26-04-26
ਜਿਨਿ ਸਿਰਿ ਸੋਹਨਿ ਪਟੀਆਂ
ਲੇਖਕ : ਰਾਮ ਸਰੂਪ ਅਣਖੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ: 109
ਸੰਪਰਕ : 0172-5027427

ਬਾਈ ਪੁਸਤਕਾਂ ਦੇ ਰਚੇਤਾ ਰਾਮ ਸਰੂਪ ਅਣਖੀ ਦੀ ਇਹ ਤੇਈ ਵੀਂ ਪੁਸਤਕ' 'ਜਿਨਿ ਸਿਰਿ ਸੋਹਨਿ ਪੱਟੀਆਂ' (ਨਾਵਲ) ਪ੍ਰਕਾਸ਼ਿਤ ਹੋਇਆ ਹੈ। ਇਸ ਨਾਵਲ ਦਾ ਸਿਰਲੇਖ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਬਾਬਰਬਾਣੀ' (ਆਸਾ ਰਾਗ) ਦੇ ਅਧਾਰ 'ਤੇ ਰੱਖਿਆ ਗਿਆ ਹੈ। ਇਸ ਨਾਵਲ ਨੂੰ 20 ਭਾਗਾਂ ਵਿਚ ਵੰਡਿਆ ਗਿਆ ਹੈ। ਇਸ ਨਾਵਲ ਦਾ ਮੁੱਖ ਪਾਤਰ 'ਨੀਰੂ' ਨਾਂਅ ਦੀ ਇਕ ਮਰਾਠੀ ਮੁਟਿਆਰ ਹੈ, ਜੋ ਨਾਗਪੁਰ ਵਿਚ ਆਪਣੇ ਪਿਤਾ, ਬਾਬੂ ਵਿੱਠਲ ਰਾਓ ਪਾਟਿਲ ਨਾਲ ਰਹਿੰਦੀ ਹੈ। ਨੀਰੂ ਸਰੀਰਕ ਤੌਰ 'ਤੇ ਬਹੁਤ ਦੁਬਲੀ-ਪਤਲੀ ਹੈ, ਜਿਸ ਕਾਰਨ ਉਸ ਦੇ ਵਿਆਹ ਵਿਚ ਲਗਾਤਾਰ ਦਿੱਕਤਾਂ ਆ ਰਹੀਆਂ ਹਨ। ਉਸ ਦੇ ਪਿਤਾ ਆਪਣੀ ਰਿਟਾਇਰਮੈਂਟ ਦੇ ਨੇੜੇ ਹੋਣ ਕਰਕੇ ਨੀਰੂ ਦੇ ਭਵਿੱਖ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ। ਨੀਰੂ ਆਪਣੀ ਮਾਨਸਿਕ ਉਦਾਸੀ ਅਤੇ ਇਕੱਲਤਾ ਨੂੰ ਦੂਰ ਕਰਨ ਲਈ ਕਿਤਾਬਾਂ ਪੜ੍ਹਨ ਦਾ ਸਹਾਰਾ ਲੈਂਦੀ ਹੈ। ਨਾਵਲ ਵਿਚ ਅਹਿਮ ਮੋੜ ਉਦੋਂ ਆਉਂਦਾ ਹੈ ਜਦੋਂ ਨੀਰੂ ਦੇ ਪਿਤਾ ਉਸ ਦੀ ਮਾਨਸਿਕ ਉਦਾਸੀ ਨੂੰ ਘਟਾਉਣ ਲਈ ਦਫ਼ਤਰ ਦੀ ਲਾਇਬ੍ਰੇਰੀ ਵਿਚੋਂ 'ਸਿੱਖ ਇਤਿਹਾਸ' (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮਹਾਰਾਜਾ ਰਣਜੀਤ ਸਿੰਘ ਤੱਕ) ਨਾਂਅ ਦੀ ਪੁਸਤਕ ਲਿਆ ਕੇ ਦਿੰਦੇ ਹਨ। ਨੀਰੂ, ਜੋ ਪਹਿਲਾਂ ਸਿਰਫ਼ ਹਲਕੇ-ਫੁਲਕੇ ਉਪਨਿਆਸ ਪੜ੍ਹਦੀ ਸੀ, ਜਦੋਂ ਸਿੱਖ ਗੁਰੂਆਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਉੱਚੇ ਕਿਰਦਾਰ ਬਾਰੇ ਪੜ੍ਹਦੀ ਹੈ, ਤਾਂ ਉਸ ਦੇ ਜੀਵਨ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਉਹ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ, ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 'ਸੰਤ-ਸਿਪਾਹੀ' ਰੂਪ ਤੋਂ ਬੇਹੱਦ ਪ੍ਰਭਾਵਿਤ ਹੁੰਦੀ ਹੈ। ਅਣਖੀ ਜੀ ਨੇ ਇਸ ਨਾਵਲ ਰਾਹੀਂ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਦਿਖਾਇਆ ਹੈ ਕਿ ਕਿਵੇਂ ਗਿਆਨ ਕਿਸੇ ਖੇਤਰੀ ਜਾਂ ਭਾਸ਼ਾਈ ਸੀਮਾ ਵਿਚ ਨਹੀਂ ਬੱਝਿਆ ਹੁੰਦਾ। ਇਕ ਮਰਾਠੀ ਪਰਿਵਾਰ ਦੀ ਧੀ ਦਾ ਸਿੱਖੀ ਫ਼ਲਸਫ਼ੇ (ਜਿਵੇਂ ਕਿ 'ਕਿਰਤ ਕਰਨੀ' ਅਤੇ 'ਵੰਡ ਕੇ ਛਕਣਾ') ਨਾਲ ਜੁੜਨਾ ਦੋਵਾਂ ਸੱਭਿਆਚਾਰਾਂ ਦੀ ਸਾਂਝ ਨੂੰ ਉਜਾਗਰ ਕਰਦਾ ਹੈ। ਨੀਰੂ ਦੀ ਸਹੇਲੀ ਮਨਜੀਤ ਕੌਰ ਦਾ ਪਾਤਰ ਉਸ ਨੂੰ ਗੁਰਦੁਆਰਾ ਸਾਹਿਬ ਦੀ ਸ਼ਾਂਤੀ ਅਤੇ ਸਿੱਖੀ ਜੀਵਨ- ਜਾਚ ਨਾਲ ਅਮਲੀ ਤੌਰ 'ਤੇ ਜੋੜਦਾ ਹੈ। ਲੇਖਕ ਨੇ ਨੀਰੂ ਦੇ ਮਨ ਦੇ ਦਵੰਦ ਅਤੇ ਉਸ ਦੇ ਪਿਤਾ ਦੀ ਮਮਤਾ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕੀਤਾ ਹੈ। ਇਹ ਇਕ ਅਜਿਹੀ ਰਚਨਾ ਹੈ, ਜੋ ਪਾਠਕ ਨੂੰ ਨਿਰਾਸ਼ਾ ਵਿਚੋਂ ਉਮੀਦ ਲੱਭਣ ਦਾ ਮਾਰਗ ਦਿਖਾਉਂਦੀ ਹੈ। ਨੀਰੂ ਦਾ ਕਿਰਦਾਰ ਸਾਨੂੰ ਇਹ ਸਿਖਾਉਂਦਾ ਹੈ ਕਿ ਸਰੀਰਕ ਦਿੱਖ ਨਾਲੋਂ ਮਾਨਸਿਕ ਅਤੇ ਰੂਹਾਨੀ ਮਜ਼ਬੂਤੀ ਕਿਤੇ ਵੱਧ ਅਹਿਮ ਹੈ। ਰਾਮ ਸਰੂਪ ਅਣਖੀ ਦੀ ਸਰਲ ਭਾਸ਼ਾ ਅਤੇ ਪ੍ਰਭਾਵਸ਼ਾਲੀ ਸ਼ੈਲੀ ਪਾਠਕ ਨੂੰ ਕਹਾਣੀ ਦੇ ਅੰਤ ਤੱਕ ਜੋੜੀ ਰੱਖਦੀ ਹੈ। ਇਹ ਨਾਵਲ ਮਨੁੱਖੀ ਮਨ ਦੀਆਂ ਗੁੰਝਲਾਂ ਅਤੇ ਇਤਿਹਾਸਕ ਗੌਰਵ ਦਾ ਇਕ ਸੁੰਦਰ ਸੁਮੇਲ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244
ਦਸਮ ਗ੍ਰੰਥ ਅਤੇ
ਸ੍ਰੀ ਗੁਰੂ ਗ੍ਰੰਥ ਸਹਿਬ ਜੀ
ਤੁਲਨਾਤਮਕ ਅਧਿਐਨ
ਲੇਖਕ : ਕੁਲਬੀਰ ਸਿੰਘ ਐਡਵੋਕੇਟ
ਪ੍ਰਕਾਸ਼ਕ : ਖ਼ੁਦ
ਸਫ਼ੇ : 459
ਸੰਪਰਕ : 98155-40758

ਵਿਦਵਾਨ ਲੇਖਕ ਕੁਲਬੀਰ ਸਿੰਘ ਐਡਵੋਕੇਟ ਦੀ ਇਹ ਗ੍ਰੰਥ-ਨੁਮਾ ਪੁਸਤਕ ਆਪਣੇ-ਆਪ ਵਿਚ ਇਕ ਅਨੋਖੀ ਅਤੇ ਬਹੁਤ ਹੀ ਗਿਆਨ ਭਰਪੂਰ ਕਲਾਕ੍ਰਿਤ ਹੈ। ਸਿੱਖ ਪੰਥ ਦਾ ਵੱਡਾ ਹਿੱਸਾ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦਾ ਹੈ। ਇਸ ਦੇ ਬਾਵਜੂਦ ਕੁਝ ਸਿੱਖ ਵਿਦਵਾਨ ਅਤੇ ਚਿੰਤਕ ਇਸ ਨਾਲੋਂ ਅੱਡਰੀ ਰਾਇ ਰੱਖਦੇ ਹਨ।
ਵਿਦਵਾਨ ਲੇਖਕ ਨੇ ਇਸ ਵੱਡਅਕਾਰੀ ਪੁਸਤਕ ਨੂੰ 8 ਭਾਗਾਂ ਵਿਚ ਵੰਡਿਆ ਹੈ। ਭੂਮਿਕਾ ਤੋਂ ਬਾਅਦ ਭਾਗ 'ੳ' ਦਾ ਪਹਿਲਾ ਲੇਖ ਹੈ ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ (ਪੰਨਾ-11)। ਇਸ ਭਾਗ ਵਿਚ ਸ਼ਾਮਿਲ 7 ਲੇਖਾਂ ਵਿਚ ਧਰਮ ਦਾ ਜੈਕਾਰੁ, ਸ੍ਰੀ ਸਾਹਿਬ ਜੀ ਸਹਾਇ, ਪ੍ਰਿਥਮ ਭਗਉਤੀ ਸਿਮਰਕੈ, ਪਾਇ ਗਹੇ ਜਬ ਤੇ ਤੁਮਰੇ, ਕਿਸੁ ਆਗੈ ਕੀਚੈ ਅਰਦਾਸਿ ਬੜੇ ਖੋਜ ਭਰਪੂਰ ਲੇਖ ਹਨ। ਲੇਖਕ ਨੇ ਸਵਾਲ ਉਠਾਇਆ ਹੈ ਕਿ ਗੁਰੂ ਸਾਹਿਬਾਨ ਵਲੋਂ ਬੱਧੀ ਮਰਯਾਦਾ ਵਿਚ ਦਸਮ ਗ੍ਰੰਥ ਦੀਆਂ ਰਚਨਾਵਾਂ ਸ਼ਾਮਿਲ ਹੋਣ 'ਤੇ ਸਵਾਲ ਉਠਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ (ਸਫਾ 12-13)।
ਅਗਲੇ ਲੇਖ ਵਿਚ ਪਖਯਾਨ ਚਰਿਤ੍ਰ ਦਾ ਵਿਸਥਾਰਤ ਜ਼ਿਕਰ ਕਰਨ ਦੇ ਨਾਲ-ਨਾਲ ਉਸ ਦੇ ਛੰਦਾਂ ਨੂੰ ਅਰਥਾਂ ਸਹਿਤ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਇਸ ਭਾਗ ਦੇ ਬਾਕੀ ਦੇ ਲੇਖ ਵੀ ਸੰਬੰਧਿਤ ਬਾਣੀਆਂ ਦੀਆਂ ਤੁਕਾਂ ਅਰਥਾਂ ਸਮੇਤ ਸ਼ਾਮਿਲ ਕਰਕੇ ਹਰ ਨੁਕਤੇ ਨੂੰ ਵਧੀਆ ਢੰਗ ਨਾਲ ਸਪੱਸ਼ਟ ਕੀਤਾ ਗਿਆ ਹੈ।
ਭਾਗ 'ਅ' ਵਿਚ 8 ਤੋਂ ਲੈ ਕੇ 14 ਤੱਕ ਲੇਖ ਸ਼ਾਮਿਲ ਹਨ। ਚੋਬੀਸ ਅਵਤਾਰ, ਰਾਮ ਅਵਤਾਰ, ਕ੍ਰਿਸ਼ਨਾਵਤਾਰ, ਨਿਹਕਲੰਕੀ ਅਵਤਾਰ, ਅਕਾਲ ਉਸਤਤਿ ਦੀ ਵਿਆਖਿਆ ਕਰਦਿਆਂ 56 ਪੰਨੇ ਤੋਂ 58 ਪੰਨੇ ਤੱਕ ਗੁਰੂ ਗ੍ਰੰਥ ਸਾਹਿਬ ਵਿਚ ਆਏ ਅੱਖਰ ਅਵਤਾਰ ਦੇ ਭਿੰਨ-ਭਿੰਨ ਅਰਥਾਂ ਬਾਰੇ ਦੱਸਿਆ ਗਿਆ ਹੈ। 'ਤਿਲਕ ਜੰਞੂ ਰਾਖਾ ਪ੍ਰਭ ਤਾ ਕਾ' ਵਿਚ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਦਿੱਤੀ ਸ਼ਹਾਦਤ ਦੇ ਕਾਰਨਾਂ ਅਤੇ ਸ਼ਹਾਦਤ ਦਾ ਭਾਵ ਪੂਰਤ ਜ਼ਿਕਰ ਹੈ। 'ਮਹਾਕਾਲ ਕਾਲਕਾ ਅਰਾਧੀ' ਵਿਚ ਕਾਲਕਾ ਦੀ ਪਰਿਭਾਸ਼ਾ , ਚੰਡੀ ਚਰਿਤ੍ਰ ਦੇ ਤਿੰਨ ਭਾਗਾਂ ਦਾ ਜ਼ਿਕਰ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਜਨਮ ਤੋਂ ਪੂਰਬ ਸਪਤਸ੍ਰਿੰਗ ਬਾਰੇ ਭੇਦ ਨੂੰ ਵੀ ਖੋਲ੍ਹਿਆ ਗਿਆ ਹੈ। ਲੇਖਕ ਦਾ ਵਿਚਾਰ ਹੈ ਕਿ 'ਮੈ ਅਪਨਾ ਸੁਤ ਤੋਹਿ ਨਿਵਾਜਾ' ਵਾਲੀ ਸਿਰਫ ਇਕ ਮਿੱਥ ਹੈ। ਅਗਲੇ ਲੇਖ ਵਿਚ ਅੰਕਿਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਬਾਣੀ 'ਜਾਪੁ' ਅਤੇ 'ਅਕਾਲ ਉਸਤਤਿ' ਨੂੰ ਵਾਚਿਆਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਜੋ ਵਿਆਖਿਆ ਅਕਾਲ ਪੁਰਖ ਦੀ 'ਜਾਪੁ' ਵਿਚ ਕੀਤੀ , ਉਹ ਅਦੁੱਤੀ ਹੈ (ਪੰਨਾ 88)।
ਅਗਲੇ ਲੇਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਕ੍ਰਿਸਨ' ਚਿਤਰਨ ਹੈ। ਗੁਰੂ ਗ੍ਰੰਥ ਸਾਹਿਬ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਗਿਆ ਹੈ। ਭਾਗ 'ੲ' ਵਿਚ ਵੀ ਚਰਿਤ੍ਰ ਨੰਬਰ 21, 22, 23, 71 , 49 ਦੇ ਨਾਲ-ਨਾਲ ਸਿੱਖਾਂ ਨਾਲ ਸੰਬੰਧਿਤ 15 ਅਤੇ 49 ਦੀ ਸੁਵਿਸਥਾਰ ਵਿਆਖਿਆ ਹੈ। ਭਾਗ 'ਸ' ਵਿਚ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਹਵਾਲੇ ਦੇ ਕੇ ਸਿੱਧ ਕੀਤਾ ਗਿਆ ਹੈ ਕਿ ਕਾਲ , ਉਸ ਦੀ ਪੂਜਾ , ਉਸ ਦੇ ਪੂਜਕਾਂ ਦਾ ਹੀ ਰੱਖਿਅਕ ਹੈ। ਬਾਕੀ ਖ਼ਲਕਤ ਨਾਲ ਇਸ ਦਾ ਕੋਈ ਸਬੰਧ ਨਹੀਂ। ਅਗਲਾ ਲੇਖ ਵੀ ਉਸੇ ਸੰਬੰਧੀ ਬਹੁਤ ਵਡੇਰੀ ਜਾਣਕਾਰੀ ਪੇਸ਼ ਕਰਦਾ ਹੈ। ਇਕ ਹੋਰ ਲੇਖ ਵਿਚ ਲੇਖਕ ਨੇ ਦੁੱਖ ਪ੍ਰਗਟ ਕੀਤਾ ਹੈ ਕਿ ਕਰਮ ਕਾਂਡ ਨੇ ਧਰਮ ਦਾ ਵਪਾਰੀਕਰਨ ਕਰ ਦਿੱਤਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਲੋਂ ਪ੍ਰਵਾਨਗੀ ਨਹੀਂ (ਸਫਾ 216)।
ਪੰਨਾ 217 ਤੋਂ 222 ਤੱਕ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ 52 ਕਵੀਆਂ ਬਾਰੇ ਜਾਣਕਾਰੀ ਹੈ। ਪੰਨਾ 221 ਵਿਚ ਲੇਖਕ ਨੇ 52 ਕਵੀਆਂ ਦੇ ਗੁਰੂ ਦਰਬਾਰ ਵਿਚ ਹਾਜ਼ਰ ਹੋਣ 'ਤੇ ਸਵਾਲ ਉਠਾਇਆ ਹੈ। ਅਗਲੇ ਲੇਖ ਵਿਚ ਭੰਗਾਣੀ ਦੇ ਯੁੱਧ ਅਤੇ ਜ਼ਫਰਨਾਮਾ ਸੰਬੰਧੀ ਜਾਣਕਾਰੀ ਹੈ। ਇਕ ਲੇਖ ਭਾਈ ਗੁਰਦਾਸ ਜੀ ਅਤੇ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਹੈ। ਭਾਗ 'ਹ' ਵਿਚ ਵਾਹਿਗੁਰੂ ਮੰਤ੍ਰ ਦੀ ਵਿਆਖਿਆ , ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਸਮੇਤ ਦਰਜ ਹੈ। ਅਗਲੇ ਲੇਖ ਵਿਚ ਪੰਨਾ 244 ਤੋਂ 249 ਤੱਕ ਵਾਲੇ ਲੇਖ ਵਿਚ ਭੇਖ ਬਾਰੇ ਚਰਚਾ ਦੇ ਨਾਲ-ਨਾਲ ਗਿਆਨੀ ਕੌਣ ਹੈ , ਬਾਰੇ ਖੋਲ੍ਹ ਕੇ ਵਿਆਖਿਆ ਕੀਤੀ ਗਈ ਹੈ। ਅਗਲੇ ਲੇਖ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਪੁਰਾਤਨ ਜਨਮ ਸਾਖੀਆਂ ਅਨੁਸਾਰ ਧਾਰਮਿਕ ਯਾਤਰਾਵਾਂ ਸਿੱਧਾਂ ਯੋਗੀਆਂ ਨਾਲ ਉਨ੍ਹਾਂ ਦੀ ਗਿਆਨ ਚਰਚਾ ਹੈ , ਉਸ ਤੋਂ ਅਗਲੇ ਲੇਖ ਵਿਚ ਗੁਰੂ ਸਾਹਿਬ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਹੈ। ਪੰਨਾ 262 ਤੋਂ 269 ਤੱਕ ਜਨਮ ਸਾਖੀਆਂ ਬਾਰੇ ਲੇਖਕ ਨੇ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕੀਤੇ ਹਨ। ਪੰਨਾ 272 ਤੋਂ 277 ਤੱਕ ਦੇ ਲੇਖ ਵਿਚ ਇਸ ਨੁਕਤੇ ਨੂੰ ਖੋਲ੍ਹਿਆ ਗਿਆ ਹੈ ਕਿ 'ਨਿਰਮਲੇ ਗੁਰੂ ਨਾਨਕ ਦੇਵ ਜੀ ਨੂੰ ਨਿਰਮਲ ਭੇਖ ਦੇ ਬਾਨੀ ਕਿਉਂ ਮੰਨਦੇ ਹਨ'। ਇਸ ਤੋਂ ਅਗਲੇ ਲੇਖ ਵਿਚ ਕਲਿਜੁਗ ਅਤੇ ਸਤਿਜੁਗ ਬਾਰੇ ਦੋਹਾਂ ਗ੍ਰੰਥਾਂ ਦੇ ਹਵਾਲਿਆਂ ਨਾਲ ਚਰਚਾ ਕੀਤੀ ਗਈ ਹੈ। ਅਗਲੇ ਲੇਖਾਂ ਵਿਚ ਮਾਸ ਖਾਣ ਬਾਰੇ ਚਰਚਾ ਕੀਤੀ ਗਈ ਹੈ। ਪੰਨਾ 315 ਵਿਚ ਗੁਰਬਾਣੀ ਵਿਚ ਕਾਮ ਬਾਰੇ ਪ੍ਰਮਾਣ ਦੇ ਕੇ ਇਹ ਸਿੱਧ ਕੀਤਾ ਗਿਆ ਹੈ ਕਿ ਸਰੀਰ ਦਾ ਹਰ ਅੰਗ ਪਵਿੱਤਰ ਹੈ। ਪੰਨਾ 326 ਤੋਂ 339 ਤੱਕ ਦੇ ਲੇਖ ਵਿਚ ਦੇਵੀ-ਦੇਵਤਿਆਂ ਬਾਰੇ ਹਿੰਦੂ ਧਰਮ, ਇਸਲਾਮ ਦੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰਨ ਦੇ ਨਾਲ-ਨਾਲ ਦਸਮ ਦੁਆਰ ਬਾਰੇ ਵੀ ਚਰਚਾ ਹੈ। ਇਕ ਮਹੱਤਵਪੂਰਨ ਲੇਖ ਦਾ ਸਿਰਲੇਖ ਹੈ ਧਰਮ ਅਤੇ ਵਿਗਿਆਨ। ਅੰਗ੍ਰੇਜ਼ੀ ਦੇ ਇਕ ਵੱਡੇ ਪੈਰੇ ਵਿਚ 4ef}n}t}ons of Sc}ence ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਿੰਦੂ , ਬੁੱਧ , ਜੈਨ , ਜਹੂਦੀ , ਇਸਾਈ , ਇਸਲਾਮ ਅਤੇ ਸਿੱਖ ਧਰਮ ਵਿਚ ਬ੍ਰਹਿਮੰਡ ਦੀ ਉਤਪਤੀ ਬਾਰੇ ਬੜੀ ਤਰਕਪੂਰਨ ਸਮੱਗਰੀ ਇਸ ਲੇਖ ਦੀ ਸ਼ਾਨ ਹੈ। ਅਗਲੇ ਲੇਖ ਵਿਚ ਸੰਸਾਰ ਦੇ ਵੱਖ-ਵੱਖ ਧਰਮਾਂ ਦਾ ਜ਼ਿਕਰ ਕਰਦਿਆਂ ਸਿੱਖ ਧਰਮ ਨੂੰ ਸਰਬ ਸਾਂਝਾ ਧਰਮ ਦੱਸਿਆ ਗਿਆ ਹੈ। ਪੰਨਾ 378 ਤੋਂ 388 ਤੱਕ ਵਾਲੇ ਲੇਖ ਵਿਚ ਮਨ ਕੀ ਹੈ ? ਕਿੱਥੇ ਵੱਸਦਾ ਹੈ ? ਮਨ ਦੇ ਤਿੰਨ ਗੁਣਾਂ , ਮਨ ਪਰਦੇਸੀ ਹੈ, ਮਨ ਵਸ ਵਿਚ ਕਿਵੇਂ ਆਵੇ? ਸੰਬੰਧੀ ਤੁਲਨਾਤਮਕ ਵਿਆਖਿਆ ਰਾਹੀਂ ਸਪੱਸ਼ਟ ਕੀਤਾ ਗਿਆ ਹੈ। 'ਸੋਲਹ ਕੀਏ ਸੀਗਾਰ' ਪੰਨਾ 398 ਤੋਂ 400 ਤੱਕ। ਅਜਾਨਬਾਹੁ ਸੰਬੰਧੀ ਜਾਣਕਾਰੀ ਹੈ।
ਭਾਗ 'ਗ' ਵਿਚ ਅੰਮ੍ਰਿਤਪਾਨ ਕਰਨ ਸੰਬੰਧੀ ਨੁਕਤੇ ਸਪੱਸ਼ਟ ਕੀਤੇ ਗਏ ਹਨ। ਪੰਨਾ 413 ਤੋਂ 426 ਤੱਕ ਵਾਲੇ ਲੇਖ ਵਿਚ 6 ਦਰਸ਼ਨਾਂ ਅਤੇ ਜੋਗ ਅਤੇ ਸੁਰਤਿ ਬਾਰੇ ਬੇਸ਼ਕੀਮਤੀ ਜਾਣਕਾਰੀ ਹੈ। ਪੰਨਾ 427 ਤੋਂ 439 ਪੰਨੇ ਤੱਕ ਵਾਲਾ ਲੇਖ ਸ੍ਰੀਮਦ ਭਗਵਤ ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਹੈ। ਲੇਖਕ ਦਾ ਵਿਚਾਰ ਹੈ ਕਿ ਜੇ ਕਿਸੇ ਗ੍ਰੰਥ ਨਾਲ ਰਮਾਇਣ ਅਤੇ ਗੀਤਾ ਦੀ ਤੁਲਨਾ ਕੀਤੀ ਜਾ ਸਕਦੀ ਹੈ ਤਾਂ ਉਹ 'ਵੇਦ' ਹਨ, ਕਿਉਂਕਿ ਵੇਦ ਹੀ ਹਿੰਦੂ ਧਰਮ ਦਾ ਮੁੱਢ ਹਨ। ਪੰਨਾ 440 ਤੋਂ 444 ਪੰਨੇ ਤੱਕ ਵਾਲੇ ਲੇਖ ਵਿਚ ਰਾਮਰਾਜ , ਪੰਨਾ 445 ਤੋਂ 448 ਤੱਕ ਵਾਲੇ ਲੇਖ ਵਿਚ ਜੀਵਨ ਵਿਚ ਆਹਾਰ ਦੀ ਮਹੱਤਤਾ , ਪੰਨਾ 449 ਤੋਂ 452 ਤੱਕ ਵਾਲੇ ਲੇਖ ਵਿਚ ਦਸਤਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਹੈ। ਅਗਲੇ ਲੇਖ ਦਾ ਅਨੁਵਾਨ ਹੈ ਪੰਜ ਸਵਾਲ ਪੰਜ ਜਵਾਬ। 'ਕਹੁ ਕਬੀਰ ਜਨ ਭਏ ਖਾਲਸੇ' ਇਸ ਗ੍ਰੰਥਨੁਮਾ ਗਿਆਨ ਭਰਪੂਰ ਪੁਸਤਕ ਦਾ ਅੰਤਲਾ ਲੇਖ ਹੈ। ਪੰਨਾ 458 ਤੋਂ 459 ਤੱਕ ਅੰਤਿਕਾ ਵਿਚ ਲੇਖਕ ਨੇ ਸਿੱਟਾ ਕੱਢਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਤਿਕਾ ਨਹੀਂ ਲਿਖੀ ਜਾ ਸਕਦੀ , ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਮ ਪੱਤਰ ਦਾ ਇਹ ਅਧਿਆਏ ਖੁੱਲ੍ਹਾ ਛੱਡ ਦਿੱਤਾ ਗਿਆ ਹੈ। ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਸਾਰਾ ਅਧਿਐਨ ਤੁਲਨਾਤਮਕ ਹੈ। ਗੁਰਬਾਣੀ ਅਤੇ ਹੋਰ ਧਰਮ ਗ੍ਰੰਥਾਂ ਦੇ ਹਵਾਲਿਆਂ ਦੇ ਨਾਲ-ਨਾਲ ਇਤਿਹਾਸਕਾਰਾਂ ਦੀਆਂ ਟਿੱਪਣੀਆਂ ਦਿੱਤੀਆਂ ਗਈਆਂ ਹਨ, ਤਾਂ ਕਿ ਹਰ ਨੁਕਤਾ ਸਪੱਸ਼ਟ ਹੋ ਸਕੇ। ਲੇਖਕ ਅਨੁਸਾਰ ਇਸ ਪੁਸਤਕ ਨੂੰ ਲਿਖਣ ਦਾ ਉਸ ਦਾ ਮੁੱਖ ਮਕਸਦ ਦੋਹਾਂ ਗ੍ਰੰਥਾਂ ਦੇ ਵਿਸ਼ਲੇਸ਼ਣ ਵਿਚੋਂ ਸੱਚਾਈ ਅਤੇ ਪ੍ਰਮਾਣਿਕਤਾ ਦੀ ਤਲਾਸ਼ ਕਰਨਾ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਚਿੜੀਆਂ ਬੋਲ ਪਈਆਂ...
ਲੇਖਕ : ਡਾ. ਸਾਧੂ ਰਾਮ ਲੰਗੇਆਣਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ ਪੰਨੇ 80
ਸੰਪਰਕ : 98781-17285

ਡਾ. ਸਾਧੂ ਰਾਮ ਲੰਗੇਆਣਾ ਨੇ ਇਸ ਨਵੀਨਤਮ ਸੰਗ੍ਰਹਿ ਵਿਚ 8 ਤੋਂ 12 ਸਾਲਾਂ ਦੀ ਉਮਰ ਦੇ ਬੱਚਿਆਂ ਦੀ ਮਾਨਸਿਕਤਾ ਨੂੰ ਵਿਸ਼ੇਸ਼ ਤੌਰ 'ਤੇ ਕੇਂਦਰ ਵਿਚ ਰੱਖ ਕੇ ਬਹੁਭਾਂਤੀ ਵਿਸ਼ਿਆਂ ਵਾਲੀਆਂ ਕਹਾਣੀਆਂ ਦੀ ਘਾੜਤ ਘੜੀ ਹੈ। ਇਨ੍ਹਾਂ ਕਹਾਣੀਆਂ ਵਿਚ ਉਸ ਨੇ ਜਿੱਥੇ ਵੰਨ-ਸੁਵੰਨੇ ਚਿੜੀ ਜਨੌਰਾਂ ਨੂੰ ਆਧਾਰ ਬਣਾਇਆ ਹੈ, ਉਥੇ ਮਨੁੱਖੀ ਪਾਤਰ ਵੀ ਇਨ੍ਹਾਂ ਕਹਾਣੀਆਂ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ-ਵਸਤੂ ਮਨੁੱਖੀ ਅਤੇ ਜੀਵ ਜੰਤੂ ਸਮਾਜ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿਚ ਆਜ਼ਾਦੀ ਦਾ ਮਹੱਤਵ, ਪੰਛੀਆਂ ਪ੍ਰਤੀ ਸਨੇਹ, ਅੰਧ ਵਿਸ਼ਵਾਸੀ ਸੋਚ, ਮਤਲਬਖ਼ੋਰੀ, ਭ੍ਰਿਸ਼ਟ ਨਿਜਾਮ, ਹਵਾ, ਪਾਣੀ ਆਦਿ ਕੁਦਰਤੀ ਸ੍ਰੋਤਾਂ ਦੀ ਸਾਂਭ ਸੰਭਾਲ, ਮਾਤ ਭਾਸ਼ਾ ਪ੍ਰਤੀ ਸਨੇਹ ਅਤੇ ਜ਼ਿੰਮੇਵਾਰੀ ਆਦਿ ਉਪਰ ਕੇਂਦ੍ਰਿਤ ਹਨ। ਜਿਵੇਂ 'ਚਿੜੀਆਂ ਬੋਲ ਪਈਆਂ', 'ਚੂਰੀ' ਅਤੇ 'ਬੰਦ ਪਿੰਜਰਾ' ਅਤੇ 'ਵਿਚਾਰਾ ਕਾਂ' ਕਹਾਣੀਆਂ ਦਾ ਤੱਤ-ਸਾਰ ਇਹ ਹੈ ਕਿ ਪੰਛੀ ਪਿੰਜਰਿਆਂ ਵਿਚ ਤਾੜਨ ਲਈ ਨਹੀਂ ਹੁੰਦੇ ਸਗੋਂ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਦਾਣਾ-ਪਾਣੀ ਪਾ ਕੇ ਉਨ੍ਹਾਂ ਨੂੰ ਖੁੱਲ੍ਹੇ ਵਾਤਾਵਰਨ ਵਿਚ ਵਿਚਰਨ ਦੇ ਮੌਕੇ ਮੁਹੱਈਆ ਕਰਨੇ ਚਾਹੀਦੇ ਹਨ। 'ਕੁਦਰਤ ਦੇ ਅਜਬ ਨਜ਼ਾਰੇ', 'ਮਿੱਠੂ ਰਾਮ ਦੀ ਪਾਰਟੀ' ਅਤੇ 'ਚਿੜੀ ਵਿਚਾਰੀ ਕੀ ਕਰੇ?' ਆਦਿ ਕਹਾਣੀਆਂ ਦਰਸਾਉਂਦੀਆਂ ਹਨ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਧਾਰਮਿਕ ਅਸਥਾਨਾਂ ਅਤੇ ਹੋਰ ਸੰਸਥਾਵਾਂ ਨੂੰ ਸੰਯੁਕਤ ਰੂਪ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਨੂੰ ਤੇਜ਼ ਕਰਨਾ ਚਾਹੀਦਾ ਹੈ ਤਾਂ ਜੋ ਮੌਸਮ ਅਤੇ ਵਾਤਾਵਰਨ ਦੀ ਲੋੜ ਅਨੁਸਾਰ ਤਬਦੀਲੀ ਬਰਕਰਾਰ ਬਣੀ ਰਹੇ। ਮੂਲ ਰੂਪ ਵਿਚ ਇਹ ਕਹਾਣੀਆਂ 'ਜੀਓ ਅਤੇ ਜਿਊਣ ਦਿਉ' ਦੇ ਫ਼ਲਸਫ਼ੇ ਨੂੰ ਪ੍ਰਚਾਰਦੀਆਂ ਪ੍ਰਸਾਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਜੀਵ-ਜੰਤੂ ਨਿੱਕੇ-ਨਿੱਕੇ ਸੰਵਾਦਾਂ ਰਾਹੀਂ ਇਕ-ਦੂਜੇ ਨਾਲ ਨਿੱਕੀਆਂ ਵੱਡੀਆਂ ਸ਼ਰਾਰਤਾਂ ਕਰਦੇ ਹੋਏ ਕਥਾਨਕ ਨੂੰ ਨਾਟਕੀ ਢੰਗ ਨਾਲ ਅੱਗੇ ਵਧਾਉਂਦੇ ਹਨ। ਇਸ ਕਰਕੇ ਬਾਲ ਪਾਠਕ ਦੀ ਇਹ ਜਾਣਨ ਦੀ ਜਿਗਿਆਸਾ ਬਣੀ ਰਹਿੰਦੀ ਹੈ ਕਿ ਅੱਗੋਂ ਕੀ ਹੋਵੇਗਾ? ਹਰ ਕਹਾਣੀ ਵਿਚ ਕੋਈ ਨਾ ਕੋਈ ਉਸਾਰੂ ਪੈਗ਼ਾਮ ਛੁਪਿਆ ਹੋਇਆ ਹੈ ਜਿਸ ਨੂੰ ਬਾਲ ਪਾਠਕਾਂ ਨੇ ਖ਼ੁਦ ਲੱਭਣਾ ਹੈ। ਇਹ ਕਹਾਣੀਆਂ ਜਿੱਥੇ ਬੱਚਿਆਂ ਵਿਚ ਉਸਾਰੂ ਜੀਵਨ ਮੁੱਲ ਗ੍ਰਹਿਣ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ ਉਥੇ ਇਕ ਸਾਵਾਂ ਪੱਧਰਾ, ਸੰਤੁਲਿਤ ਅਤੇ ਖੁਸ਼ਹਾਲ ਵਾਤਾਵਰਨ ਸਿਰਜਣ ਵਿਚ ਮਦਦਗਾਰ ਬਣਦੀਆਂ ਹਨ। ਇਹ ਕਹਾਣੀਆਂ ਦਿਲਚਸਪ ਹਨ ਅਤੇ ਬੱਚਿਆਂ ਨੂੰ ਪੇਂਡੂ ਸੱਭਿਆਚਾਰਕ ਸ਼ਬਦਾਵਲੀ ਦਾ ਗਿਆਨ ਵੀ ਦਿੰਦੀਆਂ ਹਨ। ਮੈਂ ਡਾ. ਲੰਗੇਆਣਾ ਨੂੰ ਇਨ੍ਹਾਂ ਗਿਆਨ-ਵਧਾਊ ਪ੍ਰੇਰਕ ਬਾਲ ਕਹਾਣੀਆਂ ਦੀ ਸੁੰਦਰ ਰਚਨਾ ਲਈ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਲਗਨ ਅਤੇ ਸਿਰੜ ਨਾਲ ਬਾਲ ਮਨਾਂ ਦਾ ਹਾਣੀ ਬਣਿਆ ਰਹੇਗਾ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਸ਼ਬਦਾਂ ਦੇ ਰੇਗਿਸਤਾਨ ਵਿਚ
ਲੇਖਿਕਾ: ਰਮਨ ਸਖ਼ੀ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 275 ਰੁਪਏ, ਸਫ਼ੇ: 128
ਸੰਪਰਕ: 98885-72424

ਹਥਲੀ ਪੁਸਤਕ 'ਸ਼ਬਦਾਂ ਦੇ ਰੇਗਿਸਤਾਨ ਵਿਚ' ਦੇ ਆਰੰਭ ਵਿਚ ਰਮਨ ਸਖ਼ੀ ਲਿਖਦੇ ਹਨ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਲਿਖਣ ਦਾ ਸ਼ੌਕ ਸੀ ਅਤੇ ਇਹ ਸ਼ੌਕ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਜੀ ਤੋਂ ਮਿਲਿਆ ਹੈ। ਇਹੋ ਹੀ ਕਾਰਨ ਹੈ ਕਿ ਉਹ ਜੀਵਨ ਦੇ ਵਰਤਾਰਿਆਂ ਦੀ ਨਬਜ਼ ਪਛਾਣਨ ਦੇ ਹੁਨਰ ਤੋਂ ਭਲੀ-ਭਾਂਤ ਵਾਕਿਫ਼ ਹਨ। ਉਨ੍ਹਾਂ ਦੀ ਕਵਿਤਾ ਵਿਚ ਦਰਿਆਵਾਂ ਵਰਗੀ ਸਹਿਜਤਾ, ਸਮੁੰਦਰ ਵਰਗੀ ਅਡੋਲਤਾ, ਸ਼ਬਦਾਂ ਦੀ ਵਿਆਪਕਤਾ ਅਤੇ ਗੱਲ ਕਹਿਣ ਦੀ ਵਿਸ਼ੇਸ਼ ਮੁਹਾਰਤ ਵੀ ਹਾਸਿਲ ਹੈ:
ਖੇਡਦੇ ਜਿੱਥੇ ਹਾਸੇ ਖ਼ੁਸ਼ੀਆਂ
ਖਾਲੀ ਕਿਉਂ ਹੋ ਗਈ ਉਹ ਕੁੱਖ
ਅਜੋਕੇ ਪਦਾਰਥਵਾਦ ਦੌਰ ਦੀ ਅੰਨ੍ਹੀ ਦੌੜ ਵਿਚ ਹੋਸ਼-ਹਵਾਸ ਗੁਆ ਚੁੱਕੇ ਮਨੁੱਖ ਦੀ ਮੌਕਾਪ੍ਰਸਤ ਮਾਨਸਿਕਤਾ ਵੀ ਉਨ੍ਹਾਂ ਤੋਂ ਲੁਕੀ-ਛਿਪੀ ਨਹੀਂ ਹੈ, ਜਿਸ ਦੇ ਮਨ ਵਿਚ ਕੁਝ ਹੋਰ ਹੁੰਦਾ ਹੈ ਅਤੇ ਜ਼ੁਬਾਨ ਤੋਂ ਕੁਝ ਹੋਰ ਸੁਣਾਈ ਦਿੰਦਾ ਹੈ। ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਇਹ ਜਾਣਨ ਵਿਚ ਸਫ਼ਲ ਨਹੀਂ ਹੋ ਸਕਦੇ ਕਿ ਅਸਲ ਵਿਚ ਉਹ ਚਾਹੁੰਦਾ ਕੀ ਹੈ। ਰਮਨ ਸਖ਼ੀ ਦਾ ਮੰਨਣਾ ਹੈ ਕਿ ਲੋਕ ਰਾਵਣ ਦਾ ਪੁਤਲਾ ਸਾੜਨ ਵਿਚ ਤਾਂ ਵਡਿਆਈ ਸਮਝਦੇ ਹਨ ਅਤੇ ਉਨ੍ਹਾਂ ਦੇ ਅੰਦਰਲਾ ਰਾਵਣ ਕਦੇ ਨਹੀਂ ਮਰਦਾ:
ਆਪਣੇ ਅੰਦਰ ਦਾ ਰਾਵਣ ਨਾ ਮਾਰੀਂ ਤੂੰ
ਇਹਦੇ ਨਾਲ ਹੀ ਮੌਤ ਨਾ ਹੋ ਜਾਏ ਕਿਤੇ
ਤੇਰੇ ਅੰਦਰ ਦੇ ਸਖ਼ੀ ਗਿਆਤਾ ਦੀ।
ਪੁਸਤਕ ਵਿਚ ਵਰਤੀ ਗਈ ਸ਼ਬਦਾਵਲੀ ਏਨੀ ਸਰਲ ਅਤੇ ਰੋਚਕ ਹੈ ਕਿ ਪਾਠਕ ਇਸ ਨੂੰ ਵਾਰ-ਵਾਰ ਪੜ੍ਹਨਾ ਚਾਹੁੰਦਾ ਹੈ। ਰਮਨ ਸਖ਼ੀ ਜਾਣਦੇ ਹਨ ਕਿ ਕੁਝ ਦਰਦ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ। ਅਜਿਹੇ ਦਰਦਾਂ ਦੀ ਗੱਲ ਛੇੜਨਾ ਉਨ੍ਹਾਂ ਦੀ ਮਾਨਵਵਾਦੀ ਕਲਿਆਣਕਾਰੀ ਸਮਝ ਦਾ ਜਿਊਂਦਾ ਜਾਗਦਾ ਪ੍ਰਮਾਣ ਹੈ। ਉਨ੍ਹਾਂ ਦੀ ਕਵਿਤਾ ਵਿਚ ਉਹ ਸਾਰੇ ਦੇ ਸਾਰੇ ਗੁਣ ਵਿਦਮਾਨ ਹਨ, ਜਿਨ੍ਹਾਂ ਦਾ ਕਿਸੇ ਕਵਿਤਾ ਵਿਚ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਪਹਿਲੀ ਪਰਵਾਜ਼
ਕਵੀ : ਇਕਬਾਲ ਸਿੰਘ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 295 ਰੁਪਏ, ਸਫ਼ੇ : 224
ਸੰਪਰਕ : 98150-18947

'ਪਹਿਲੀ ਪਰਵਾਜ਼' ਇਕਬਾਲ ਸਿੰਘ ਦੀ ਪਲੇਠੀ ਕਾਵਿ-ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੀਆਂ 141 ਕਵਿਤਾਵਾਂ ਦਰਜ ਕੀਤੀਆਂ ਹਨ ਕਿਉਂਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਇਸ ਕਰਕੇ ਸਾਹਿਤਕਾਰ ਦਾ ਫ਼ਰਜ਼ ਵੀ ਬਣਦਾ ਹੈ ਕਿ ਉਹ ਸਮਾਜ ਦੀ ਸਹੀ ਅਰਥਾਂ ਵਿਚ ਤਸਵੀਰ ਪਾਠਕਾਂ ਦੇ ਸਨਮੁੱਖ ਕਰੇ। ਇਕਬਾਲ ਸਿੰਘ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਸਮਾਜ ਨੂੰ ਉਨ੍ਹਾਂ ਕਦਰਾਂ-ਕੀਮਤਾਂ ਨੂੰ ਅਪਨਾਉਣ ਦੀ ਤਾਗੀਦ ਆਪਣੀਆਂ ਕਵਿਤਾਵਾਂ ਵਿਚ ਕਰਦਾ ਹੈ ਜਿਨ੍ਹਾਂ ਤੋਂ ਅਜੋਕਾ ਸਮਾਜ ਵਿਹੂਣਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਕਦਰਾਂ-ਕੀਮਤਾਂ ਦੇ ਮਨਫ਼ੀ ਹੋਣ ਦਾ ਮੁੱਖ ਕਾਰਨ ਮਨੁੱਖ ਦੀ ਹਊਮੈ ਅਤੇ ਲਾਲਸਾਮਈ ਬਿਰਤੀ ਹੈ ਪਰ ਕਵੀ ਦਾ ਇਹ ਮੱਤ ਹੈ ਕਿ ਸਮਾਂ ਅਤੇ ਸਥਿਤੀ ਵਿਚਾਰ ਕੇ ਕੀਤਾ ਗਿਆ ਕਾਰਜ ਮਨੁੱਖ ਨੂੰ ਉਚਾਈਆਂ ਪ੍ਰਦਾਨ ਕਰ ਸਕਦਾ ਹੈ। ਕਵੀ ਇਸ ਗੱਲੋਂ ਵੀ ਸੁਚੇਤ ਹੈ ਕਿ ਜੇਕਰ ਅਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹੀਏ ਤੇ ਆਪਣੀ ਧੁਨ ਵੱਲ ਵਧਦੇ ਰਹੀਏ ਫਿਰ ਸਾਨੂੰ ਕਿਸੇ ਵੀ ਮਸਨੂਈ ਸਹਾਰੇ ਦੀ ਲੋੜ ਨਹੀਂ ਪੈਂਦੀ। ਸਾਨੂੰ ਹਮੇਸ਼ਾ ਹੀ ਆਪਣੇ ਸੂਰਬੀਰ, ਯੋਧਿਆਂ ਦੀ ਜ਼ਿੰਦਗੀ ਤੋਂ ਸਬਕ ਲੈਣਾ ਚਾਹੀਦਾ ਹੈ। ਕਵੀ ਹਮੇਸ਼ਾ ਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਸ ਦੀ ਝੋਲੀ ਇਮਾਨਦਾਰੀ ਨਾਲ ਭਰੀ ਰਹੇ ਤਾਂ ਕਿ ਉਹ ਆਪਣੀ ਕਲਮ ਨਾਲ ਦੁਨੀਆ ਨੂੰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਿੰਦਾ ਰਹੇ। ਇਕਬਾਲ ਸਿੰਘ ਦੀਆਂ ਇਸ ਸੰਗ੍ਰਹਿ ਵਿਚਲੀਆਂ ਬਹੁਤੀਆਂ ਕਵਿਤਾਵਾਂ ਸਿੱਖੀ ਵਿਰਸੇ ਅਤੇ ਫ਼ਲਸਫ਼ੇ ਦੀ ਨਿਸ਼ਾਨਦੇਹੀ ਕਰਦੀਆਂ ਹਨ, ਉਸ ਦੀ ਗੁਰੂਆਂ ਪ੍ਰਤੀ ਸ਼ਰਧਾ ਹੈ, ਇਸੇ ਕਰਕੇ ਹੀ ਉਹ ਸਰਬੱਤ ਦੇ ਭਲੇ ਦੀ ਗੱਲ ਆਪਣੀਆਂ ਕਵਿਤਾਵਾਂ ਵਿਚ ਵੀ ਕਰਦਾ ਹੈ। ਉਸ ਨੂੰ ਇਸ ਗੱਲ ਦਾ ਗਿਲਾ ਹੈ ਲੋਕ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਪਦਾਰਥਵਾਦੀ ਦੌੜ ਵਿਚ ਹਫ਼ੇ ਭੱਜੇ ਜਾ ਰਹੇ ਹਨ। ਇਸ ਪੁਸਤਕ ਵਿਚ ਬੇਸ਼ੱਕ ਪੰਜਾਬੀ ਭਾਸ਼ਾ ਦੁਆਰਾ ਹੀ ਕਾਵਿ-ਅਨੁਭਵ ਪੇਸ਼ ਹੋਇਆ ਪਰ ਕੁਝ ਕਵਿਤਾਵਾਂ ਹਿੰਦੀ ਭਾਸ਼ਾ ਵਿਚ ਹਨ ਜਿਨ੍ਹਾਂ ਦੀ ਲਿੱਪੀ ਗੁਰਮੁਖੀ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਸਾਡਾ ਲੁੱਟਿਆ ਸ਼ਹਿਰ ਭੰਬੋਰ
ਮੂਲ ਲੇਖਕ : ਸਵ: ਜਨਾਬ ਹਰਚੰਦ ਸਿੰਘ ਖੁਸ਼ਦਿਲ
ਸੰਪਾਦਕ : ਜਗਦੀਸ਼ ਸਿੰਘ ਖੁਸ਼ਦਿਲ
ਪ੍ਰਕਾਸ਼ਕ : ਖ਼ੁਦ
ਮੁੱਲ : 350 ਰੁਪਏ, ਸਫ਼ੇ : 100
ਸੰਪਰਕ : 85588-03871

ਇਹ ਪੁਸਤਕ ਜਗਦੀਸ਼ ਸਿੰਘ ਖੁਸ਼ਦਿਲ ਨੇ ਆਪਣੇ ਸਾਹਿਤਕ ਗੁਰੂ ਅਤੇ ਰਹਿਬਰ ਜਨਾਬ ਹਰਚੰਦ ਸਿੰਘ ਖੁਸ਼ਦਿਲ ਦੇ ਰਚਨਾਤਮਿਕ ਕਾਰਜ ਨੂੰ ਸਾਰਿਆਂ ਤੱਕ ਪਹੁੰਚਾਉਣ ਲਈ ਸ਼ਰਧਾਂਜਲੀ ਵਜੋਂ ਉਨ੍ਹਾਂ ਦੀਆਂ ਰਚਨਾਵਾਂ ਦੀ ਸੰਪਾਦਨਾ ਕਰਕੇ ਤਿਆਰ ਕਰਵਾਈ ਹੈ। ਇਸ ਪੁਸਤਕ ਦੇ ਪਹਿਲੇ ਲੇਖ ਤੋਂ ਜੋ ਕਿ ਡਾ. ਗੁਰਨਾਮ ਸਿੰਘ ਤੀਰ ਦਾ ਲਿਖਿਆ ਹੈ ਉਸ ਤੋਂ ਜਨਾਬ ਹਰਚੰਦ ਸਿੰਘ ਖੁਸ਼ਦਿਲ ਦੇ ਜੀਵਨ ਬਾਰੇ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ ਕਿ ਉਹ 10 ਅਕਤੂਬਰ, 1937 ਨੂੰ ਖੇੜੀਕਲਾਂ ਪਿੰਡ, ਜ਼ਿਲ੍ਹਾ ਸੰਗਰੂਰ ਵਿਚ ਪੈਦਾ ਹੋਏ ਸਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1964 ਵਿਚ ਐਲ.ਐਲ.ਬੀ. ਪਾਸ ਕੀਤੀ। ਉਹ ਪੜ੍ਹਾਈ ਦੇ ਨਾਲ-ਨਾਲ ਸਾਹਿਤਕ ਅਤੇ ਕਲਾ ਵਿਚ ਵੀ ਦਿਲਚਸਪੀ ਰੱਖਦੇ ਸਨ। 1968 ਬੈਚ ਵਿਚ ਉਹ ਸਬ ਜੱਜ-ਕਮ-ਜੁਡੀਸ਼ੀਅਲ ਮੈਜਿਸਟ੍ਰੇਟ ਦੇ ਤੌਰ 'ਤੇ ਚੁਣੇ ਗਏ। ਉਹ ਬਹੁਤ ਸਫ਼ਲ ਸੇਵਾਵਾਂ ਦੇ ਰਹੇ ਸਨ ਤਾਂ ਅਚਾਨਕ ਹੀ 19 ਮਈ, 1977 ਨੂੰ ਉਹ ਸਦਾ ਲਈ ਵਿਛੜ ਗਏ। ਸ੍ਰੀ ਕੇ. ਐਲ. ਗਰਗ ਨੇ ਵੀ ਸੁਮੇਲ ਰੰਗਾਂ ਦਾ ਲੇਖ ਦੇ ਨਾਂਅ ਹੇਠ ਆਪ ਜੀ ਦੀ ਸ਼ਖ਼ਸੀਅਤ ਤੋਂ ਜਾਣੂ ਕਰਵਾਇਆ ਹੈ। ਕੇ. ਐਲ. ਗਰਗ ਦਾ ਇਕ ਲੇਖ 'ਸਾਡਾ ਲੁੱਟਿਆ ਸ਼ਹਿਰ ਭੰਬੋਰ' ਜਿਹੜਾ ਕਿ ਹਰਚੰਦ ਖੁਸ਼ਦਿਲ ਦੀ ਮੌਤ ਤੋਂ ਬਾਅਦ ਨੂੰ 'ਅਕਾਲੀ ਪੱਤ੍ਰਿਕਾ' ਅਖ਼ਬਾਰ ਵਿਚ ਛਪਿਆ ਸੀ। ਉਹ ਪੁਸਤਕ ਦੇ ਨਾਂਅ ਦੀ ਤਰਜਮਾਨੀ ਕਰਦਾ ਹੈ। ਕਨਈਆ ਲਾਲ ਕਪੂਰ ਨੇ ਵੀ ਖੁਸ਼ਦਿਲ ਦੀ ਮੌਤ 'ਤੇ ਇਕ ਲੇਖ ਲਿਖਿਆ, ਜੋ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਹੈ। ਇਸ ਤੋਂ ਬਾਅਦ ਪੰਨਾ 37 ਤੋਂ 100 ਤੱਕ ਖੁਸ਼ਦਿਲ ਦੀਆਂ ਰਚਨਾਵਾਂ ਹਨ, ਜੋ ਬਹੁਤ ਹੀ ਵੰਨ-ਸੁਵੰਨੇ ਵਿਸ਼ਿਆਂ ਬਾਰੇ ਹਨ। ਆਪ ਨੇ ਪ੍ਰਕਿਰਤੀ ਪ੍ਰੇਮ ਬਾਰੇ ਵੀ ਬੜੀ ਸਹਿਜਤਾ ਅਤੇ ਸੁਹਜਤਾ ਨਾਲ ਆਪਣੇ ਭਾਵ ਪ੍ਰਗਟਾਏ ਹਨ :-
ਸੂਰਜ ਕਿਰਨ ਪਈ ਤੇ ਚਮਕਾਂ/ਮੈਂ ਇਕ ਜ਼ੱਰਾ ਧਰਤੀ ਦਾ
ਮਾਣ ਨਿਮਾਣਾ ਤਾਣ ਨਿਤਾਣਾ, ਮੈਂ ਕਿ ਜ਼ੱਰਾ ਧਰਤੀ ਦਾ।
ਉਹ ਆਪਣੇ ਅਤੀਤ ਦੇ ਅਨੁਭਵ ਵੀ ਸਾਂਝੇ ਕਰਦੇ ਹਨ। ਖ਼ਤ, ਕੌਣ ਹੈ ਤੂੰ, ਜੀਵਨ ਪਿਆਲਾ, ਜੰਗ ਖਿਆਲਾਂ ਵਿਚ, ਅਦਾਲਤ ਆਦਿ ਲੰਮੀਆਂ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। 'ਸ਼ਮਸ਼ਾਨ ਵਿਚ' ਕਵਿਤਾ ਆਪਸੀ ਪਿਆਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਸਰਾਪਿਆ ਪੱਥਰ, ਪੱਥਰ ਕਰਨਗੇ ਕੀ, ਕਵਿਤਾਵਾਂ ਕਵੀ ਦੀ ਵਿਗਿਆਨਕ ਸੋਚ ਦਾ ਪ੍ਰਮਾਣ ਹਨ। 'ਆਸਾਂ ਦੇਸ਼ ਦੀਆਂ' ਕਵਿਤਾ ਰਾਹੀਂ ਕਵੀ ਨੇ ਬਹੁਤ ਇਨਕਲਾਬੀ ਸੁਨੇਹਾ ਦਿੱਤਾ ਹੈ। ਉਪਰੋਕਤ ਤੋਂ ਇਲਾਵਾ ਨਿੱਕੀਆਂ-ਨਿੱਕੀਆਂ ਕਵਿਤਾਵਾਂ ਵੀ ਇਸ ਪੁਸਤਕ ਦਾ ਸ਼ਿੰਗਾਰ ਬਣੀਆਂ ਹਨ। ਜਿਹੜੀਆਂ ਪੰਨਾ 73 ਤੋਂ ਅੱਗੇ ਅੰਤ ਤੱਕ ਹਨ। ਦੋ ਸਤਰਾਂ ਦੇ ਹਾਇਕੂ ਵੀ ਲਿਖੇ ਹਨ। ਵਿਅੰਗਮਈ ਸਤਰਾਂ ਵੀ ਹਨ। ਪੰਜਾਬੀ ਗੱਭਰੂਆਂ ਦੀ ਤਾਰੀਫ਼ ਵਿਚ ਕਵੀ ਲਿਖਦਾ ਹੈ:
ਅਸੀਂ ਗੱਭਰੂ ਪੰਜਾਬ ਦੇ, ਸਾਡਾ ਸ਼ੇਰਾਂ ਵਰਗਾ ਜੇਰਾ
ਹਰ ਮੈਦਾਨ 'ਚ ਸਾਡਾ ਝੰਡਾ, ਸਾਨੂੰ ਜਿੱਤ ਸਕੂਗਾ ਕਿਹੜਾ।
ਕੋਈ ਨਜ਼ਰੀਂ ਨਹੀਂ ਆਂਵਦਾ ਜੀਹਦਾ ਹੋਵੇ ਏਡਾ ਜੇਰਾ।
ਇਸ ਪ੍ਰਕਾਰ ਇਹ ਪੁਸਤਕ ਜਗਦੀਸ਼ ਸਿੰਘ ਖੁਸ਼ਦਿਲ ਦਾ ਬੜਾ ਵਧੀਆ ਉਪਰਾਲਾ ਹੈ ਤੇ ਪੁਸਤਕ ਪੜ੍ਹਨਯੋਗ ਹੈ।
-ਪ੍ਰੋ. ਕੁਲਜੀਤ ਕੌਰ
ਜੀਓ ਅਤੇ
ਜਿਊਂਣ ਦਿਓ
ਲੇਖਕ : ਰਾਮ ਲਾਲ ਭਗਤ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 56
ਸੰਪਰਕ : 98550-02264

ਪੰਜਾਬੀ ਬਾਲ ਸਾਹਿਤ ਵਿਚ ਮਿਆਰੀ ਬਾਲ-ਇਕਾਂਗੀ ਅਤੇ ਬਾਲ-ਨਾਟਕ ਦੀ ਘਾਟ ਮਹਿਸੂਸ ਕੀਤੀ ਜਾਂਦੀ। ਸਾਹਿਤ ਦੀ ਇਸ ਵਿਧਾ ਲਈ ਵਿਸ਼ੇ ਦੀ ਚੋਣ ਅਤੇ ਨਿਭਾਅ ਲਈ ਜਿੱਥੇ ਭਾਸ਼ਾ ਗੱਲਬਾਤ ਦਾ ਮਾਧਿਅਮ ਹੁੰਦੀ ਹੈ, ਉੱਥੇ ਮੰਚ ਸੰਚਾਲਨ ਇਸ ਦੀ ਪੇਸ਼ਕਾਰੀ ਲਈ ਜਿੰਦ-ਜਾਨ ਹੁੰਦੀ। ਦਰਸ਼ਕਾਂ ਨੂੰ ਕੀਲ ਰੱਖਣ ਦੀ ਸਮਰੱਥਾ ਲਈ ਨਾਟਕੀ ਅੰਦਾਜ਼ ਮੂਲ ਹੁੰਦਾ ਹੈ। ਰਾਮ ਲਾਲ ਭਗਤ ਨੇ ਆਪਣੇ ਬਾਲ-ਨਾਟਕ 'ਜੀਓ ਅਤੇ ਜਿਊਣ ਦਿਓ' ਦੇ ਸੰਦਰਭ ਵਿਚ ਉਕਤ ਗੱਲਾਂ 'ਤੇ ਨੁਕਤਿਆਂ ਨੂੰ ਪ੍ਰਯੋਗ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਹ ਸੰਵੇਦਨਾ ਤੇ ਅਹਿਸਾਸਾਂ ਨੂੰ ਕਲਮੀ ਰੂਪ ਦੇਣਾ ਜਾਣਦਾ ਹੈ। ਪੁਸਤਕ ਦੇ ਆਰੰਭ ਵਿਚ ਉਸ ਨੇ ਇਸ ਨਾਟਕ ਦਾ ਮੰਤਵ ਅਤੇ ਇਸ ਨੂੰ ਖੇਡਣ ਲਈ ਸਹੀ ਸੇਧ ਪ੍ਰਦਾਨ ਕੀਤੀ ਹੈ। ਬੱਚਿਆਂ ਨੂੰ ਸਮਝਾਉਣ ਲਈ ਉਸ ਕੋਲ ਤਜਰਬਾ ਹੈ। ਉਹ ਆਪਣੇ ਵਿਸ਼ੇ ਬਾਰੇ ਤੇ ਮੰਤਵ ਬਾਰੇ ਸਪੱਸ਼ਟ ਹੈ। ਉਸ ਦਾ ਆਧਾਰ ਕੇਵਲ ਪੰਜਾਬ ਹੀ ਨਹੀਂ ਸਗੋਂ ਸਮੁੱਚਾ ਭਾਰਤ ਹੈ, ਇਸੇ ਕਰਕੇ ਸ਼ੁਰੂਆਤੀ ਗੀਤ ਅਲਾਪਦਾ ਹੈ:
ਸੁਣੋ ਹਿੰਦ ਵਾਸੀਓ, ਸੁਣੋ ਦੇਸ਼ ਵਾਸੀਓ
ਕਿਉਂ ਕੱਟਦੇ ਹੋ ਜੰਗਲਾਂ ਨੂੰ
ਕਿਉਂ ਮਾਰਦੇ ਹੋ ਜਾਨਵਰਾਂ ਨੂੰ।
ਇਸ ਨਾਟਕ ਵਿਚ ਸਾਡੇ ਜੀਵਨ ਅਤੇ ਸੱਭਿਆਚਾਰ ਨਾਲ ਸੰਬੰਧਿਤ ਜੰਗਲੀ ਜੀਵਾਂ ਨੂੰ ਪਾਤਰਾਂ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਉਹ ਪਾਤਰ ਹਨ :
ਸ਼ੇਰ (ਜੰਗਲ ਦਾ ਬਾਦਸ਼ਾਹ), ਹਾਥੀ (ਜੰਗਲ ਦਾ ਵੱਡ ਆਕਾਰੀ ਜੀਵ), ਚੀਤਾ (ਸ਼ਕਤੀ ਦਾ ਪ੍ਰਤੀਕ), ਰਿੱਛ (ਜਿਸ ਬਾਰੇ ਕਥਾ ਕਹਾਣੀਆਂ ਰੌਚਿਕ ਹਨ), ਹਿਰਨ (ਜਿਸ ਦੀ ਤੇਜ਼ ਰਫ਼ਤਾਰ ਜਾਣੀ ਜਾਂਦੀ), ਲੂੰਬੜੀ (ਚਲਾਕ ਤੇ ਸਿਆਣੀ) ਅਤੇ ਸਭ ਤੋਂ ਮਨੁੱਖ ਜਾਤੀ ਦਾ ਨੇੜਲਾ ਬਾਂਦਰ। ਮੰਗ-ਪੱਤਰ ਰਾਹੀਂ ਨਾਟਕ ਦਾ ਵਿਸ਼ਾ ਹੈ : ਹਿੰਦੁਸਤਾਨ ਦੇ ਵਾਸੀ ਅਤੇ ਹਿੰਦੁਸਤਾਨ ਦੀ ਸਰਕਾਰ ਪੜ੍ਹ ਕੇ ਸਾਡੀਆਂ ਲੋੜਾਂ, ਇਨਸਾਨੀ ਜ਼ੁਲਮ ਅਤੇ ਭਾਵਨਾਵਾਂ ਨੂੰ ਜਾਣ ਸਕੇ। ਭਵਿੱਖ ਵਿਚ ਜਾਨਵਰਾਂ ਦੀ ਸੁਰੱਖਿਆ ਅਤੇ ਜੰਗਲਾਂ ਦਾ ਕੱਟਣਾ ਇਕ ਅਹਿਮ ਮੁੱਦਾ ਹੋਵੇਗਾ। ਵਾਤਾਵਰਨ ਦੀ ਸੰਭਾਲ ਅਤੇ ਪ੍ਰਕਿਰਤੀ ਦੀ ਹਰਿਆਲੀ ਨਾਲ ਹੀ ਇਸ ਧਰਤੀ ਨੂੰ ਰਹਿਣ ਲਈ, ਖ਼ੁਸ਼ਗੁਆਰ ਰੱਖਿਆ ਜਾ ਸਕਦਾ। ਇਸ ਆਸੇ ਨੂੰ ਕਾਵਿ-ਟੁਕੜੀਆਂ ਨਾਲ ਵਾਰ-ਵਾਰ ਦੁਹਰਾਇਆ ਗਿਆ। ਰੁੱਖਾਂ, ਪੰਛੀਆਂ ਅਤੇ ਜੰਗਲੀ-ਜੀਵਾਂ ਪ੍ਰਤੀ ਮੋਹ ਜਗਾਉਣ ਵਾਲਾ ਨਾਟਕ ਮੰਚਣ ਕਰਨਯੋਗ ਹੈ। ਨਾਟਕ ਦਾ ਉਦੇਸ਼ ਵੱਡ ਪਸਾਰੀ ਸੰਕਲਪਾਂ ਦੀ ਤਰਜਮਾਨੀ ਕਰਦਾ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਰੂਹ ਦੇ ਬੋਲ
ਲੇਖਕ : ਮੰਗਲ ਮੀਤ ਪੱਤੋ
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94171-49433

ਹਥਲਾ ਕਾਵਿ-ਸੰਗ੍ਰਹਿ ਅਜੋਕੇ ਸਮੇਂ ਵਿਚ ਰਚੀ ਜਾ ਰਹੀ ਪੰਜਾਬੀ ਕਵਿਤਾ ਵਿਚ ਆਪਣੀ ਨਿਵੇਕਲੀ ਪਚਾਣ ਦਾ ਸੂਚਕ ਹੈ। ਮੰਗਲ ਮੀਤ ਪੱਤੋ ਇਕ ਗੰਭੀਰ ਚਿੰਤਕ ਤੇ ਸੂਝਵਾਨ ਤਾਂ ਹੈ ਹੀ ਸੀ, ਕਿਉਂ ਜੋ ਉਸ ਨੇ ਬਚਪਨ ਤੋਂ ਜਵਾਨੀ ਤੱਕ ਅਤੇ ਜਵਾਨੀ ਤੋਂ ਰਿਟਾਇਰਮੈਂਟ ਤੋਂ ਬਾਅਦ ਤੱਕ ਸੰਘਰਸ਼ਮਈ ਜੀਵਨ ਸ਼ੈਲੀ ਨੂੰ ਹੰਢਾਇਆ ਹੈ। ਇਕ ਕਿਰਤੀ ਦਾ ਉਸ ਨੂੰ ਡੂੰਘਾ ਅਹਿਸਾਸ ਹੈ। ਇਹੋ ਹੀ ਮੂਲ ਸਰੋਕਾਰ ਉਸ ਦੀ ਕਾਵਿ-ਸਿਰਜਣਾ ਦੀ ਆਧਾਰ-ਭੂਮੀ ਬਣਦੇ ਹਨ, ਜੋ ਕਿ ਸੰਗ੍ਰਹਿਤ ਇਕੱਤਰ ਕਵਿਤਾਵਾਂ ਵਿਚ ਸ਼ਾਮਿਲ ਹਨ। ਇਹ ਕਵਿਤਾਵਾਂ ਕੰਡਿਆਂ ਦੀਆਂ ਚੋਭਾਂ ਨੂੰ ਸਹਿ ਕੇ ਸ਼ਾਬਦਿਕ ਰੂਪ ਦੇਣ ਵਾਲੇ ਦੀਆਂ ਹਨ, ਫੁੱਲਾਂ ਦੀ ਫੁਲਵਾੜੀ ਵਿਚ ਜੀਵਨ ਬਸਰ ਕਰਨ ਵਾਲੇ ਲੋਕਾਂ ਦੀਆਂ ਨਹੀਂ ਹਨ। ਕਵਿਤਾ 'ਵਾ-ਵਰੋਲੇ', 'ਜ਼ਖ਼ਮਾਂ ਤੇ ਲੂਣ', 'ਤਾਲ ਤੋਂ ਉਕਿਆਂ ਨੂੰ', 'ਰੂਹ ਦੇ ਬੋਲ', 'ਤੋਹਮਤਾਂ', 'ਰਿਸ਼ਤੇ', 'ਸਫ਼ਰਨਾਮਾ', 'ਹੰਝੂ', 'ਹੇਠ ਛੁਰੀ ਦੇ', 'ਲੁੱਟ-ਮਚਾਈ', 'ਧੜੀ ਧੜੀ ਗੱਪ', 'ਕੌਣ' ਆਦਿ ਉਕਤ ਕਥਨ ਦੀ ਸਾਰਥਿਕਤਾ ਵਜੋਂ ਪੜ੍ਹੀਆਂ ਜਾ ਸਕਦੀਆਂ ਹਨ। ਕਵੀ ਰਾਜਨੀਤਕ, ਸਮਾਜਕ, ਧਾਰਮਿਕ ਅਤੇ ਪ੍ਰਸ਼ਾਸਨਿਕ ਵਰਤਾਰੇ ਵਿਚ ਜੋ ਨਿਘਾਰ ਆ ਚੁੱਕਿਆ ਹੈ, ਜੋ ਕਿ ਮਾਨਵ ਵਿਰੋਧੀ ਹੈ, ਉਸ ਦੀਆਂ ਤਹਿ-ਦਰ-ਤਹਿ ਪਰਤਾਂ ਨੂੰ ਵੀ ਚੰਗੀ ਸੋਚ ਦ੍ਰਿਸ਼ਟੀ ਤੋਂ ਪਰਖਦਾ ਹੈ ਅਤੇ ਲੋਚਾ ਰੱਖਦਾ ਹੈ ਕਿ ਮਨੁੱਖ ਗੁਲਮੋਹਰ ਵਾਂਗ ਖਿੜਿਆ ਰਹੇ। ਚੰਗੀ ਰੋਟੀ-ਰੋਜ਼ੀ ਲਈ ਬੇਰੁਜ਼ਗਾਰੀ ਦਾ ਖ਼ਾਤਮਾ ਹੋਵੇ ਅਤੇ ਨਸ਼ੇ ਪੱਤੇ ਅਤੇ ਚਿੱਟਿਆਂ ਤੋਂ ਨੌਜਵਾਨੀ ਬਚੀ ਰਹੇ। ਕਵੀ ਦਾ ਸੁਨੇਹਾ ਹੈ ਕਿ ਅਜੋਕਾ ਮਨੁੱਖ ਮੌਤ ਦੇ ਸੁਦਾਗਰਾਂ ਤੋਂ ਬਚੇ, ਘਰੇਲੂ ਰਿਸ਼ਤੇ ਪੱਕੇ ਕਰੇ ਅਤੇ ਮਨਾਂ ਅੰਦਰ ਦੀਵਾਲੀ ਵਰਗੇ ਦੀਵੇ ਬਾਲਦਾ ਰਹੇ ਨਾ ਕਿ ਯਾਰ-ਮਾਰ ਵਿਚ ਉਲਝੇ ਤੇ ਨਾ ਹੀ ਬਹੁਤਾ ਮਿਜ਼ਾਜੀ ਬਣੇ ਸਗੋਂ ਖੁਸ਼ੀਆਂ ਖੇੜਿਆਂ ਨੂੰ ਅਪਣਾ ਕੇ ਮਨ ਦੇ ਹੁਲਾਰੇ ਮਾਣੇ ਅਤੇ ਛਾਪਾਂ ਛੱਲੇ ਪਹਿਨੇ। ਇਸ ਕਾਵਿ-ਸੰਗ੍ਰਹਿ ਦੀ ਹੋਰ ਵੱਡੀ ਖ਼ੂਬੀ ਇਹ ਹੈ ਕਿ ਲੇਖਕ ਨੇ ਸਰਲ ਕਾਵਿਕ-ਸ਼ਬਦਾਵਲੀ ਵਿਚ, ਜਿਸ ਵਿਚ ਲੈਅ, ਸੁਰ ਅਤੇ ਤਾਲ ਵੀ ਹੈ, ਦੇ ਜ਼ਰੀਏ ਬੜੇ ਬੜੇ ਵਿਅੰਗ ਵੀ ਉਭਾਰੇ ਹਨ। ਇਹ ਕਾਵਿਕ ਗੁਣ ਕਵਿਤਾਵਾਂ ਵਿਚ ਵੀ ਹਨ ਅਤੇ ਗੀਤਾਂ ਵਿਚ ਵੀ ਹਨ। ਇਹ ਕਾਵਿ ਪੁਸਤਕ ਭਾਵੇਂ ਕਵੀ ਦਾ ਪਹਿਲਾ ਕਾਵਿ-ਸੰਗ੍ਰਹਿ ਹੈ ਪਰ ਇਸ ਦੀ ਪਰਪੱਕਤਾ ਕਵੀ ਦੀ ਪ੍ਰੌੜ ਕਾਵਿ-ਸ਼ੈਲੀ ਦਾ ਪ੍ਰਮਾਣ ਸਤਾਪਿਤ ਕਰਦੀ ਹੈ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਹਵੇਲੀਆਲਾ
ਲੇਖਕ : ਜਸਪਾਲ ਮਾਨਖੇੜਾ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 250 ਰੁਪਏ, ਸਫ਼ੇ :152
ਸੰਪਰਕ : 97800-42156

ਜਸਪਾਲ ਮਾਨਖੇੜਾ ਖੱਬੇ ਪੱਖੀ ਵਿਚਾਰਧਾਰਾ ਦਾ ਸਮਰਥਕ ਹੈ। ਇਸ ਲਈ ਉਸ ਦੀਆਂ ਰਚਨਾਵਾਂ ਵਿਚ ਜਾਗੀਰਦਾਰੀ ਸਿਸਟਮ ਦੀ ਕਾਰਜ-ਪ੍ਰਣਾਲੀ ਵਿਰੁੱਧ ਬਗ਼ਾਵਤੀ ਸੁਰ ਉੱਭਰਦੀ ਹੈ। ਉਸ ਦਾ ਨਾਵਲ 'ਹਵੇਲੀਆਲਾ' ਵਿਚ ਸਰਮਾਏਦਾਰੀ ਦੁਆਰਾ ਪੀੜ੍ਹੀ ਦਰ ਪੀੜ੍ਹੀ ਚਲ ਰਹੇ ਗ਼ਰੀਬ ਲੋਕਾਂ ਦੇ ਜਿਸਮਾਨੀ ਤੇ ਮਾਨਸਿਕ ਸ਼ੋਸ਼ਣ ਦੇ ਵਿਰੁੱਧ ਸਮੂਹ ਦੀ ਆਵਾਜ਼ਨੂੰ ਬੁਲੰਦ ਕੀਤਾ ਗਿਆ ਹੈ। ਇਕਬਾਲ ਕਬਾਲਾ ਦੇ ਮੁੰਡੇ ਛੀਮਦਾ ਤੇ ਪ੍ਰੀਤ ਪਿੰਡ ਦੇ ਅਧਿਆਪਕ ਦੀ ਪੁੱਤਰੀ ਰਿਸ਼ਮਦੀਪ ਕੌਰ ਨੂੰ ਅਗਵਾ ਕਰਨ ਤੋਂ ਬਾਅਦ ਸਮੂਹਿਕ ਜ਼ਬਰ ਜਨਾਹ ਕਰਕੇ ਮਾਰ ਦਿੰਦੇ ਹਨ। ਅਧਿਆਪਕ ਲਛਮਣ ਸਿੰਘ ਧੀ ਦੇ ਇਨਸਾਫ਼ ਲਈ ਕਿਰਤੀ ਜਥੇਬੰਦੀਆਂ ਨਾਲ ਜੁੜ ਕੇ ਜਾਗੀਰਦਾਰਾਂ ਦੀ ਵਿਗੜੀ ਔਲਾਦ, ਜਿਨ੍ਹਾਂ ਨੂੰ ਰਾਜਸੀ ਸਰਪ੍ਰਸਤੀ ਮਿਲੀ ਹੈ, ਦੇ ਅਨੈਤਿਕ ਕੰਮਾਂ ਦਾ ਵਿਰੋਧ ਕਰਦੇ ਹਨ। ਸਰਕਾਰੀ ਸਿਸਟਮ, ਨਿਆਂ-ਪ੍ਰਣਾਲੀ, ਪੁਲਿਸਤੰਤਰ, ਨੇਤਾਵਾਂ ਤੇ ਜਗੀਰਦਾਰਦਾਰਾਂ ਦੇ ਹੱਕ ਵਿਚ ਭੁਗਤ ਕੇ ਲੋਕ ਸਮੂਹ ਦੀ ਸ਼ਕਤੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਪਰ ਇਨਕਲਾਬੀ ਸੁਰ ਲੰਮੇ ਸੰਘਰਸ਼ਮਈ ਘੋਲ ਵਿਚੋਂ ਲੰਘ ਕੇ ਅਖ਼ੀਰ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਹੁੰਦੀ ਹੈ। ਨਾਵਲ 'ਹਵੇਲੀਆਲਾ' ਦੇ ਬਿਰਤਾਂਤ ਰਾਹੀਂ ਪਿਤਾ ਤੇ ਉਸ ਦੇ ਪਰਿਵਾਰ ਦੀ ਪੀੜਾਦਾਇਕ ਜੀਵਨ ਹਯਾਤੀ ਨੂੰ ਉਜਾਗਰ ਕੀਤਾ ਗਿਆ ਹੈ। ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਪੱਖਾਂ ਰਾਹੀਂ ਆਮ ਮਨੁੱਖ ਦੀ ਸਥਿਤੀ ਨੂੰ ਬਿਆਨ ਕੀਤਾ ਹੈ। ਜਗੀਰਦਾਰੀ ਤੇ ਉਸਦੇ ਹੱਕ ਵਿਚ ਉਤਰਦਾ ਧਨਾਢ ਵਰਗ ਆਮ ਮਨੁੱਖ ਉੱਤੇ ਜ਼ੁਲਮ ਕਰਦਾ ਹੈ ਪਰ ਲੋਕ ਪੱਖੀ ਜਥੇਬੰਦੀਆਂ ਦੀ ਇਨਕਲਾਬੀ, ਸੰਘਰਸ਼ਸ਼ੀਲ ਮਾਨਵਤਾ ਪੱਖੀ ਸੋਚ ਤੇ ਕਾਰਵਾਈਆਂ ਗ਼ਰੀਬ ਮਨੁੱਖ ਵਿਚ ਜਾਗ੍ਰਤੀ ਭਰ ਕੇ ਆਪਣੇ ਹੱਕਾਂ ਪ੍ਰਤੀ ਸੁਚੇਤ ਸੰਘਰਸ਼ ਦਾ ਰਸਤਾ ਅਪਣਾਉਣ ਲਈ ਤਾਕੀਦ ਕਰਦੀਆਂ ਹਨ। ਜਸਪਾਲ ਮਾਨਖੇੜਾ ਦੀ ਪਹੁੰਚ ਵਿਧੀ ਔਰਤ ਪ੍ਰਤੀ ਕਬਜ਼ੇ ਦੀ ਭਾਵਨਾ ਨੂੰ ਨਕਾਰਦੀ ਹੋਈ ਸਮਾਨਤਾ ਦਾ ਸਿਧਾਂਤ ਸਿਰਜਦੀ ਹੈ। ਆਮ ਲੋਕਾਈ ਦਾ ਸੰਘਰਸ਼ੀ ਘੋਲ ਲੰਮਾ ਹੋ ਕੇ ਕਈ ਉਤਰਾਅ-ਚੜ੍ਹਾਅ ਵਿਚੋਂ ਗੁਜ਼ਰਦਾ ਹੈ। ਜਿੱਤ ਲੋਕ ਪੱਖੀ ਹੋਣ ਕਰਕੇ ਆਸ ਦੀ ਕਿਰਨ ਨੂੰ ਕਾਇਮ ਰੱਖਿਆ ਗਿਆ ਹੈ। ਨਾਵਲ ਦੀ ਕੇਂਦਰੀ ਸੁਰ ਉਨ੍ਹਾਂ ਸੂਰਬੀਰਾਂ ਨੂੰ ਜਿਨ੍ਹਾਂ ਜ਼ਾਲਮਾਂ ਦੀ ਲੀਕ ਮੇਟ ਕੇ, ਆਪਣੀ ਲੀਕ ਵੱਡੀ ਵਾਹ ਦਿੱਤੀ× ਪਾਠਕਾਂ ਵਿਚ ਸਕਾਰਾਤਮਕ ਸੋਚ ਦਾ ਸੰਚਾਰ ਕਰਦੀ ਹੋਈ ਔਰਤ ਦੇ 'ਸਵੈਮਾਣ' ਤੇ 'ਹੱਕ-ਸੱਚ' ਉੱਤੇ ਪਹਿਰਾ ਦਿੰਦੀ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ :94146-91091
ਅੱਖੀ ਡਿੱਠੇ ਪਲਾਂ ਦੀ ਗਾਥਾ
(ਭਾਗ-ਦੂਜਾ)
ਲੇਖਕ : ਮਨਮੋਹਨ ਸਿੰਘ ਢਿੱਲੋਂ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 176
ਸੰਪਰਕ : 98784-47635

ਮਨਮੋਹਨ ਸਿੰਘ ਢਿੱਲੋਂ ਪੱਤਰਕਾਰੀ ਦੇ ਖੇਤਰ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਉਸ ਨੇ ਲੰਮਾ ਸਮਾਂ ਪੱਤਰਕਾਰੀ ਦਾ ਕਾਰਜ ਕੀਤਾ ਹੈ ਤੇ ਇਸ ਦੌਰਾਨ ਮੀਡੀਆ ਵਿਚ ਆਏ ਕ੍ਰਾਂਤੀਕਾਰੀ ਪਰਿਵਰਤਨ ਨੂੰ ਉਸ ਨੇ ਬੜੀ ਨੇੜਿਓਂ ਤੱਕਿਆ ਹੈ। ਉਸ ਨੇ ਕਵਿਤਾ (ਨਵੀਂ ਰੁੱਤ) ਤੋਂ ਇਲਾਵਾ ਜ਼ਿੰਦਗੀ ਦੇ ਆਰਪਾਰ, ਬੰਦੇ ਦੀ ਵੁੱਕਤ ਐ ਜਿੱਥੇ, ਅੱਖੀਂ ਡਿੱਠੇ ਪਲਾਂ ਦੀ ਗਾਥਾ, ਕਲਮਾਂ ਜੋ ਸਿਰਨਾਵਾਂ ਬਣੀਆਂ, ਜ਼ਿੰਦਗੀ ਲੋਕਾਂ 'ਚੋਂ ਹੀ ਲੱਭਦੀ ਹੈ ਪੁਸਤਕਾਂ ਦੀ ਰਚਨਾ ਕੀਤੀ ਹੈ। ਰੀਵਿਊ ਅਧੀਨ ਪੁਸਤਕ ਇਸੇ ਸਿਰਲੇਖ 'ਤੇ ਲਿਖੀ ਪਹਿਲੀ ਕਿਤਾਬ (2023) ਦਾ ਦੂਜਾ ਭਾਗ ਹੈ। ਇਸ ਵਿਚ ਉਸ ਨੇ ਸਿੱਖ ਗਤੀਵਿਧੀਆਂ, ਸਿੱਖ ਸਿਆਸਤ, ਖਾਸ ਕਰਕੇ ਐੱਸ.ਜੀ.ਪੀ.ਸੀ. ਨਾਲ ਸੰਬੰਧਿਤ ਖ਼ਬਰਾਂ/ਟਿੱਪਣੀਆਂ, ਜੋ ਵੱਖ-ਵੱਖ ਸਮੇਂ ਪੰਜਾਬੀ ਟ੍ਰਿਬਿਊਨ ਵਿਚ ਛਪੀਆਂ, ਨੂੰ ਇਕੱਠਾ ਕਰਕੇ ਸਾਂਭ ਲਿਆ ਹੈ। ਇਨ੍ਹਾਂ ਦਸਤਾਵੇਜ਼ਾਂ ਨਾਲ ਉਸ ਨੇ ਸੰਬੰਧਿਤ ਮਿਤੀ ਵੀ ਅੰਕਿਤ ਕਰ ਦਿੱਤੀ ਹੈ ਤੇ ਇਉਂ ਇਹ ਲਿਖਤਾਂ ਵਿਭਿੰਨ ਸਮਿਆਂ ਦਾ ਸਦੀਵੀ ਯਥਾਰਥ ਬਣ ਕੇ ਪ੍ਰਸਤੁਤ ਹੋਈਆਂ ਹਨ। ਇਹ ਲਿਖਤਾਂ 14.8.1988 ਤੋਂ ਸ਼ੁਰੂ ਹੋ ਕੇ 11.12.2002 ਤੱਕ ਦੀਆਂ ਹਨ। ਇਨ੍ਹਾਂ ਖ਼ਬਰਾਂ ਵਿਚ ਜ਼ਿਆਦਾਤਰ 2002 ਦੀਆਂ ਹਨ, ਜੋ ਗਿਣਤੀ ਵਿਚ 16 ਹਨ। ਪੁਸਤਕ ਦੇ ਮੁੱਢ ਵਿਚ ਡਾ. ਹੀਰਾ ਸਿੰਘ ਦਾ ਮੁੱਖ ਬੰਦ, ਲੇਖਕ ਵੱਲੋਂ ਕੁਝ ਸ਼ਬਦ ਤੇ ਫਿਰ 4 ਲਿਖਤਾਂ ਸ਼ਾਮਿਲ ਹਨ ਜਿਨ੍ਹਾਂ ਵਿਚ ਦੋ ਸਾਕਾ ਨੀਲਾ ਤਾਰਾ ਬਾਰੇ ਤੇ ਦੋ ਸਰਬੱਤ ਖ਼ਾਲਸਾ ਬਾਰੇ ਹਨ। ਇਹ ਚਾਰੇ ਲਿਖਤਾਂ 1984 ਦੀਆਂ ਹਨ। ਪੁਸਤਕ ਵਿਚ ਵਧੇਰੇ ਖ਼ਬਰਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਆਦਿ ਬਾਰੇ ਹਨ। ਮਨਮੋਹਨ ਸਿੰਘ ਢਿੱਲੋਂ ਦੀਆਂ ਇਨ੍ਹਾਂ ਲਿਖਤਾਂ ਵਿਚ ਸਮੇਂ ਦੀ ਹਕੀਕਤ ਝੱਲਕਦੀ ਹੋਈ ਨਜ਼ਰ ਆਉਂਦੀ ਹੈ। ਸਿੱਖ ਸਿਧਾਂਤਾਂ/ਸਰੋਕਾਰਾਂ ਅਤੇ ਐੱਸ.ਜੀ.ਪੀ.ਸੀ. ਦੀ ਕਾਰਜਕਾਰਨੀ ਨੂੰ ਜਾਣਨ/ ਸਮਝਣ ਲਈ ਲੇਖਕ ਦੀ ਇਹ ਪੁਸਤਕ ਬੜੀ ਲਾਹੇਵੰਦ ਸਿੱਧ ਹੋ ਸਕਦੀ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਮਿੱਤਰ ਅਸਾਡੜੇ ਸੇਈ
ਲੇਖਕ : ਡਾ. ਮੋਨੋਜੀਤ
ਪ੍ਰਕਾਸ਼ਕ : ਆਬਰੂ ਪ੍ਰਕਾਸ਼ਨ, ਜੰਮੂ
ਮੁੱਲ : 300 ਰੁਪਏ, ਸਫ਼ੇ : 156

ਮੂਲ ਤੌਰ 'ਤੇ ਵਿਅੰਗਕਾਰ ਡਾ. ਮੋਨੋਜੀਤ ਨੇ ਆਪਣੀ ਨਵਪ੍ਰਕਾਸ਼ਤ ਸੰਸਮਰਣਾਤਮਕ ਪੁਸਤਕ 'ਮਿੱਤਰ ਅਸਾਡੜੇ ਸੇਈ' ਵਿਚ 18 ਦੇ ਕਰੀਬ ਆਪਣੇ ਨੇੜਲੇ ਸਾਹਿਤਕ ਮਿੱਤਰਾਂ ਨਾਲ ਗੁਜ਼ਾਰੇ ਪਲਾਂ ਅਤੇ ਸਾਂਝਾਂ ਨੂੰ ਸ਼ਬਦਾਂ ਦਾ ਲਿਬਾਸ ਪੁਆ ਕੇ ਸਿਰਫ਼ ਮਿੱਤਰਚਾਰਾ ਨਹੀਂ ਨਿਭਾਇਆ ਹੈ ਸਗੋਂ ਉਨ੍ਹਾਂ ਸ਼ਖ਼ਸੀਅਤਾਂ ਮਾਰਫ਼ਤ ਉਨ੍ਹਾਂ ਦੇ ਵਿਅਕਤੀਤਵ ਅਤੇ ਕ੍ਰਿਤਤਵ 'ਤੇ ਚਾਨਣਾ ਵੀ ਪਾਇਆ ਹੈ। ਉਨ੍ਹਾਂ ਦੀ ਮਾਂ-ਬੋਲੀ ਪ੍ਰਤੀ ਸ਼ਰਧਾ ਅਤੇ ਘਾਲਣਾ ਨੂੰ ਉਜਾਗਰ ਕਰਦਿਆਂ ਪਾਠਕਾਂ ਅਤੇ ਨਵੀਂ ਪੀੜ੍ਹੀ ਦੇ ਸਿਰਜਣਹਾਰਿਆਂ ਲਈ ਕੁਝ ਰੋਲ ਮਾਡਲ ਵੀ ਪੇਸ਼ ਕੀਤੇ ਹਨ। ਪੁਸਤਕ ਵਿਚ ਜੰਮੂ-ਕਸ਼ਮੀਰ ਵਿਚ ਪਹਿਲੇ ਪੰਜਾਬੀ ਕਹਾਣੀ ਲੇਖਕ ਸ. ਹਰਨਾਮ ਸਿੰਘ ਦੁਖੀਆ, ਸਾਡੇ ਮੁਕਤ ਜੀ, ਡੋਗਰੀ ਸਾਹਿਤ ਦਾ ਪ੍ਰਕਾਸ਼ ਸਤੰਭ ਨਰਸਿੰਘ ਦੇਵ ਜਮਵਾਲ, ਸੋਹਣਾ ਜੀਵਨ ਸੋਹਣੀ ਗ਼ਜ਼ ਅਮਰ ਸਿੰਘ ਕੂਕਾ, ਮਿੰਬਾਂ ਦਾ ਬਾਬਰ ਖਾਲਿਦ ਹੁਸੈਨ, ਆਪਣੀ ਸਵੈ ਜੀਵਨੀ ਵਿਚ ਫੌਤ ਹੋਇਆ ਖਾਲਿਦ ਹੁਸੈਨ, ਡਾ. ਭੁਪਿੰਦਰ ਸਿੰਘ ਇਕ ਸੰਖਿਪਤ ਜਾਣ-ਪਛਾਣ, ਭੁਪਿੰਦਰ ਸਿੰਘ ਪੰਜਾਬੀ ਦਾ ਚਮਕਦਾ ਤਾਰਾ ਕ੍ਰਿਪਾਲ ਸਿੰਘ ਕਸਾਲੀ ਕਿਉਂ ਹੈ? ਇਹ ਸੀ ਮੇਰੀ ਆਖਰੀ ਮੁਲਾਕਾਤ ਰੰਜੂਰ ਨਾਲ, ਜਦੋਂ ਸਰਨ ਸਿੰਘ ਜੰਮੂ ਵਿਚ ਹੁੰਦਾ ਸੀ, ਉਹ ਹੈ ਨਾ ਸਖੀ, ਬਲਜੀਤ ਸਿੰਘ ਰੈਨਾ ਦੇ ਨਾਲ ਚਲਦਿਆਂ, ਵਿਸ਼ਵ ਨਾਗਰਿਕ ਨਾਲ ਯਾਰੀ, ਸ਼ਾਬਾਸ਼ ਸਾਂਗੜਾ ਜੀ, ਮੇਰੇ ਤਸੱਵਰ ਵਿਚ ਵਸਿਆ ਚੰਦਨ, ਹੌਲ਼ੀ-ਹੌਲ਼ੀ ਹੋਈ ਸੀਰਤ ਨਾਲ ਜਾਣ-ਪਛਾਨ ਆਦਿ ਵਿਚ ਡਾ. ਮੋਨੋਜੀਤ ਵਲੋਂ ਆਪਸੀ ਨੇੜਲੀ ਸਾਂਝ, ਸੋਚ ਅਤੇ ਸੰਸਕਾਰਾਂ ਤੇ ਸਰੋਕਾਰਾ ਨੂੰ ਕਲਮਬੰਦ ਕਰਨ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਸਾਰੇ ਸੰਸਮਰਣਾ ਨੂੰ ਪੜ੍ਹਨ ਮਗਰੋਂ ਇਕ ਗੱਲ ਸਪੱਸ਼ਟ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪੁਸਤਕ ਵਿਚ ਸ਼ਾਮਿਲ ਸਾਰੇ ਹੀ ਪ੍ਰਮੁੱਖ ਕਿਰਦਾਰਾਂ ਨੇ ਜੰਮੂ-ਕਸ਼ਮੀਰ ਵਿਚ ਪੰਜਾਬੀ ਬੋਲਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਵੀ ਕੀਤਾ ਹੈ ਅਤੇ ਆਪਣੀ ਮਾਂ-ਬੋਲੀ ਦੇ ਮਾਨ-ਸਨਮਾਨ ਨੂੰ ਬਰਕਰਾਰ ਰੱਖਣ ਦਾ ਉਪਰਾਲਾ ਵੀ ਕੀਤਾ ਹੈ। ਇਸ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੇ ਵਿਕਾਸ -ਵਾਧੇ ਅਤੇ ਹਿਤਾਂ ਦੀ ਰਾਖੀ ਲਈ ਇਕ ਅਣਐਲਾਨਿਆਂ ਅੰਦੋਲਨ ਵੀ ਜਾਰੀ ਰੱਖਿਆ ਹੋਇਆ ਹੈ। ਲਗਭਗ ਹਰੇਕ ਸੰਸਮਰਣ ਵਿਚ ਆਪਣੇ ਇਨ੍ਹਾਂ ਅਜੀਜ਼ ਸਾਥੀਆਂ ਦੀ ਜ਼ਿੰਦਗੀ ਦਾ ਸ਼ਬਦ ਚਿੱਤਰ ਖਿੱਚਦੇ ਸਮੇਂ ਡਾ. ਮੋਨੋਜੀਤ ਦੀ ਵਿਅੰਗਾਤਮਕ ਸੁਰ ਮੌਜੂਦ ਰਹਿੰਦੀ ਹੈ। ਇਹ ਗੱਲ ਵੀ ਪੁਖ਼ਤਾ ਢੰਗ ਨਾਲ ਕਹੀ ਜਾ ਸਕਦੀ ਹੈ ਕਿ ਅਜਿਹੇ ਸੰਸਮਰਣ ਆਪਣੇ ਹਮ ਖ਼ਿਆਲ ਮਿੱਤਰਾਂ ਨਾਲ ਸਥਾਪਿਤ ਪਹਿਲਾਂ ਸਾਹਿਤਕ ਫਿਰ ਨਿੱਜੀ ਸੰਬੰਧਾਂ ਤੋਂ ਉੱਪਰ ਉੱਠ ਕੇ ਉਨ੍ਹਾਂ ਨਾਲ ਮਨੁੱਖੀ ਪੱਧਰ 'ਤੇ ਵਿਚਰਦਿਆਂ ਪ੍ਰਾਪਤ ਕੀਤੇ ਅਨੁਭਵਾਂ ਦੇ ਆਧਾਰ 'ਤੇ ਹੀ ਲਿਖੇ ਜਾ ਸਕਦੇ ਹਨ। ਦਰਅਸਲ ਡਾ. ਮੋਨੋਜੀਤ ਵਰਗਾ ਸੰਵੇਦਨਸ਼ੀਲ ਵਿਅਕਤੀ ਹੀ ਸੰਬੰਧਾਂ ਦੀਆਂ ਇਨ੍ਹਾਂ ਸੂਖ਼ਮ ਤੰਦਾਂ ਨੂੰ ਦੇਖ, ਸਮਝ ਅਤੇ ਘੋਖ ਸਕਦਾ ਹੈ ਅਤੇ ਫਿਰ ਉਨ੍ਹਾਂ ਨੂੰ ਲਫ਼ਜ਼ਾਂ ਦਾ ਲਿਬਾਸ ਪੁਆ ਕੇ ਉਨ੍ਹਾਂ ਸ਼ਖ਼ਸੀਅਤਾਂ ਦੇ ਵਿਅਕਤੀਤਵ ਅਤੇ ਉਨ੍ਹਾਂ ਦੇ ਮਾਨਵੀ ਸਰੋਕਾਰਾਂ ਦੀ ਤਰਜਮਾਨੀ ਕਰ ਸਕਦਾ ਹੈ। ਲੇਖਕ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਇਸ ਪੁਸਤਕ ਵਿਚ ਸ਼ਾਮਿਲ ਇਨ੍ਹਾਂ ਕਲਮੀ ਸ਼ਾਹਕਾਰਾਂ ਨੇ ਉਨ੍ਹਾਂ ਦੀ ਸੋਚ ਨੂੰ ਸੇਧ ਵੀ ਦਿੱਤੀ ਹੈ ਸਿਰਜਣਾ ਲਈ ਪ੍ਰੇਰਿਆ ਹੈ, ਦਿਲ ਨੂੰ ਸਕੂਨ ਦਿੱਤਾ ਹੈ ਅਤੇ ਉਨ੍ਹਾਂ ਲਈ ਹੋਰ ਪੱਖਾਂ ਤੋਂ ਵੀ ਪ੍ਰੇਰਣਾ ਦੇ ਸੋਮੇ ਬਣੇ ਹਨ। ਨਿਸਚਤ ਤੌਰ 'ਤੇ ਹਥਲੀ ਪੁਸਤਕ ਪੜ੍ਹ ਕੇ ਪਾਠਕ ਵੀ ਜ਼ਰੂਰ ਪ੍ਰਭਾਵਿਤ ਅਤੇ ਪ੍ਰੇਰਿਤ ਹੋਣਗੇ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


























































.jpg)














































































































































