21-01-2026
ਮਸਲਾ ਸਰਕਾਰੀ ਬੱਸਾਂ ਦਾ
ਅਕਸਰ ਦੇਖਣ ਵਿਚ ਆਉਂਦਾ ਹੈ ਕਿ ਸਿਆਸੀ ਪਾਰਟੀਆਂ ਇਲੈਕਸ਼ਨ ਜਿੱਤਣ ਲਈ ਆਪਣੇ ਚੋਣ ਮਨੋਰਥ ਪੱਤਰ ਵਿਚ ਬਹੁਤ ਸਾਰੀਆਂ ਰਿਆਇਤਾਂ ਦਾ ਐਲਾਨ ਕਰ ਦਿੰਦੀਆਂ ਹਨ। ਜੋ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਪਿਛਲੀ ਸਰਕਾਰ ਨੇ ਸਰਕਾਰੀ ਬੱਸਾਂ ਵਿਚ ਔਰਤਾਂ ਦਾ ਕਿਰਾਇਆ ਮੁਆਫ਼ ਕਰ ਦਿੱਤਾ ਸੀ। ਇਸ ਰਿਆਇਤ ਨੇ ਸਰਕਾਰ ਨੂੰ ਬਹੁਤ ਘਾਟਾ ਪਾਇਆ। ਮੌਜੂਦਾ ਸਰਕਾਰ ਕਰਜ਼ੇ ਚੁੱਕ-ਚੁੱਕ ਕੇ ਕੰਮ ਸਾਰ ਰਹੀ ਹੈ। ਬੱਸ ਕਰਮਚਾਰੀਆਂ ਨੂੰ ਪੂਰੀਆਂ ਤਨਖ਼ਾਹਾਂ ਨਹੀਂ ਮਿਲ ਰਹੀਆਂ। ਪੈਨਸ਼ਨਰਾਂ ਦੀ ਪੈਨਸ਼ਨ ਵਿਚ ਵੀ ਰੁਕਾਵਟ ਪੈਂਦੀ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਬੱਸ ਕਿਰਾਏ ਦੀ ਔਰਤਾਂ ਨੂੰ ਦਿੱਤੀ ਗਈ ਰਿਆਇਤ ਫ਼ੌਰਨ ਬੰਦ ਕਰਨੀ ਚਾਹੀਦੀ ਹੈ।
-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ (ਕਪੂਰਥਲਾ)
ਖੇਤੀਬਾੜੀ ਪ੍ਰਤੀ ਘਟਦਾ ਰੁਝਾਨ
ਪੰਜਾਬ ਦੀ ਧਰਤੀ ਨੂੰ ਬਹੁਤ ਹੀ ਜਰਖੇਜ਼ ਹੈ, ਪਰੰਤੂ ਅਜੋਕੀ ਨੌਜਵਾਨ ਪੀੜ੍ਹੀ ਖੇਤੀ ਕਰਨ ਪ੍ਰਤੀ ਰੁਚੀ ਘੱਟ ਦਿਖਾਈ ਦਿੰਦੀ ਹੈ। ਇੱਕ ਰਿਪੋਰਟ ਮੁਤਾਬਿਕ ਪੰਜਾਬ ਦੇ 38 ਫ਼ੀਸਦੀ ਕਿਸਾਨ ਆਪਣੀ ਖੇਤੀ ਆਪ ਕਰਦੇ ਹਨ ਅਤੇ ਬਾਕੀ ਕਿਸਾਨਾਂ ਵਲੋਂ ਜ਼ਮੀਨ ਠੇਕੇ 'ਤੇ ਦਿੱਤੀ ਜਾਂਦੀ ਹੈ। ਇਸ ਸੰਬੰਧੀ ਵੱਖ ਵੱਖ ਰਾਇ ਹੈ ਕਿ ਬਹੁਤੇ ਕਿਸਾਨਾਂ ਕੋਲ ਥੋੜ੍ਹੀਆਂ ਜ਼ਮੀਨਾਂ ਹੋਣਾ, ਨੌਕਰੀਪੇਸ਼ਾ ਲੋਕ, ਐਨ.ਆਰ.ਆਈ. ਲੋਕ, ਪਰਿਵਾਰਕ ਜ਼ਮੀਨ ਘੱਟ ਹੋਣਾ, ਵਡੇਰੀ ਉਮਰ, ਬੱਚਿਆਂ ਦਾ ਪੜ੍ਹ ਲਿਖ ਕੇ ਨੌਕਰੀ ਲੱਗ ਜਾਣਾ, ਜ਼ਿਆਦਾ ਖਰਚ, ਮਹਿੰਗੇ ਬੀਜ, ਸਪਰੇਅ ਆਦਿ ਅਨੇਕਾਂ ਹੀ ਅਜਿਹੇ ਕਾਰਨ ਹਨ, ਜਿਸ ਕਾਰਨ ਪੰਜਾਬ ਵਿਚ ਆਪਣੀ ਖੇਤੀ ਕਰਨ ਵਾਲੇ ਕਿਸਾਨ ਬਹੁਤ ਘੱਟ ਹਨ, ਪਰੰਤੂ ਇਸ ਦਾ ਸਭ ਤੋਂ ਵੱਡਾ ਕਾਰਨ ਖੇਤੀ ਕਰਨ ਲਈ ਮਹਿੰਗੀ ਮਸ਼ੀਨਰੀ ਵੀ ਮੰਨਿਆ ਗਿਆ ਹੈ, ਕਿਉਂਕਿ ਖੇਤੀ ਕਰਨ ਲਈ ਮਸ਼ੀਨਰੀ ਲੱਖਾਂ ਰੁਪਏ ਨਾਲ ਖਰੀਦਣੀ ਪੈਂਦੀ ਹੈ। ਅਜੋਕੇ ਸਮੇਂ ਵਿਚ ਸਾਂਝੀ ਖੇਤੀ ਦਾ ਰਿਵਾਜ ਖ਼ਤਮ ਹੋ ਚੁੱਕਾ ਹੈ ਤੇ ਫ਼ਸਲ ਨੂੰ ਵੀ ਸਮੇਂ ਸਿਰ ਬੀਜਣ ਅਤੇ ਵੱਢਣ ਲਈ ਵੀ ਵੱਡੀ ਅਤੇ ਹਰੇਕ ਮਸ਼ੀਨਰੀ ਜ਼ਰੂਰੀ ਹੈ। ਇਸ ਲਈ ਕੁਝ ਘਰੇਲੂਤੇ ਕੁਦਰਤੀ ਕਰੋਪੀਆਂ ਕਾਰਨ ਵੀ ਜ਼ਿਆਦਾਤਰ ਕਿਸਾਨ ਆਪਣੀ ਜ਼ਮੀਨ ਨੂੰ ਠੇਕੇ ਉੱਪਰ ਦਿੰਦੇ ਹਨ। ਆਉਣ ਵਾਲੇ ਸਮੇਂ ਵਿਚ ਖੇਤੀ ਸੰਕਟ ਅਤੇ ਖਾਦ ਪਦਾਰਥਾਂ ਦਾ ਭਾਰੀ ਸੰਕਟ ਖੜ੍ਹਾ ਹੋਣ ਦੇ ਸੰਕੇਤ ਸਪੱਸ਼ਟ ਦਿਖਾਈ ਦੇ ਰਹੇ ਹਨ, ਜੋ ਕਿ ਬੜੀ ਚਿੰਤਾ ਦਾ ਵਿਸ਼ਾ ਹੈ।
-ਗੁਰਮੀਤ ਸਿੰਘ ਨਿਰਮਾਣ,
ਪਟਿਆਲਾ।
ਭਾਈਚਾਰਕ ਸਾਂਝ ਅਤੇ ਸਮਾਜ
ਮਨੁੱਖ ਇਕ ਸਮਾਜਿਕ ਜੀਵ ਹੈ ਅਤੇ ਸਮਾਜ ਵਿਚ ਵਿਚਰਦੇ ਹੋਏ ਉਸ ਨੂੰ ਹਰ ਚੰਗੇ-ਮਾੜੇ ਵਿਅਕਤੀ ਨਾਲ ਵਾਹ-ਵਾਸਤਾ ਪੈਂਦਾ ਹੈ। ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਨਾਲ ਭਾਈਚਾਰਕ ਸਾਂਝ ਵਧਦੀ ਹੈ ਤੇ ਦੂਸਰਿਆਂ ਨਾਲ ਪਿਆਰ-ਮੁਹੱਬਤ ਵਿਚ ਵੀ ਵਾਧਾ ਹੁੰਦਾ ਹੈ। ਸਿਆਣੇ ਆਖਦੇ ਹਨ ਕਿ ਕਿਸੇ ਦੀ ਖ਼ੁਸ਼ੀ ਵਿਚ ਸ਼ਰੀਕ ਹੋਣ ਨਾਲ ਉਸ ਦੀ ਖ਼ੁਸ਼ੀ ਵਧਦੀ ਹੈ ਅਤੇ ਗ਼ਮ ਵਿਚ ਸ਼ਾਮਿਲ ਹੋਣ ਨਾਲ ਉਸ ਦੀ ਗ਼ਮੀ ਘਟਦੀ ਹੈ। ਕਿਸੇ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਤੋਂ ਭਾਵੇਂ ਰਹਿ ਜਾਈਏ, ਪਰ ਗ਼ਮ ਵਿਚ ਸ਼ਰੀਕ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਦੂਸਰਿਆਂ ਨਾਲ ਮਿਲਵਰਤਣ ਰੱਖਣਾ, ਪਿਆਰ ਨਾਲ ਪੇਸ਼ ਆਉਣਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਆਦਿ ਅਜਿਹੇ ਗੁਣ ਹਨ, ਜਿਨ੍ਹਾਂ ਦੀ ਬਦੌਲਤ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਪਰ ਇਸ ਦੇ ਉਲਟ ਦੂਸਰਿਆਂ ਨਾਲ ਦੁਰਵਿਵਹਾਰ ਕਰਨ, ਹੇਰਾਫੇਰੀ ਕਰਨ, ਝੂਠ ਬੋਲਣ ਵਰਗੇ ਔਗੁਣਾਂ ਕਾਰਨ ਜਿਥੇ ਸਾਡੇ ਵੱਕਾਰ ਨੂੰ ਸੱਟ ਵੱਜਦੀ ਹੈ, ਉਥੇ ਭਾਈਚਾਰਕ ਸਾਂਝ ਵੀ ਟੁੱਟਦੀ ਹੈ ਅਤੇ ਵਿਅਕਤੀ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਅਜਿਹੇ ਹਾਲਾਤ ਸਾਡੇ ਚਾਲ-ਚਲਣ 'ਤੇ ਵੀ ਮਾੜਾ ਅਸਰ ਪਾਉਂਦੇ ਹਨ। ਸੋ, ਲੋੜ ਹੈ ਸਾਨੂੰ ਸਭ ਨੂੰ ਸਮਾਜ ਵਿਚ ਰਹਿੰਦੇ ਹੋਏ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੀਏ।
-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।
ਮੁਲਾਜ਼ਮਾਂ ਦਾ ਬਕਾਇਆ ਦੇਵੇ ਸਰਕਾਰ
ਪੰਜਾਬ ਸਰਕਾਰ ਵਲੋਂ ਸੂਬੇ ਦੇ ਪੰਜ ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ 2025 ਦੀਆਂ ਦੋ ਡੀ.ਏ. ਕਿਸ਼ਤਾਂ ਨੱਪ ਲਈਆਂ ਗਈਆਂ ਹਨ, ਜਿਸ ਨਾਲ ਮੁਲਾਜ਼ਮਾਂ 'ਚ ਚੋਖਾ ਰੋਸ ਹੈ। ਦੇਸ਼ ਦੀ ਆਜ਼ਾਦੀ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕੇ ਮੁਲਾਜ਼ਮਾਂ ਨੂੰ ਹਰ ਸਾਲ ਜਨਵਰੀ ਤੇ ਜੁਲਾਈ 'ਚ ਦਿੱਤੀਆਂ ਜਾਣ ਵਾਲੀਆਂ ਕਿਸ਼ਤਾਂ ਨਹੀਂ ਦਿਤੀਆਂ ਗਈਆਂ। ਜਦਕੇ ਤੀਜੀ ਜਨਵਰੀ 2026 ਦੀ ਕਿਸ਼ਤ ਦਾ ਸਮਾਂ ਵੀ ਆ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਮੁਲਾਜ਼ਮਾਂ ਦਾ ਬਕਾਇਆ ਵੀ ਨਹੀਂ ਦੇ ਰਹੀ। ਜਦਕਿ ਸਰਕਾਰ ਵਲੋਂ ਖਜ਼ਾਨੇ ਦਾ ਅਰਬਾਂ ਰੁਪਈਆ ਇਸ਼ਤਿਹਾਰਾਂ ਉੱਤੇ ਬੇਲੋੜਾਉਡਾਇਆ ਜਾ ਰਿਹਾ ਹੈ। ਇਸ ਤੋਂ ਬਿਨਾਂ ਨਿੱਤ ਦਿਹਾੜੇ ਲੱਖਾਂ ਦਾ ਕਰਜ਼ਾ ਲੈ ਕੇ ਸੂਬੇ ਨੂੰ ਦਿਨ ਪ੍ਰਤੀ ਦਿਨ ਹੋਰ ਕਰਜ਼ਾਈ ਵੀ ਕੀਤਾ ਜਾ ਰਿਹਾ ਹੈ। ਸੋਸਰਕਾਰ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਮੰਨੇ ਜਾਣ ਦੇ ਨਾਲ ਨਾਲ ਮਹਿੰਗਾਈ ਭੱਤੇ ਦੀਆਂ ਸਾਲ 2025 ਦੀਆਂ ਕਿਸ਼ਤਾਂ ਤੇ ਬਾਕੀ ਬਕਾਏ ਤੁਰੰਤ ਦੇਵੇ।
-ਲੈਕਚਰਾਰ ਅਜੀਤ ਖੰਨਾ
ਐੱਮਏ , ਐਮਫਿਲ, ਐਮ.ਜੇ ਐੱਮ.ਸੀ.ਬੀਐਡ
ਬਨਾਵਟੀ ਦੁੱਧ ਵਿਰੁੱਧ ਯੁੱਧ
ਸਰਕਾਰ ਨੇ ਨਸ਼ਿਆਂ ਵਿਰੁੱਧ ਯੁੱਧ ਸ਼ੁਰੂ ਕੀਤਾ ਹੋਇਆ ਹੈ। ਇਹ ਨਸ਼ੇ ਸਿਹਤ ਲਈ ਘਾਤਕ ਹੁੰਦੇ ਹਨ। ਇਸ ਲਈ ਸਰਕਾਰ ਨੂੰ ਆਪਣੀ ਜਨਤਾ ਲਈ ਇਹ ਬੀੜਾ ਚੁੱਕਣਾ ਪਿਆ। ਦੁੱਧ ਬਾਰੇ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਕਿ ਪੰਜਾਬ ਵਿਚ ਦੁੱਧ ਦੀ ਆਮਦ ਘੱਟ ਹੈ, ਜਦੋਂ ਕਿ ਜ਼ਰੂਰਤ ਵੱਧ ਹੈ। ਇਸ ਅੰਕੜੇ 'ਤੇ ਵਿਚਾਰ ਕਰਨਾ ਜ਼ਰੂਰੀ ਹੋ ਗਿਆ ਹੈ। ਦੁੱਧ ਨੂੰ ਕੈਮੀਕਲ ਮਿਲਾ ਕੇ ਤਿਆਰ ਕਰਨ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਇਸ ਪ੍ਰਕਾਰ ਦੇ ਦੁੱਧ ਦੀ ਵਰਤੋਂ ਨਸ਼ਿਆਂ ਦੀ ਵਰਤੋਂ ਤੋਂ ਵੱਧ ਮਾਰੂ ਹੈ। ਚਿੱਟੀ ਕ੍ਰਾਂਤੀ ਦਾ ਮਤਲਬ ਇਹ ਨਹੀਂ ਕਿ ਦੁੱਧ ਮਿਲਾਵਟੀ ਤੇ ਬਨਾਵਟੀ ਤਿਆਰ ਕੀਤਾ ਜਾਵੇ। ਦੁੱਧ ਸਿਰਫ਼ ਦੁਧਾਰੂ ਪਸ਼ੂ ਦਾ ਹੀ ਮਿਲੇ। ਇਸ ਲਈ ਮਿਲਾਵਟੀ ਅਤੇ ਕੈਮੀਕਲੀ ਦੁੱਧ ਹੋਵੇ ਤਾਂ ਉਸ ਵਿਰੁੱਧ ਨਸ਼ਿਆਂ ਵਾਂਗ ਸਰਕਾਰ ਅਤੇ ਲੋਕਾਂ ਨੂੰ ਅਭਿਆਨ ਚਲਾਉਣਾ ਚਾਹੀਦਾ ਹੈ। ਇਸ ਨਾਲ ਲੋਕਾਂ ਦੀ ਸਿਹਤ ਲਈ ਪੁੰਨ ਦਾ ਕਰਮ ਹੋਵੇਗਾ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।