16-10-25
ਕੰਜਕ ਦਾ ਹਰ ਦਿਨ ਸਤਿਕਾਰ
ਭਾਰਤ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਇੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਜੋ ਆਪਣੇ ਧਰਮ ਮੁਤਾਬਕ ਤਿਉਹਾਰ ਮਨਾਉਂਦੇ ਹਨ। ਇਵੇਂ ਹੀ ਹਿੰਦੂ ਧਰਮ ਵਿਚ ਨਰਾਤਿਆਂ ਦੇ ਤਿਉਹਾਰ ਨੂੰ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। 'ਨਰਾਤਿਆਂ ਦੇ ਨੌ ਦਿਨ ਬਹੁਤ ਹੀ ਸ਼ੁੱਭ ਮੰਨੇ ਗਏ ਹਨ। ਲੋਕ ਨੌ ਦਿਨ ਮਾਂ ਦੁਰਗਾ ਦੇ ਵੱਖ-ਵੱਖ ਨੌ ਰੂਪਾਂ ਦੀ ਪੂਜਾ ਕਰਦੇ ਹਨ ਜਿਸ ਵਿਚੋਂ ਇੱਕ ਦਿਨ ਕੰਜਕ ਪੂਜਾ ਹੁੰਦੀ ਹੈ। ਕੰਜਕ ਪੂਜਾ ਵਿਚ ਦੋ ਸਾਲ ਤੋਂ ਲੈ ਕੇ ਦਸ ਸਾਲ ਦੀ ਬੱਚੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਲੋਕ ਆਪਣੇ ਆਲੇ-ਦੁਆਲੇ ਦੀਆਂ ਛੋਟੀਆਂ ਬੱਚੀਆਂ ਨੂੰ ਬੜੇ ਪ੍ਰੇਮ ਅਤੇ ਸਤਿਕਾਰ ਨਾਲ ਸੱਦ ਕੇ ਉਨ੍ਹਾਂ ਦੇ ਪੈਰ ਧੋ ਕੇ ਫਿਰ ਭੋਜਨ ਛਕਾਉਂਦੇ ਸਨ। ਪਰ ਅੱਜ ਸਵਾਲ ਇਹ ਹੈ ਕਿ ਕੁੜੀਆਂ ਦਾ ਸਤਿਕਾਰ ਸਿਰਫ ਕੰਜਕ ਪੂਜਾ ਤੱਕ ਹੀ ਸੀਮਤ ਹੈ। ਹਰ ਰੋਜ਼ ਅਖਬਾਰਾਂ ਅਜਿਹੇ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਜਿਸ ਵਿਚ ਛੋਟੀ ਬੱਚੀਆਂ ਤੇ ਜਵਾਨ ਕੁੜੀਆਂ ਨਾਲ ਸਰੀਰਕ ਸ਼ੋਸ਼ਣ ਹੋ ਰਿਹਾ। ਅੱਜ ਇਕ ਮਾਂ ਆਪਣੀ ਚਾਰ ਸਾਲ ਦੀ ਬੱਚੀ ਨੂੰ ਵੀ ਗੁਆਂਢ ਵਿਚ ਖੇਡਣ ਲਈ ਨਹੀਂ ਭੇਜ ਸਕਦੀ ਕਿਉਂਕਿ ਕੁਝ ਕਲਯੁਗੀ ਲੋਕ ਉਨ੍ਹਾਂ ਨੂੰ ਗ਼ਲਤ ਨਜ਼ਰ ਨਾਲ ਦੇਖਦੇ ਹਨ। ਲੋਕਾਂ ਵਿਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ। ਸਿਰਫ ਨੌ ਦਿਨ ਕੁੜੀਆਂ ਦੀ ਪੂਜਾ ਕਰਨ ਨਾਲ ਰੱਬ ਖੁਸ਼ ਕਿਵੇਂ ਹੋ ਸਕਦਾ ਜਦੋਂ ਉਸ ਦੀ ਸਿਰਜੀ ਇਸਤਰੀ ਦੀ ਬੇਕਦਰੀ ਹੋ ਰਹੀ ਹੋਵੇ। ਹਰ ਉਮਰ ਦੀ ਲੜਕੀ ਨੂੰ ਸਨਮਾਨ ਨਾਲ ਜਿਊਣ ਦਾ ਹੱਕ ਹੈ। ਕੁੜੀਆਂ ਨੂੰ ਦੇਵੀ ਸਮਝਣ ਤੋਂ ਪਹਿਲਾਂ, ਜੇ ਆਪਾਂ ਉਸ ਨੂੰ ਕੇਵਲ ਇਨਸਾਨ ਵੀ ਸਮਝ ਲਈਏ ਤਾਂ ਵੀ ਸਭ ਕੁਝ ਸੁਖਦ ਅਤੇ ਸੁਰੱਖਿਅਤ ਹੋ ਸਕਦਾ।
-ਡਾ. ਜਸਲੀਨ ਕੌਰ ਸੰਗਰੂਰ
ਘਟਦਾ ਨੈਤਿਕ ਕਦਰਾਂ-ਕੀਮਤਾਂ ਦਾ ਮਿਆਰ
ਨੈਤਿਕ ਕਦਰਾਂ-ਕੀਮਤਾ ਮਨੁੱਖ ਨੂੰ ਸੱਭਿਅਕ ਬਣਾਉਂਦੀਆਂ ਹਨ। ਮਨੁੱਖ ਦੇ ਫਰਜ਼, ਉਸਦੇ ਸੰਸਕਾਰ, ਓਸਦਾ ਵਿਵਹਾਰ ਆਦਿ ਨੈਤਿਕ ਕਦਰਾ ਕੀਮਤਾਂ ਦੇ ਦਾਇਰੇ ਵਿਚ ਆਉਂਦੇ ਹਨ। ਇਸਦੇ ਨਾਲ ਹੀ ਪਰਿਵਾਰਕ ਜੀਵਨ ਵਿਚ ਬਜ਼ੁਰਗਾਂ ਦਾ ਸਤਿਕਾਰ, ਵਡਿੱਆਂ ਦੇ ਹੁਕਮ ਦੀ ਪਾਲਣਾ, ਛੋਟਿਆਂ ਨੂੰ ਪਿਆਰ ਅਤੇ ਵਡੇ ਦਾ ਸਨਮਾਨ ਇਹ ਸਭ ਵੀ ਕਦਰਾਂ-ਕੀਮਤਾਂ ਵਿਚ ਆਉਂਦਾ ਹੈ। ਪਰ ਅੱਜ ਇਸ ਵਿਚ ਬੜੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਜਿਸ ਦਾ ਮੁੱਖ ਕਾਰਨ ਮਨੁੱਖ ਦੇ ਪੰਜ ਵਿਸ਼ੇ-ਵਿਕਾਰ ਹਨ। ਅੱਜ ਮਨੁੱਖ ਸਿਰਫ ਪੈਸੇ ਦਾ ਪੁਜਾਰੀ ਹੋ ਕੇ ਰਹਿ ਗਿਆ ਹੈ। ਇਸ ਨਾਲ ਪਰਿਵਾਰਾਂ ਵਿਚ ਪਹਿਲਾਂ ਵਰਗਾ ਮੋਹ-ਪਿਆਰ ਤੇ ਰਿਸ਼ਤਿਆਂ ਦਾ ਨਿੱਘ ਨਹੀਂ ਰਿਹਾ। ਅੱਜ ਮਨੁੱਖ ਦੀਆਂ ਮਰ ਚੁੱਕੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਅਤੇ ਵਿਸ਼ੇ-ਵਿਕਾਰਾਂ 'ਤੇ ਕਾਬੂ ਪਾਵੇ। ਆਪਣੀਆਂ ਲੋੜਾਂ, ਇੱਛਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਹੀ ਪੂਰਾ ਕਰੇ ਅਤੇ ਰਿਸ਼ਤਿਆਂ ਦਾ ਨਿੱਘ ਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਰੱਖੇ।
-ਗੌਰਵ ਮੁੰਜਾਲ ਪੀ.ਸੀ.ਐਸ
ਮਹਿੰਗਾਈ ਦਾ ਵਧਦਾ ਪ੍ਰਭਾਵ
ਅਜੋਕਾ ਸਮਾਂ ਮਹਿੰਗਾਈ ਦਾ ਸਮਾਂ ਹੈ। ਚਾਹੇ ਗੱਲ ਰੋਜ਼ਾਨਾ ਦੀਆਂ ਵਸਤਾਂ ਦੀ ਹੋਵੇ ਅਤੇ ਚਾਹੇ ਪੈਟਰੋਲ, ਡੀਜ਼ਲ ਗੈਸ ਜਾਂ ਰਿਹਾਇਸ਼ ਦੀ, ਹਰ ਚੀਜ਼ ਦੀ ਕੀਮਤ ਰੋਜ਼ਾਨਾ ਵਧ ਰਹੀ ਹੈ। ਲੋਕਾਂ ਦੀ ਆਮਦਨ ਜਿੱਥੇ ਬਹੁਤ ਘੱਟ ਵਧ ਰਹੀ ਹੈ, ਉੱਥੇ ਖਰਚੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਮਹਿੰਗਾਈ ਦੇ ਕੁਝ ਮੁੱਖ ਕਾਰਨਾਂ ਵਿਚ ਮੰਦੀ ਅਤੇ ਮੰਗ ਵਧਣਾ, ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ, ਟੈਕਸ ਅਤੇ ਸਰਕਾਰੀ ਨੀਤੀਆਂ ਆਦਿ ਸ਼ਾਮਿਲ ਹਨ। ਮਹਿੰਗਾਈ ਕਾਰਨ ਲੋਕਾਂ ਵਿਚ ਮਾਨਸਿਕ ਤਣਾਓ ਵੀ ਵਧਦਾ ਜਾ ਰਿਹਾ ਹੈ। ਇਸ ਲਈ ਮਹਿੰਗਾਈ ਨੂੰ ਕਾਬੂ ਕਰਨ ਅਤੇ ਆਮ ਵਿਅਕਤੀ ਦੇ ਜੀਵਨ ਨੂੰ ਸੁਖਮਈ ਬਣਾਉਣ ਲਈ ਸਰਕਾਰ ਅਤੇ ਸਮਾਜ ਦੋਵਾਂ ਵਲੋਂ ਠੋਸ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ।
-ਸਤਵਿੰਦਰ ਕੌਰ ਮੱਲ੍ਹੇਵਾਲ