JALANDHAR WEATHER

02-04-26

 ਮਾਂ ਬੋਲੀ ਪੰਜਾਬੀ ਦੀ ਚੜ੍ਹਤ

ਮੰਗਲਵਾਰ, 17 ਮਾਰਚ ਦੇ ਅੰਕ ਵਿਚ ਮੁੱਖ ਸਫ਼ੇ 'ਤੇ ਛਪੀ ਖ਼ਬਰ ਚੀਨ ਦੀ ਯੂਨੀਵਰਸਿਟੀ ਨੇ ਆਪਣੇ ਵਿਦੇਸ਼ੀ ਭਾਸ਼ਾ ਕੋਰਸਾਂ 'ਚ ਪੰਜਾਬੀ ਨੂੰ ਕੀਤਾ ਸ਼ਾਮਿਲ ਸਮੁੱਚੇ ਪੰਜਾਬੀ ਜਗਤ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਲਈ ਮਾਣ ਵਾਲੀ ਗੱਲ ਹੈ। ਚੀਨ ਦੀ ਇਕ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਪੜ੍ਹਾਇਆ ਜਾਣਾ ਇਹ ਸ਼ਾਹਦੀ ਭਰਦਾ ਹੈ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਸੁਨਹਿਰਾ ਹੈ। ਪੰਜਾਬੀ ਹਰ ਇਕ ਮੁਲਕ ਵਿਚ ਹਨ, ਪੰਜਾਬੀ ਭਾਸ਼ਾ ਸਿੱਖਣ ਨਾਲ ਸੰਚਾਰ ਦੀ ਪ੍ਰਕਿਰਿਆ ਵਿਚ ਵਾਧਾ ਅਤੇ ਸੌਖ ਹੋਵੇਗੀ। ਇਸ ਖ਼ਬਰ ਦਾ ਦੂਜਾ ਪੱਖ ਦੇਖਿਆ ਜਾਵੇ ਤਾਂ ਅਜੇ ਤੱਕ ਮਾਂ ਬੋਲੀ ਪੰਜਾਬੀ ਨੂੰ ਆਪਣੇ ਸੂਬੇ ਵਿਚ ਹੀ ਮਤਰੇਈ ਮਾਂ ਵਾਲਾ ਸਲੂਕ ਸਹਿਣਾ ਪੈ ਰਿਹਾ ਹੈ। ਦਫ਼ਤਰਾਂ ਨੂੰ ਵਾਰ-ਵਾਰ ਕਹਿਣਾ ਪੈਂਦਾ ਹੈ ਕਿ ਭਾਈ ਤੁਸੀਂ ਪੰਜਾਬੀ ਵਿਚ ਕੰਮ ਕਰੋ। ਪੰਜਾਬ ਵਿਚ ਸੜਕਾਂ ਤੇ ਲੱਗੇ ਸਾਈਨ ਬੋਰਡਾਂ 'ਤੇ ਲਿਖੀ ਪੰਜਾਬੀ ਡਾਵਾਂਡੋਲ ਹੈ ਜਿਸਦਾ ਪੰਜਾਬੀ ਵਿਚ ਮਤਲਬ ਕੁੱਝ ਹੋਰ ਅਤੇ ਅੰਗਰੇਜ਼ੀ ਵਿਚ ਹੋਰ ਬਣਦਾ ਹੈ। ਅਜੇ ਵੀ ਪੰਜਾਬ ਵਿਚ ਮਾਤ ਭਾਸ਼ਾ ਵਿਚ ਸਿੱਖਿਆ ਦੇਣ ਵਾਲਾ ਫ਼ਾਰਮੂਲਾ ਲਾਗੂ ਨਹੀਂ ਹੋਇਆ। ਹੁਣ ਚੀਨ ਦੇਸ਼ ਆਪਣੀ ਯੂਨੀਵਰਸਿਟੀ ਵਿਚ ਪੰਜਾਬੀ ਪੜ੍ਹਾ ਕੇ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾ ਰਿਹਾ ਜਦਕਿ ਦੂਜੇ ਪਾਸੇ ਅਸੀਂ ਪੰਜਾਬੀ ਨੂੰ ਕਿਨਾਰੇ ਲਾਉਣ ਦੀਆਂ ਨੀਤੀਆਂ ਘੜ੍ਹ ਰਹੇ ਹਾਂ, ਮਾਂ ਬੋਲੀ ਪੰਜਾਬੀ ਦਾ ਪੰਜਾਬ ਵਿਚ ਭਵਿੱਖ ਕਿਹੋ ਜਿਹਾ ਹੋਵੇਗਾ ਇਹ ਸਾਡੇ 'ਤੇ ਹੀ ਨਿਰਭਰ ਕਰਦਾ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ (ਬਠਿੰਡਾ)

ਅਮਨ ਕਾਨੂੰਨ ਯਕੀਨੀ ਬਣਾਇਆ ਜਾਵੇ

23 ਮਾਰਚ ਦੀ ਸੰਪਾਦਕੀ ਪੰਜਾਬ ਦੇ ਤਾਜ਼ਾ ਹਾਲਾਤਾਂ ਨੂੰ ਬਿਆਨ ਕਰ ਰਹੀ ਹੈ। ਭਾਵੇਂ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਲਈ ਕਦਮ ਉਠਾਏ ਜਾ ਰਹੇ ਹਨ। ਪਰ ਰੋਜ਼ਾਨਾ ਕਿਤੇ ਨਾ ਕਿਤੇ ਗੈਂਗਸਟਰਾਂ ਨਾਲ ਐਨਕਾਊਂਟਰ ਹੋ ਰਹੇ ਹਨ। ਵੱਡੀ ਗਿਣਤੀ ਵਿਚ ਨਸ਼ੇੜੀ ਫੜੇ ਜਾ ਰਹੇ ਹਨ। ਪਰ ਸੂਬੇ ਅੰਦਰ ਹਿੰਸਾ, ਹੱਤਿਆਵਾਂ, ਗੈਂਗਵਾਰ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਚੰਡੀਗੜ੍ਹ ਵਿਖੇ ਗੈਂਗਸਟਰਾਂ ਨੇ ਜਿੰਮ ਤੋਂ ਬਾਹਰ ਆ ਰਹੇ ਨੌਜਵਾਨ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਵਿਆਹ ਸਮਾਗਮਾਂ ਦੌਰਾਨ ਸਰਪੰਚਾਂ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਤੱਕ ਕਰ ਦਿੱਤੀ। ਜੋ ਮੌਜੂਦਾ ਸੱਤਾਧਾਰੀ ਪਾਰਟੀ ਦੇ ਸਰਪੰਚ ਸਨ। ਸੂਬੇ ਅੰਦਰ ਅਮੀਰ ਲੋਕਾਂ ਨੂੰ ਧਮਕੀਆਂ ਦੇ ਕੇ ਫਰੋਤੀਆਂ ਮੰਗਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।

-ਸੰਜੀਵ ਸਿੰਘ ਸੈਣੀ, ਮੋਹਾਲੀ

ਮੁਫ਼ਤ ਮੈਡੀਕਲ ਕੈਂਪਾਂ ਦਾ ਮਹੱਤਵ

ਮੁਫ਼ਤ ਮੈਡੀਕਲ ਕੈਂਪ ਸਮਾਜ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ ਕਿਉਂਕਿ ਇਨ੍ਹਾਂ ਕੈਂਪਾਂ ਰਾਹੀਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਸਿਹਤ ਜਾਂਚ, ਇਲਾਜ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕਈ ਵਾਰ ਲੋਕ ਆਰਥਿਕ ਤੰਗੀ ਕਾਰਨ ਸਮੇਂ ਸਿਰ ਡਾਕਟਰੀ ਸਹਾਇਤਾ ਨਹੀਂ ਲੈ ਸਕਦੇ, ਪਰ ਅਜਿਹੇ ਕੈਂਪ ਉਨ੍ਹਾਂ ਲਈ ਵੱਡੀ ਰਾਹਤ ਬਣਦੇ ਹਨ। ਇਨ੍ਹਾਂ ਕੈਂਪਾਂ ਵਿਚ ਤਜਰਬੇਕਾਰ ਡਾਕਟਰ ਅਤੇ ਨਰਸਾਂ ਸੇਵਾ ਭਾਵਨਾ ਨਾਲ ਮਰੀਜ਼ਾਂ ਦੀ ਜਾਂਚ ਕਰਦੇ ਹਨ ਅਤੇ ਉਨ੍ਹਾਂ ਨੂੰ ਸਹੀ ਸਲਾਹ ਦਿੰਦੇ ਹਨ। ਇਸ ਨਾਲ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਦੀ ਹੈ ਅਤੇ ਉਹ ਆਪਣੀ ਸਿਹਤ ਦੀ ਸੰਭਾਲ ਵੱਲ ਧਿਆਨ ਦੇਣ ਲੱਗਦੇ ਹਨ। ਮੁਫ਼ਤ ਮੈਡੀਕਲ ਕੈਂਪ ਬਿਮਾਰੀਆਂ ਦੀ ਸਮੇਂ ਸਿਰ ਪਹਿਚਾਣ ਅਤੇ ਇਲਾਜ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜਿਹੇ ਕੈਂਪ ਸਮਾਜ ਵਿਚ ਸਹਿਯੋਗ, ਦਇਆ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਲੋਕਾਂ ਨੂੰ ਇਕ-ਦੂਸਰੇ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕਰਦੇ ਹਨ।

-ਅਕਾਸ਼ਪ੍ਰੀਤ ਸਿੰਘ ਸੋਮਲ, ਸਹੇੜੀ

ਹੋਰ ਨਾ ਹੋਵੇ ਜਾਨੀ ਮਾਲੀ ਨੁਕਸਾਨ

ਤਾਨਾਸ਼ਾਹ ਤੇ ਹੈਂਕੜਬਾਜ਼ ਟਰੰਪ ਦੀ ਸ਼ਹਿ 'ਤੇ ਇਜ਼ਰਾਈਲ ਨੇ ਈਰਾਨ ਨਾਲ਼ ਜੰਗ ਛੇੜ ਲਈ ਹੈ। ਇਹ ਹਮਲਾਵਰ ਮੁਲਕ ਸਮਝਦੇ ਸਨ ਕਿ ਈਰਾਨ ਕੋਲ਼ ਲੋੜੀਂਦੀ ਸੁਰੱਖਿਆ ਪ੍ਰਣਾਲੀ ਨਹੀਂ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਈਰਾਨ ਦੇ ਪ੍ਰਮੁੱਖ ਆਗੂਆਂ ਨੂੰ ਮਾਰਨ ਤੋਂ ਬਾਅਦ ਦੇਸ਼ ਦੀ ਜਨਤਾ ਖੁਸ਼ ਹੋਵੇਗੀ ਅਤੇ ਸਾਨੂੰ ਸ਼ਾਸਨ ਕਰਨ ਸੱਦਾ ਤੇ ਮੌਕਾ ਮਿਲ ਜਾਵੇਗਾ, ਪਰ ਸਭ ਕੁਝ ਉਨ੍ਹਾਂ ਦੀ ਸੋਚ ਅਨੁਸਾਰ ਨਹੀਂ ਹੋਇਆ। ਅੱਜ ਈਰਾਨ ਦਾ ਹਰ ਵਾਸ਼ਿੰਦਾ ਆਪਣੇ ਮੁਲਕ ਲਈ ਜਾਨ ਦੇਣ ਨੂੰ ਤਿਆਰ ਅਤੇ ਹਰ ਪੱਖੋਂ ਆਪਣੇ ਦੇਸ਼ ਨਾਲ਼ ਖੜ੍ਹਾ ਹੋ ਗਿਆ ਹੈ। ਬੇਸ਼ੱਕ ਇਜ਼ਰਾਈਲ-ਅਮਰੀਕਾ ਦੇ ਹਮਲਿਆਂ ਨਾਲ ਉਨ੍ਹਾਂ ਦੇ ਪ੍ਰਮੁੱਖ ਨੇਤਾ ਮਾਰੇ ਗਏ ਹਨ ਪਰ ਉਨ੍ਹਾਂ ਦੇ ਹੌਸਲੇ ਅਜੇ ਵੀ ਕਾਇਮ ਹਨ ਅਤੇ ਗ਼ੁਲਾਮ ਬਣਨ ਨਾਲੋਂ ਆਪਣੇ ਦੇਸ਼ ਲਈ ਮਰ-ਮਿਟਣ ਦੇ ਜਜ਼ਬੇ ਨਾਲ ਭਰਪੂਰ ਦਿਖਾਈ ਦੇ ਰਹੇ ਹਨ। ਆਪਣੇ ਮੁਲਕ ਦੇ ਸਰੋਤਾਂ 'ਤੇ ਜਬਰੀ ਕਬਜ਼ਾ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਹਿੰਮਤ ਪ੍ਰਤੱਖ ਨਜ਼ਰ ਆ ਰਹੀ ਹੈ। ਦੁਨੀਆ ਦੇ ਬਹੁਤੇ ਦੇਸ਼ ਜੋ ਇਨ੍ਹਾਂ ਖਾੜੀ ਮੁਲਕਾਂ ਤੋਂ ਹੋਰਮੁਜ਼ ਰਸਤੇ ਰਾਹੀਂ ਤੇਲ ਤੇ ਗੈਸ ਲੈਂਦੇ ਹਨ, ਉਨ੍ਹਾਂ ਦੇਸ਼ਾਂ ਵਿਚ ਇਨ੍ਹਾਂ ਦੀ ਕਮੀ ਹੋ ਜਾਣ ਨਾਲ ਜਨਤਾ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਖਰ, ਹੋਰ ਕਿੰਨਾ ਚਿਰ ਇਕ-ਦੂਜੇ ਦੇ ਮਹੱਤਵਪੂਰਨ ਟਿਕਾਣਿਆਂ 'ਤੇ ਹਮਲੇ ਹੁੰਦੇ ਰਹਿਣਗੇ। ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ। ਦੋਵਾਂ ਧਿਰਾਂ ਨੂੰ ਇਨਸਾਨੀਅਤ ਦੇ ਨਾਤੇ ਸਮਝੌਤੇ ਵੱਲ ਵਧਣਾ ਚਾਹੀਦਾ ਹੈ ਤਾਂ ਕਿ ਹੋਰ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ।

-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ (ਸੰਗਰੂਰ)