਟਨਾਵਾਂ ਸ਼ਾਮਿਲ ਹਨ। ਹਰ ਘਟਨਾ ਦੀ ਰਚਨਾ ਨਾਲ ਢੁਕਵੀਂ ਤਸਵੀਰ ਵੀ ਸ਼ਾਮਿਲ ਕਰਕੇ ਇਤਿਹਾਸ ਨੂੰ ਜਿਊਂਦਾ-ਜਾਗਦਾ ਬਣਾਇਆ ਹੈ। 'ਸਿੱਖ ਇਤਿਹਾਸ ਦੇ ਅਜਬ ਪੰਨੇ' ਪੁਸਤਕ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੁਆਰਾ ਲਿਖੀ ਸਿੱਖ ਇਤਿਹਾਸ ਨਾਲ ਸੰਬੰਧਿਤ ਅਸਥਾਨਾਂ, ਇਤਿਹਾਸਕ ਸ਼ਖ਼ਸੀਅਤਾਂ ਅਤੇ ਅਸਥਾਨਾਂ ਅਤੇ ਸਿੱਖ ਸਿਧਾਂਤਾਂ ਨੂੰ ਬਿਆਨ ਕਰਨ ਵਾਲੀ ਪੁਸਤਕ ਹੈ। ਅਜਿਹੇ ਕਾਰਜ ਖੋਜ ਤੋਂ ਬਿਨਾਂ ਨਾਮਕੁਨ ਹੁੰਦੇ ਹਨ। ਪ੍ਰਿੰ. ਗੋਸਲ ਨੇ ਬਾਲ ਪੁਸਤਕਾਂ, ਸਿੱਖਿਆ, ਸਮਾਜ ਨਾਲ ਸੰਬੰਧਿਤ, ਪੰਜਾਬੀ ਸੱਭਿਆਚਾਰ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜ-ਭਰਪੂਰ ਸੌ ਤੋਂ ਵੱਧ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਇਸੇ ਕਰਕੇ ਉਨ੍ਹਾਂ ਨੂੰ ਅਨੇਕਾਂ ਮਾਣ-ਸਨਮਾਨ ਪ੍ਰਾਪਤ ਹੋਏ ਹਨ। ਇਹ ਕਿਤਾਬ ਪਾਠਕਾਂ ਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਭਰਪੂਰ ਗਿਆਨ ਦੇਵੇਗੀ। ਮੈਂ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ।
-ਦਿਲਜੀਤ ਸਿੰਘ ਬੇਦੀ (ਸਵ:)
ਮੋਬਾਈਲ : 98148-98570
ਸਕੂਨ ਭਾਲਦਾ ਮਨੁੱਖ
ਲੇਖਿਕਾ : ਸੋਮਾ ਸਬਲੋਕ (ਡਾ.)
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98146-93992
ਇਸ ਕਹਾਣੀ ਸੰਗ੍ਰਹਿ ਦੀ ਲੇਖਿਕਾ ਬਹੁਪੱਖੀ ਸਾਹਿਤਕਾਰਾ ਹੈ। ਸੰਗ੍ਰਹਿ ਵਿਚ ਦਸ ਕਹਾਣੀਆਂ ਹਨ। ਲੇਖਿਕਾ ਦਾ ਅਨੁਵਾਦ ਕਾਰਜ ਪ੍ਰਮੁੱਖ ਰੂਪ ਵਿਚ ਹੈ। ਅਨੁਵਾਦ ਤੋਂ ਇਲਾਵਾ ਬਾਲ ਸਾਹਿਤ ਵਿਚ ਵੀ ਉੱਘਾ ਯੋਗਦਾਨ ਹੈ। ਬਾਲ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੈ। ਸਵੈ-ਜੀਵਨੀ, ਨਾਵਲੈਟ, ਦੋ ਕਹਾਣੀ ਸੰਗ੍ਰਹਿ ਤੇ ਮਨੋਵਿਗਿਆਨ ਕਿਤਾਬਾਂ ਵੀ ਲੇਖਿਕਾ ਦੀਆਂ ਹੋਰ ਕਿਰਤਾਂ ਹਨ। ਇਸ ਕਹਾਣੀ ਸੰਗ੍ਰਹਿ ਬਾਰੇ ਡਾ. ਜੁਗਿੰਦਰ ਸਿੰਘ ਨਿਰਾਲਾ ਨੇ ਸਟੀਕ ਟਿੱਪਣੀ ਕਰਦੇ ਲਿਖਿਆ ਹੈ ਕਹਾਣੀਆਂ ਦੇ ਪਾਤਰ ਜ਼ਿੰਦਗੀ ਵਿਚ ਕਸ਼ਮਕਸ਼ ਕਰਦੇ ਹਨ। ਲੇਖਿਕਾ ਨੇ ਪਾਤਰਾਂ ਦੀ ਵੀਡੀਓਗ੍ਰਾਫੀ ਕੀਤੀ ਹੈ। ਭਾਵ ਦ੍ਰਿਸ਼ ਵਰਨਣ ਕਹਾਣੀਆਂ ਦੀ ਪ੍ਰਮੁੱਖ ਚੂਲ ਹੈ, ਕੁਝ ਕਹਾਣੀਆਂ ਵਿਚ ਔਰਤ ਦੇ ਦੁੱਖ-ਸੁੱਖ ਹਨ। ਸੁੱਖਾਂ ਲਈ ਜਦੋ-ਜਹਿਦ ਹੈ। ਮਾਨਸਿਕ ਤੌਰ 'ਤੇ ਉਹ ਔਰਤਾਂ ਗਹਿਰੇ ਸੰਤਾਪ ਵਿਚੋਂ ਲੰਘਦੀਆਂ ਹਨ। ਹੋਰ ਕਹਾਣੀਆਂ ਵਿਚ ਮਰਦ ਹੈਂਕੜ ਭਾਰੂ ਹੈ। ਮਰਦ ਦਾਰੂ ਪੀ ਕੇ ਘਰਵਾਲੀਆ ਦਾ ਸ਼ੋਸ਼ਣ ਕਰਦੇ ਹਨ। ਕਹਾਣੀਆਂ ਦੀ ਬਣਤਰ ਮਿੰਨੀ ਨਾਵਲੈਟ ਵਰਗੀ ਹੈ। ਕਹਾਣੀਆਂ ਨੂੰ ਸਟਾਰ ਲਾ ਕੇ ਕਿਸ਼ਤਾਂ 'ਚ ਪੂਰਾ ਕੀਤਾ ਹੈ। ਕਈ ਵਾਰ ਬੇਲੋੜਾ ਲਮਕਾਅ ਵੀ ਮਹਿਸੂਸ ਹੁੰਦਾ ਹੈ।
ਪਾਤਰ ਆਪਸ ਵਿਚ ਉਲਝਦੇ ਪ੍ਰਤੀਤ ਹੁੰਦੇ ਹਨ। ਉਹ ਨਿੱਕੀ-ਨਿੱਕੀ ਗੱਲ 'ਤੇ ਹੰਗਾਮਾ ਖੜ੍ਹਾ ਕਰਦੇ ਹਨ। ਪਹਿਲੀ ਕਹਾਣੀ ਗੁੰਮ ਗੰਢ ਦੇ ਦੋ ਜੋੜੇ ਹਨ। ਪਤੀ ਪਤਨੀ ਵਿਚ ਤਕਰਾਰ ਹੁੰਦਾ ਹੈ ਤਾਨੀਆ ਤੇ ਵਿਸ਼ਵ ਇਕ ਜੋੜਾ ਹੈ। ਦੂਸਰਾ ਕਾਮਨੀ ਤੇ ਮੁਕੇਸ਼। ਇਕ ਔਰਤ ਪਾਤਰ ਕਹਿੰਦੀ ਹੈ ਝੱਲੀ ਕਾਮਨੀ ਪਤੀ-ਪਤਨੀ ਦਾ ਰਿਸ਼ਤਾ ਕੱਪ ਪਲੇਟ ਨਹੀਂ ਹੁੰਦਾ, ਇਹ ਤਾਂ ਪੱਕੀ ਧਾਤ ਹੁੰਦੀ ਹੈ ਸੋਨਾ, ਜਿਸ ਨੂੰ ਮਰਜ਼ੀ ਨਾਲ ਪਿਘਲਾ ਲਓ। ਪਤੀ-ਪਤਨੀ ਦਾ ਵਾਕ ਯੁੱਧ ਕਹਾਣੀ ਨੂੰ ਤੋਰਦਾ ਹੈ। ਕਹਾਣੀ 'ਤੁਸੀਂ' ਦਾ ਮਰਦ ਪਾਤਰ ਪੁਜਾਰੀ ਹੈ। ਖੁਦ ਅਣਵਿਆਹਿਆ ਹੈ। ਪਰ ਗ਼ਰੀਬ ਘਰਾਂ ਦੀਆਂ ਕੁੜੀਆਂ ਦਾ ਕੰਨਿਆ ਦਾਨ (ਵਿਆਹ) ਕਰਾਉਂਦਾ ਹੈ। ਜਦੋਂ ਘਰ ਦੇ ਉਸ ਨੂੰ 'ਤੁਸੀਂ' ਸ਼ਬਦ ਨਾਲ ਸੰਬੋਧਨ ਕਰਦੇ ਹਨ ਤਾਂ ਉਹ ਨਸ਼ਿਆ ਜਾਂਦਾ ਹੈ। ਉਹ ਦਸ ਕੁੜੀਆਂ ਦੇ ਵਿਆਹ ਕਰਾ ਚੁੱਕਾ ਹੈ। ਉਹ ਮੂੰਹ ਬੋਲਿਆ ਬਾਪ ਬਣ ਕੇ ਸਮਾਜ ਸੇਵਾ ਕਰਦਾ ਹੈ।
'ਤ੍ਰਿਪਤੀ' ਕਹਾਣੀ ਦੀ ਕੁੜੀ ਦੀ ਮਾਂ ਪਤੀ ਤੋਂ ਦੁਖੀ ਹੋ ਕੇ ਵੱਖ ਰਹਿੰਦੀ ਹੈ। ਪਰ ਧੀ ਦਾ ਮੋਹ ਉਸ ਕੋਲੋਂ ਧੀ ਦੇ ਨਾਂਅ 'ਤੇ ਖ਼ਤ ਲਿਖਾਉਂਦਾ ਹੈ। ਸ਼ਰਾਬੀ ਪਤੀ ਤੋਂ ਦੁਖੀ ਗੋਮਤੀ ਨੂੰ ਆਪਣੇ ਬਾਰੇ ਸ਼ਬਦ ਬਾਂਝ ਸੁਣਨਾ ਤੰਗ ਕਰਦਾ ਹੈ। ਉਹ ਸ਼ੀਸ਼ੇ ਅਗੇ ਖੜ੍ਹੋ ਕੇ ਆਪਣਾ-ਆਪ ਨਿਹਾਰਦੀ ਹੈ। ਕਿਤਾਬ ਦਾ ਸਿਰਲੇਖ ਕਹਾਣੀ 'ਚਿਰਾਗ' ਵਿਚੋਂ ਲਿਆ ਹੈ। ਕਹਾਣੀ ਦੇ ਪਾਤਰ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਕੇ ਰੋਜ਼ੀ ਰੋਟੀ ਕਮਾਉਂਦੇ ਹਨ। ਮੁਕਤੀ, ਚਾਂਦੀ ਰੰਗੀ ਸਵੇਰ, ਗਰਮ ਰੋਟੀ, ਜਨਮ ਸਫਲ ਹੋਇਓ ਮੈਂਡਾ ਸੰਗ੍ਰਹਿ ਦੀਆਂ ਦਿਲਚਸਪ ਕਹਾਣੀਆਂ ਹਨ। ਪੁਸਤਕ ਦਾ ਸਵਾਗਤ ਹੈ।
- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਫ਼ਤਵਿਆਂ ਦੇ ਦੌਰ ਵਿਚ
ਲੇਖਕ : ਅਜੈ ਤਨਵੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 95011-45039
ਤਨਵੀਰ ਪੰਜਾਬੀ ਦਾ ਨਵੇਂ ਭਾਵਬੋਧ ਦਾ ਵੱਡਾ ਸ਼ਾਇਰ ਹੈ। ਉਸ ਨੇ ਗ਼ਜ਼ਲ ਨੂੰ ਨਵੀਂ ਭਾਸ਼ਾ ਅਤੇ ਨਵੀਂ ਸੋਚ-ਵਿਸ਼ਾ ਪ੍ਰਦਾਨ ਕੀਤਾ ਹੈ। ਉਹ ਮੇਰਾ ਹੀ ਨਹੀਂ ਪੰਜਾਬੀ ਦੇ ਸਾਰੇ ਪਾਠਕਾਂ ਦਾ ਚਹੇਤਾ ਤੇ ਮਨਪਸੰਦ ਸ਼ਿਅਰਕਾਰ ਹੈ। ਮੈਂ ਪਹਿਲਾਂ ਉਸ ਦੇ ਕੁਝ ਸ਼ਿਅਰ ਪਾਠਕਾਂ ਨੂੰ ਪੜ੍ਹਾਉਣੇ ਚਾਹੁੰਦਾ ਹਾਂ ਤਾਂ ਕਿ ਉਨ੍ਹਾਂ ਨੂੰ ਮੇਰੇ ਦੁਆਰਾ ਕੀਤੀ ਸਿਫ਼ਤ ਓਪਰੀ ਨਾ ਲੱਗੇ :
-ਹੁਕਮਰਾਨੋ ਉਹ ਪਰਿੰਦਾ
ਫੜ ਨਹੀਂ ਹੋਣਾ ਕਦੇ,
ਫਤਵਿਆਂ ਦੇ ਦੌਰ ਵਿਚ ਵੀ
ਜੋ ਉਡਾਰੀ ਭਰ ਗਿਆ।
-ਮੁਖਾਲਿਫ਼ ਮੌਸਮਾਂ ਅੰਦਰ ਵੀ
ਏਥੇ ਮੌਲਦੇ ਬੂਟੇ,
ਅਸਾਡੀ ਧਰਤ ਖਾਬਾਂ ਦੀ
ਅਜੇ ਹੋਈ ਨਹੀਂ ਬੰਜਰ।
-ਬਨੇਰੇ ਦੱਸ ਦਿੰਦੇ ਨੇ
ਘਰਾਂ ਦੀ ਦਾਸਤਾਂ ਸਾਰੀ
ਤੁਹਾਨੂੰ ਕੀ ਦਿਆਂ ਪ੍ਰਮਾਣ
ਮੈਂ ਆਪਣੀ ਸ਼ਨਾਖਤ ਦਾ।
-ਤੁਹਾਡਾ ਵਹਿਮ ਹੈ ਕਿ ਨਾਬਰੀ ਦਾ
ਰੰਗ ਲਹਿ ਜਾਣਾ,
ਕਿਸੇ ਵੀ ਰੁੱਤ ਵਿਚ ਪੈਂਦਾ ਕਦੇ
ਨਾ ਫ਼ਰਕ ਧਾਤਾਂ ਨੂੰ।
ਸਿਆਸਤ ਨੇ ਬਦਲ ਦਿੱਤੇ
ਜਦੋਂ ਦੇ ਅਰਥ ਰੰਗਾਂ ਦੇ
ਉਕਾਬਾਂ ਦੇ ਨਗਰ ਵਿਚ ਹੋ
ਰਹੇ ਚਰਚੇ ਪਤੰਗਾਂ ਦੇ।
-ਮੈਂ ਖ਼ੁਦ ਤੋਂ ਪੁੱਛਦਾ ਹਾਂ,
ਰੋਜ਼ ਸਾਗਰ ਸ਼ਾਂਤ ਹੈ ਜੇਕਰ
ਬੜੇ ਬੇਚੈਨ ਕਿਉਂ ਲਗਦੇ ਨੇ
ਮੈਨੂੰ ਰੁਖ਼ ਤਰੰਗਾਂ ਦੇ।
ਤਨਵੀਰ ਦੀ ਸਿਫ਼ਤ ਹੈ ਕਿ ਉਹ ਬੇਸ਼ੱਕ ਉਲਝੀ ਸਿਆਸਤ ਦੇ ਵੀ ਸ਼ਿਅਰੀ ਤਜਰਬੇ ਕਰੇ ਤਾਂ ਵੀ ਲਗਦਾ ਹੈ ਕਿ ਉਹ ਸਲੀਕੇ ਨੂੰ ਤਿਆਗਦਾ ਨਹੀਂ। ਉਹ ਨਾਬਰੀ ਦੇ ਰੰਗ ਨੂੰ ਕਦੇ ਨਹੀਂ ਛੱਡਦਾ ਅਤੇ ਪੰਜਾਬੀ ਜਨ-ਜੀਵਨ ਦੀ ਗੌਰਵਸ਼ਾਲੀ ਸ਼ੈਲੀ ਨੂੰ ਕਦੇ ਭੁੱਲਦਾ ਨਹੀਂ।
ਗ਼ਜ਼ਲ ਮਿੱਟੀ ਦੇ ਘਰਾਂ ਵਿਚ ਯਾਨਿ ਤਨਵੀਰ ਵਰਗੇ ਰੋਹੀ ਦੇ ਲੋਕਾਂ ਦੀ ਮਹਿਬੂਬਾ ਭੈਣ ਤੇ ਧੀ ਹੈ। ਜੇਕਰ 'ਪੰਜਾਬੀ ਵਿਚ ਔਰਤਾਂ ਨਾਲ ਗੱਲਾਂ' ਵੀ ਕਰਨੀਆਂ ਹੋਣ ਤਾਂ ਉਹ ਵੀ ਗੱਲਬਾਤ ਵੀ ਜੁਰਅਤ ਵਾਲੀ ਹੁੰਦੀ ਹੈ। ਬਰਾਬਰੀ ਵਾਲੀ ਹੁੰਦੀ ਹੈ। ਪੰਜਾਬੀ ਗ਼ਜ਼ਲ ਰਿਗਵੇਦਕ ਵਿਚਾਰਾਂ ਦੀ ਹੈ। ਰਿਗਵੇਦਕ ਵਿਚਾਰਮੁਖਤਾ ਹੀ ਪੰਜਾਬੀ ਦੀ ਨਿਰੁਕਤੀ ਹੈ। ਪੰਜਾਬੀ ਗ਼ਜ਼ਲ ਨੇ ਪੰਜਾਬੀ ਭਾਸ਼ਾ ਵਾਂਗ ਆਪਣੇ ਵਿਚ ਸੰਸਾਰ ਫਲਸਫ਼ਾ ਰਲਾ ਕੇ ਰੱਖਿਆ ਹੈ। ਇਕ ਗੀਤ ਦੀ ਇਕ ਸਤਰ ਵੇਖੋ :
ਗ਼ੈਰਾਂ ਦਿਆਂ ਪੱਥਰਾਂ ਦੀ
ਸਾਨੂੰ ਪੀੜ ਰਤਾ ਨਾ ਹੋਈ
ਸਜਣਾ ਨੇ ਫੁਲ ਮਾਰਿਆ
ਸਾਡੀ ਰੂਹ ਅੰਬਰਾਂ ਤੱਕ ਰੋਈ...
ਇਸ ਗੀਤ ਦੇ ਮੁਖੜੇ ਦਾ ਪਿਛੋਕੜ ਸੋਲ੍ਹਵੀਂ ਸਦੀ ਨਾਲ ਜਾ ਰਲਦਾ ਹੈ। ਸ਼ਿਬਈ ਅਤੇ ਮਨਸੂਰ ਦੀ ਯਾਦ ਆਉਂਦੀ ਹੈ। ਪੰਜਾਬੀ ਗ਼ਜ਼ਲ ਨੇ ਉਹ ਸ਼ਰਾਬੀ ਹਵੇਲੀਆਂ ਤਿਆਗ ਕੇ ਪੰਜਾਬ ਦੇ ਖੇਤਾਂ ਦੀ ਗੱਲ ਕੀਤੀ ਹੈ। ਪੰਜਾਬਣ ਕੁੜੀਆਂ ਤੇ ਨੂੰਹਾਂ ਦੇ ਮਸਲੇ ਉਜਾਗਰ ਕੀਤੇ। ਗ਼ਜ਼ਲ ਤਨਵੀਰ ਦੀ ਮੁਖਵਿਧਾ 'ਤੇ ਮੁਹੱਬਤ ਹੈ। ਉਸ ਨੇ ਆਪਣੀ ਗ਼ਜ਼ਲ ਨੂੰ ਨਵੇਂ ਦਿਸਹਦੇ, ਨਵੇਂ ਆਯਾਮ ਅਤੇ ਨਵੇਂ ਖੰਭ ਦਿੱਤੇ ਹਨ। ਉਸ ਦੀਆਂ 60 ਦੀਆਂ 60 ਗ਼ਜ਼ਲਾਂ ਦੇ ਸਾਢੇ ਚਾਰ ਸੌ ਸ਼ਿਅਰ ਦਿਲ ਤੱਕ ਪਹੁੰਚਦੇ ਹਨ। ਉਸ ਨੇ ਆਪਣੀਆਂ ਗ਼ਜ਼ਲਾਂ ਵਿਚ ਗ਼ਜ਼ਲ
ਤਕਨੀਕ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਹੈ। ਉਸ ਨੇ ਉਹੀ ਬਹਿਰ ਤੇ ਛੰਦ ਵਰਤੇ ਹਨ ਜੋ ਲੋਕਾਂ ਦੀ ਸੁਰ-ਲਹਿਰੀ ਵਿਚ ਅਪਣੱਤ ਰੱਖਦੇ ਸਨ/ਹਨ। ਅੱਜ ਆਟਾ ਦਾਲ ਸਕੀਮ ਵਿਚ ਲੋਕਾਂ ਨੂੰ ਭੁੱਖੜ ਵਿਹਲੇ ਤੇ ਲਾਲਾਂ ਕਰਦੇ ਲੋਕਾਂ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਤਨਵੀਰ ਦਾ ਇਹ ਸ਼ਿਅਰ ਕੀ ਕਹਿੰਦਾ ਹੈ? ਸੁਣੋ :
ਸਨਾਟਾ ਛਾ ਗਿਆ ਦਰਬਾਰ ਵਿਚ
'ਤਨਵੀਰ' ਉਸ ਵੇਲੇ
ਜਦੋਂ ਪ੍ਰਵਾਨ ਕੀਤਾ ਨਾ
ਅਸੀਂ ਭਰੀਆਂ ਪਰਾਤਾਂ ਨੂੰ।
'ਤਨਵੀਰ' ਦਾ ਅਰਥ ਸਾਕਾਰਾਤਮਿਕਤਾ, ਤਾਕਤ, ਰੌਸ਼ਨੀ ਤੇ ਵਿਲੱਖਣਤਾ ਦਾ ਸ਼ਬਦੀ ਸਰੂਪ ਹੈ।
ਮੌਸਮ ਉਦਾਸ ਲੱਗੇ
ਲੇਖਕ : ਰਾਜ ਗੁਰਦਾਸਪੁਰੀ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 97803-13308
ਰਾਜ ਗੁਰਦਾਸਪੁਰੀ ਹੰਢਿਆ, ਵਰਤਿਆ, ਪ੍ਰੌੜ੍ਹ ਅਤੇ ਜਾਣਿਆ ਪਛਾਣਿਆ ਨਾਂਅ ਹੈ। ਹਥਲਾ ਗ਼ਜ਼ਲ ਸੰਗ੍ਰਹਿ ਉਸ ਦਾ ਪੰਜਵਾਂ ਗ਼ਜ਼ਲ ਸੰਗ੍ਰਹਿ ਹੈ। ਉਹ 'ਲੋਕ ਦਿਲਾਂ ਦੇ ਕਾਲੇ' ਗ਼ਜ਼ਲ ਸੰਗ੍ਰਹਿ ਨਾਲ ਹੀ ਗ਼ਜ਼ਲ ਦੇ ਖੇਤਰ ਵਿਚ ਆਪਣੀ ਪਛਾਣ ਬਣਾ ਚੁੱਕਾ ਸੀ ਜੋ ਕਿ 1998 ਦੀ ਗੱਲ ਹੈ। ਇਸ ਮਗਰੋਂ ਉਸ ਨੇ 'ਸੁਰਖੀ' 2007, 'ਦਰਦ ਪਰਾਇਆ ਸਹਿਣਾ' 2018 ਤੇ 'ਤੇਰੇ ਜਾਣ ਪਿੱਛੋਂ' (2024) ਗ਼ਜ਼ਲ ਸੰਗ੍ਰਹਿ ਦਿੱਤਾ। ਇਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਆਪਣੀ ਪਛਾਣ ਦੀ ਪੱਧਰ ਠੀਕ ਮੈਲੀ ਨਹੀਂ ਹੋਣ ਦਿੱਤੀ। ਉਹ ਕਰੀਬ ਅੱਧੀ ਸਦੀ ਤੋਂ ਚੁੱਪਚਾਪ ਪੰਜਾਬੀ ਗ਼ਜ਼ਲ ਸਿਰਜ ਰਿਹਾ ਹੈ। ਉਸ ਨੇ ਕਦੇ ਮਾਣ-ਸਨਮਾਨਾਂ ਦੀ ਝਾਕ ਨਹੀਂ ਰੱਖੀ। ਉਸ ਦੀਆਂ ਗ਼ਜ਼ਲਾਂ ਵਿਚ ਪ੍ਰੇਮ ਪਿਆਰ ਦੇ ਸ਼ਿਅਰ ਤਾਂ ਹੁੰਦੇ ਹੀ ਹਨ ਪਰ ਅਜੋਕੀ ਰਾਜਨੀਤੀ, ਰਿਹਾ ਹੈ। ਰਾਜ ਦੀਆਂ ਗ਼ਜ਼ਲਾਂ ਦਾ ਤਕਨੀਕੀ ਪੱਖ ਬਹੁਤ ਅਮੀਰ ਹੈ। ਇਹ ਬਹਿਰਾਂ ਤੇ ਛੰਦਾਂ ਨੂੰ ਬੜੇ ਸਹਿਜ ਨਾਲ ਨਿਭਾਉਂਦਾ ਹੈ। ਸਰਲਤਾ, ਸਪੱਸ਼ਟਤਾ, ਸਾਦਗੀ ਉਸ ਦੇ ਸ਼ਿਅਰਾਂ ਦਾ ਮੀਰੀ ਗੁਣ ਹੈ। ਉਹ ਆਮ ਕਰਕੇ ਨਿੱਕੇ ਬਹਿਰਾਂ ਵਿਚ ਵੱਡੀ ਗੱਲ ਕਰਦਾ ਹੈ। ਨਰਮ ਤੇ ਸਾਦੇ ਸ਼ਬਦਾਂ ਵਿਚ ਉਹ ਕਠੋਰ ਵਿਸ਼ੇ ਨਿਭਾਅ ਜਾਂਦਾ ਹੈ।
ਪ੍ਰਸਿੱਧ ਪੰਜਾਬੀ ਸਾਹਿਤ ਆਲੋਚਕ ਡਾ. ਲੇਖ ਰਾਜ ਲਿਖਦਾ ਹੈ ਕਿ ਰਾਜ ਗੁਰਦਾਸਪੁਰ ਪੰਜਾਬੀ ਬੋਲੀ ਦਾ ਪੂਰਨ ਮੁਦਈ ਹੈ। ਉਹ ਲੋਕਾਈ ਪ੍ਰਤੀ ਸੁਹਿਰਦ ਹੈ। ਲੋਕਾਂ ਨੂੰ ਮੌਜੂਦ ਮਸਲਿਆਂ ਤੋਂ ਜਾਣੂ ਵੀ ਕਰਵਾਉਂਦਾ ਹੈ ਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਕਰਦਾ ਹੈ। ਆਪਣੇ ਵਤਨ ਨੂੰ ਉਹ ਨਿੱਠ ਕੇ ਪਿਆਰ ਕਰਦਾ ਹੈ। ਆਓ ਪਿਆਰੇ ਗ਼ਜ਼ਲਕਾਰ ਰਾਜ ਗੁਰਦਾਸਪੁਰੀ ਦੇ ਕੁਝ ਸ਼ਿਅਰਾਂ ਦਾ ਸੁਆਦ ਚਖਦੇ ਹਾਂ।
-ਦੇਸ਼ ਵਿਦੇਸ਼ ਵਿਚ ਨਾ ਸੁਖ ਮਿਲੇ ਐਸਾ,
ਜੋ ਸੁਖ ਮਿਲਦਾ ਆਪਣੇ ਘਰ ਦੇ ਖੇੜੇ ਵਿਚ।
-ਪੜ੍ਹ ਪੜ੍ਹ ਕੇ ਅੰਗਰੇਜ਼ੀ ਬਣੇ ਗ਼ੁਲਾਮ ਅਸੀਂ
ਰਾਜ ਬਣਾ ਕੇ ਤਾਲ ਪੰਜਾਬੀ ਬੋਲਾਂਗੇ।
-ਪਿਆਰ ਮੁਹੱਬਤ ਦਾ ਜਦ ਬੂਟਾ ਲਾਈਦਾ
ਨਿਤ ਦਿਨ ਉਸ ਨੂੰ ਦਿਲ ਦਾ ਖੂਨ ਪਿਲਾਈਦਾ।
-ਮੇਲੇ ਚੱਲੀਏ ਯਾਰ ਪਕੌੜੇ ਖਾਵਾਂਗੇ,
ਆਪਣੀ ਹੈ ਸਰਕਾਰ ਪਕੌੜੇ ਖਾਵਾਂਗੇ।
-ਨੋਟਬੰਦੀ ਵਿਚ ਕਾਗ਼ਜ਼ ਬਣ ਗਏ ਨੋਟਾਂ ਦਾ,
ਗਲ ਵਿਚ ਪਾ ਕੇ ਹਾਰ ਪੌਕੇੜੇ ਖਾਵਾਂਗੇ।
ਉਸ ਦੇ ਸ਼ਿਅਰਾਂ ਵਿਚ ਵਿਅੰਗ ਬੜਾ ਸੁਚੱਜਾ ਹੁੰਦਾ ਹੈ। ਇਕ ਗੱਲ ਦਾ ਇਤਰਾਜ਼ ਪਾਠਕਾਂ ਨੂੰ ਰਹੇਗਾ ਕਿ ਉਸ ਨੇ ਗ਼ਜ਼ਲਾਂ ਦੇ ਸਿਰਲੇਖਾਂ ਦਾ ਸਿਰਨਾਵਾਂ ਨਹੀਂ ਦਿੱਤਾ। ਸਭ ਗ਼ਜ਼ਲਾਂ ਦਾ ਨਾ ਆਦਿ ਨਾ ਅੰਤ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਮੇਰੀ ਉਡਾਣ
ਅਮਰਗੜ੍ਹ ਤੋਂ ਜਲੰਧਰ
ਲੇਖਕ : ਪ੍ਰੋ. (ਡਾ.) ਕਮਲੇਸ਼ ਸਿੰਘ ਦੁੱਗਲ
ਪ੍ਰਕਾਸ਼ਕ : ਏਸ਼ੀਆ ਵਿਜ਼ਨਜ਼ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 204
ਸੰਪਰਕ : 98038-30605
ਪ੍ਰੋ. ਕਮਲੇਸ਼ ਸਿੰਘ ਦੁੱਗਲ (ਜਨਮ 1955) ਪੱਤਰਕਾਰੀ, ਰੇਡੀਓ, ਦੂਰਦਰਸ਼ਨ ਤੇ ਵੈੱਬ ਟੀ.ਵੀ. ਨਾਲ ਜੁੜਿਆ ਲੇਖਕ ਹੈ। ਉਹ ਸੰਚਾਰ ਅਧਿਆਪਨ ਦੇ ਖੇਤਰ ਵਿਚ ਇਕ ਪਰਿਚਿਤ ਨਾਂਅ ਹੈ। ਪੰਜਾਬੀ ਅਖ਼ਬਾਰ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਮੁੱਖਬੰਧ (ਆਮ ਆਦਮੀ ਵਾਂਗ ਵਿਚਰਦਾ ਖਾਸ ਆਦਮੀ) ਵਿਚ ਡਾ. ਦੁੱਗਲ ਦੀ ਸ਼ਖ਼ਸੀਅਤ ਦੇ ਵਿਭਿੰਨ ਪੱਖਾਂ ਦੇ ਰ-ੂਬਰੂ ਕਰਵਾਇਆ ਹੈ। 25 ਸਾਲ ਪਹਿਲਾਂ (1998 ਵਿਚ) ਛਪੀ ਉਸ ਦੀ ਕਿਤਾਬ 'ਪੰਜਾਬੀ ਪੱਤਰਕਾਰੀ ਤੇ ਮਿਡਲ ਲੇਖ' ਪੰਜਾਬੀ ਮਿਡਲ ਲੇਖਾਂ ਦੀ ਦੁਨੀਆ ਵਿਚ ਪਹਿਲੀ ਕਿਤਾਬ ਮੰਨੀ ਜਾਂਦੀ ਹੈ। ਜਿਸ ਬਾਰੇ ਗੁਲਜ਼ਾਰ ਸਿੰਘ ਸੰਧੂ ਦੀ ਟਿੱਪਣੀ ਹੈ : 'ਪੰਜਾਬੀ ਵਿਚ ਮਿਡਲ ਲਿਖਣਾ ਤੇ ਲਿਖਵਾਉਣਾ ਅੰਗਰੇਜ਼ੀ ਵਿਚ ਕੋਰੜਾ ਛੰਦ ਲਿਖਣ-ਲਿਖਵਾਉਣ ਵਰਗਾ ਹੀ ਹੈ। ਦੁੱਗਲ ਆਪਣੇ ਮਿਡਲਾਂ ਰਾਹੀਂ ਘਟਨਾਵਾਂ ਨੂੰ ਅਰਥ ਦੇਣੇ ਚੰਗਾ ਤਰ੍ਹਾਂ ਜਾਣਦਾ ਹੈ।' ਵਿਚਾਰ ਅਧੀਨ ਪੁਸਤਕ ਵਿਚ 'ਪ੍ਰੇਰਨਾ' ਤੋਂ ਲੈ ਕੇ 'ਮੇਰੀ ਕੈਨੇਡਾ ਫੇਰੀ' ਤੱਕ ਕੁੱਲ 26 ਲੇਖ ਹਨ। ਆਰੰਭ ਵਿਚ ਤੁਕਬੰਦੀ ਵਾਲੀ ਕਵਿਤਾ 'ਸੁਪਨੇ ਪਿੰਡ ਦੇ' ਅਤੇ ਅੰਤਿਕਾ ਵਜੋਂ ਗਨਦਯ ਦੇ ਪੀਆਰਓ ਪ੍ਰੋ. ਪ੍ਰਵੀਨ ਪੁਰੀ ਦਾ ਲੇਖ 'ਆਪਣੇ ਵਿਦਿਆਰਥੀ ਦੀ ਨਜ਼ਰ ਵਿਚ' ਸ਼ਾਮਿਲ ਕੀਤਾ ਗਿਆ ਹੈ। ਅਸਲ ਵਿਚ ਇਸ ਪੁਸਤਕ ਵਿਚ ਡਾ. ਦੁੱਗਲ ਦੇ ਸਵੈ-ਜੀਵਨੀ ਮੂਲਕ ਅੰਸ਼ ਹਨ। ਪਿੰਡ ਅਮਰਗੜ੍ਹ ਤੋਂ ਜਲੰਧਰ ਤੱਕ ਦੇ ਸਫ਼ਰ ਵਿਚ ਕੀ-ਕੁਝ ਵਾਪਰਿਆ - ਇਸ ਦਾ ਸਾਰਾਂਸ਼ ਇਸ ਕਿਤਾਬ ਵਿਚ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਬਹੁਤ ਹੀ ਸਰਲ ਤੇ ਰੌਚਕ ਸ਼ੈਲੀ ਵਿਚ ਇਸ ਘਟਨਾਕ੍ਰਮ ਨੂੰ ਇਉਂ ਉਲੀਕਿਆ ਹੈ ਕਿ ਪਾਠਕ ਇਕੋ ਬੈਠਕ ਵਿਚ ਪੜ੍ਹ ਕੇ ਉੱਠਦਾ ਹੈ। ਵੱਖ-ਵੱਖ ਲੇਖਾਂ ਦੇ ਸਿਰਲੇਖ ਵੀ ਬੜੇ ਦਿਲਚਸਪ ਅਤੇ ਖਿੱਚ ਭਰਪੂਰ ਹਨ, ਜਿਵੇਂ - ਜਦੋਂ ਰੰਗ 'ਚ ਭੰਗ ਪਿਆ, ਜਦੋਂ ਰਾਸ਼ੀਫਲ ਲਿਖਿਆ, ਜਦੋਂ ਮੈਂ ਧੂਰੀ ਤੋਂ ਚੋਣ ਲੜੀ, ਜਦੋਂ ਫੋਟੋ ਨੇ ਪੰਗਾ ਪਾਇਆ, ਜਦੋਂ ਮੈਂ ਓ.ਐੱਸ.ਡੀ. ਬਣਿਆ ਆਦਿ। ਪੁਸਤਕ ਦੇ ਕਰੀਬ-ਕਰੀਬ ਸਾਰੇ ਹੀ ਲੇਖ ਦਿਲਚਸਪ ਅਤੇ ਹਕੀਕੀ ਘਟਨਾਵਾਂ ਨਾਲ ਭਰੇ ਹੋਏ ਹਨ, ਜਿਨ੍ਹਾਂ ਵਿਚ 'ਅਧਿਆਪਕਾਂ ਦੀ ਇਕ ਸ਼੍ਰੇਣੀ ਇਹ ਵੀ...' ਵੀ ਪੜ੍ਹਨਯੋਗ ਹੈ। ਇਸ ਵਿਚ ਅਧਿਆਪਕਾਂ ਬਾਰੇ ਬਹੁਤ ਸਾਰੇ ਬਾਦਲੀਲ ਤੇ ਯਥਾਰਥਕ ਟੋਟਕੇ ਪੜ੍ਹਨ ਨੂੰ ਮਿਲਣਗੇ, ਜੋ ਅਧਿਆਪਕ ਦੇ ਸਤਿਕਾਰਤ ਅਹੁਦੇ ਨੂੰ ਕਲੰਕਿਤ ਕਰਨ ਦੇ ਜ਼ਿੰਮੇਵਾਰ ਹਨ। ਪ੍ਰੇਰਨਾਮਈ ਪ੍ਰਸੰਗਾਂ ਤੇ ਉਸਾਰੂ ਨਜ਼ਰੀਏ ਨਾਲ ਲਬਰੇਜ਼ ਰੰਗ-ਬਿਰੰਗੀਆਂ ਤਸਵੀਰਾਂ ਨਾਲ ਸੁਸੱਜਿਤ ਇਸ ਖੂਬਸੂਰਤ ਪੁਸਤਕ ਦਾ ਪੰਜਾਬੀ ਅਦਬ ਵਿਚ ਨਿੱਘਾ ਸਵਾਗਤ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 95176-92015
ਸ਼ੇਖ਼ੂਪੁਰਾ
ਸੰਤਾਲੀ ਦੇ ਕਹਿਰ ਬਾਰੇ ਕੁਝ ਮੁਲਾਕਾਤਾਂ
ਸੰਪਾਦਕ : ਗੁਰਪ੍ਰੀਤ ਸਿੰਘ ਤੂਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 164
ਸੰਪਰਕ : 98158-00405
ਗੁਰਪ੍ਰੀਤ ਸਿੰਘ ਤੂਰ ਉਹ ਆਦਰਯੋਗ ਸ਼ਖ਼ਸੀਅਤ ਹੈ ਜਿਸ ਨੇ ਪੰਜਾਬ ਪੁਲਿਸ ਵਿਭਾਗ ਦੇ ਅਧਿਕਾਰੀ ਹੁੰਦਿਆਂ ਮਾਨਵਵਾਦੀ ਇਨਸਾਨ ਅਤੇ ਅਮਰਗਾਮੀ ਲੇਖਕ ਦਾ ਬਿੰਬ ਸਾਕਾਰ ਕੀਤਾ ਹੈ। ਉਸ ਦੀਆਂ ਲਿਖਤਾਂ ਪੰਜਾਬ ਦੇ ਉਜਲੇ, ਖ਼ੁਸ਼ਹਾਲ ਤੇ ਨਰੋਏ ਪ੍ਰਾਂਤ ਲਈ ਅਰਜੋਈ ਕਰਦੀਆਂ ਹਨ। ਉਹ ਸੱਚੇ ਅਰਥਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਅਲੰਬਰਦਾਰ ਹੈ। 'ਸ਼ੇਖ਼ੂਪੁਰਾ' ਪੁਸਤਕ ਸੰਤਾਲੀ ਦੇ ਦੁਖਾਂਤ ਬਾਰੇ ਯਥਾਰਥਿਕ-ਗਲਪ ਰਚਨਾ ਦਾ ਸਾਂਭਣਯੋਗ ਦਸਤਾਵੇਜ਼ ਹੈ। ਸੰਤਾਲੀ ਦੀ ਵੰਡ ਦੇ ਦੁਖਾਂਤ ਬਾਰੇ ਜਿੰਨਾ ਲਿਖਿਆ ਗਿਆ ਹੈ, ਉਹ ਬਹੁਤ ਮਹੱਤਵਪੂਰਨ ਹੈ ਪ੍ਰੰਤੂ ਇਸ ਦੁਖਾਂਤ ਨੂੰ ਵਰਣਨ ਕਰਨ ਲਈ ਕਲਮਾਂ ਵੀ ਥੋੜ੍ਹੀਆਂ ਹਨ ਅਤੇ ਸਮੁੰਦਰ ਦੀ ਸਿਆਹੀ ਵੀ ਥੋੜ੍ਹੀ ਆਖੀ ਜਾ ਸਕਦੀ।
ਚੜ੍ਹਦੇ ਤੇ ਲਹਿੰਦੇ ਪੰਜਾਬ 'ਚ ਜੋ ਧਾੜਵੀਆਂ ਨੇ ਕਤਲੋਗਾਰਤ ਕੀਤੀ, ਉਸ ਦੀ ਸ਼ਰਮਿੰਦਗੀ ਸਦੀਆਂ ਤੱਕ ਯਾਦ ਰਹੇਗੀ। ਮਨੁੱਖਤਾ ਦਾ ਅਜਿਹਾ ਘਿਨੌਣਾ, ਦੈਂਤੀ ਤੇ ਪਸ਼ੂਪੁਣਾ ਕਿਸੇ ਹੋਰ ਧਰਤੀ 'ਤੇ ਨਹੀਂ ਵਾਪਰਿਆ। ਸੰਤਾਲੀ ਦੀ ਵੰਡ ਬਾਰੇ ਅੰਮ੍ਰਿਤਾ ਪ੍ਰੀਤਮ ਦੀ ਅਮਰ ਕਵਿਤਾ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਤੋਂ ਬਿਨਾਂ ਕਹਾਣੀਆਂ, ਨਾਵਲ, ਕਵਿਤਾਵਾਂ ਤੇ ਹੋਰ ਬਹੁਤ ਕੁਝ ਲਿਖਿਆ ਗਿਆ। ਇਹ ਨਾ ਮੁੱਕਣ ਵਾਲਾ ਦਰਦ ਹੈ, ਜਿਸ ਨੂੰ ਗੁਰਪ੍ਰੀਤ ਸਿੰਘ ਤੂਰ ਨੇ ਅਜੋਕੇ ਸਮਿਆਂ 'ਚ ਜਿਊਂਦੇ ਪਾਤਰਾਂ ਦੀ ਜ਼ੁਬਾਨੀ ਬਹੁਤ ਮਿਹਨਤ ਕਰਕੇ ਨੇੜਿਓਂ ਹੰਢਾ ਕੇ ਕਾਨੀਬੰਦ ਕੀਤਾ। ਬੀਤੇ ਨੂੰ ਮੁੜ ਸੁਰਜੀਤ ਕਰਨ ਲਈ ਬਹੁਤ ਸੰਕਟਮਈ ਸਥਿਤੀ 'ਚੋਂ ਗੁਜ਼ਰਨਾ ਪੈਂਦਾ।
ਸ੍ਰੀ ਤੂਰ ਦੀ ਇਹ ਪੁਸਤਕ ਸੱਚ ਤੇ ਕਰੁਣਾਮਈ ਪਲਾਂ ਦੀ ਲਹੂ-ਭਿੱਜੀ ਇਬਾਰਤ ਹੈ, ਜਿਸ ਨੂੰ ਪੜ੍ਹਨਾ ਵੀ ਹਿਰਦੇ 'ਚ ਡੂੰਘੇ ਜ਼ਖ਼ਮ ਸਹਿਣ ਕਰਨ ਵਰਗਾ ਹੈ। ਲੇਖਕ ਲਿਖਦਾ ਹੈ : 'ਇਸ ਕਿਤਾਬ ਦਾ ਉਦੇਸ਼ ਮਨੁੱਖਤਾ ਨੂੰ ਸਾਂਭਣ ਲਈ, ਲੋਕਾਈ ਨੂੰ ਸੁਚੇਤ ਕਰਨ ਲਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਕੇ ਮਿਹਨਤ-ਮੁਸ਼ੱਕਤ ਵੱਲ ਪ੍ਰੇਰਨ ਲਈ ਸਮੂਹ ਪੰਜਾਬੀਆਂ ਨੂੰ ਇਕ ਅਰਜੋਈ ਹੈ।' ਡਾ. ਸਰਦਾਰਾ ਸਿੰਘ ਜੌਹਲ ਇਸ ਬਾਰੇ ਲਿਖਦੇ ਹਨ : 'ਇਹ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਤੋਂ ਵੀ ਕਰੂਰ ਜ਼ੁਲਮਾਂ ਦੇ ਸਾਕੇ ਹਨ। ਇਹ ਕਿਤਾਬ ਹਰ ਦਰਦਮੰਦ ਹਿੰਦੁਸਤਾਨੀ ਅਤੇ ਪਾਕਿਸਤਾਨੀ ਲਈ ਪੜ੍ਹਨੀ ਬਣਦੀ ਹੈ।'
ਇਹ ਸੱਚ ਹੈ ਕਿ ਦੇਸ਼ ਦੀ ਵੰਡ ਨਾਲ ਮਿਲੀ ਆਜ਼ਾਦੀ, ਪੰਜਾਬੀਆਂ ਦਾ ਸੰਤਾਪ ਹੋ ਨਿਬੜੀ। ਕਾਂਗਰਸ ਦੇ ਨੇਤਾ ਪੰਡਿਤ ਨਹਿਰੂ ਅਤੇ ਮੁਸਲਿਮ ਲੀਗ ਦੇ ਹਮਾਇਤੀ ਜਨਾਹ ਆਪਣੀ ਕੁਰਸੀ ਦੀ ਲੜਾਈ ਲਈ ਇਸ ਦੁਖਾਂਤ ਦੇ ਭਾਗੀਦਾਰ ਹਨ। ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਵਿਰਾਸਤ ਦੇ ਚਸ਼ਮਦੀਦ ਗੁਆਹਾਂ ਦੇ ਸਹਿਯੋਗ ਨਾਲ ਪਾਕਿਸਤਾਨ 'ਚ ਰਹਿ ਗਏ ਆਪਣੇ ਪੁਰਖਿਆਂ ਦੇ ਪਿੰਡ (ਸ਼ੇਖ਼ੂਪੁਰਾ) ਵਿਚ ਕੁਝ ਸਮਾਂ ਬਿਤਾ ਕੇ ਵਡੇਰਿਆਂ ਦੇ ਮੋਹ ਅਤੇ ਯਾਦਾਂ ਦੀ ਮਹਿਕ ਨੂੰ ਬੜੀ ਸੰਵੇਦਨਾ ਦੇ ਰੂਪ ਵਿਚ ਲਿਖਣ ਦੀ ਜੁਰੱਅਤ ਕੀਤੀ।
ਇਸ ਪੁਸਤਕ ਦੀ ਪਿੱਠਭੂਮੀ ਵਿਚ ਲੇਖਕ ਇਸ਼ਤਿਆਕ ਅਹਿਮਦ ਦੀ ਪੁਸਤਕ 'ਲਹੂ-ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ' ਡੇਢ ਘੰਟੇ ਦੀ ਮੁਲਾਕਾਤ ਵੀ ਗੁਆਹੀ ਭਰਦੀ। ਜਿਸ ਸਿਦਕਦਿਲੀ ਨਾਲ ਸ੍ਰੀ ਤੂਰ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਵਿਸ਼ੇਸ਼ ਤੌਰ 'ਤੇ ਸ਼ੇਖ਼ੂਪੁਰਾ ਦੇ ਆਲੇ-ਦੁਾਲੇ ਦੇ ਪਿੰਡਾਂ ਦਾ ਸੱਭਿਆਚਾਰ ਚਿਤਰਿਆ, ਪਾਠਕ ਨੂੰ ਨਿਵੇਕਲੀ ਜਾਣਕਾਰੀ ਪ੍ਰਸਤੁਤ ਕਰਨ ਵਾਲਾ ਹੈ। ਸਿੱਖਾਂ ਦੀ ਸਰਦਾਰੀ, ਘੋੜੀਆਂ ਰੱਖਣੀਆਂ, ਜ਼ਮੀਨਾਂ ਆਬਾਦ ਕਰਨੀਆਂ, ਖੱਤਰੀਆਂ ਦਾ ਵਪਾਰਕ ਵਰਤਾਰਾ, ਹਿੰਦੂਆਂ ਦੇ ਬਾਜ਼ਾਰ, ਵਿਰਕਾਂ ਦੀ ਚੜ੍ਹਤ, ਹਵੇਲੀਆਂ ਦਾ ਜਲੌਅ, ਪੰਜਾਬੀਆਂ ਦੀ ਆਪਸੀ ਸਾਂਝ, ਤਿੱਥ-ਤਿਉਹਾਰਾਂ ਦੀ ਆਭਾ ਆਦਿ ਇਕ ਪੰਜਾਬੀਅਤ ਦਾ ਸੁਨਹਿਰੀ ਯੁੱਗ ਸੀ ਜੋ ਕੁਝ ਦਿਨਾਂ ਦੀ ਭੇਟ ਚੜ੍ਹ ਗਿਆ। ਵਸਦੇ ਰਸਦੇ ਘਰਾਣਿਆਂ ਦੀ ਬਾਦਸ਼ਾਹਤ ਕਿਵੇਂ ਵਲੂੰਧਰੀ ਗਈ, ਪੁਸਤਕ ਪੜ੍ਹ ਕੇ ਹੀ ਅੱਖਾਂ ਹੰਝੂ ਕੇਰੇ ਬਿਨਾਂ ਨਹੀਂ ਰਹਿ ਸਕਦੀਆਂ। ਪੁਸਤਕ ਚਾਰ ਭਾਗਾਂ 'ਚ ਵੰਡੀ ਗਈ। ਭਾਗ ਪਹਿਲੇ ਵਿਚ 14 ਪਿੰਡਾਂ ਦੇ ਵਾਪਰੇ ਦੁਖਾਂਤ ਦੀ ਕਥਾ, ਦੂਜੇ ਭਾਗ ਵਿਚ 7 ਪ੍ਰਮੁੱਖ ਬੰਦਿਆਂ ਦਾ ਮੂੰਹੋਂ ਬੋਲਦਾ ਦੁਖਾਂਤਕ ਵਰਣਨ ਹੈ. ਤੀਜੇ ਭਾਗ ਵਿਚ ਏਧਰ ਪੰਜਾਬ 'ਚ ਪੀੜਤ ਪਰਿਵਾਰਾਂ ਦੀ ਕਹਾਣੀ ਹੈ ਤੇ ਭਾਗ ਚੌਥਾ ਕਿਤਾਬ ਦੇ ਉਦੇਸ਼ ਦੀ ਗੱਲ ਕਰਦਾ। ਸਭ ਤੋਂ ਵੱਧ ਦਰਦਨਾਕ ਉਹ ਘਟਨਾਵਾਂ ਹਨ ਜਦੋਂ ਅਣਖੀ ਸਿੱਖ ਪਰਿਵਾਰ ਦੇ ਮੋਹਰੀਆਂ ਨੇ ਆਪਣੇ ਬੱਚਿਆਂ, ਬੱਚੀਆਂ, ਔਰਤਾਂ, ਭੈਣਾਂ ਨੂੰ ਧਾੜਵੀਆਂ ਦੀ ਕਰਤੂਤ ਤੋਂ ਬਚਾਉਣ ਲਈ ਆਪਣੇ ਹੱਥੀਂ ਉਨ੍ਹਾ ਨੂੰ ਕਤਲ ਕਰਨਾ ਹੀ ਠੀਕ ਸਮਝਿਆ।
ਜ਼ੈਲਦਾਰ ਗੁਰਦੀਪ ਸਿੰਘ ਦੀ ਕਹਾਣੀ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਪਹਿਲੇ ਭਾਗ ਵਿਚ ਆਬਾਸ ਲਸ਼ਾਰੀ ਦੀਆਂ ਜਿਊਂਦੇ ਚਸ਼ਮਦੀਦ ਪਾਤਰਾਂ ਦੀਆਂ ਮੁਲਾਕਾਤਾਂ ਦਰਦ ਭਿੱਜੀਆਂ ਹਨ। ਉਨ੍ਹਾਂ ਮੁਸਲਮਾਨ ਪਾਤਰਾਂ ਦੇ ਵਿਚਾਰ ਟੁੰਬਣ ਵਾਲੇ ਹਨ : 'ਸਾਡੇ ਸਿੱਖ ਬਹੁਤ ਮਾਲਦਾਰ ਤੇ ਚੰਗੇ ਸਨ। ਉਨ੍ਹਾਂ ਨਾਲ ਦਾ ਕੋਈ ਸਿੱਖ ਨਹੀਂ ਵੇਖਿਆ। ਬਹੁਤ ਬਹਾਦਰ। ਬੜੇ ਹਯਾ ਵਾਲੇ ਸਿੱਖ। ਗ਼ਰੀਬ ਦੀ ਪਾਲਣਾ ਕਰਨ ਵਾਲੇ। ਸ਼ੇਰ ਦਿਲ।' ਅਜਿਹੇ ਉੱਦਮ ਲਈ ਮੁਬਾਰਕ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900