05-01-2026
ਮ੍ਰਿਤਕ ਅਧਿਆਪਕ ਜੋੜੇ ਦਾ ਅਪਮਾਨ
ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਡਿਊਟੀ ਨਿਭਾਉਣ ਜਾ ਰਹੇ ਅਧਿਆਪਕ ਜੋੜੇ ਦੀ ਨਹਿਰ 'ਚ ਕਾਰ ਡਿਗਣ ਨਾਲ ਮੌਤ ਹੋਣ 'ਤੇ ਸਰਕਾਰ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੀ ਨਿਗੂਣੀ ਰਾਸ਼ੀ ਦਿੱਤੇ ਜਾਣਾ ਅਤਿ ਨਿੰਦਣਯੋਗ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਭਵਿੱਖ ਦੇ ਨਿਰਮਾਤਾ ਦਾ ਅਪਮਾਨ ਹੈ, ਕਿਉਂਕਿ ਸਰਕਾਰ ਨੇ ਅਜਿਹਾ ਕਰ ਕੇ ਅਧਿਆਪਕਾਂ ਦੀ ਤੁਲਨਾ ਸ਼ਰਾਬੀਆਂ ਨਾਲ ਕਰ ਦਿੱਤੀ ਹੈ। ਸਭ ਨੂੰ ਯਾਦ ਹੋਵੇਗਾ ਕਿ ਸੂਬਾ ਸਰਕਾਰ ਵਲੋਂ ਮਜੀਠਾ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਸ਼ਰਾਬੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤੇ ਗਏ ਸਨ।
ਮ੍ਰਿਤਕ ਅਧਿਆਪਕ ਆਪਣੀ ਸਰਕਾਰੀ ਡਿਊਟੀ ਨਿਭਾਉਣ ਜਾ ਰਹੇ ਸਨ ਤੇ ਜਿਸ ਨਹਿਰ ਦੇ ਪੁਲ ਤੋਂ ਕਾਰ ਨਹਿਰ 'ਚ ਡਿੱਗੀ ਉਸ 'ਚ ਗਲਤੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ, ਕਿਉਂਕਿ ਪੁਲ 'ਤੇ ਕੋਈ ਸੁਰੱਖਿਆ ਐਂਗਲ ਨਹੀਂ ਲਾਏ ਗਏ ਸਨ। ਸੋ, ਸਰਕਾਰ ਵਲੋਂ ਡਿਊਟੀ ਦੌਰਾਨ ਮਰਨ ਵਾਲੇ ਅਧਿਆਪਕਾਂ ਨੂੰ 10-10 ਲੱਖ ਦੀ ਰਾਸ਼ੀ ਐਲਾਨਣਾ ਸਮੁੱਚੇ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਹੈ। ਸਰਕਾਰ ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ ਇਕ-ਇਕ ਕਰੋੜ ਦੀ ਰਾਸ਼ੀ ਦੇਵੇ।
-ਅਜੀਤ ਖੰਨਾ
ਐੱਮ.ਏ., ਐੱਮ.ਫਿਲ., ਐੱਮ.ਜੇ.ਐੱਮ.ਸੀ., ਬੀ.ਐੱਡ.
ਹਾਈ ਕੋਰਟ ਦਾ ਸ਼ਲਾਘਾਯੋਗ ਫ਼ੈਸਲਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪਿਛਲੇ ਦਿਨੀਂ ਰੁੱਖ ਨਾ ਕੱਟਣ ਦਾ ਦਿੱਤਾ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਜੰਗਲੀ ਰਕਬਾ ਪਹਿਲਾਂ ਹੀ ਘਟ ਕੇ ਸਿਰਫ਼ 3.67 ਫ਼ੀਸਦੀ ਰਹਿ ਗਿਆ ਹੈ, ਜਿਸ ਕਰਕੇ ਵਾਤਾਵਰਨ ਸੰਤੁਲਨ ਵਿਗੜਨ ਕਰਕੇ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਅਜਿਹੇ ਹਾਲਾਤ ਵਿਚ ਰੁੱਖਾਂ ਨੂੰ ਬਚਾਉਣਾ ਬਹੁਤ ਹੀ ਜ਼ਰੂਰੀ ਸੀ, ਹਾਈ ਕੋਰਟ ਦੁਆਰਾ ਦਿੱਤੇ ਇਸ ਫ਼ੈਸਲੇ ਦੀ ਵਾਤਾਵਰਨ ਪ੍ਰੇਮੀਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ।
-ਕੇ.ਐੱਸ.ਅਮਰ
ਪਿੰਡ ਤੇ ਡਾਕ. ਕੋਟਲੀ ਖ਼ਾਸ, ਮੁਕੇਰੀਆਂ
ਮਾਨਵਤਾ ਦੇ ਰਾਖਿਆਂ ਨੂੰ ਸਿਜਦਾ
ਜੇਕਰ ਹੁਣ ਤੱਕ ਦੇ ਸਮੁੱਚੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਸਿੱਖ ਕੌਮ ਦਾ ਦੁਨੀਆ ਵਿਚ ਇਕਲੌਤਾ ਇਤਿਹਾਸ ਹੈ ਜਿਸ ਨੇ ਆਪਣੇ ਸਿਦਕ ਤੇ ਧਰਮ 'ਤੇ ਅਡੋਲ ਰਹਿੰਦਿਆਂ ਮਾਨਵਤਾ ਦੀ ਰੱਖਿਆ ਤੇ ਸੱਚ ਲਈ ਆਪਣੀਆਂ ਜਾਨਾਂ ਵਾਰੀਆਂ ਹਨ।
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਇਹ ਮਰਜੀਵੜੇ ਮਨੁੱਖਤਾ ਦੇ ਭਲੇ ਲਈ ਆਪਾ ਕੁਰਬਾਨ ਕਰ ਗਏ। ਸਮੇਂ ਦੇ ਹਾਕਮਾਂ ਵਲੋਂ ਆਵਾਮ ਤੋਂ ਦੀਨ ਕਬੂਲ ਕਰਵਾਉਣ ਲਈ ਕਹਿਰ ਢਾਉਣ ਦੇ ਚੱਲ ਰਹੇ ਸਿਲਸਿਲੇ ਨੂੰ ਠੱਲ੍ਹ ਪਾਉਣ ਅਤੇ ਧਰਮ (ਸੱਚ/ਮਾਨਵਤਾ) ਦੀ ਰੱਖਿਆ ਲਈ ਦਸਮੇਸ਼ ਪਿਤਾ ਤੇ ਉਨ੍ਹਾਂ ਵਲੋਂ ਸਾਜੀ ਖ਼ਾਲਸਾ ਫ਼ੌਜ ਨੇ ਧਰਮ ਦੇ ਦੋਖੀਆਂ ਤੇ ਜ਼ੁਲਮ ਦਾ ਮੂੰਹ ਤੋੜ ਜਵਾਬ ਦਿੱਤਾ।
ਅਨੰਦਪੁਰ ਛੱਡਣਾ, ਪਰਿਵਾਰ ਵਿਛੋੜਾ, ਚਮਕੌਰ ਦੀ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਜੰਗ ਵਿਚ ਸ਼ਹੀਦੀ, ਦੂਜੇ ਪਾਸੇ ਵਜ਼ੀਰ ਖਾਂ ਵਲੋਂ ਅਣਮਨੁੱਖੀ ਤਸੀਹੇ ਦੇ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ, ਇਸ ਸਾਰੇ ਘਟਨਾਕ੍ਰਮ ਨੂੰ ਇਕ ਮਿੰਟ ਲਈ ਅੱਖਾਂ ਬੰਦ ਕਰ ਕੇ ਮਹਿਸੂਸ ਕਰਨ ਮਾਤਰ ਨਾਲ ਹੀ ਰੂਹ ਕੰਬ ਉੱਠਦੀ ਹੈ, ਪਰ ਜਿਨ੍ਹਾਂ ਨੇ ਇਹ ਸਭ ਆਪਣੇ ਪਿੰਡੇ 'ਤੇ ਹੰਢਾਇਆ ਉਹ ਮਰਜੀਵੜੇ ਧੰਨ ਸਨ। ਇਹ ਸੱਚ ਹੈ ਕਿ ਮਨੁੱਖ ਦੇ ਭਲੇ ਲਈ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ, ਆਪਣੇ ਪਿਆਰੇ ਸਿੱਖਾਂ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨਾ ਦਿੰਦੇ ਤਾਂ ਅੱਜ ਦੁਨੀਆ ਦਾ ਇਤਿਹਾਸ ਕੁਝ ਹੋਰ ਹੋਣਾ ਸੀ।
-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ (ਸੰਗਰੂਰ)