31-12-2025
ਰਚਨਾਤਮਕ ਹੋਣਾ ਰੱਬ ਦੀ ਰਹਿਮਤ
ਹਰ ਇਕ ਵਿਅਕਤੀ 'ਕ੍ਰੀਏਟਿਵ' ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਉਸ ਨੂੰ ਉਸ ਬਾਰੇ ਪਤਾ ਨਹੀਂ ਹੁੰਦਾ। ਰਚਨਾਤਮਕ ਹੋਣ ਦੀ ਪਹਿਲੀ ਸ਼ਰਤ ਹੈ ਸਾਡੇ ਦਿਮਾਗ ਦਾ ਖੁੱਲ੍ਹਾ ਹੋਣਾ ਤੇ ਨਿਮਰ ਹੋਣਾ। ਕੁਝ ਰਚਣ ਦਾ ਆਈਡਿਆ ਕਿਤੋਂ ਵੀ ਕਿਸੇ ਵੀ ਮਾਧਿਅਮ ਤੋਂ ਮਿਲ ਸਕਦਾ ਹੈ, ਬਸ ਸਾਡਾ ਦਿਮਾਗ ਖੁੱਲ੍ਹਾ ਹੋਣਾ ਚਾਹੀਦਾ ਹੈ। ਰਚਨਾਤਮਕਤਾ ਦੇ ਰਸਤੇ ਵਿਚ ਕਈ ਵਾਰ ਸਾਨੂੰ ਇਸ ਡਰਾਵਣੇ ਸੱਚ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਅਸੀਂ ਜੋ ਰਚਣ ਜਾ ਰਹੇ ਹਾਂ, ਉਹ ਇਕ ਅਜਿਹੀ ਚੀਜ਼ ਬਣੇਗੀ, ਜੋ ਅਸੀਂ ਦੂਜਿਆਂ ਨੂੰ ਬਿਨਾਂ ਕਿਸੇ ਝਿਜਕ ਦੇ ਦਿਖਾ ਸਕਾਂਗੇ ਜਾਂ ਇੰਝ ਕਹਿ ਲਓ ਕਿ ਸਾਡੀ ਕੀਤੀ ਰਚਨਾ 'ਤੇ ਅਸੀਂ ਆਪ ਹੀ ਮਾਣ ਮਹਿਸੂਸ ਕਰਾਂਗੇ ਜਾਂ ਫਿਰ ਸ਼ਰਮ ਮਹਿਸੂਸ ਕਰਾਂਗੇ। ਇਸ ਡਰ 'ਤੇ ਕਾਬੂ ਪਾਉਣ ਲਈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਭ ਕੁਝ ਰਚਨਾਤਮਕ ਪ੍ਰਕਿਰਿਆ ਦਾ ਹੀ ਇਕ ਹਿੱਸਾ ਹੈ। ਸਾਨੂੰ ਇਹ ਗੱਲ ਮਨ ਵਿਚ ਬਿਠਾਉਣੀ ਪਵੇਗੀ ਕਿ ਪਹਿਲਾਂ ਕੋਈ ਵੀ ਪ੍ਰਪੱਕ ਨਹੀਂ ਹੁੰਦਾ। ਹੌਲ਼ੀ-ਹੌਲ਼ੀ ਉਸ ਦਾ ਅਭਿਆਸ ਅਤੇ ਕੜੀ ਮਿਹਨਤ ਹੀ ਉਸਨੂੰ ਪ੍ਰਪੱਕ ਬਣਾਉਂਦੀ ਹੈ। ਜਿਵੇਂ-ਜਿਵੇਂ ਅਸੀਂ ਅਭਿਆਸ ਕਰਦੇ ਜਾਵਾਂਗੇ, ਉਸ ਕੰਮ ਵਿਚਬਿਹਤਰ ਹੁੰਦੇ ਜਾਵਾਂਗੇ।
-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਬੱਚਿਆਂ ਦਾ ਡਿਗਦਾ ਨੈਤਿਕ ਪੱਧਰ
ਅੱਜ ਦਾ ਬੱਚਾ ਵਿੱਦਿਆ ਵਿਚ ਤਾਂ ਅੱਗੇ ਵੱਧ ਰਿਹਾ ਹੈ, ਪਰ ਨੈਤਿਕਤਾ, ਸੰਸਕਾਰ ਅਤੇ ਮਨੁੱਖੀ ਮੁੱਲਾਂ ਦੇ ਮਾਮਲੇ ਵਿਚ ਪਿੱਛੇ ਰਹਿੰਦਾ ਜਾ ਰਿਹਾ ਹੈ, ਜੋ ਸਾਡੇ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਆਧੁਨਿਕ ਜੀਵਨਸ਼ੈਲੀ, ਮਾਪਿਆਂ ਕੋਲ ਸਮੇਂ ਦੀ ਘਾਟ, ਟੁੱਟਦੇ ਪਰਿਵਾਰਕ ਰਿਸ਼ਤੇ ਅਤੇ ਸੋਸ਼ਲ ਮੀਡੀਆ ਦੀ ਅਤਿ ਵਰਤੋਂ ਨੇ ਬੱਚਿਆਂ ਦੇ ਮਨ 'ਤੇ ਗਹਿਰਾ ਪ੍ਰਭਾਵ ਪਾਇਆ ਹੈ। ਬੱਚੇ ਵੱਡਿਆਂ ਦਾ ਆਦਰ, ਸੱਚਾਈ, ਸਬਰ, ਸਹਿਣਸ਼ੀਲਤਾ ਅਤੇ ਜ਼ਿੰਮੇਵਾਰੀ ਵਰਗੇ ਗੁਣ ਭੁੱਲਦੇ ਜਾ ਰਹੇ ਹਨ। ਸਕੂਲਾਂ ਵਿਚ ਵੀ ਅੰਕਾਂ ਅਤੇ ਨਤੀਜਿਆਂ ਦੀ ਦੌੜ ਇੰਨੀ ਤੇਜ਼ ਹੈ ਕਿ ਚਰਿੱਤਰ ਨਿਰਮਾਣ ਪਿੱਛੇ ਰਹਿ ਗਿਆ ਹੈ। ਇਸ ਡਿਗਦੇ ਨੈਤਿਕ ਪੱਧਰ ਦੇ ਨਤੀਜੇ ਵਜੋਂ ਬੱਚਿਆਂ ਵਿਚ ਅਨੁਸ਼ਾਸਨਹੀਣਤਾ, ਅਸਹਿਯੋਗ ਅਤੇ ਹਿੰਸਕ ਸੋਚ ਵਧ ਰਹੀ ਹੈ। ਜੇਕਰ ਅਸੀਂ ਅੱਜ ਇਸ ਵੱਲ ਧਿਆਨ ਨਾ ਦਿੱਤਾ, ਤਾਂ ਕੱਲ੍ਹ ਨੂੰ ਸਮਾਜ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਸਮੱਸਿਆ ਦਾ ਹੱਲ ਸਾਂਝੀ ਕੋਸ਼ਿਸ਼ ਨਾਲ ਹੀ ਸੰਭਵ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਸਮਾਂ ਬਿਤਾਉਣ, ਉਨ੍ਹਾਂ ਨੂੰ ਸਹੀ-ਗਲਤ ਦੀ ਸਮਝ ਦੇਣ ਅਤੇ ਆਪਣੇ ਕਰਮਾਂ ਰਾਹੀਂ ਚੰਗੀ ਮਿਸਾਲ ਕਾਇਮ ਕਰਨ। ਸਕੂਲਾਂ ਵਿਚ ਨੈਤਿਕ ਸਿੱਖਿਆ ਨੂੰ ਪਾਠਕ੍ਰਮ ਦਾ ਅਟੁੱਟ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
-ਮੰਜੂ ਰਾਇਕਾ ਭਿੰਡਰਾਂ ਸੰਗਰੂਰ।
ਜੀਵਨ 'ਚ ਅਹਿਮ ਹੈ ਸਹਿਯੋਗ
ਮਨੁੱਖ ਇਕ ਸਮਾਜਿਕ ਜੀਵ ਹੈ ਤੇ ਮਨੁੱਖੀ ਸਮਾਜ ਵਿਚ ਸਹਿਯੋਗ ਦੀ ਭਾਰੀ ਮਹਾਨਤਾ ਹੈ। ਅਸਲ ਵਿਚ ਸਮਾਜ ਦੀ ਹੋਂਦ ਮਨੁੱਖਾਂ ਦੇ ਆਪਸੀ ਸਹਿਯੋਗ ਤੋਂ ਉਪਜੀ ਹੈ। ਸਾਨੂੰ ਆਪਣੇ ਪਰਿਵਾਰ, ਸਕੇ-ਸੰਬੰਧੀਆਂ, ਮਿੱਤਰਾਂ- ਦੋਸਤਾਂ, ਗੁਆਂਢੀਆਂ, ਸਹਿਪਾਠੀਆਂ ਤੇ ਸਹਿਯੋਗੀਆਂ ਨਾਲ ਸਹਿਯੋਗ ਦੀ ਥਾਂ- ਥਾਂ ਤੇ ਜ਼ਰੂਰਤ ਪੈਂਦੀ ਹੈ। ਇਕ-ਦੂਸਰੇ ਦੇ ਸਹਿਯੋਗ ਤੋਂ ਬਗੈਰ ਸਾਡੀ ਯੋਗਤਾ ਤੇ ਸਮਰੱਥਾ ਨਕਾਰੀ ਹੋ ਕੇ ਰਹਿ ਜਾਂਦੀ ਹੈ । ਜੇਕਰ ਅਸੀਂ ਆਪਣੇ ਆਲੇ-ਦੁਆਲੇ ਵੱਸਦੇ ਲੋਕਾਂ ਨਾਲ ਸਹਿਯੋਗ ਨਾ ਕਰੀਏ ਜਾਂ ਉਹ ਸਾਡੇ ਨਾਲ ਸਹਿਯੋਗ ਨਾ ਕਰਨ ਤਾਂ ਸਾਡਾ ਜਿਊਣਾ ਦੁਭਰ ਹੋ ਜਾਂਦਾ ਹੈ। ਇਸੇ ਪ੍ਰਕਾਰ ਗੁਆਂਢੀਆਂ, ਸਹਿਪਾਠੀਆਂ, ਸਹਿਯੋਗੀਆਂ ਨਾਲ ਸਹਿਯੋਗ ਕਰਕੇ ਅਸੀਂ ਦੂਜਿਆਂ ਦੇ ਜੀਵਨ ਵਿਚ ਸਰਲਤਾ ਪੈਦਾ ਕਰ ਸਕਦੇ ਹਾਂ, ਮਿਲ ਕੇ ਕੀਤੇ ਕੰਮ ਇੱਕ ਤਾਂ ਛੇਤੀ ਮੁੱਕਦੇ ਹਨ, ਦੂਸਰੇ ਉਨ੍ਹਾਂ ਉੱਪਰ ਸ਼ਕਤੀ ਘੱਟ ਲੱਗਦੀ ਹੈ, ਤੀਸਰੇ ਮਨ ਵਿਚ ਆਸ਼ਾਵਾਦ ਤੇ ਪ੍ਰਸੰਨਤਾ ਪੈਦਾ ਹੁੰਦੀ ਹੈ। ਇਸ ਕਰਕੇ ਕਿ ਸਾਡੇ ਜੀਵਨ ਵਿਚ ਸਾਨੂੰ ਇੱਕ-ਦੂਜੇ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ।
-ਡਾ. ਨਰਿੰਦਰ ਭੱਪਰ ਝਬੇਲਵਾਲੀ