12-05-2025
ਜੰਗ ਕਿਸੇ ਮਸਲੇ ਦਾ ਹੱਲ ਨਹੀਂ
ਪੰਜਾਬ ਨੇ ਪਹਿਲਾਂ ਹੀ ਬੜਾ ਸੰਤਾਪ ਹੰਡਾਇਆ ਹੈ। ਚਾਹੇ ਉਹ ਹਿੰਦ ਪਾਕਿ ਦੀ ਵੰਡ ਹੋਵੇ ਜਾਂ ਹਿੰਦ- ਪਾਕਿ ਲੜਾਈਆਂ ਜਾਂ ਅੱਤਵਾਦ ਦੇ ਕਾਲੇ ਦਿਨ। ਜਿਹੜੇ ਲੋਕ ਬਾਰਡਰ ਏਰੀਏ ਵਿਚ ਰਹਿੰਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਲੜਾਈ ਨਾਲ ਕਿੰਨਾ ਨੁਕਸਾਨ ਹੁੰਦਾ ਹੈ। ਦਿੱਲੀ ਤੇ ਪਾਕਿ 'ਚ ਬੈਠਾ ਮੀਡੀਆ ਤੇ ਮੋਬਾਈਲਾਂ ਵਿਚ ਵੜਿਆ ਸੋਸ਼ਲ ਮੀਡੀਆ ਲੜਾਈ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੇ ਇਹ ਸੰਤਾਪ ਨਹੀਂ ਦੇਖਿਆ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਪਾਕਿ ਨੂੰ ਆਰਥਿਕ ਤੌਰ ਤੇ ਰਾਜਨੀਤਕ ਤੌਰ 'ਤੇ ਮਾਰਨਾ ਚਾਹੀਦਾ ਹੈ। ਮੋਦੀ ਸਰਕਾਰ ਨੂੰ ਯੂ.ਐਨ.ਓ. ਵਿਚ ਆਵਾਜ਼ ਬੁਲੰਦ ਕਰ ਪਾਕਿ ਦਾ ਹੁੱਕਾ ਪਾਣੀ ਬੰਦ ਕਰ ਅੱਤਵਾਦੀ ਦੇਸ਼ ਐਲਾਨਣਾ ਚਾਹੀਦਾ ਹੈ। ਆਪਣਾ ਖ਼ੂਫੀਆ-ਤੰਤਰ ਚੁਸਤ-ਦਰੁਸਤ ਕਰ ਜੰਮੂ ਕਸ਼ਮੀਰ ਵਿਚ ਅੱਤਵਾਦੀ ਕਾਰਵਾਈਆਂ ਨੂੰ ਰੋਕਣਾ ਚਾਹੀਦਾ ਹੈ। ਸੈਲਾਨੀਆਂ ਤੇ ਘੱਟ ਭਾਈਚਾਰੇ ਦੀ ਸਕਿਓਰਟੀ ਕਰਨੀ ਚਾਹੀਦੀ ਹੈ।
-ਗੁਰਮੀਤ ਸਿੰਘ ਵੇਰਕਾ
ਇਕਸਾਰ ਹੋਵੇ ਯੂਨੀਵਰਸਿਟੀਆਂ ਦਾ ਪਾਠਕ੍ਰਮ
ਪੰਜਾਬ ਦੀਆਂ ਸਟੇਟ ਯੂਨੀਵਰਸਿਟੀਆਂ ਦਾ ਪਾਠਕ੍ਰਮ ਵੱਖੋ-ਵੱਖ ਹੋਣ ਕਰਕੇ ਵਿਦਿਆਰਥੀ ਵਰਗ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਜੇਕਰ ਕਿਸੇ ਵਿਦਿਆਰਥੀ ਨੂੰ ਮਜਬੂਰੀਵੱਸ ਆਪਣੀ ਰਿਹਾਇਸ਼ ਕਿਸੇ ਹੋਰ ਦੂਰ ਦੇ ਸ਼ਹਿਰ ਕਰਨੀ ਪੈ ਜਾਵੇ ਤਾਂ ਮਜਬੂਰੀਵੱਸ ਉਸ ਨੂੰ ਆਪਣੀ ਪੂਰੀ ਡਿਗਰੀ ਪਹਿਲਾਂ ਵਾਲੀ ਯੂਨੀਵਰਸਿਟੀ ਤੋਂ ਹੀ ਪੂਰੀ ਕਰਨੀ ਪੈਂਦੀ ਹੈ। ਕਿਉਂਕਿ ਨਾ ਤਾਂ ਯੂਨੀਵਰਸਿਟੀਆਂ ਦੇ ਪਾਠਕ੍ਰਮ ਦੀ ਸਮਾਨਤਾ ਹੈ ਅਤੇ ਨਾ ਹੀ ਅਜਿਹਾ ਨਿਯਮ ਹੈ ਕਿ ਕਿਸੇ ਵੀ ਡਿਗਰੀ ਦਾ ਇਕ ਸਾਲ ਇਕ ਯੂਨੀਵਰਸਿਟੀ ਤੋਂ ਪਾਸ ਕਰਨ ਉਪਰੰਤ ਦੂਜਾ ਸਾਲ ਕਿਸੇ ਵੀ ਹੋਰ ਯੂਨੀਵਰਸਿਟੀ ਤੋਂ ਪਾਸ ਕੀਤਾ ਜਾ ਸਕੇ। ਸਰਕਾਰ ਨੂੰ ਇਸ ਪਾਸੇ ਸਿੱਖਿਆ ਕ੍ਰਾਂਤੀ ਲਿਆਉਣ ਲਈ ਸਾਰੀਆਂ ਯੂਨੀਵਰਸਿਟੀਆਂ ਦਾ ਪਾਠਕ੍ਰਮ ਇਕੋ ਜਿਹਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਅਜਿਹਾ ਨਿਯਮ ਵੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਵਿਦਿਆਰਥੀ ਆਪਣੀ ਡਿਗਰੀ ਦਾ ਕੋਈ ਵੀ ਸਾਲ ਕਿਸੇ ਵੀ ਯੂਨੀਵਰਸਿਟੀ ਤੋਂ ਪੜ੍ਹ/ਪਾਸ ਕਰ ਸਕੇ। ਜੇਕਰ ਸਚਮੁੱਚ ਅਜਿਹਾ ਹੋ ਜਾਵੇ ਤਾਂ ਸਿੱਖਿਆ ਪ੍ਰਾਪਤ ਕਰਨ ਦੀ ਅਸਲ ਆਜ਼ਾਦੀ ਦਾ ਵਿਦਿਆਰਥੀ ਵਰਗ ਭਰਪੂਰ ਲਾਭ ਉਠਾ ਸਕੇਗਾ।
-ਅੰਗਰੇਜ ਸਿੰਘ ਵਿੱਕੀ
ਕੋਟਗੁਰੂ।
ਗਿਆਨ ਬਨਾਮ ਜਾਣਕਾਰੀ
ਆਮ ਜ਼ਿੰਦਗੀ ਵਿਚ ਬਹੁਤੀ ਵਾਰ ਸਾਨੂੰ ਕਿਸੇ ਚੀਜ਼ ਬਾਰੇ ਜਾਣਕਾਰੀ ਤਾਂ ਹੁੰਦੀ ਹੈ ਪਰ ਇਸ ਨੂੰ ਪ੍ਰਯੋਗ ਵਿਚ ਕਿਵੇਂ ਲਿਆਉਣਾ ਹੈ ਇਹ ਨਹੀਂ ਪਤਾ ਹੁੰਦਾ, ਜਿਸਦੇ ਮੱਦੇਨਜ਼ਰ ਅਸੀਂ ਮਨਚਾਹੇ ਨਤੀਜੇ 'ਤੇ ਨਹੀਂ ਪਹੁੰਚ ਸਕਦੇ। ਇਸੇ ਤਰ੍ਹਾਂ ਹੀ ਜੇ ਅਸੀਂ ਸਾਡੀ ਅੱਜ ਦੀ ਸਿੱਖਿਆ ਪ੍ਰਣਾਲੀ ਦੀ ਗੱਲ ਕਰਦੇ ਹਾਂ ਤਾਂ ਇਹ ਦੇਖਣ ਵਿਚ ਆਉਂਦਾ ਹੈ ਕਿ ਵਿਦਿਆਰਥੀ ਸਿਰਫ਼ ਜਾਣਕਾਰੀ ਹੀ ਇਕੱਠੀ ਕਰਨ ਤੱਕ ਸੀਮਤ ਹੋ ਰਹੇ ਹਨ। ਕਿਸੇ ਸੰਕਲਪ ਬਾਬਤ ਇਕੱਤਰ ਕੀਤੀ ਇਕੱਲੀ ਸੂਚਨਾ ਉਸ ਦੀਆਂ ਪਰਤਾਂ ਖੋਲ੍ਹਣ ਲਈ ਨਾਕਾਫ਼ੀ ਹੁੰਦੀ ਹੈ ਜਦੋਂ ਤੱਕ ਸਾਨੂੰ ਉਸ ਦਾ ਵਿਵਹਾਰਕ ਗਿਆਨ ਨਹੀਂ ਹੈ। ਜਾਣਕਾਰੀ ਦੇ ਨਾਲ ਸਾਨੂੰ ਵਿਵਹਾਰਕ ਇਲਮ ਹੋਣਾ ਬਹੁਤ ਜ਼ਰੂਰੀ ਹੈ। ਜਾਣਕਾਰੀ ਨੂੰ ਗਿਆਨ ਦਾ ਜਾਮਾ ਪਹਿਨਾਉਣ ਦੀ ਕਲਾ ਜੇ ਸਾਡੇ ਵਿਚ ਹੋਵੇਗੀ ਤਾਂ ਅਸੀਂ ਹਰ ਮੁਸ਼ਕਿਲ ਨੂੰ ਖਦੇੜਦੇ ਹੋਏ ਆਸਾਨੀ ਨਾਲ ਆਪਣੀ ਮੰਜ਼ਿਲ ਸਰ ਕਰ ਸਕਦੇ ਹਾਂ। ਇਹ ਕਲਾ ਧਿਆਨ ਕੇਂਦਰਿਤ ਕਰਨ ਦੇ ਨਾਲ ਹੀ ਹਾਸਲ ਕੀਤੀ ਜਾ ਸਕਦੀ ਹੈ। ਇਕ ਵਿਦਿਆਰਥੀ ਤਦ ਹੀ ਸਫ਼ਲ ਬਣ ਸਕਦਾ ਹੈ ਜਦ ਉਹ ਆਪਣੇ ਵਿੱਦਿਅਕ ਕਾਲ ਦੌਰਾਨ ਆਪਣੇ ਮੁਰਸ਼ਦ ਦੀ ਹਰ ਛੋਟੀ ਤੋਂ ਛੋਟੀ ਗੱਲ ਨੂੰ ਧਿਆਨ ਨਾਲ ਸਮਝਣ ਤੇ ਧਾਰਨ ਕਰਨ ਦੇ ਹੁਨਰ ਦਾ ਧਾਰਨੀ ਹੋਵੇ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ
ਆਪਣੇ ਤੱਕ ਮਤਲਬ ਰੱਖੋ
ਕੌਣ ਕੀ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ? ਦੂਜਿਆਂ ਪ੍ਰਤੀ ਰਾਏ ਰੱਖਣਾ ਸਾਡਾ ਕੰਮ ਨਹੀਂ ਹੈ। ਅੱਜ ਜ਼ਿੰਦਗੀ ਬਹੁਤ ਜ਼ਿਆਦਾ ਰੁਝੇਵੇਂ ਹੋਣ ਕਰਕੇ ਆਪਣੇ ਖ਼ੂਨ ਦੇ ਰਿਸ਼ਤਿਆਂ ਲਈ ਵੀ ਸਮਾਂ ਨਹੀਂ ਹੈ। ਜਦੋਂ ਪਰਿਵਾਰ ਵਿਚ ਛੁੱਟੀ ਵਾਲਾ ਦਿਨ ਹੁੰਦਾ, ਉਸ ਦਿਨ ਹੀ ਇਕ-ਦੂਜੇ ਨੂੰ ਮਿਲਿਆ ਜਾਂਦਾ ਹੈ। ਪਰ ਅੱਜ ਦੌੜ-ਭੱਜ ਦੀ ਜ਼ਿੰਦਗੀ ਵਿਚ ਅਸੀਂ ਫਿਰ ਵੀ ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿਚ ਦਿਲਚਸਪੀ ਕਿਉਂ ਰੱਖ ਰਹੇ ਹਾਂ? ਦੋਸਤ ਦੀ ਜ਼ਿੰਦਗੀ ਵਿਚ ਜ਼ਿਆਦਾ ਦਖ਼ਲਅੰਦਾਜ਼ੀ ਨਾ ਕਰੋ। ਠੀਕ ਹੈ ਤੁਹਾਡਾ ਦੋਸਤ ਹੈ, ਦਿਲੋਂ ਕਰੀਬੀ ਹੈ, ਜੇ ਉਹ ਤੁਹਾਡੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰ ਰਿਹਾ ਹੈ, ਤੁਹਾਡਾ ਕਿਸੇ ਸਮੱਸਿਆ ਲਈ ਤੁਹਾਨੂੰ ਹੱਲ ਕੱਢ ਕੇ ਦੇ ਰਿਹਾ ਤਾਂ ਤੁਹਾਡਾ ਵੀ ਹੱਕ ਬਣਦਾ ਹੈ ਕਿ ਜੇ ਉਹ ਮੁਸੀਬਤ ਵਿਚ ਹੈ, ਉਸ ਦੀ ਮਦਦ ਕਰੋ। ਪਰ ਅੱਜ- ਕੱਲ੍ਹ ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਹਨ। ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਹਰ ਕਿਸੇ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ ਚਾਹੀਦਾ। ਘਰ ਦਾ ਭੇਤ ਖੁੱਲ੍ਹਦਾ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਆਓ, ਇਕ ਚੰਗਾ ਇਨਸਾਨ ਬਣੀਏ
ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ। ਜ਼ਿੰਦਗੀ ਜਿਊਣਾ ਵੀ ਇਕ ਕਲਾ ਹੈ। ਅਸੀਂ ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦੇ ਹਾਂ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜਿਹੋ ਜਿਹਾ ਕਰਮ ਅਸੀਂ ਕਰਾਂਗੇ, ਉਸੇ ਤਰ੍ਹਾਂ ਦਾ ਹੀ ਸਾਨੂੰ ਫਲ ਮਿਲੇਗਾ। ਜੋ ਇਨਸਾਨ ਚੰਗੇ ਕਰਮ ਕਰਦਾ ਹੈ, ਭਾਵ ਸਾਰਿਆਂ ਦੀ ਇੱਜ਼ਤ ਕਰਦਾ ਹੈ, ਕਿਸੇ ਦਾ ਦਿਲ ਨਹੀਂ ਦੁਖਾਂਦਾ, ਕੁਦਰਤ ਦੇ ਕਾਨੂੰਨ ਅਨੁਸਾਰ ਜ਼ਿੰਦਗੀ ਜਿਊਂਦਾ ਹੈ। ਫਿਰ ਕੁਦਰਤ ਵੀ ਅਜਿਹੇ ਇਨਸਾਨ ਨੂੰ ਕੋਈ ਕਮੀ ਨਹੀਂ ਛੱਡਦੀ। ਅਜਿਹਾ ਇਨਸਾਨ ਸੁੱਖਾਂ ਨਾਲ ਮਾਲਾਮਾਲ ਹੋ ਜਾਂਦਾ ਹੈ। ਜੋ ਇਨਸਾਨ ਗੁਰੂ ਮਰਿਆਦਾ ਅਨੁਸਾਰ ਜ਼ਿੰਦਗੀ ਜਿਊਂਦਾ ਹੈ ਫਿਰ ਦਾਤਾ ਵੀ ਉਸ ਦੀ ਝੋਲੀ ਸੁੱਖਾਂ ਨਾਲ ਭਰ ਦਿੰਦਾ ਹੈ। ਅਜਿਹੇ ਇਨਸਾਨ ਦਾ ਕਿਰਦਾਰ ਆਪ ਹੀ ਝਲਕਦਾ ਹੈ। ਉਸ ਨੂੰ ਆਪਣੇ ਬਾਰੇ ਬਿਆਨ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਅਜਿਹਾ ਇਨਸਾਨ ਕੁਦਰਤ ਦੇ ਦਾਇਰੇ ਵਿਚ ਰਹਿ ਕੇ ਵਧੀਆ ਜ਼ਿੰਦਗੀ ਗੁਜ਼ਾਰਦਾ ਹੈ। ਪਿਆਰ, ਸਹਿਣਸ਼ੀਲਤਾ, ਨਿਮਰਤਾ, ਹਮਦਰਦੀ ਮਨੁੱਖ ਜੀਵਨ ਦੇ ਗਹਿਣੇ ਹੁੰਦੇ ਹਨ। ਸਾਨੂੰ ਇਨ੍ਹਾਂ ਗਹਿਣਿਆਂ ਦੇ ਵਿਚ ਰਹਿ ਕੇ ਆਪਣੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਸਾਨੂੰ ਹਮੇਸ਼ਾ ਹੀ ਆਪਣੀ ਸੋਚ ਨੂੰ ਚੰਗਾ ਰੱਖਣਾ ਚਾਹੀਦਾ ਹੈ। ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਹਮੇਸ਼ਾ ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈ। ਹਮੇਸ਼ਾ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ। ਅਕਸਰ ਕਈ ਲੋਕਾਂ ਨੂੰ ਪੈਸੇ ਦਾ ਬਹੁਤ ਘੁਮੰਡ ਹੁੰਦਾ ਹੈ। ਪੈਸੇ ਦੇ ਘੁਮੰਡ ਕਰਕੇ ਉਹ ਕਈ ਵਾਰ ਅਜਿਹੇ ਗ਼ਲਤ ਕਰਮ ਕਰ ਦਿੰਦਾ ਹੈ ਜਿਸ ਕਰਕੇ ਸਮਾਜ ਵਿਚ ਉਸ ਨੂੰ ਕਈ ਵਾਰ ਨੀਵਾਂ ਵੀ ਹੋਣਾ ਪੈਂਦਾ ਹੈ। ਹਮੇਸ਼ਾ ਸੱਚ ਬੋਲੋ, ਕਦੇ ਵੀ ਕਿਸੇ ਇਨਸਾਨ ਦੀ ਬੁਰਾਈ ਨਾ ਕਰੋ ਤੇ ਨਾ ਹੀ ਕਦੇ ਕਿਸੇ ਇਨਸਾਨ ਦੀ ਚੁਗਲੀ ਕਰੋ, ਸੱਚ ਨੂੰ ਸੱਚ ਕਹੋ ਚਾਹੇ ਤੁਹਾਡਾ ਉਹ ਦੁਸ਼ਮਣ ਕਿਉਂ ਨਾ ਹੋਵੇ। ਹਮੇਸ਼ਾ ਵੱਡਿਆਂ ਬਜ਼ੁਰਗਾਂ ਦਾ ਸਤਿਕਾਰ ਕਰੋ। ਛੋਟਿਆਂ ਨਾਲ ਪਿਆਰ ਕਰੋ। ਚੰਗੇ ਲੋਕਾਂ ਦੀ ਸੰਗਤ ਕਰੋ। ਆਓ, ਆਪਾਂ ਇਕ ਚੰਗੇ ਇਨਸਾਨ ਬਣੀਏ।
-ਗੌਰਵ ਮੁੰਜਾਲ
ਪੀ.ਸੀ.ਐਸ.