27-04-26
ਹੜ੍ਹ ਪ੍ਰਬੰਧਨ
ਪੰਜਾਬ ਵਿਚ ਹੜ੍ਹ ਆਉਣੇ ਹਰ ਸਾਲ ਦਾ ਰਿਵਾਜ ਹੀ ਬਣ ਗਿਆ ਹੈ। ਮੌਸਮੀ ਮੀਂਹ ਖਾਸ ਤੌਰ 'ਤੇ ਬਰਸਾਤ ਦੇ ਦਿਨਾਂ ਵਿਚ ਮੀਂਹ ਨਾਲ ਹੜ੍ਹ ਆਉਂਦੇ ਹਨ। ਇਕ ਅਨੁਮਾਨ ਅਨੁਸਾਰ ਭਾਰਤ ਵਿਚ ਦੋ ਕਰੋੜ ਹੈਕਟੇਅਰ ਰਕਬਾ ਹੜ੍ਹ ਦੀ ਮਾਰ ਹੇਠ ਆਉਂਦਾ ਹੈ। ਇਸੇ ਲਈ ਭਾਰਤ ਸਰਕਾਰ ਨੇ 1954 ਵਿਚ ਨੈਸ਼ਨਲ ਫਲੱਡ ਕੰਟਰੋਲ ਪ੍ਰੋਗਰਾਮ ਚਲਾਇਆ ਸੀ। ਇਹ ਸਾਰਥਿਕ ਰਿਹਾ, ਕਿਉਂਕਿ 31 ਮਾਰਚ, 1975 ਤੱਕ ਇਸ ਪ੍ਰਾਜੈਕਟ ਅਧੀਨ 7880 ਬੰਨ੍ਹ ਲਗਾਏ ਗਏ ਸਨ। 134000 ਕਿਲੋਮੀਟਰ ਲੰਬੇ ਨਾਲੇ ਪਾਣੀ ਦੀ ਨਿਕਾਸੀ ਲਈ, 4700 ਪਿੰਡਾਂ ਨੂੰ ਉੱਚਾ ਵਸਾਉਣ ਲਈ ਪ੍ਰਬੰਧ ਕੀਤਾ। ਇਸ 'ਤੇ 394 ਕਰੋੜ ਖਰਚ ਆਏ। 80 ਲੱਖ ਹੈਕਟੇਅਰ ਜ਼ਮੀਨ ਨੂੰ ਲਾਭ ਪਹੁੰਚਿਆ। 1975 ਵਿਚ ਹੜ੍ਹ ਨੇ ਫਿਰ ਤਬਾਹੀ ਮਚਾਈ।
1978, 1988, 1993 ਵਿਚ ਉੱਤਰੀ ਭਾਰਤ ਵਿਚ ਹੜ੍ਹ ਨੇ ਆਪਣਾ ਰੂਪ ਦਿਖਾਇਆ। ਕਰੋੜਾਂ ਦੇ ਨੁਕਸਾਨ ਹੋਏ। ਘੱਗਰ, ਸਤਲੁਜ ਅਤੇ ਭਾਖੜਾ ਹੜ੍ਹ ਆਉਂਦੇ ਸਮੇਂ ਚਰਚਾ ਵਿਚ ਆ ਜਾਂਦੇ ਹਨ। ਹਜ਼ਾਰਾਂ ਲੋਕ ਜਾਨ-ਮਾਲ ਕਰਕੇ ਇਸ ਦੀ ਲਪੇਟ ਵਿਚ ਆਉਂਦੇ ਹਨ। ਸਰਕਾਰ ਦੇ ਉਪਰਾਲੇ ਕੁਦਰਤੀ ਆਫਤ ਅੱਗੇ ਫੇਲ੍ਹ ਹੋ ਜਾਦੇ ਹਨ। ਹੁਣ ਵੀ ਹੜ੍ਹ ਤੋਂ ਬਚਣ ਲਈ ਸਰਕਾਰ ਨੇ ਉਪਰਾਲੇ ਸ਼ੁਰੂ ਕੀਤੇ ਹਨ। ਪ੍ਰਮਾਤਮਾ ਭਲੀ ਕਰੇ, ਹੜ੍ਹ ਨਾਲ ਕਿਸੇ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ
ਬੇਅਦਬੀ ਵਿਰੁੱਧ ਸਖ਼ਤ ਕਾਨੂੰਨ
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਅਤੇ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਪੰਜਾਬ ਵਿਧਾਨ ਸਭਾ ਵਲੋਂ ਲਿਆਂਦਾ ਗਿਆ 'ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026' ਇਕ ਇਤਿਹਾਸਕ ਅਤੇ ਅਹਿਮ ਕਦਮ ਹੈ, ਜੋ ਮਾਣਯੋਗ ਰਾਜਪਾਲ ਕਟਾਰੀਆ ਜੀ ਦੇ ਦਸਤਖ਼ਤ ਹੋਣ ਤੋਂ ਬਾਅਦ ਕਾਨੂੰਨ ਬਣ ਗਿਆ ਹੈ। ਇਸ ਨਵੇਂ ਕਾਨੂੰਨੀ ਪ੍ਰਸਤਾਵ ਤਹਿਤ ਬੇਅਦਬੀ ਦੇ ਦੋਸ਼ੀਆਂ ਲਈ ਸਜ਼ਾ ਦੀ ਹੱਦ ਘੱਟੋ-ਘੱਟ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਵਧਾ ਦਿੱਤੀ ਗਈ ਹੈ ਅਤੇ ਨਾਲ ਹੀ 5 ਲੱਖ ਤੋਂ 25 ਲੱਖ ਰੁਪਏ ਤੱਕ ਦੇ ਭਾਰੀ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਸਦਨ ਵਿਚ ਚਰਚਾ ਦੌਰਾਨ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਸੱਟ ਮਾਰਨ ਵਾਲੀ ਕਿਸੇ ਵੀ ਹਰਕਤ ਲਈ ਅਜਿਹੀ ਸਖ਼ਤ ਸਜ਼ਾ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਿੱਲ ਦਾ ਸਮਰਥਨ ਕੀਤਾ ਹੈ, ਪਰ ਉਨ੍ਹਾਂ ਨੇ ਪਾਰਦਰਸ਼ਤਾ ਦੀ ਮੰਗ ਕਰਦਿਆਂ ਪੁਰਾਣੀ ਪ੍ਰਵਰ ਕਮੇਟੀ (2025) ਦੀ ਰਿਪੋਰਟ ਨੂੰ ਵੀ ਜਨਤਕ ਕਰਨ 'ਤੇ ਜ਼ੋਰ ਦਿੱਤਾ। ਇਹ ਸੋਧ ਸਿਰਫ਼ ਇਕ ਕਾਨੂੰਨੀ ਦਸਤਾਵੇਜ਼ ਨਹੀਂ ਹੈ, ਸਗੋਂ ਸਮਾਜ ਵਿਰੋਧੀ ਅਨਸਰਾਂ ਲਈ ਇਕ ਸਖ਼ਤ ਚਿਤਾਵਨੀ ਹੈ ਕਿ ਪੰਜਾਬ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਮਰਿਯਾਦਾ ਨਾਲ ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
-ਦਿਕਸ਼ਾ ਸ਼ਰਮਾ
ਬਸੀ ਪਠਾਣਾਂ, ਫਤਹਿਗੜ੍ਹ ਸਾਹਿਬ
ਬੰਦ ਹੋਵੇ ਪਲਾਸਟਿਕ ਦੀ ਵਰਤੋਂ
ਅੱਜਕੱਲ੍ਹ ਪਲਾਸਟਿਕ ਦਾ ਇਸਤੇਮਾਲ ਬਹੁਤ ਵੱਧ ਗਿਆ ਹੈ। ਲੋਕ ਰੋਜ਼ਾਨਾ ਜੀਵਨ ਵਿਚ ਪਲਾਸਟਿਕ ਦੇ ਥੈਲੇ, ਬੋਤਲਾਂ ਅਤੇ ਹੋਰ ਸਾਮਾਨ ਬੇਹਿਸਾਬ ਵਰਤ ਰਹੇ ਹਨ। ਇਹ ਪਲਾਸਟਿਕ ਨਾ ਤਾਂ ਅਸਾਨੀ ਨਾਲ ਨਸ਼ਟ ਹੁੰਦਾ ਹੈ ਅਤੇ ਨਾ ਹੀ ਇਹ ਪ੍ਰਕਿਰਤੀ ਲਈ ਸੁਰੱਖਿਅਤ ਹੈ। ਇਸ ਕਰਕੇ ਸਾਡਾ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ। ਸਭ ਤੋਂ ਦੁੱਖਦਾਈ ਗੱਲ ਇਹ ਹੈ ਕਿ ਗਲੀਆਂ ਵਿਚ ਫਿਰਦੇ ਪਸ਼ੂ ਕਚਰੇ 'ਚੋਂ ਪਲਾਸਟਿਕ ਖਾ ਕੇ ਬਿਮਾਰ ਹੋ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਪਲਾਸਟਿਕ ਨਾਲ ਨਦੀਆਂ, ਮਿੱਟੀ ਅਤੇ ਹਵਾ ਵੀ ਪ੍ਰਦੂਸ਼ਿਤ ਹੋ ਰਹੇ ਹਨ, ਜਿਸ ਦਾ ਅਸਰ ਸਿੱਧਾ ਮਨੁੱਖੀ ਸਿਹਤ 'ਤੇ ਪੈਂਦਾ ਹੈ। ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨਾ ਭਵਿੱਖ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਸਰਕਾਰ ਪਲਾਸਟਿਕ ਦੇ ਇਸਤੇਮਾਲ 'ਤੇ ਸਖ਼ਤ ਪਾਬੰਦੀ ਲਗਾਏ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਜਾਵੇ।
-ਮਨਪ੍ਰੀਤ
ਜਲੰਧਰ।
ਕਿਸਾਨ, ਕੁਦਰਤ ਤੇ ਸਰਕਾਰ
ਕਿਸਾਨਾਂ ਵਲੋਂ ਕਣਕ ਦੀ ਫ਼ਸਲ ਬੱਚਿਆਂ ਵਾਂਗ ਪਾਲ-ਪਲੋਸ ਕੇ ਪੱਕਣ ਕਿਨਾਰੇ ਕਰ ਲਈ ਗਈ ਸੀ। ਪਰ ਕੁਦਰਤ ਦੇ ਕਹਿਰ ਮੀਂਹ, ਤੂਫ਼ਾਨ ਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ । ਬਹੁਤ ਸਾਰੇ ਥਾਵਾਂ 'ਤੇ ਸਿੱਟਿਆਂ ਨਾਲ ਲੱਦੀਆਂ ਕਣਕਾਂ ਧਰਤੀ 'ਤੇ ਵਿਛ ਗਈਆਂ ਹਨ। ਤੂਫ਼ਾਨ ਤੇ ਗੜਿਆਂ ਦੀ ਮਾਰ ਨੇ ਸਿੱਟਿਆਂ ਨੂੰ ਗਾਜਰ ਵਾਂਗ ਤੋੜ ਕੇ ਸੁੱਟ ਦਿੱਤਾ ਹੈ, ਜਿਸ ਕਰਕੇ ਕਿਸਾਨਾਂ ਦੇ ਹਿਰਦੇ ਵਲੂੰਧਰੇ ਗਏ ਹਨ। ਕਿਸਾਨ ਕੁਦਰਤੀ ਆਫ਼ਤ ਹੜ੍ਹਾਂ ਦੀ ਮਾਰ ਤੋਂ ਅਜੇ ਪੈਰਾਂ ਸਿਰ ਨਹੀਂ ਹੋਇਆ ਸੀ, ਕਿ ਮਿਹਨਤ ਦਾ ਪਸੀਨਾ ਵਹਾ ਕੇ ਸਾਂਭਣ ਲਈ ਤਿਆਰ ਖੜ੍ਹੀ ਫ਼ਸਲ ਤਬਾਹ ਹੋ ਜਾਵੇ ਤਾਂ ਕਿਸਾਨ ਦੇ ਦਰਦ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ।
ਹੁਣ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਆਪਸੀ ਖਿੱਚੋਤਾਣ ਦੀ ਬਜਾਏ ਕਿਸਾਨਾਂ ਦੀ ਕਣਕ ਦਾ ਦਾਣਾ-ਦਾਣਾ ਚੁੁੱਕਣ ਦਾ ਕੀਤਾ ਵਾਅਦਾ ਪੂਰਾ ਕਰੇ, ਤਾਂ ਕਿ ਕਿਸਾਨ ਨਿਰਾਸ਼ਾ ਦੇ ਆਲਮ 'ਚੋਂ ਬਾਹਰ ਆ ਸਕੇ ।
-ਇੰਜ: ਰਛਪਾਲ ਸਿੰਘ ਚੰਨੂੰਵਾਲਾ
ਅਕਾਲਸਰ ਰੋਡ, ਮੋਗਾ ।
ਦੁਖਦਾਇਕ ਹਾਦਸਾ
16 ਅਪ੍ਰੈਲ ਦੇ ਅੰਕ ਦੇ ਪਹਿਲੇ ਪੰਨੇ 'ਤੇ ਖ਼ਬਰ 'ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤ ਰਹੀ ਸ਼ਰਧਾਲੂਆਂ ਦੀ ਬੱਸ ਹਾਦਸਾਗ੍ਰਸਤ-8 ਮੌਤਾਂ' ਬਹੁਤ ਦੁਖਦਾਇਕ ਹੈ। ਵਿਸਾਖੀ ਤੋਂ ਵਾਪਸ ਆਉਂਦੇ ਸ਼ਰਧਾਲੂਆਂ ਦੀ ਬੱਸ ਮੋਰਿੰਡਾ-ਚੁੰਨੀ ਮਾਰਗ 'ਤੇ ਸਥਿਤ ਪਿੰਡ ਭਟਹੇੜੀ ਨੇੜੇ ਪਏ ਟੋਇਆਂ ਕਾਰਨ ਬੇਕਾਬੂ ਹੋ ਕੇ ਪਲਟ ਗਈ, ਜਿਸ ਕਰਕੇ ਅੱਠ ਮੌਤਾਂ ਅਤੇ ਕੁਝ ਗੰਭੀਰ ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਚਾਰ ਮਹੀਨੇ ਪਹਿਲਾਂ ਸ਼ਹੀਦੀ ਜੋੜ ਮੇਲ ਵੇਲੇ ਕਰਨ ਦਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ, ਇੰਨੀ ਜਲਦੀ ਸੜਕਾਂ 'ਤੇ ਟੋਏ ਜਾਂਚ ਦਾ ਵਿਸ਼ਾ ਹੈ। ਇਸ ਲਈ ਸੰਬੰਧਿਤ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਪੰਜਾਬ ਅੰਦਰ ਰੋਜ਼ਾਨਾ ਅਨੇਕਾਂ ਸੜਕ ਦੁਰਘਟਨਾਵਾਂ ਹੋਣ ਕਾਰਨ ਮੌਤਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ । ਇਸ ਲਈ ਕਈ ਕਾਰਨ ਹਨ ਜਿਵੇਂ ਸੜਕਾਂ ਦੇ ਕਿਨਾਰੇ ਨਾਜਾਇਜ਼ ਕਬਜ਼ੇ, ਪੀਲੀ , ਚਿੱਟੀ ਪੱਟੀ ਦਾ ਨਾ ਹੋਣਾ, ਡੂੰਘੇ ਟੋਏ, ਰਿਫਲੈਕਟਰ ਦਾ ਨਾ ਹੋਣਾ, ਉੱਚਿਤ ਲਾਈਟਾਂ ਦਾ ਪ੍ਰਬੰਧ ਨਾ ਹੋਣਾ, ਜ਼ਿਆਦਾ ਉੱਚੇ ਬਿਨਾਂ ਇੰਡੀਕੇਸ਼ਨ ਸਪੀਡ ਬਰੇਕਰ, ਲਾਪਰਵਾਹੀ ਨਾਲ ਡਰਾਈਵਿੰਗ, ਨਸ਼ਿਆਂ ਦੀ ਵਰਤੋਂ ਆਦਿ ਕਾਰਨ ਵੀ ਹੋ ਸਕਦੇ ਹਨ। ਸੜਕਾਂ 'ਤੇ ਸੁਚਾਰੂ ਰੂਪ ਨਾਲ ਟ੍ਰੈਫਿਕ ਲੰਘਣ ਲਈ ਸਰਕਾਰ ਦੇ ਨਾਲ ਸਾਨੂੰ ਸਾਰਿਆਂ ਨੂੰ ਵੀ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਕਿ ਨਿੱਤ ਵਾਪਰਦੇ ਹਾਦਸੇ ਰੋਕੇ ਜਾ ਸਕਣ ।
ਮੇਜਰ ਸਿੰਘ ਨਾਭਾ