15-06-2025
ਘਟਨਾਵਾਂ
ਲੇਖਕ : ਧਿਆਨ ਸਿੰਘ ਸ਼ਾਹ ਸਿਕੰਦਰ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ
ਮੁੱਲ : 120 ਰੁਪਏ, ਸਫ਼ੇ : 72
ਸੰਪਰਕ : 98148-22601
ਧਿਆਨ ਸਿੰਘ ਸ਼ਾਹ ਸਿਕੰਦਰ ਇਕ ਕਵੀ ਹੈ, ਕਹਾਣੀਕਾਰ ਹੈ, ਜੀਵਨੀਕਾਰ ਹੈ, ਸਫ਼ਰਨਾਮਾ ਲੇਖਕ ਹੈ ਅਤੇ ਸਿੱਖਿਆ ਸ਼ਾਸਤਰੀ ਹੈ। ਦੋਹੜਾ ਕਾਵਿ ਰੂਪ ਤੇ ਉਸ ਵਲੋਂ ਕੀਤੀ ਗਈ ਖੋਜ ਵੀ ਪੰਜਾਬੀ ਸਾਹਿਤ ਦਾ ਵਡਮੁੱਲਾ ਖਜ਼ਾਨਾ ਹੈ।
'ਘਟਨਾਵਾਂ' ਉਸ ਦੀ ਤੇਰ੍ਹਵੀਂ ਪੁਸਤਕ ਹੈ। ਵਾਰਤਕ ਰੂਪ ਵਿਚ ਲਿਖੀ ਗਈ ਇਹ ਪੁਸਤਕ ਲੇਖਕ ਦੀ ਜ਼ਿੰਦਗੀ ਵਿਚ ਵਾਪਰੀਆਂ ਉਨ੍ਹਾਂ ਘਟਨਾਵਾਂ ਦਾ ਪੁਨਰ-ਸਿਰਜਣ ਹੈ, ਜਿਹੜੀਆਂ ਉਸ ਦੀਆਂ ਯਾਦਾਂ ਵਿਚ ਗਹਿਰੀਆਂ ਧਸ ਗਈਆਂ। ਇਹ ਕੋਈ ਉਚੇਚ ਕਰਕੇ ਬਣਾਈਆਂ ਹੋਈਆਂ ਕਹਾਣੀਆਂ ਨਹੀਂ ਹਨ, ਜੋ ਕੁਝ ਸੁਭਾਵਿਕ ਰੂਪ ਵਿਚ ਲੇਖਕ ਨਾਲ ਵਾਪਰਿਆ ਜਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਵਾਪਰਿਆ। ਉਸ ਨੂੰ ਆਤਮਸਾਤ ਕਰਕੇ, ਸ਼ਬਦਾਂ ਵਿਚ ਇਹ ਸ਼ੈਲੀ ਬੇਹੱਦ ਵਿਲੱਖਣ ਸ਼ੈਲੀ ਹੈ। ਹੱਡ ਬੀਤੀ ਅਤੇ ਜਗ ਬੀਤੀ ਦਾ ਸੁੰਦਰ ਸੁਮੇਲ ਸਿਰਜ ਕੇ ਪਾਠਕਾਂ ਨੂੰ ਪਰੋਸਣ ਦਾ ਇਹ ਯਤਨ ਪੰਜਾਬੀ ਸਾਹਿਤ ਦਾ ਵਿਰਲਾ ਯਤਨ ਹੈ। ਸ਼ਬਦਾਂ ਦੀ ਰਸਭਿੰਨੀ ਲੜੀ ਵਿਚ ਪਰੋਈਆਂ ਇਹ ਘਟਨਾਵਾਂ ਲੇਖਕ ਨੂੰ ਕਹਾਣੀ ਰਸ ਵੀ ਪ੍ਰਦਾਨ ਕਰਦੀਆਂ ਹਨ ਅਤੇ ਸੁਹਜ ਸੁਆਦ ਨਾਲ ਵੀ ਗੜੁੱਚ ਕਰਦੀਆਂ ਹਨ। ਇਨ੍ਹਾਂ ਨੂੰ ਪੜ੍ਹਦਾ ਹੋਇਆ ਪਾਠਕ ਖੁਦ ਨੂੰ ਇਨ੍ਹਾਂ ਘਟਨਾਵਾਂ ਦੇ ਨਾਲ-ਨਾਲ ਤੁਰਦਾ ਮਹਿਸੂਸ ਕਰਦਾ ਹੈ।
ਕਿਤਾਬ ਦੇ ਸ਼ੁਰੂ ਵਿਚ ਹੀ ਲੇਖਕ ਨੇ ਸਪੱਸ਼ਟ ਲਿਖਿਆ ਹੈ, 'ਮੈਂ ਕਿਸੇ ਪ੍ਰਸਿੱਧੀ ਲਈ ਨਹੀਂ ਲਿਖ ਰਿਹਾ। ਜੀਵਨ ਸਦਾ ਵਿਕਾਸ ਕਰ ਰਿਹਾ ਹੈ, ਜੇ ਉਸ ਵਿਕਾਸ ਵਿਚ ਮੈਂ ਰਾਈ ਮਾਤਰ ਵੀ ਹਿੱਸਾ ਪਾ ਗਿਆ ਤਾਂ ਸਮਝੋ ਮੇਰਾ ਜੀਣ ਸਫ਼ਲ ਹੋ ਜਾਵੇਗਾ।' ਲਿਖਣ ਸੇਵਾ ਦੀ ਇਸ ਭਾਵਨਾ ਨਾਲ ਫੜੀ ਕਲਮ ਨੇ ਵਾਰਤਕ ਦੇ ਖੂਬਸੂਰਤ ਟੋਟੇ ਪਾਠਕਾਂ ਦੀ ਝੋਲੀ ਪਾਏ ਹਨ। ਇਨ੍ਹਾਂ ਵਿਚ 'ਸ੍ਰਦਾਈ', 'ਵੱਡੇ ਘਰ ਦਾ ਬੰਦਾ', 'ਖਜਲ ਖੁਆਰੀ', 'ਮਹਿੰਗਾ ਸੌਦਾ', 'ਮੱਤ ਦੀ ਗੱਲ', 'ਆਖਰੀ ਪੜਾਅ', 'ਧਰਤੀ 'ਤੇ ਭਾਰ' ਅਤੇ 'ਸਹਾਰਾ' ਆਦਿ ਦੀ ਵਾਰਤਕ ਨੂੰ ਗਿਣਿਆ ਜਾ ਸਕਦਾ ਹੈ। ਕਿਤਾਬਾਂ ਵਿਚ ਪੇਸ਼ ਹੋਈਆਂ ਘਟਨਾਵਾਂ ਨਿਰੀਆਂ-ਪੁਰੀਆਂ ਘਟਨਾਵਾਂ ਹੀ ਨਹੀਂ ਹਨ, ਇਹ ਨੈਤਿਕ ਮੁੱਲਾਂ ਦੇ ਅਜਿਹੇ ਦਸਤਾਵੇਜ਼ ਹਨ, ਜੋ ਵਰਤਮਾਨ ਪੀੜ੍ਹੀ ਲਈ ਪ੍ਰੇਰਨਾ ਦੇ ਸਰੋਤ ਹੋ ਸਕਦੇ ਹਨ:
'ਏਨੇ ਨੂੰ ਭੀੜ ਚੀਰਦਾ ਇਕ ਦਾਨਾ ਜਿਹਾ ਬੰਦਾ ਮੇਰੇ ਵੱਲ ਵਧਿਆ, 'ਗਿਆਨੀ ਜੀ ਮੈਨੂੰ ਵੀ ਪੰਜ ਸੱਤ ਜੁੱਤੀਆਂ ਮਾਰ ਲਵੋ' ਮੈਂ ਸਹਿਮ ਗਿਆ। ਉਹਨੇ ਮੇਰੇ ਨਾਲ ਪੰਚਾਇਤੀ ਚੋਣਾਂ ਵਿਚ ਕੰਮ ਕੀਤਾ ਹੋਇਆ ਸੀ। ਅਸੀਂ ਇਕ-ਦੂਜੇ ਨੂੰ ਜਾਣਦੇ ਸਾਂ, 'ਬਾਊ ਜੀ, ਇਹ ਕੀ ਗੱਲ ਹੋਈ, ਤੁਸੀਂ ਮੈਥੋਂ ਵੱਡੇ ਹੋ। ਮੈਂ ਤੁਹਾਡੀ ਇੱਜ਼ਤ ਕਰਦਾਂ।'
'ਕੀ ਦੱਸਾਂ ਇਹ ਮੇਰਾ ਭਤੀਜਾ ਹੈ ਗਿਆਨੀ ਜੀ' ਮੈਂ ਸੁੱਖ ਦਾ ਸਾਹ ਲਿਆ 'ਭਤੀਜਾ ਹੈ ਤਾਂ ਘਰ ਨੂੰ ਲੈ ਜਾਓ ਪਰ ਇਹਨੂੰ ਕਹਿ ਦਿਓ ਬੰਦਾ ਬਣ ਕੇ ਰਹੇ।'
ਰਾਜ਼ੀਨਾਮੇ ਦੇ ਕਾਗਜ਼ 'ਤੇ ਦਸਤਖਤ ਹੋਏ ਤੇ ਮੈਂ ਸ਼ੁਕਰ ਕੀਤਾ। ਗੱਲ ਮੁੱਕੀ, ਸਾਰੇ ਘਰੋ ਘਰੀ ਚਲੇ ਗਏ। ਇਹ ਤਾਂ ਸੋਚਦਾ ਹਾਂ ਕਿ ਮੈਂ ਉਦੋਂ ਕਾਨੂੰਨ ਹੱਥ ਵਿਚ ਲਿਆ ਸੀ ਪਰ ਉਸ ਗੇਟ 'ਤੇ, ਉਸ ਬਾਜ਼ਾਰ ਵਿਚ ਮੁੜ ਕੋਈ ਉਪੱਦਰ ਨਾ ਹੋਇਆ। (ਪੰਨਾ-27)। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਭਰੀ ਹੋਈ ਇਹ ਕਿਤਾਬ ਨਸੀਹਤਾਂ ਦੀ ਲੜੀ ਵਾਂਗ ਹੈ ਜੋ ਪਾਠਕ ਨੂੰ ਨਵੀਂ ਤੋਂ ਨਵੀਂ ਗੁੰਝਲ ਤੋਂ ਜਾਣੂ ਕਰਵਾਉਂਦੀ ਹੋਈ ਉਸ ਵਿਚ ਨਿਕਲਣ ਦਾ ਵਰਣਨ ਕਰਦੀ ਹੋਈ, ਜ਼ਿੰਦਗੀ ਦੇ ਸੋਹਣੇ ਸਬਕ ਸਹਿਜ ਰੂਪ ਵਿਚ ਹੀ ਸਿਖਾ ਦਿੰਦੀ ਹੈ।
ਇਕ ਆਦਰਸ਼ ਜੀਵਨ ਜਿਊਣ ਵਾਲੇ ਧਿਆਨ ਸਿੰਘ ਸ਼ਾਹ ਸਿਕੰਦਰ ਨੇ ਆਪਣੇ ਜੀਵਨ ਦੀਆਂ ਅਭੁੱਲ ਯਾਦਾਂ ਨੂੰ ਘਟਨਾਵਾਂ ਦੇ ਸਿਰਲੇਖ ਹੇਠ ਇਕੱਤਰ ਕਰਕੇ ਪੰਜਾਬੀ ਵਾਰਤਕ ਸਾਹਿਤ ਵਿਚ ਵਡਮੁੱਲਾ ਵਾਧਾ ਕੀਤਾ ਹੈ। ਇਹ ਕਿਤਾਬ ਪੜ੍ਹਨਯੋਗ ਵੀ ਹੈ ਅਤੇ ਮਾਨਣਯੋਗ ਵੀ।
-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812
ਮੇਰੇ ਕਾਰਨਾਮੇ
ਲੇਖਕ : ਜਨਮੇਜਾ ਸਿੰਘ ਜੌਹਲ
ਪ੍ਰਕਾਸ਼ਕ : ਏਸ਼ੀਆ ਵਿਜ਼ਨਜ਼
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 98159-45018
ਪਿੰਡਾਂ ਵਿਚ ਅਮਲੀਆਂ ਅਤੇ ਛੜਿਆਂ ਦੀਆਂ ਰਸਦਾਇਕ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਇਹ ਸਮਾਜ ਦੇ ਮਨੋਰੰਜਨ ਦੇ ਪਾਤਰ ਹਨ। ਪੰਜਾਬੀ ਸਾਹਿਤ ਵਿਚ ਕੁਝ ਨਿਵੇਕਲੀਆਂ ਸ਼ਖ਼ਸੀਅਤਾਂ ਦਾ ਮਹਿਫ਼ਲਾਂ 'ਚ ਜ਼ਿਕਰ ਹੁੰਦਾ ਰਹਿੰਦਾ ਹੈ ਜਿਵੇਂ ਦੇਵਿੰਦਰ ਸਤਿਆਰਥੀ ਦੀ ਜੀਵਨ-ਸ਼ੈਲੀ ਤੇ ਰਚਨਾਤਮਿਕਤਾ ਬਾਰੇ, ਫੋਟੋਗ੍ਰਾਫ਼ਰ ਬਾਜਵਾ ਬਾਰੇ, ਭੂਤ-ਵਾੜੇ ਦੇ ਲਾਲੀ ਦੀ ਅਲੌਕਿਕ-ਵਿਦਵਤਾ ਬਾਰੇ ਅਤੇ ਕੁਝ ਹੋਰ ਦਰਵੇਸ਼ ਵਿਅਕਤੀਆਂ ਬਾਰੇ। ਲੁਧਿਆਣੇ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਫੱਖਰ, ਮਸਤ-ਮਲੰਗ ਤੇ ਬਹੁ-ਗੁਣਾਂ ਦੇ ਮਾਲਕ ਜਨਮੇਜਾ ਸਿੰਘ ਜੌਹਲ ਤੁਹਾਡੀਆਂ ਸਿਮਰਤੀਆਂ 'ਚ ਕਈ ਰੰਗ ਲੈ ਕੇ ਹਾਜ਼ਰ ਹੁੰਦਾ। ਅੰਦਰੋਂ ਵਿਦਵਾਨ, ਬਾਹਰੋਂ ਚੰਗਾ ਇਨਸਾਨ, ਗੁਣਵੰਤਾ ਤੇ ਮੋਹਵੰਤਾ। ਮੈਂ ਉਸ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਪਰੰਤੂ ਨੇੜਿਓਂ ਗੱਲਾਂ ਕਰਨ ਦਾ ਮੌਕਾ ਨਹੀਂ ਬਣਿਆ। 'ਮੇਰੇ ਕਾਰਨਾਮੇ' ਉਸ ਦੀ ਪੁਸਤਕ ਉਸ ਦੀ ਜ਼ਿੰਦਗੀ ਦਾ ਬਹੀ-ਖਾਤਾ ਹੈ, ਜਿਸ ਨੂੰ ਪੜ੍ਹ ਕੇ ਸੱਚ ਦੀ ਇਬਾਰਤ ਨੂੰ ਮਾਨਣ ਦਾ ਸੁਆਦ ਆਉਂਦਾ। ਪੁਸਤਕ ਦੀ ਵਾਰਤਕ ਆਮ ਬੰਦੇ ਨਾਲ ਗੱਲਾਂ ਕਰਨ ਵਰਗੀ। ਕੋਈ ਉਚੇਚ ਨਹੀਂ, ਕੋਈ ਓਹਲਾ ਚੋਰੀ ਨਹੀਂ। ਇਹ ਪੁਸਤਕ ਉਸ ਦੇ ਜੀਵਨ ਦੀਆਂ ਬਾਤਾਂ ਪਾਉਂਦੀ। ਕਦੇ ਹਸਾਉਂਦੀ, ਕਦੇ ਗੰਭੀਰ ਕਰ ਦਿੰਦੀ। ਏਨਾ ਸੱਚ ਅਤੇ ਤਨਜ਼, ਜੌਹਲ ਹੀ ਸਿਰਜ ਸਕਦਾ। ਉਸ ਦੇ ਬੇਲੀ ਡਾ. ਜਸਵੰਤ ਸਿੰਘ (ਕੈਨੇਡਾ) ਨੂੰ ਇਸ ਪੁਸਤਕ ਦੇ ਮੁੱਖ ਬੰਦ (ਜਨਮੇਜੇ ਦੀ ਗੱਲ) ਲਿਖਣ ਲਈ ਮੌਕਾ ਮਿਲਿਆ, ਸਹੀ ਤਸਵੀਰ ਪੇਸ਼ ਕਰ ਦਿੱਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦ੍ਰਿਸ਼-ਚਿੱਤਰ ਅਤੇ ਕਾਰਜ-ਸ਼ੈਲੀ ਪੜ੍ਹਿਆਂ ਹੀ ਮਾਣੀ ਜਾ ਸਕਦੀ ਹੈ। ਉਸ ਦੀ ਫੋਟੋਗ੍ਰਾਫ਼ੀ ਉਸ ਦੇ ਜਨੂਨ ਦੀ ਹੱਦ ਹੈ। ਜੋ ਉਸ ਦੇ ਚਿੱਤ ਵਿਚ ਆਉਂਦਾ, ਉਸ ਲਈ ਉਹ ਮਰ ਮਿਟਣ ਵਾਲਾ ਕਲਾਕਾਰ ਹੈ। ਮਨ ਮਰਜ਼ੀ ਦਾ ਮਾਲਕ ਤੇ ਪਰਮਾਤਮਾ ਦੇ ਦਿੱਤੇ ਜੀਵਨ ਨੂੰ ਲੇਖੇ ਲਾਉਣਾ ਉਸ ਦਾ ਅਕੀਦਾ ਹੈ। ਇਹ ਦੱਸਣਾ ਮੁਸ਼ਕਿਲ ਹੈ ਕਿ ਜੌਹਲ ਨੇ ਕਿੰਨੀਆਂ ਸ਼ਖ਼ਸੀਅਤਾਂ ਦਾ ਸੰਪਰਕ ਹੰਢਾਇਆ ਹੈ। ਇਹ ਪੁਸਤਕ ਉਸ ਦੇ ਜੀਵਨ-ਸੰਘਰਸ਼ ਤੇ ਤਜਰਬਿਆਂ ਦੀ ਕੁਠਾਲੀ ਹੈ ਜਿਉਂ-ਜਿਉਂ ਪੜ੍ਹੋਗੇ, ਮਾਣੋਗੇ। ਕਿੰਨਾ ਅਜੀਬ ਹੈ, ਜੌਹਲ ਬੇਬਾਕ/ਫ਼ਕੀਰੀ ਨੂੰ ਅਮੀਰੀ ਸਮਝਣ ਵਾਲਾ ਤੇ ਹਰ ਹਾਲਾਤ 'ਚ ਜਿਊਣ ਵਾਲਾ, ਬਹੁ-ਭਾਂਤੀਆਂ ਘਟਨਾਵਾਂ ਦਾ ਸੁਆਦ ਮਾਨਣ ਵਾਲਾ ਤੇ ਵੱਖਰੀ ਸ਼ੈਲੀ ਦਾ ਮਾਲਕ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਅਕਲ ਨੂੰ ਸਜ਼ਾ
ਲੇਖਕ : ਹਰਦਿਆਲ ਸਿੰਘ ਚੀਮਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 80
ਸੰਪਰਕ : 77103-69138
ਪੁਸਤਕ ਲੇਖਕ ਹਰਦਿਆਲ ਸਿੰਘ ਚੀਮਾ ਸਿਆਟਲ (ਯੂ. ਐਸ. ਏ.) ਦੀ ਪੰਜਾਬੀ ਕਲਚਰਲ ਸੁਸਾਇਟੀ ਦਾ ਪ੍ਰਧਾਨ ਹੈ। ਇਸ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਉਸ ਦੀਆਂ ਕਿਤਾਬਾਂ ਦੀ ਲੰਮੀ ਸੂਚੀ ਵਿਚ ਕਾਵਿ-ਸੰਗ੍ਰਹਿ, ਬਾਲ ਰਚਨਾਵਾਂ ਤੇ ਗੀਤਾਂ ਦੀਆਂ 27 ਪੁਸਤਕਾਂ ਸ਼ਾਮਿਲ ਹਨ। ਪੰਜਾਬੀ ਬਾਲ ਬੋਧ ਤੇ ਵਿਰਸਾ, ਗੁਰਮੁਖੀ ਕੈਦਾ ਤੇ ਪੰਜਾਬੀ ਵਿਰਸਾ, ਪੰਜਾਬੀ ਵਰਣਮਾਲਾ ਚਾਰਟ ਮਹੱਤਵਪੂਰਨ ਕਿਤਾਬਾਂ ਹਨ। ਕੁਝ ਕਿਤਾਬਾਂ ਹਿੰਦੀ ਅੰਗਰੇਜ਼ੀ ਵਿਚ ਵੀ ਹਨ। ਚਰਚਾ ਅਧੀਨ ਕਹਾਣੀ-ਸੰਗ੍ਰਹਿ ਵਿਚ ਲੇਖਕ ਨੇ 13 ਕਹਾਣੀਆਂ ਤੇ ਇਕ ਕਵਿਤਾ ਸ਼ਾਮਿਲ ਕੀਤੀ ਹੈ। ਕਵਿਤਾ ਦਾ ਸਿਰਲੇਖ ਵੀ 'ਅਕਲ ਨੂੰ ਸਜ਼ਾ' ਹੈ। ਸੰਗ੍ਰਹਿ ਦੀ ਪਹਿਲੀ ਕਹਾਣੀ ਵੀ 'ਅਕਲ ਨੂੰ ਸਜ਼ਾ' ਹੈ। ਲੇਖਕ ਦਾ ਆਪਣਾ ਪਿੰਡ ਮੋਗੇ ਜ਼ਿਲ੍ਹੇ ਵਿਚ ਵਹਿਣੀਵਾਲ ਹੈ। ਇਸ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਲੇਖਕ ਨੇ ਮੁਢਲੀ ਸਿੱਖਿਆ ਹਾਸਲ ਕੀਤੀ। ਪਿੰਡ ਦੀ ਹਰਮਨਪਿਆਰੀ ਸ਼ਖ਼ਸੀਅਤ ਮਾਸਟਰ ਪਿਆਰਾ ਸਿੰਘ ਨੂੰ ਲੇਖਕ ਬਹੁਤ ਯਾਦ ਕਰਦਾ ਹੈ। ਪੁਸਤਕ ਦਾ ਸਮਰਪਨ ਵੀ ਮਾਸਟਰ ਪਿਆਰਾ ਸਿੰਘ ਤੇ ਪਿਤਾ ਜਰਨੈਲ ਸਿੰਘ ਚੀਮਾ ਦੇ ਨਾਂਅ ਹੈ। ਵਿਦੇਸ਼ ਵਿਚ ਰਹਿ ਕੇ ਵੀ ਲੇਖਕ ਨੂੰ ਆਪਣੇ ਪਿੰਡ ਨਾਲ ਪਿਆਰ ਹੈ। ਉਹ ਪਿੰਡ ਨਾਲ ਹੋਏ ਪਿਆਰ ਨੂੰ ਕਹਾਣੀਆਂ ਵਿਚ ਅੰਕਿਤ ਕਰਦਾ ਹੈ। ਕਹਾਣੀਆਂ ਵਿਚ ਪਿੰਡ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਦਾ ਜ਼ਿਕਰ ਹੈ। ਕਹਾਣੀਆਂ ਦਾ ਆਕਾਰ ਛੋਟਾ ਹੈ। ਪਰ ਪ੍ਰਭਾਵ ਬੱਝਵਾਂ ਹੈ। ਸਾਧਾਰਨ ਵਾਰਤਕ ਹੈ। ਪਾਤਰੀ ਸੰਵਾਦ ਦਿਲਚਸਪ ਹਨ। ਕਹਾਣੀਆਂ ਵਿਚ ਕਥਾ ਰਸ ਹੈ। ਪੰਜਾਬ ਦੇ ਪੁਰਾਣੇ ਸੱਭਿਆਚਾਰ ਦੀ ਮਹਿਕ ਹੈ । ਕਹਾਣੀ 'ਘੋਨਾ ਸਾਧ' ਵਿਚ ਪਖੰਡੀ ਸਾਧ ਦਾ ਜ਼ਿਕਰ ਹੈ। ਜਦੋਂ ਲੋਕ ਉਸ ਨੂੰ ਜਾਣ ਜਾਂਦੇ ਹਨ ਤਾਂ ਉਹ ਅਖੌਤੀ ਸਾਧ ਨੂੰ ਛੱਡ ਕੇ ਡਾਕਟਰੀ ਇਲਾਜ ਕਰਾਉਂਦੇ ਹਨ। 'ਘੋਰ ਬੇਅਦਬੀ' ਵਿਚ ਵਿਆਹ ਵਿਚ ਇਕ ਔਰਤ ਦੇ ਪਹਿਨੇ ਸੂਟ ਤੇ ਗੁਰਬਾਣੀ ਪੰਕਤੀਆਂ ਪੜ੍ਹ ਕੇ ਤੂਫਾਨ ਖੜ੍ਹਾ ਹੋ ਜਾਂਦਾ ਹੈ। ਪੁਲਿਸ ਤਫ਼ਤੀਸ਼ ਕਰਦੀ ਹੈ। ਪੜਤਾਲ ਗੁਰੂ ਘਰ ਦੇ ਗ੍ਰੰਥੀ ਤੱਕ ਜਾਂਦੀ ਹੈ। ਲੋਕ ਮਾਸਟਰ ਪਿਆਰਾ ਸਿੰਘ ਨੂੰ ਯਾਦ ਕਰਦੇ ਹਨ ਕਿ ਉਹ ਗੁਰੂ ਘਰ ਵਿਚ ਰੁਮਾਲੇ ਚੜ੍ਹਾਉਣ ਦੀ ਥਾਂ ਗ਼ਰੀਬ ਦੀ ਮਦਦ ਕਰਨ ਦਾ ਕਹਿੰਦਾ ਸੀ। ਹੋਰ ਵੀ ਕਈ ਘਟਨਾਵਾਂ ਵਿਚ ਮਾਸਟਰ ਪਿਆਰਾ ਸਿੰਘ (ਲੇਖਕ ਦਾ ਚਾਚਾ) ਨੂੰ ਯਾਦ ਕੀਤਾ ਜਾਂਦਾ ਹੈ। ਕੁਝ ਕਹਾਣੀਆਂ ਵਿਚ ਹਾਸ ਵਿਅੰਗ ਦੀ ਛੋਹ ਹੈ। ਕਹਾਣੀ 'ਲੁਕਣਮੀਚੀ', ਵਿਚ ਇਹ ਰੰਗ ਹੈ। ਪਤੀ ਸੰਦੂਕ ਵਿਚ ਲੁਕਦਾ ਹੈ। ਪਤਨੀ ਬਾਹਰੋਂ ਤਾਲਾ ਲਾ ਕੇ ਟਿਭ ਜਾਂਦੀ ਹੈ। ਜਦ ਕਦ ਮੰਦਾ ਹੋਇ, ਵੁੱਕਤ, ਅਹਿਸਾਸ, ਕਰਨੀ ਦਾ ਫਲ, ਜੱਗ ਵਿਚ ਸੀਰ ਸੰਗ੍ਰਹਿ ਦੀਆਂ ਦਿਲਚਸਪ ਰਚਨਾਵਾਂ ਹਨ। ਪੁਸਤਕ ਦੀ ਦਿੱਖ ਚੰਗੀ ਹੈ। ਭਰਪੂਰ ਸਵਾਗਤ ਹੈ।
-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਮਾਧੋ
ਲੇਖਕ : ਹਰਦੀਪ ਸਿੰਘ ਭੱਟੀ
ਪ੍ਰਕਾਸ਼ਕ : ਇਕਰਾਸ ਪਬਲੀਕੇਸ਼ਨਜ਼ ਖੰਨਾ
ਮੁੱਲ : 220 ਰੁਪਏ, ਸਫ਼ੇ : 104
ਸੰਪਰਕ : 78379-63067
2025 'ਚ ਹਰਦੀਪ ਸਿੰਘ ਭੱਟੀ ਦੇ ਮੁੜ ਪ੍ਰਕਾਸ਼ਿਤ ਹੋਏ ਇਸ 'ਮਾਧੋ' ਮਿੰਨੀ ਕਹਾਣੀ ਸੰਗ੍ਰਹਿ ਵਿਚ ਕੁੱਲ 59 ਮਿੰਨੀ ਕਹਾਣੀਆਂ ਹਨ। ਲੇਖਕ ਨੇ ਇਸ ਕਹਾਣੀ ਸੰਗ੍ਰਹਿ ਨੂੰ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਹੈ। ਇਸ ਪੁਸਤਕ ਬਾਰੇ ਨਾਮਵਰ ਸਾਹਿਤਕਾਰਾਂ ਡਾਕਟਰ ਦਰਸ਼ਨ ਸਿੰਘ ਆਸ਼ਟ, ਹਰਿੰਦਰ ਸਿੰਘ ਰਾਣਾ ਵਲੋਂ ਲਿਖਣਾ ਇਸ ਪੁਸਤਕ ਦੇ ਮਹੱਤਵ ਨੂੰ ਹੋਰ ਪੁਖਤਾ ਕਰਦਾ ਹੈ। ਪੇਸ਼ੇ ਤੋਂ ਵਕੀਲ ਲੇਖਕ ਨੇ ਆਪਣੀਆਂ ਕਹਾਣੀਆਂ ਵਿਚ ਲੋਕਾਂ ਦੇ ਜੀਵਨ ਨਾਲ ਜੁੜੇ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ, ਸੱਭਿਆਚਾਰਕ ਮੁੱਦਿਆਂ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਕਹਾਣੀਆਂ ਭਾਵੇਂ ਛੋਟੀਆਂ ਹਨ ਪਰ ਇਨ੍ਹਾਂ ਦੇ ਸੁਨੇਹੇ ਵੱਡੇ ਹਨ। ਨਵੀਂ ਪੀੜ੍ਹੀ ਦੇ ਇਸ ਕਲਮਕਾਰ ਦੀਆਂ ਰਚਨਾਵਾਂ ਅਕਸਰ ਹੀ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਬੇਬਾਕੀ ਨਾਲ ਮੁੱਦਿਆਂ ਨੂੰ ਚੁੱਕ ਕੇ ਸਮਾਜਿਕ ਬਦਲਾਅ ਦਾ ਹੋਕਾ ਦੇਣ ਵਾਲੇ ਇਸ ਲੇਖਕ ਦਾ ਮਿੰਨੀ ਕਹਾਣੀ ਦੇ ਖੇਤਰ 'ਚ ਵਿਸ਼ੇਸ਼ ਸਥਾਨ ਹੈ। ਉਹ ਆਪਣੀਆਂ ਕਹਾਣੀਆਂ ਲਈ ਵਿਸ਼ਾ ਵਸਤੂ, ਪਾਤਰਾਂ ਦੀ ਚੋਣ, ਉਨ੍ਹਾਂ ਦੀ ਮਾਨਸਿਕਤਾ, ਉਨ੍ਹਾਂ ਦੇ ਚਰਿੱਤਰ ਚਿਤਰਣ, ਉਨ੍ਹਾਂ ਦੇ ਮੁਤਾਬਿਕ ਸੰਵਾਦ, ਭਾਸ਼ਾ ਅਤੇ ਸ਼ਬਦ ਚੋਣ ਵਿਚ ਪੂਰੀ ਮੁਹਾਰਤ ਰੱਖਦਾ ਹੈ। ਕਹਾਣੀਆਂ ਦੀ ਵਿਸ਼ਾ ਵਸਤੂ ਵਿਚ ਸੰਵੇਦਨਸ਼ੀਲਤਾ, ਡੂੰਘਾਈ ਅਤੇ ਸਮਾਜ ਵਿਚ ਬਦਲਾਅ ਨੂੰ ਵੇਖਣ ਦੀ ਤੀਬਰ ਇੱਛਾ ਅਨੁਭਵ ਹੁੰਦੇ ਹਨ। ਕਹਾਣੀਆਂ 'ਚ ਕਲਪਨਾ ਨਾਲੋਂ ਹਕੀਕਤ ਜ਼ਿਆਦਾ ਜਾਪਦੀ ਹੈ। ਕਹਾਣੀਆਂ ਨੂੰ ਪੜ੍ਹਦਿਆਂ ਇਵੇਂ ਜਾਪਦਾ ਹੈ ਕਿ ਪਾਤਰ ਸਾਡੇ ਸਾਹਮਣੇ ਹੀ ਵਿਚਰ ਰਹੇ ਹਨ। ਇਸ ਕਹਾਣੀ ਸੰਗ੍ਰਹਿ ਦੀ ਰਚਨਾ 'ਮਾਧੋ' ਪੈਸੇ ਦੀ ਦੌੜ ਵਿਚ ਗੁਆਚੇ ਮਨੁੱਖ ਦੀ ਅੰਤ ਵਿਚ ਖਾਲੀ ਹੱਥ ਜਾਣ ਦੀ ਦਾਸਤਾਨ ਬਿਆਨ ਕਰ ਰਹੀ ਹੈ। 'ਅੰਨਦਾਤਾ' ਕਹਾਣੀ ਅਜੋਕੇ ਸਮੇਂ 'ਚ ਆਰਥਿਕ ਮੰਦਹਾਲੀ ਦੀ ਚੱਕੀ ਵਿਚ ਪਿਸ ਰਹੇ ਕਿਸਾਨ ਦੀ ਜਿੰਦਗੀ ਨੂੰ ਉਜਾਗਰ ਕਰਦੀ ਹੈ। 'ਦਸਤਾਰ' ਕਹਾਣੀ ਵਿਚ ਫੈਸ਼ਨ-ਪ੍ਰਸਤੀ ਦੇ ਵਹਿਣ ਵਿਚ ਵਹਿ ਕੇ ਆਪਣੇ ਕੇਸ ਕਟਾਉਣ ਦੀ ਪ੍ਰਵਿਰਤੀ ਨੂੰ ਅਪਣਾਉਣ ਵਾਲੀ ਨਵੀਂ ਪੀੜ੍ਹੀ ਨੂੰ ਇਸ ਕੁਰੀਤੀ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਦਲਾਅ ਕਹਾਣੀ ਵਿਚ ਕੁੜੀਆਂ ਦੀ ਲੋਹੜੀ ਮਨਾਉਣ ਦੀ ਗੱਲ ਕਰਕੇ ਮੁੰਡੇ-ਕੁੜੀਆਂ ਵਿਚ ਫਰਕ ਸਮਝਣ ਵਾਲੇ ਲੋਕਾਂ ਦੀ ਬਾਤ ਪਾ ਕੇ ਇਸ ਕੁਰੀਤੀ ਤੋਂ ਮੁਕਤੀ ਪਾਉਣ ਦੀ ਚਰਚਾ ਕੀਤੀ ਹੈ। ਇਸ ਕਹਾਣੀ ਸੰਗ੍ਰਹਿ ਦੀ ਹਰ ਕਹਾਣੀ ਸਮਾਜਿਕ ਸਰੋਕਾਰਾਂ ਨੂੰ ਛੁਹ ਕੇ ਕੋਈ ਨਾ ਕੋਈ ਉਸਾਰੂ ਸੁਨੇਹਾ ਦਿੰਦੀ ਜਾਪਦੀ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਸਮੇਂ ਦੇ ਨਕਸ਼
ਸੰਪਾਦਕ : ਸ਼ੇਲਿੰਦਰਜੀਤ ਸਿੰਘ ਰਾਜਨ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ
ਮੁੱਲ : 100 ਰੁਪਏ, ਸਫ਼ੇ : 136
ਸੰਪਰਕ : 98157-69164
ਸੰਪਾਦਕ ਸ਼ੇਲਿੰਦਰਜੀਤ ਸਿੰਘ ਰਾਜਨ ਹਥਲੇ ਸਾਂਝੇ ਕਾਵਿ-ਸੰਗ੍ਰਹਿ ''ਸਮੇਂ ਦੇ ਨਕਸ਼'' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਰਾਜਨ ਕਿਸੇ ਰਸਮੀ ਜਾਣ-ਪਛਾਣ ਦੇ ਮੁਹਤਾਜ਼ ਨਹੀਂ ਕਿਉਂਕਿ ਉਹ ਬਹੁ-ਵਿਧਾਈ ਲੇਖਕ ਤੇ ਸੰਪਾਦਕ ਹੈ। ਰਾਜਨ ਆਨਲਾਈਨ ਮੈਗਜ਼ੀਨ 'ਕਾਵਿ-ਸਾਂਝਾਂ' ਰਾਹੀਂ ਨਵੇਂ ਤੇ ਪੁਰਾਣੇ ਲੇਖਕਾਂ ਨੂੰ ਪਾਠਕਾਂ ਦੇ ਰੂ-ਬਰੂ ਕਰਵਾਉਂਦਾ ਰਹਿੰਦਾ ਹੈ। ਉਹ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਹੈ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਆਂ ਸੇਵਾਵਾਂ ਵੀ ਨਿਭਾਅ ਰਿਹਾ ਹੈ। ਹਥਲੇ ਸਾਂਝੇ ਕਾਵਿ-ਸੰਗ੍ਰਹਿ ਵਿਚ ਨਵੇਂ ਪੁਰਾਣੇ 45 ਸ਼ਾਇਰਾਂ ਦੀਆਂ ਨਜ਼ਮਾਂ ਸ਼ਾਮਿਲ ਹਨ ਅਤੇ ਅੰਕ ਵਿਚ ਸ਼ਾਮਿਲ ਤਸਵੀਰਾਂ ਵੀ ਸ਼ਾਮਿਲ ਹਨ। ਰਾਜਨ ਇਕ ਸਿਰੜੀ ਸੰਪਾਦਕ ਹੈ, ਜੋ ਪ੍ਰਕਾਸ਼ਕਾਂ ਦੇ ਚੁੰਗਲ ਵਿਚੋਂ ਪੁੰਗਰ ਰਹੇ ਲੇਖਕਾਂ ਨੂੰ ਲੁੱਟ ਖਸੁੱਟ ਤੋਂ ਬਚਾਅ ਰਿਹਾ ਹੈ। ਹਰੇਕ ਲੇਖਕ ਨੂੰ ਆਪਣੇ ਪੱਲਿਓਂ ਪੈਸੇ ਦੇ ਕੇ ਕਿਤਾਬ ਛਪਵਾਉਣਾ ਪੁਰਸਲਾਤ ਦੀ ਨਦੀ ਪਾਰ ਕਰਨ ਵਰਗੀ ਕੋਸ਼ਿਸ਼ ਹੈ ਤੇ ਰਾਜਨ ਸਾਹਿਬ ਇਹ ਮੰਚ ਮੁਹੱਈਆ ਕਰਵਾ ਕੇ ਨਵੇਂ ਲੇਖਕਾਂ ਦੀ ਪਿੱਠ ਥਾਪੜ ਰਿਹਾ ਹੈ। ਇਹ ਕਾਵਿ ਸੰਗ੍ਰਹਿ ਸਮੇਂ ਦੇ ਨਕਸ਼ ਪਹਿਚਾਣਦਾ ਹੀ ਨਹੀਂ, ਸਗੋਂ 21ਵੀਂ ਸਦੀ ਵਿਚ ਸ਼ਾਇਰਾਂ ਦੀਆਂ ਨਵੀਆਂ ਗਰਾਂ ਦੇ ਪਾਂਧੀ ਵੀ ਬਣਾਉਂਦਾ ਹੈ। ਇਸ ਸੰਗ੍ਰਹਿ ਵਿਚ ਮਾਨਵੀ ਸਰੋਕਾਰਾਂ ਦੇ ਵਿਭਿੰਨ ਫਿਕਰਾਂ ਨੂੰ 136 ਸਫ਼ਿਆਂ ਤੇ ਕਵਿਤਾਇਆ ਗਿਆ ਹੈ। ਇਸ ਵਿਚ ਮਾਂ ਬੋਲੀ ਲਈ ਪਿਆਰ, ਤਰੰਗਤੀ ਮੁਹੱਬਤ ਦੇ ਗਿਲੇ ਸ਼ਿਕਵੇ, ਬਚਪਨ ਦੀਆਂ ਅਠਖੇਲੀਆਂ, ਮਮਤਾ ਦੀ ਮੂਰਤ ਮਾਂ ਦੇ ਪਿਆਰ ਦਾ ਜਜ਼ਬਾਤੀ ਬਿਰਤਾਂਤ ਅਤੇ ਜ਼ਿੰਮੇਵਾਰੀਆਂ ਦੀ ਪੰਡ ਆਦਿ ਦੇ ਸਰੋਕਾਰਾਂ ਨਾਲ ਦਸਤਪੰਜਾ ਲਿਆ ਗਿਆ ਹੈ। ਪ੍ਰੋ. ਗੁਰਭਜਨ ਗਿੱਲ ਪੱਤਝੜਿਆਂ ਦਾ ਦਰਦ ਪਹਿਚਾਣਦਾ ਹੈ, ਦਰਸ਼ਨ ਬੁੱਟਰ ਮਨ ਦੀ ਮੈਲ ਕਾਫ਼ੂਰ ਕਰਾਉਂਦਾ ਹੈ, ਲਖਵਿੰਦਰ ਜੌਹਲ ਵਕਤ ਦੇ ਕਾਫ਼ਲੇ ਦੇ ਪੰਧ ਦੀ ਨਿਸ਼ਾਨਦੇਹੀ ਕਰਦਾ ਹੈ, ਸੁਸ਼ੀਲ ਦੁਸਾਂਝ ਤੂਫ਼ਾਨਾਂ ਨਾਲ ਲੜਨ ਦੇ ਜੇਰਾ ਕਰਦਾ ਹੈ। ਕੁਲਵੰਤ ਔਜਲਾ ਮਾਂ ਵਰਗੀ ਕਵਿਤਾ ਨਾ ਲਿਖਣ ਦਾ ਹੇਰਵਾ ਕਰਦਾ ਹੈ ਤੇ ਸ਼ੇਲਿੰਦਰਜੀਤ ਰਾਜਨ ਹਨੇਰਿਆਂ ਵਿਚ ਦੀਵੇ ਜਗਾਉਣ ਦਾ ਅਹਿਦ ਕਰਵਾਉਂਦਾ ਹੈ। ਇਹ ਕਾਵਿ-ਸੰਗ੍ਰਹਿ ਵੱਖ-ਵੱਖ ਰੰਗਾਂ ਦਾ ਕੋਲਾਜ਼ ਹੈ। ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸੰਪਾਦਨਾ ਦੀ ਉਡੀਕ ਰਹੇਗੀ। ਜ਼ਰਾ ਗੁਰਮੀਤ ਸਿੰਘ ਬਾਜਵੇ ਦੇ ਦੋਹੜੇ ਦੀ ਰਮਜ ਪਹਿਚਾਨਣਯੋਗ ਹੈ। ਜਰਾ ਨਮੂਨਾ ਦੇਖੋ :
'ਸਾਡੇ ਛੰਨੇ ਵਿਚਲੀ ਚੂਰੀ, ਖੋਹ ਕੇ ਖਾਧੀ ਕਾਵਾਂ।
ਤਾਂ ਹੀ ਘੋਰ ਉਦਾਸੀ ਛਾਈ, ਸਾਡੇ ਸ਼ਹਿਰ ਗਰਾਵਾਂ।
ਅੰਨ੍ਹਿਆਂ ਹੱਥ ਬਟੇਰੇ ਆਏ, ਹੋਰ ਕੀ ਮੈਂ ਸਮਝਾਵਾਂ।
ਜੀਅ ਕਰਦਾ ਜਰਖੇਜ਼ ਮਿੱਟੀ 'ਚੋਂ, ਸੂਹੇ ਫੁੱਲ ਉਗਾਵਾਂ।'
-ਭਗਵਾਨ ਢਿੱਲੋਂ
ਮੋਬਾਈਲ : 98143-78254
ਭੱਟੀ ਭਾਈਚਾਰਾ
(ਭੱਟੀਆਂ ਦਾ ਇਤਿਹਾਸ)
ਲੇਖਕ : ਹਰਚਰਨ ਸਿੰਘ ਸੇਲਬਰਾਹ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 300 ਰੁਪਏ, ਸਫ਼ੇ : 203
ਸੰਪਰਕ : 98146-13178
ਹਰ ਬੰਦਾ ਜਾਂ ਹਰ ਖਾਨਦਾਨ ਆਪਣੀਆਂ ਜੜ੍ਹਾਂ ਫਰੋਲਣੀਆਂ ਚਾਹੁੰਦਾ ਹੈ ਪਰ ਭਾਰਤੀ ਉਪ-ਮਹਾਂਦੀਪ ਦੀ ਇਹ ਬਦ ਕਿਸਮਤੀ ਹੈ ਕਿ ਇਸ ਨੇ ਆਪਣਾ ਇਤਿਹਾਸ ਉਵੇਂ ਨਹੀਂ ਸਾਂਭਿਆ ਜਿਵੇਂ ਕਿ ਸੰਭਾਲਣਾ ਚਾਹੀਦਾ ਸੀ। ਜਿੰਨਾ ਕੂ ਜਾਂ ਜਿਵੇਂ ਵੀ ਕੁੱਝ ਸਾਂਭਿਆਂ-ਲਿਖਿਆ ਗਿਆ ਹੈ, ਬਹੁਤਾ ਕਰਕੇ ਉਸ ਵਿਚ ਵੀ ਰਲਾਅ-ਦਰ-ਰਲਾਅ ਹੁੰਦਾ ਰਿਹਾ ਜਾਂ ਉਹ ਸ਼ਰਧਾ, ਨਿੱਜ-ਮੋਹ ਜਾਂ ਸਵੈ-ਪੜਚੋਲ ਲਬਰੇਜ਼ ਹੈ। ਆਪਣਿਆਂ ਨੂੰ ਵਡਿਆਉਣਾ ਅਤੇ ਦੁਸਰੇ ਦਾ ਜਲੌਅ ਲਕਾਉਣਾ ਇਸ ਦੀ ਇਕ ਹੋਰ ਭੈੜ ਹੈ। ਪਿੰਡਾਂ ਵਾਂਗ ਬਹੁਤੇ ਕੁਨਬਿਆਂ ਦਾ ਵੀ ਦਸਤਾਵੇਜ਼ੀ ਇਤਿਹਾਸ, ਖ਼ਾਸ ਕਰਕੇ ਬੱਝਵਾਂ ਜ਼ਿਕਰ ਨਹੀਂ ਮਿਲਦਾ।
ਸਾਧਨਾ ਅਤੇ ਸ੍ਰੋਤਾਂ ਦੀ ਬੇਹੱਦ ਕਮੀ ਦੇ ਬਾਵਯੂਦ ਚਿੰਤਕ ਹਰਭਜਨ ਸਿੰਘ ਜੀ ਸੇਲਬਰਾਹ ਜਿਥੇ ਸਥਾਨਕ ਇਤਿਹਾਸ ਲਿਖਣ ਦੇ ਪ੍ਰੋਢ ਯਤਨਾਂ ਵਿਚ ਰਹਿੰਦੇ ਹਨ, ਉਥੇ ਐਂਤਕੀ ਉਨ੍ਹਾਂ ਨੇ ਭਾਰਤ ਦੇ ਚਰਚਿਤ ਰਾਜ-ਪ੍ਰੀਵਾਰਾਂ ਵਿਚ ਸ਼ੁਮਾਰ ਰਹੇ 'ਭੱਟੀ ਭਾਈਚਾਰੇ' ਦੀ ਸੰਘਰਸ਼ਮਈ ਅਤੇ ਗੌਰਵਸ਼ਾਲੀ ਤਵਾਰੀਖ ਲਿਖਣ ਦੀ ਗੰਭੀਰ ਅਤੇ ਵਿਗਿਆਨਕ ਕੋਸ਼ਿਸ਼ ਕੀਤੀ ਹੈ। ਪੰਦਰਾਂ ਪਾਠਾਂ ਅਤੇ ਤਿੰਨ ਹੋਰ (ਦੋ ਸਬਦ, ਮੁੱਖ ਬੰਦ ਅਤੇ ਸਹਾਇਕ ਪੁਸਤਕਾਂ ਦੀ ਸੂਚੀ) ਨਾਲ ਲਬਰੇਜ਼ ਇਸ ਪੁਸਤਕ ਦਾ ਹਰੇਕ ਪਾਠ ਬੇਸ਼ਕੀਮਤੀ ਸ੍ਰੋਤਾਂ ਨਾਲ ਭਰਪੂਰ ਹੈ। ਇਨ੍ਹਾਂ ਸ੍ਰੋਤ-ਟੂਕਾਂ ਦੁਆਰਾ ਦਿੱਤੀਆਂ ਜਾਣਕਾਰੀਆਂ ਵੀ ਇਸ ਪੁਸਤਕ ਦਾ ਇਕ ਹਾਸਿਲ ਹੈ। ਇਹ ਪੁਸਤਕ ਇੱਕ ਚਰਚਿਤ ਹਿੰਦੂ ਰਾਜਪੂਤ ਕਬੀਲੇ 'ਭੱਟੀ ਕੁਨਬੇ', ਭਾਵੇਂ, ਮਗਰੋਂ, ਉਨ੍ਹਾਂ ਦੀਆਂ ਕਈ ਸ਼ਾਖਾਵਾਂ ਬਹੁ-ਭਾਂਤੀ ਹਿੰਦੂ, ਮੁਸਲਮਾਨ, ਸਿੱਖਾਂ ਅਤੇ ਬਹੁ-ਪਰਤੀ ਜਾਤਾਂ (ਖਾਸ ਕਰਕੇ ਰਾਣੇ, ਜੱਟ ਤੇ ਦਲਿਤ ਆਦਿ) ਅਤੇ ਉਪ-ਗੋਤਾਂ 'ਚ ਬਦਲ ਸ਼ੁਮਾਰ ਹੋ ਗਈਆਂ ਸਨ/ਹਨ ਪਰ ਇਸ ਨਾਲ ਉਨ੍ਹਾਂ ਦੀ ਅਸਲ ਜੜ੍ਹ (ਮੂੰਹੀ) ਦੀ ਮਹੱਤਤਾ ਅਤੇ ਪੂਰਵ ਜਲੌਅ ਨਹੀਂ ਘੱਟਦਾ।
ਇਸ ਕਿਤਾਬ ਵਿਚ 'ਭੱਟੀਆਂ' ਦੇ ਇਤਿਹਾਸ-ਮਿਥਿਹਾਸ,ਰੱਤ-ਡੋਲ੍ਹਵੇਂ ਕਿੱਸੇ, ਗੌਰਵ ਤੇ ਪ੍ਰੇਮ ਗਾਥਾਵਾਂ, ਗੜ੍ਹੀਆਂ-ਕਿਲਿਆਂ, ਖਾਨਦਾਨਾਂ ਅਤੇ ਹੋਰ ਧਿਰਾਂ 'ਚ ਬਦਲ ਜਾਂ ਸ਼ੁਮਾਰ ਹੋ ਜਾਣ ਦੇ ਦਿਲਚਪਸ ਕਾਂਡ ਹਨ। ਇਹੀ ਨਹੀਂ, ਉਨ੍ਹਾਂ ਦੇ ਪੂਰਵਜ਼ਾਂ ਦੁਆਰਾ ਵਸਾਏ ਗਏ ਪਿੰਡਾਂ-ਨਗਰਾਂ ਤੇ ਉਸਾਰੇ ਗਏ ਮਹਿਲਾਂ-ਹਵੇਲੀਆਂ, ਤਾਲਾਬਾਂ, ਬਾਜ਼ਾਰਾਂ ਅਤੇ ਹੁਣ ਦੇ ਧੜਵੈਲ ਰਾਜਸਥਾਨੀ ਸ਼ਹਿਰਾਂ ਨੂੰ ਵਸਾਉਣ ਜਾਂ ਵਿਕਸਿਤ ਕਰਨ ਦੇ ਅਣ-ਮਿਣਵੇਂ ਹਿੱਸੇ ਤੇ ਹੁਣ ਦੀਆਂ ਸੈਰਗਾਹਾਂ ਦਾ ਵੀ ਪੁਖਤਾ ਜ਼ਿਕਰ ਹੈ। ਬੇਹੱਦ ਤਰੱਦਦ ਨਾਲ ਸੇਲਬਰਾਹ ਦੁਆਰਾ ਕਲਮਬੱਧ ਉੱਕਤ ਪੁਸਤਕ ਵਿਰਾਸਤੀ, ਦਿਲਚਪਸ ਅਤੇ ਨਵੇਕਲੀਆਂ ਜਾਣਕਾਰੀਆਂ ਨਾਲ ਭਰਪੂਰ ਦਸਤਾਵੇਜ਼ ਹੈ ਜਿਹੜੀ 'ਭੱਟੀ' ਕੁਨਬਿਆਂ, ਸਮੂਹਾਂ ਅਤੇ ਗੋਤਰੀਆਂ ਨੂੰ ਖਰੀਦ, ਪੜ੍ਹ ਅਤੇ ਸਾਂਭ ਲੈਣੀ ਚਾਹੀਦੀ ਹੈ, ਆਪਣੇ ਲਈ ਵੀ ਅਤੇ ਆਪਣੀਆਂ ਅਗਲੀਆਂ-ਅਗਲੇਰੀਆਂ ਪੀੜ੍ਹੀਆਂ ਲਈ ਵੀ। ਹਾਂ, ਭਾਰਤੀ ਜਨ-ਸਮੂਹਾਂ ਦੀ ਬਣਤਰ ਅਤੇ ਜਾਤਾਂ-ਗੋਤਾਂ ਦੀ ਚੀੜ-ਫਾੜ ਵਿਚ ਦਿਲਚਪਸੀ ਰੱਖਣ ਵਾਲਿਆਂ ਤੇ ਇਤਿਹਾਸ ਦੇ ਵਿਦਿਆਰਥੀਆਂ ਨੂੰ ਵੀ ਇਹ ਪੁਸਤਕ ਜ਼ਰੂਰ ਪੜ੍ਹ-ਵਾਚ ਲੈਣੀ ਚਾਹੀਦੀ ਹੈ।
-ਵਿਜੈ ਬੰਬੇਲੀ
ਮੋਬਾਈਲ : 94634-39075