29-01-26
ਬਿਜਲੀ ਵਿਭਾਗ ਦੀ ਧੱਕੇਸ਼ਾਹੀ
ਸੰਪਾਦਕ ਜੀ, ਮੈਂ ਤੁਹਾਡੇ ਅਖ਼ਬਾਰ ਰਾਹੀਂ ਬਿਜਲੀ ਵਿਭਾਗ ਦੀ ਔਸਤ ਰੀਡਿੰਗ ਪ੍ਰਣਾਲੀ ਨਾਲ ਹੋਣ ਵਾਲੇ ਸਿੱਧੇ ਅਨਿਆਂ ਵਲ ਧਿਆਨ ਦਿਵਾਉਣਾ ਚਾਹੁੰਦਾ ਹਾਂ, ਜੋ ਹਾਲ ਹੀ ਵਿਚ ਮੇਰੇ ਨਾਲ ਖੁਦ ਵਾਪਰਿਆ ਹੈ। ਜਨਵਰੀ ਮਹੀਨੇ ਦੇ ਬਿਲਿੰਗ ਚੱਕਰ ਵਿਚ ਅਸਲ ਮੀਟਰ ਰੀਡਿੰਗ ਲੈਣ ਦੀ ਬਜਾਏ ਔਸਤ ਅਧਾਰ 'ਤੇ ਬਿੱਲ ਬਣਾਇਆ ਗਿਆ, ਜਿਸ ਕਾਰਨ ਮੇਰੀ ਅਸਲ ਖਪਤ ਤੋਂ 40 ਯੂਨਿਟ ਘੱਟ ਦਰਜ ਹੋ ਗਏ। ਹੁਣ ਇਹ 40 ਯੂਨਿਟ ਅਗਲੇ ਬਿੱਲ ਵਿਚ ਜੋੜੇ ਜਾਣਗੇ ਅਤੇ ਇਸ ਕਾਰਨ ਮੈਂ ਅਗਲੇ ਚੱਕਰ ਵਿਚ ਮਿਲਣ ਵਾਲੀ ਮੁਫ਼ਤ ਯੂਨਿਟਾਂ ਦੀ ਸਹੂਲਤ ਤੋਂ ਵੰਚਿਤ ਰਹਾਂਗਾ। ਇਹ ਨੁਕਸਾਨ ਮੇਰੀ ਕਿਸੇ ਗਲਤੀ ਨਾਲ ਨਹੀਂ, ਸਗੋਂ ਵਿਭਾਗ ਵੱਲੋਂ ਸਮੇਂ 'ਤੇ ਮੀਟਰ ਰੀਡਿੰਗ ਨਾ ਲੈਣ ਕਾਰਨ ਹੋ ਰਿਹਾ ਹੈ। ਔਸਤ ਬਿਲਿੰਗ ਖਪਤਕਾਰ ਨੂੰ ਸਜ਼ਾ ਦੇਣ ਵਰਗੀ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਵਿੱਤੀ ਨੁਕਸਾਨ ਹੁੰਦਾ ਹੈ, ਸਗੋਂ ਸਰਕਾਰੀ ਛੋਟਾਂ ਵੀ ਖ਼ਤਮ ਹੋ ਜਾਂਦੀਆਂ ਹਨ। ਬਿਜਲੀ ਇਕ ਅਤਿ-ਜ਼ਰੂਰੀ ਸੇਵਾ ਹੈ ਅਤੇ ਇਸ ਵਿਚ ਇਸ ਤਰ੍ਹਾਂ ਦੀ ਲਾਪਰਵਾਹੀ ਆਮ ਨਾਗਰਿਕ ਨਾਲ ਸਿੱਧਾ ਧੱਕਾ ਹੈ। ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਔਸਤ ਬਿਲਿੰਗ ਦੀ ਪ੍ਰਥਾ ਖਤਮ ਕਰਕੇ ਅਸਲ ਰੀਡਿੰਗ ਅਧਾਰਿਤ ਬਿਲਿੰਗ ਅਤੇ ਖਪਤਕਾਰਾਂ ਦੇ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
-ਅਸ਼ੋਕ ਗਰੋਵਰ, ਬਠਿੰਡਾ
ਬੇਲੋੜੀ ਬਿਆਨਬਾਜ਼ੀ ਕਿਉਂ?
ਪੰਜਾਬਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਪਾਰਟੀ ਦੇ ਮੰਚ 'ਤੇ ਇਹ ਸਵਾਲ ਉਠਾਉਣਾ ਕਿ ਜਦੋਂ ਸੂਬੇ ਵਿਚ ਦਲਿਤ ਵਰਗ ਦੀ ਆਬਾਦੀ ਲਗਭਗ 35 ਜਾਂ 38 ਫ਼ੀਸਦੀ ਹੈ ਤਾਂ ਉਸ ਅਨੁਪਾਤ ਵਿਚ ਉਨ੍ਹਾਂ ਨੂੰ ਨੁਮਾਇੰਦਗੀ ਕਿਉਂ ਨਹੀਂ ਮਿਲ ਰਹੀ? ਇਹ ਸਵਾਲ ਉਠਾਉਣਾ ਕੋਈ ਗ਼ਲਤ ਕਦਮ ਨਹੀਂ, ਸਗੋਂ ਇੱਕ ਲੋਕਤੰਤਰਕ ਫ਼ਰਜ਼ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਵਾਲ ਪੁੱਛਣ ਮਗਰੋਂ ਚੰਨੀ ਦੀ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਸਮੇਤ ਕਈ ਨੇਤਾਵਾਂ ਵੱਲੋਂ ਇਸ ਤਰ੍ਹਾਂ ਆਲੋਚਨਾ ਕੀਤੀ ਜਾ ਰਹੀ ਹੈ,ਜਿਵੇਂ ਕਿ ਆਪਣੀ ਕੌਮ ਦੇ ਹੱਕਾਂ ਦੀ ਗੱਲ ਕਰਨਾ ਕੋਈ ਅਪਰਾਧ ਹੋਵੇ। ਚੰਨੀ ਨੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਹੱਕ ਲਈ ਆਵਾਜ਼ ਉਠਾਈ ਹੈ ਉਨ੍ਹਾਂ ਨੇ ਕਿਸੇ ਹੋਰ ਵਰਗ ਦੇ ਵਿਰੁੱਧ ਕੁਝ ਨਹੀਂ ਬੋਲਿਆ ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਮਸਲਾ ਨਾ ਤਾਂ ਪ੍ਰੈੱਸ ਵਿਚ ਉਠਾਇਆ ਗਿਆ ਅਤੇ ਨਾ ਹੀ ਸੜਕਾਂ 'ਤੇ, ਸਗੋਂ ਪਾਰਟੀ ਦੇ ਅੰਦਰ ਸੰਵਿਧਾਨਕ ਢੰਗ ਨਾਲ ਰੱਖਿਆ ਗਿਆ ਹੈ। ਆਬਾਦੀ ਦੇ ਅਨੁਪਾਤ ਅਨੁਸਾਰ ਨੁਮਾਇੰਦਗੀ ਦੀ ਮੰਗ ਕਰਨਾ ਸਮਾਨਤਾ ਦੀ ਬੁਨਿਆਦ ਹੈ। ਇਸਨੂੰ ਗ਼ਲਤ ਰੂਪ ਵਿਚ ਪੇਸ਼ ਕਰਨਾ ਲੋਕਤੰਤਰਕ ਮੁੱਲਾਂ ਦਾ ਘਾਣ ਹੈ।
-ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ', ਮਲੇਰਕੋਟਲਾ।
ਸੜਕ ਹਾਦਸਿਆਂ ਤੋਂ ਸਬਕ ਸਿੱਖਣ ਦੀ ਲੋੜ
ਇੰਨ੍ਹੀਂ ਦਿਨੀਂ ਭਾਵੇਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ। ਪ੍ਰੰਤੂ ਹਰ ਸਾਲ ਸੜਕ ਸੁਰੱਖਿਆ ਹਫ਼ਤਾ ਮਨਾਉਣ ਦੇ ਬਾਵਜੂਦ ਵੀ ਲੋਕ ਕੋਈ ਸਬਕ ਨਹੀਂ ਸਿੱਖਦੇ। ਲੋਕ ਰੋਜ਼ਾਨਾ ਵਾਪਰਦੇ ਅਜਿਹੇ ਹਾਦਸਿਆਂ ਤੋਂ ਕੋਈ ਸਬਕ ਸਿੱਖਦੇ ਨਜ਼ਰ ਨਹੀਂ ਆਉਂਦੇ ਹਨ। ਸਾਨੂੰ ਆਪਣਾ ਤੇ ਹੋਰਾਂ ਦਾ ਜੀਵਨ ਸੁਰੱਖਿਅਤ ਰੱਖਣ ਲਈ ਹਮੇਸ਼ਾ ਆਵਾਜਾਈ ਦੇ ਨਿਯਮਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ। ਵੱਡਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਸਿਖਾਉਣਾ ਚਾਹੀਦੀ ਹੈ। ਇਸ ਵਿਚ ਸਮੁੱਚੇ ਸਮਾਜ ਦਾ ਭਲਾ ਹੈ। ਤੇਜ਼ ਰਫ਼ਤਾਰ ਨਾਲ ਕਦੇ ਵੀ ਗੱਡੀ ਨਹੀਂ ਚਲਾਉਣੀ ਚਾਹੀਦੀ, ਹਮੇਸ਼ਾ ਨਿਯਮਾਂ ਦੀ ਪਾਲਣਾ ਕਰਦਿਆਂ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਡਰਾਈਵਿੰਗ ਕਰਦੇ ਹੋਏ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸੋ, ਆਓ ਅੱਜ ਤੋਂ ਹੀ ਆਪਣੇ ਤੋਂ ਸ਼ੁਰੂਆਤ ਕਰਦਿਆਂ ਸੜਕੀ ਨਿਯਮਾਂ ਤੇ ਪਹਿਰਾਂ ਦੇਣ ਦਾ ਅਮਲ ਕਰੀਏ।
-ਅੰਗਰੇਜ ਸਿੰਘ ਵਿੱਕੀ ਕੋਟਗੁਰੂ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ),
ਸੁਰੱਖਿਆ ਮਾਪਦੰਡਾਂ ਵਿਚ ਸੁਧਾਰ ਜ਼ਰੂਰੀ
ਪਿਛਲੇ ਦਿਨੀਂ 27 ਸਾਲਾ ਯੁਵਰਾਜ ਮਹਿਤਾ ਦੀ ਮੌਤ ਇੱਕ ਉਸਾਰੀ ਅਧੀਨ ਪਲਾਟ ਵਿਚ ਖੋਦੇ ਗਏ ਡੂੰਘੇ ਅਤੇ ਪਾਣੀ ਨਾਲ ਭਰੇ ਟੋਏ ਵਿਚ ਡੁੱਬਣ ਕਾਰਨ ਹੋ ਗਈ। ਇਹ ਘਟਨਾ ਨਾ ਸਿਰਫ਼ ਦਰਦਨਾਕ ਹੈ, ਸਗੋਂ ਸਮਾਜ ਲਈ ਇੱਕ ਗੰਭੀਰ ਚਿਤਾਵਨੀ ਵੀ ਹੈ। ਇਸ ਹਾਦਸੇ ਮੌਕੇ ਕਾਫੀ ਲੋਕ ਮੌਜੂਦ ਸਨ, ਪਰ ਕਿਸੇ ਨੇ ਵੀ ਅੱਗੇ ਵਧ ਕੇ ਮਦਦ ਕਰਨ ਦੀ ਹਿੰਮਤ ਨਹੀਂ ਦਿਖਾਈ, ਜੋ ਸਾਡੇ ਸਮਾਜ ਵਿਚ ਸੰਵੇਦਨਸ਼ੀਲਤਾ ਦੀ ਘਾਟ ਨੂੰ ਬੇਨਕਾਬ ਕਰਦੀ ਹੈ। ਇਸ ਘਟਨਾ ਨੇ ਉਸਾਰੀ ਕੰਮਾਂ ਦੌਰਾਨ ਸੁਰੱਖਿਆ ਮਾਪਦੰਡਾਂ ਪ੍ਰਤੀ ਭਾਰੀ ਲਾਪਰਵਾਹੀ ਨੂੰ ਵੀ ਉਜਾਗਰ ਕੀਤਾ ਹੈ। ਡੂੰਘੇ ਟੋਏ ਨੂੰ ਬਿਨਾਂ ਕਿਸੇ ਰੋਕ-ਟੋਕ ਜਾਂ ਚੇਤਾਵਨੀ ਦੇ ਖੁੱਲ੍ਹਾ ਛੱਡਣਾ ਬਿਲਡਰਾਂ ਅਤੇ ਨਿਰਮਾਣ ਏਜੰਸੀਆਂ ਦੀ ਗੈਰ-ਜ਼ਿੰਮੇਵਾਰਾਨਾ ਸੋਚ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਪੁਲਿਸ ਅਤੇ ਬਚਾਅ ਟੀਮਾਂ ਦਾ ਨਾਲ ਸਮੇਂ 'ਤੇ ਨਾ ਪਹੁੰਚਣਾ ਐਮਰਜੈਂਸੀ ਸੇਵਾਵਾਂ ਦੀ ਨਾਕਾਮੀ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ।
ਸਾਨੂੰ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਸੰਕਟ ਦੇ ਸਮੇਂ ਇਕ ਦੂਸਰੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
- ਪ੍ਰਭਜੋਤ ਕੌਰ, ਧੂੰਦਾ
ਵਧਦਾ ਹਵਾ ਪ੍ਰਦੂਸ਼ਣ
ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੋਈ ਹਵਾ 'ਚ ਸਾਹ ਲੈਣਾ ਔਖਾ ਹੋ ਰਿਹਾ ਹੈ। ਧੂੰਏਂ ਕਾਰਨ ਗੰਧਲੇ ਹੋਏ ਵਾਤਾਵਰਨ ਵਿਚ ਸਾਹ ਲੈਣ ਲਈ ਸਮੱਸਿਆ ਪੈਦਾ ਹੋ ਰਹੀ ਹੈ। ਖ਼ਾਸ ਕਰ ਬਿਰਧ ਅਤੇ ਮਰੀਜ਼ ਲੋਕ ਇਸ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਇਸ ਕਰਕੇ ਲੋਕ ਨਿੱਤ ਨਵੀਆਂ-ਨਵੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਹਵਾ ਵਿਚ ਫੈਲਿਆ ਧੂੰਆਂ ਜ਼ਿੰਦਗੀ ਦੀ ਗਤੀ ਨੂੰ ਰੋਕਦਾ ਹੈ। ਹਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਨੂੰ ਅਸੀਂ ਨਿੱਕੀ ਤੋਂ ਨਿੱਕੀ ਖ਼ੁਸ਼ੀ ਦਾ ਫ਼ੋਕਾ ਦਿਖਾਵਾ ਕਰਨ ਲਈ ਆਤਿਸ਼ਬਾਜ਼ੀ ਦੇ ਸ਼ੋਰ ਅਤੇ ਧੂੰਏਂ ਨਾਲ ਪ੍ਰਦੂਸ਼ਿਤ ਕਰ ਰਹੇ ਹਾਂ, ਜਿਸ ਕਾਰਨ ਹਰ ਭਲੇ ਪੁਰਸ਼ ਦੀ ਮਾਨਸਿਕ ਅਤੇ ਸਰੀਰਕ ਸ਼ਾਂਤੀ ਭੰਗ ਹੁੰਦੀ ਹੈ।
-ਐੱਸ. ਮੀਲੂ 'ਫਰੌਰ'