27-02-26
ਪੰਜਾਬ ਵਿਚ ਵਧ ਰਹੀ ਲੁੱਟਮਾਰ
ਪੰਜਾਬ ਵਿਚ ਲੁੱਟਮਾਰ ਦੀਆਂ ਘਟਨਾਵਾਂ ਵਿਚ ਹੋ ਰਿਹਾ ਵਾਧਾ ਜੋ ਸਮਾਜ ਲਈ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਰੋਜ਼ਾਨਾ ਅਖ਼ਬਾਰਾਂ ਅਤੇ ਖ਼ਬਰਾਂ ਵਿਚ ਮੋਬਾਈਲ ਖੋਹਣ, ਚੈਨ ਖਿੱਚਣ ਤੇ ਪੈਸੇ ਲੁੱਟਣ ਦੀਆਂ ਘਟਨਾਵਾਂ ਵਾਪਰਨ ਕਾਰਨ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਸ਼ਹਿਰਾਂ ਅਤੇ ਕਸਬਿਆਂ ਵਿਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿਚ ਮੋਟਰਸਾਈਕਲ ਸਵਾਰ ਲੁਟੇਰੇ ਲੋਕਾਂ ਤੋਂ ਮੋਬਾਈਲ ਅਤੇ ਗਹਿਣੇ ਖੋਹ ਕੇ ਭੱਜ ਜਾਂਦੇ ਹਨ। ਵਿਦਿਆਰਥੀ, ਔਰਤਾਂ ਅਤੇ ਬਜ਼ੁਰਗਾਂ ਇਨ੍ਹਾਂ ਦੇ ਜ਼ਿਆਦਾਤਰ ਸ਼ਿਕਾਰ ਬਣ ਰਹੇ ਹਨ। ਕਈ ਵਾਰ ਲੁਟੇਰੇ ਲੋਕਾਂ ਨੂੰ ਜ਼ਖ਼ਮੀ ਵੀ ਕਰ ਦਿੰਦੇ ਹਨ, ਇਸ ਦੇ ਪਿਛੇ ਕਈ ਕਾਰਨ ਹਨ ਜਿਵੇਂ ਬੇਰੁਜ਼ਗਾਰੀ, ਨਸ਼ਿਆਂ ਦੀ ਲੱਤ ਅਤੇ ਕਾਨੂੰਨ ਦਾ ਡਰ ਘਟ ਹੋਣਾ ਹੈ। ਕੁਝ ਨੌਜਵਾਨ ਗ਼ਲਤ ਸੰਗਤ ਵਿਚ ਪੈ ਕੇ ਅਜਿਹੇ ਅਪਰਾਧਾਂ ਵਿਚ ਸ਼ਾਮਿਲ ਹੋ ਜਾਂਦੇ ਹਨ। ਇਸ ਸਮੱਸਿਆ ਨੂੰ ਰੋਕਣ ਲਈ ਪੰਜਾਬ ਪੁਲਿਸ ਨੂੰ ਹੋਰ ਸਖ਼ਤੀ ਨਾਲ ਕੰਮ ਕਰਨ ਦੀ ਲੋੜ ਹੈ। ਰਾਤ ਦੇ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਅੰਤ ਵਿਚ ਲੁੱਟਮਾਰ ਨੂੰ ਰੋਕਣ ਲਈ ਸਰਕਾਰ, ਪੁਲਿਸ ਅਤੇ ਸਮਾਜ ਤਿੰਨਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਤਦ ਹੀ ਲੋਕ ਆਪਣੇ-ਆਪ ਨੂੰ ਸੁਰੱਖਿਅਤ ਅਤੇ ਨਿਰਭਯ ਮਹਿਸੂਸ ਕਰ ਸਕਣਗੇ।
-ਕਸ਼ਿਸ਼ ਵਰਮਾ, ਜਲੰਧਰ।
ਇੱਛਾ ਸ਼ਕਤੀ
ਅਜੋਕੇ ਸਮੇਂ ਦੌਰਾਨ ਇਹ ਗੱਲ ਬੜੀ ਸ਼ਿੱਦਤ ਨਾਲ ਆਖੀ ਅਤੇ ਮਹਿਸੂਸ ਕੀਤੀ ਜਾ ਰਹੀ ਹੈ ਕਿ ਸਮਾਜ ਵਿਚ ਕੋਈ ਵੀ ਉਸਾਰੂ ਕੰਮ ਬਗੈਰ ਇੱਛਾ ਸ਼ਕਤੀ ਤੋਂ ਹੋਣਾ ਜੇਕਰ ਸੰਭਵ ਨਹੀਂ ਤਾਂ ਔਖਾ ਜ਼ਰੂਰ ਹੁੰਦਾ ਹੈ। ਸਮਾਜ ਦਾ ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਹਰ ਪੱਖੋਂ ਵਿਕਾਸ ਕਰੇ, ਤਰੱਕੀ ਕਰੇ ਤਾਂ ਕਿ ਉਸ ਦਾ ਸਮਾਜ ਵਿਚ ਰੁਤਬਾ ਉੱਚਾ ਹੋਵੇ ਪਰ ਇਸ ਲਈ ਜ਼ਰੂਰੀ ਹੈ ਕਿ ਉਹ ਜਿਸ ਖੇਤਰ ਵਿਚ ਅਜਿਹਾ ਕਰਨਾ ਚਾਹੁੰਦਾ ਹੈ, ਉਸ ਸੰਬੰਧੀ ਸੰਜੀਦਾ ਯਤਨ ਕਰੇ। ਮਿਹਨਤ ਅਤੇ ਲਗਨ ਨਾਲ ਆਪਣੇ ਕਦਮ ਅੱਗੇ ਵਧਾਵੇ, ਅਜਿਹਾ ਕਰਕੇ ਹੀ ਉਹ ਆਪਣੇ ਮਕਸਦ ਵਿਚ ਸਫਲ ਹੋ ਸਕਦਾ ਹੈ। ਸਿਆਣੇ ਆਖਦੇ ਹਨ ਕਿ 'ਮਿਹਨਤ ਦਾ ਫਲ ਤਾਂ ਪਰਮਾਤਮਾ ਵੀ ਨਹੀਂ ਰੱਖਦਾ' ਹਾਂ ਉਸ ਦੇ ਘਰ ਦੇਰ ਤਾਂ ਹੋ ਸਕਦੀ ਹੈ, ਅੰਧੇਰ ਨਹੀਂ। ਮਨੁੱਖ ਨੂੰ ਹਮੇਸ਼ਾ ਉਸਾਰੂ ਸੋਚ ਅਪਣਾਉਂਦਿਆਂ ਨਕਾਰਤਮਿਕ ਸੋਚ ਦਾ ਤਿਆਗ ਕਰਨਾ ਚਾਹੀਦਾ ਹੈ। ਉਸਾਰੂ ਸੋਚ ਰੱਖਣ ਵਾਲਾ ਮਨੁੱਖ ਜਿਵੇਂ ਆਪਣੀ ਇੱਛਾ ਸ਼ਕਤੀ ਦੁਆਰਾ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ, ਉਥੇ ਢਹਿੰਦੀ ਕਲਾ ਵਾਲਾ ਵਿਅਕਤੀ ਅਜਿਹਾ ਕਰਨ ਤੋਂ ਅਸਮਰੱਥ ਰਹਿੰਦਾ ਹੈ। ਸੋ, ਲੋੜ ਹੈ ਮਨੁੱਖ ਨੂੰ ਹਮੇਸ਼ਾ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਅੱਗੇ ਵਧਣ ਦੀ ਅਤੇ ਸਵੈ-ਇੱਛ ਸ਼ਕਤੀ ਅਤੇ ਉਸਾਰੂ ਸੋਚ ਕਾਇਮ ਰੱਖਣ ਦੀ, ਜੋ ਕਿ ਸਮੇਂ ਦੀ ਵੱਡੀ ਜ਼ਰੂਰਤ ਹੈ ਅਤੇ ਅਜਿਹਾ ਕਰਕੇ ਹੀ ਉਹ ਇਕ ਸਫਲ ਵਿਅਕਤੀ ਦਾ ਰੁਤਬਾ ਹਾਸਿਲ ਕਰ ਸਕਦਾ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਕਦਮ ਵਧਾ ਸਕਦਾ ਹੈ।
-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ-146001.