31-08-25
ਸੂਰਜ ਬਲ਼ਦਾ ਧੁੰਦਾਂ ਓਹਲੇ
ਲੇਖਕ : ਮਨਜੀਤ ਪਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 86
ਸੰਪਰਕ : 96467-13155
'ਸੂਰਜ ਬਲ਼ਦਾ ਧੁੰਦਾਂ ਓਹਲੇ' ਕਾਵਿ-ਸੰਗ੍ਰਹਿ ਮਨਜੀਤ ਪਾਲ ਸਿੰਘ ਦਾ ਪਲੇਠਾ ਪੰਜਾਬੀ ਕਾਵਿ-ਜਗਤ ਹਸਤਾਖ਼ਰ ਹੈ | ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੀ ਪਿਆਰੀ ਮਾਂ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਦਿੱਤਾ ਹੈ, ਜੜ੍ਹਾਂ ਤੋਂ ਮੁਕਤ ਦਰੱਖਤ ਕਦੇ ਵੀ ਪ੍ਰਫੁੱਲਿਤ ਨਹੀਂ ਹੁੰਦਾ | ਇਸੇ ਤਰ੍ਹਾਂ ਸ਼ਬਦ-ਸੁਰਤਿ ਤੋਂ ਬਿਨਾਂ 'ਸੂਰਜ', ਚਾਨਣ ਦੀ ਥਾਹ ਨਹੀਂ ਪਾਈ ਜਾ ਸਕਦੀ ਹੈ | ਇਸ ਕਾਵਿ-ਸੰਗ੍ਰਹਿ ਵਿਚ 'ਸੂਰਜ ਬਲ਼ਦਾ ਧੁੰਦਾਂ ਓਹਲੇ' ਤੋਂ ਲੈ ਕੇ ਸਾਜਿਸ਼ ਤੱਕ 64 ਕਵਿਤਾਵਾਂ/ਗ਼ਜ਼ਲਾਂ ਸੰਕਲਿਤ ਕੀਤੀਆਂ ਗਈਆਂ ਹਨ | ਪੰਜਾਬੀ ਅਚੇਤ ਮਨ 'ਚ ਹਮੇਸ਼ਾ ਹੀ ਸੂਫ਼ੀਆਨਾ, ਆਸ਼ਿਕਾਨਾਂ, ਫਨਸਫ਼ਾਨਾ ਤਰੰਗਾਂ, ਤਰੰਗਿਤ ਰਹਿੰਦੀਆਂ ਹਨ | ਕਵੀ ਦਾ ਬੁਨਿਆਦੀ ਸੁਭਾਅ/ਸੰਸਕਾਰ ਗੁਰ ਸਿੱਖ ਵਾਲੇ ਹਨ ਜੋ ਉਸ ਦੇ ਕਾਵਿ-ਬਿਰਤਾਂਤ ਨੂੰ ਉਦਾਰ-ਮਾਨਵਵਾਦੀ ਦੇ ਇਤਿਹਾਸਕ ਸੰਦਰਭ 'ਚ ਪੇਸ਼ ਕਰਦੇ ਹਨ | ਇਨ੍ਹਾਂ ਕਾਵਿ-ਕਥਨਾਂ ਰਾਹੀਂ ਗੁਰੂ ਇਤਿਹਾਸ ਦੀਆਂ ਜੰਗਜੂ ਤਸ਼ਬੀਹਾਂ, ਬਿੰਬ, ਸੰਕਲਪਾਂ ਦੀਆਂ ਸਿਧਾਂਤਕ ਵਿਆਖਿਆਵਾਂ ਪੇਸ਼ ਕੀਤੀਆਂ ਗਈਆਂ ਹਨ | ਕਵੀ ਦਾ ਆਪਣਾ-ਆਪਾ ਕਾਵਿਕ-ਰਚਨਾਵਾਂ ਵਿਚ ਸਵੈਜੀਵਨੀ ਰੂਪ 'ਚ ਹਮੇਸ਼ਾ ਤੋਂ ਹੀ ਸੁਭਾਵਿਕ ਰੂਪ 'ਚ ਪੇਸ਼ ਹੁੰਦਾ ਆਇਆ ਹੈ | ਇਨ੍ਹਾਂ ਰਚਨਾਵਾਂ ਵਿਚ ਕਵੀ ਦੀ ਅੰਦਰੂਨੀ ਸੋਚ, ਸੁਹਜ, ਦਿ੍ਸ਼ਟੀ ਦੇ ਦਰਸ਼ਨ-ਦੀਦਾਰੇ ਉਪਲਬੱਧ ਹਨ | ਮਨੁੱਖੀ ਜ਼ਿੰਦਗੀ ਅਲਜਬਰੇ ਦੇ ਤਰੀਕਿਆਂ ਅਨੁਸਾਰ ਨਹੀਂ ਚਲਦੀ ਸਗੋਂ ਹਰ ਵਕਤ ਇਹ ਗਤੀਸ਼ੀਲ ਅਤੇ ਪਰਿਵਰਤਨਸ਼ੀਲਤਾ ਦੇ ਦਾਇਰੇ 'ਚ ਰਹਿੰਦੀ ਹੈ | ਮਨਜੀਤ ਪਾਲ ਸਿੰਘ ਦੀਆਂ ਕਵਿਤਾਵਾਂ/ਗ਼ਜ਼ਲਾਂ ਇਸ ਕਥਨ ਦੀ ਥਾਂ-ਪੁਰ-ਥਾਂ ਤਸਦੀਕ ਕਰਦੀਆਂ ਜਾਪਦੀਆਂ ਹਨ :
ਇਕ ਤਰੰਗ ਹਾਂ,
ਬੱਸ ਲਰਜ਼ਿਸ਼ ਹਾਂ,
ਹਰ ਅਹਿਸਾਸ ਤੋਂ
ਪਾਰ ਹਾਂ ਮੈਂ ਤਾਂ
ਨਾ ਮੈਂ ਤਪਸ਼
ਨਾ ਠੰਢਕ ਕੋਈ
ਨਾ ਮੈਂ ਧੁੱਪ ਤੇ ਨਾ ਮੈਂ ਛਾਂ ਹਾਂ | (ਪੰਨਾ 84)
ਆਸ ਦੇ ਮੰਜ਼ਰ ਸਿਰਜਦੇ ਬੋਲ :
ਤ੍ਰੇੜੀਆਂ ਕੰਧਾਂ, ਭੂਰੇ ਬਨੇਰੇ
ਸਿਰਜਣ ਭਾਵੇਂ ਖੌਫ਼ ਦਾ ਮੰਜ਼ਰ,
ਅੰਦਰਵਾਰ ਵੀ ਬੰਦ ਬੂਹੇ ਦੇ,
ਲਾਜ਼ਿਮ ਕੋਈ ਦਰ ਖੁੱਲ੍ਹਦਾ ਹੈ |
ਉਮੀਦ ਦੀ ਸ਼ਾਇਰੀ ਨੂੰ ਨਮਨ | ਆਮੀਨ!
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
<br/>
ਵਿਸਰ ਰਿਹਾ ਵਿਰਾਸਤੀ ਵਿਰਸਾ
ਲੇਖਿਕਾ : ਜਤਿੰਦਰ ਕੌਰ ਬੁਆਲ
ਪ੍ਰਕਾਸ਼ਕ : ਦਿਲਦੀਪ ਪ੍ਰਕਾਸ਼ਨ, ਸਮਰਾਲਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98148-82840
ਜਤਿੰਦਰ ਕੌਰ ਬੁਆਲ ਦੀ ਇਹ ਪਲੇਠੀ ਕਿਤਾਬ ਹੈ, ਜਿਸ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਵਿਚ ਭੁੱਲੇ-ਵਿਸਰੇ ਵਿਰਸੇ ਦੀ ਬਾਤ ਪਾਈ ਗਈ ਹੈ | ਪ੍ਰਾਈਵੇਟ ਸਕੂਲ ਵਿਚ ਪੰਜਾਬੀ ਅਧਿਆਪਕਾ ਰਹਿ ਚੁੱਕੀ ਲੇਖਕਾ ਨੇ ਆਪਣੇ ਘਰ (ਮਾਤਾ-ਪਿਤਾ) ਤੋਂ ਹੀ ਵਿਰਸੇ ਨੂੰ ਮਹਿਸੂਸ ਕੀਤਾ ਤੇ ਫਿਰ ਪੰਜਾਬੀ ਅਖ਼ਬਾਰਾਂ ਵਿਚ ਲਿਖਣ ਅਤੇ ਸਥਾਪਤ ਲੇਖਕਾਂ ਨੂੰ ਪੜ੍ਹਨ ਨਾਲ ਉਹਦੇ ਗਿਆਨ ਭੰਡਾਰ ਵਿਚ ਨਿਰੰਤਰ ਵਾਧਾ ਹੁੰਦਾ ਗਿਆ | ਵਿਚਾਰ ਅਧੀਨ ਪੁਸਤਕ ਦੇ ਮੁੱਢ ਵਿਚ ਤਰਲੋਚਨ ਸਿੰਘ ਭੁਮੱਦੀ (ਢਾਡੀ), ਗਾਇਕ ਹਰਭਜਨ ਮਾਨ, ਮਨਪ੍ਰੀਤ ਟਿਵਾਣਾ, ਐੱਸ.ਅਸ਼ੋਕ ਭੌਰਾ, ਹਰਵਿੰਦਰ ਸਿੰਘ ਤਤਲਾ, ਡਾ. ਬਿਕਰਮ ਸੰਗਰੂਰ, ਪ੍ਰਕਾਸ਼ਕ ਦੀਪ ਦਿਲਬਰ ਅਤੇ ਖ਼ੁਦ ਲੇਖਕਾ ਨੇ ਕਿਤਾਬ ਬਾਰੇ ਆਪੋ-ਆਪਣੇ ਨਜ਼ਰੀਏ ਤੋਂ ਵਿਚਾਰ ਪ੍ਰਗਟ ਕੀਤੇ ਹਨ | ਪੁਸਤਕ ਅਧਿਐਨ ਦੀ ਸੁਖੈਨਤਾ ਲਈ ਇਹਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ, ਜਿਸਦੇ ਅੰਤਰਗਤ ਸਾਡੇ ਅਹਿਮ ਤਿਉਹਾਰ ਅਤੇ ਰਸਮੋ-ਰਿਵਾਜ, ਬੱਚੇ ਦੇ ਜਨਮ ਅਤੇ ਵਿਆਹ ਸਮੇਂ ਦੀਆਂ ਕੁਝ ਅਹਿਮ ਰਸਮਾਂ, ਪੰਜਾਬੀ ਲੋਕ ਵਿਰਸੇ ਦਾ ਵਰਤੋਂ ਵਿਚ ਆਉਣ ਵਾਲਾ ਅਹਿਮ ਸਮਾਨ, ਪੰਜਾਬੀਆਂ ਦਾ ਖਾਣ ਪੀਣ, ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕੁਝ ਅਹਿਮ ਚੀਜ਼ਾਂ ਸ਼ਾਮਿਲ ਹਨ | ਇਨ੍ਹਾਂ ਭਾਗਾਂ ਦੇ ਫਿਰ ਛੋਟੇ ਛੋਟੇ ਉਪ ਸਿਰਲੇਖ ਬਣਾ ਕੇ ਸੰਬੰਧਿਤ ਵਿਸ਼ਿਆਂ ਦਾ ਵਿਸਥਾਰ ਕੀਤਾ ਗਿਆ ਹੈ | ਪੁਸਤਕ ਵਿਚਲੇ ਕੁਝ ਵਿਸ਼ੇ ਅਜਿਹੇ ਵੀ ਹਨ, ਜਿਨ੍ਹਾਂ ਦਾ ਨਵੀਂ ਪੀੜ੍ਹੀ ਨੇ ਕਦੇ ਨਾਂਅ ਵੀ ਨਹੀਂ ਸੁਣਿਆ ਹੋਣਾ! ਅਸਲ ਵਿਚ ਤਕਨਾਲੋਜੀ ਦੇ ਆਉਣ ਨਾਲ ਸਾਡੇ ਬਹੁਤ ਸਾਰੇ ਰਸਮੋ-ਰਿਵਾਜਾਂ, ਤਿੱਥ-ਤਿਉਹਾਰਾਂ, ਲੋਕ-ਖੇਡਾਂ, ਸਾਜ਼ੋ-ਸਮਾਨ ਨੂੰ ਢਾਹ ਲੱਗੀ ਹੈ | ਨਵੀਂ ਪੀੜ੍ਹੀ ਦੇ ਬਹੁਤੇ ਯੁਵਕ-ਯੁਵਤੀਆਂ ਨੂੰ ਇਸ ਕਿਤਾਬ ਵਿਚ ਪ੍ਰਸਤੁਤ ਸਮੱਗਰੀ ਸ਼ਾਇਦ ਇੱਕ ਮਿਊਜ਼ੀਅਮ ਵਾਂਗ ਜਾਪੇ! ਇਸ ਪੀੜ੍ਹੀ ਨੂੰ ਇੰਟਰਨੈੱਟ, ਵਾਈ-ਫ਼ਾਈ, ਵੈੱਬਸਾਈਟ, ਆਨਲਾਈਨ, ਕੰਪਿਊਟਰ ਆਦਿ ਬਾਰੇ ਤਾਂ ਵਿਸਤਿ੍ਤ ਗਿਆਨ ਹੈ ਪਰ ਘਰ ਵਿਚ ਪਈਆਂ ਪੁਰਾਤਨ ਵਸਤਾਂ ਬਾਰੇ ਜਾਣਕਾਰੀ ਨਹੀਂ | ਘਰੋਂ ਬਾਹਰ ਜਾ ਕੇ ਖਰੀਦੋ-ਫ਼ਰੋਖ਼ਤ ਕਰਨੀ ਇਸ ਪੀੜ੍ਹੀ ਲਈ ਵੱਡਾ ਮਸਲਾ ਹੈ, ਜਿਸ ਕਰਕੇ ਉਹ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦਿੰਦੀ ਹੈ | ਜਤਿੰਦਰ ਕੌਰ ਬੁਆਲ ਦੀ ਇਹ ਪੁਸਤਕ ਸਾਡੀ ਵਿਰਾਸਤ ਅਤੇ ਵਿਰਸੇ ਨੂੰ ਸੰਭਾਲਣ ਅਤੇ ਪੁਨਰ-ਜੀਵਤ ਕਰਨ ਦੇ ਆਹਰ ਵਿਚ ਹੈ |
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਮਹੰਤ ਗਣੇਸ਼ਾ ਸਿੰਘ ਜੀਵਨ ਰਚਨਾ ਤੇ ਸਿਧਾਂਤ
ਲੇਖਕ : ਡਾ. ਪਰਮਜੀਤ ਸਿੰਘ ਮਾਨਸਾ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ ਅੰਮਿ੍ਤਸਰ
ਮੁੱਲ : 400 ਰੁਪਏ, ਸਫ਼ੇ : 183
ਸੰਪਰਕ : 99883-51990
ਲੇਖਕ ਨੇ ਹਥਲੀ ਪੁਸਤਕ ਨੂੰ ਲਿਖਣ ਸਮੇਂ 75 ਦੇ ਕਰੀਬ ਹਵਾਲਾ ਪੰਜਾਬੀ ਪੁਸਤਕਾਂ, 10 ਅੰਗਰੇਜ਼ੀ ਦੀਆਂ, 5 ਹਿੰਦੀ ਅਤੇ 4 ਪੀ.ਐਚ.ਡੀ. ਥੀਸੀਜ਼ ਤੋਂ ਇਲਾਵਾ ਤੇਰ੍ਹਾਂ ਦੇ ਕਰੀਬ ਵੱਖ-ਵੱਖ ਰਸਾਲਿਆਂ, ਪੱਤਿ੍ਕਾਵਾਂ ਦਾ ਅਧਿਐਨ ਕਰਕੇ ਸਰੋਤ ਵਜੋਂ ਸਹਾਇਤਾ ਲਈ ਹੈ | ਮਹੰਤ ਗਣੇਸ਼ਾ ਸਿੰਘ ਦਾ ਜੀਵਨ ਤੇ ਸਿਧਾਂਤ ਕਿਤਾਬ ਨੂੰ ਲੇਖਕ ਨੇ ਸੱਤ ਅਧਿਆਇਆਂ ਵਿਚ ਵੰਡਿਆ ਹੈ, ਪਹਿਲੇ ਅਧਿਅਏ ਵਿਚ ਤਤਕਾਲੀਨ ਪ੍ਰਸਥਿਤੀਆਂ, ਦੂਜੇ ਅਧਿਆਏ ਵਿਚ ਮਹੰਤ ਗਣੇਸ਼ਾ ਸਿੰਘ ਦਾ ਜੀਵਨ ਤੇ ਰਚਨਾ, ਤੀਜੇ ਅਧਿਆਇ ਵਿਚ ਮਹੰਤ ਗਣੇਸ਼ਾ ਸਿੰਘ ਦੀ ਪੱਤਰਕਾਰੀ ਅਤੇ ਵੈਦਗਿਰੀ ਨੂੰ ਦੇਣ, ਚੌਥੇ ਅਧਿਆਇ ਵਿਚ ਮਹੰਤ ਗਣੇਸ਼ਾ ਸਿੰਘ ਦੀ, ਗੁਰਬਾਣੀ ਵਿਆਖਿਆਕਾਰੀ ਪ੍ਰਤੀ ਪਹੁੰਚ, ਪੰਜਵੇਂ ਅਧਿਆਇ ਵਿਚ ਮਹੰਤ ਗਣੇਸ਼ਾ ਸਿੰਘ ਦੀ ਇਤਿਹਾਸਕਾਰੀ ਪ੍ਰਤੀ ਪਹੁੰਚ, ਛੇਵੇਂ ਅਧਿਆਇ ਵਿਚ ਭਾਰਤ ਮੱਤ ਦਰਪਣ ਵਿਚ ਮੱਤਾਂ ਦਾ ਵਰਗੀਕਰਨ, ਸੱਤਵੇਂ ਅਧਿਆਏ ਵਿਚ ਮਹੰਤ ਗਣੇਸ਼ਾ ਸਿੰਘ ਦੀ ਸਿੱਖ ਸੰਸਕਾਰਾਂ ਪ੍ਰਤੀ ਪਹੁੰਚ ਅਤੇ ਅਖੀਰ ਵਿਚ ਪੁਸਤਕ ਸੂਚੀ ਅੰਕਿਤ ਕੀਤੀ ਹੈ | ਸੂਝਵਾਨ ਲੇਖਕ ਡਾ. ਮਾਨਸਾ ਉਸ ਨੇ ਸੋਹਣੀ ਸੂਰਤ ਤੇ ਸੀਰਤ ਵਾਲੇ ਗਿਆਨਵਾਨ ਮਿਹਨਤੀ ਵਿਅਕਤੀ ਹਨ |
ਕਿਤਾਬ ਦੇ ਛੇਵੇਂ ਅਧਿਆਇ ਭਾਰਤ ਮੱਤ ਦਰਪਣ ਵਿਚ ਮੱਤਾਂ ਦਾ ਵਰਗੀਕਰਨ ਵਿਚ ਸਿੱਖ ਧਰਮ ਨਾਲ ਸਬੰਧਿਤ ਮੱਤ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਲਿਖਦਾ ਹੈ ਕਿ ਸਿੱਖ ਧਰਮ ਨਾਲ ਸੰਬੰਧਿਤ 21 ਮੱਤ ਹਨ | ਇਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ : ਉਦਾਸੀਨ, ਅਕਾਲੀ, ਅਡਨ ਸ਼ਾਹੀ (ਸੇਵਾ ਪੰਥੀ), ਸਿੱਖ ਸੰਪ੍ਰਦਾਇ, ਸ੍ਰੀ ਗੁਰੂ ਸਿੰਘ ਸਭਾ,ਸਤਨਾਮੀ, ਸੁਥਰੇ, ਸਤਿਕਰਤਾਰੀਏ, ਹਿੰਦਾਲੀਏ (ਨਿਰੰਜਨੀਏ), ਹੀਰਾਦਾਸੀਏ, ਕੂਕੇ (ਨਾਮਧਾਰੀ), ਖ਼ਾਲਸਾ ਪੰਥ, ਗੰਗੂਸ਼ਾਹੀਏ, ਗਹਿਰ ਗੰਭੀਰੀਏ, ਦੀਵਾਨੇ ਜਾਂ ਮਿਹਰਬਾਨੀਏ, ਨਿਰਮਲੇ, ਨਿਰੰਕਾਰੀਏ, ਨਿਹੰਗ, ਬੰਦਈ ਖ਼ਾਲਸਾ, ਭਾਈ ਬਹਿਲੋ ਦਾ ਮੱਤ ਅਤੇ ਭਾਈ ਮੂਲੇ ਦਾ ਮੱਤ | ਮਹੰਤ ਜੀ ਨੇ ਜਿਨ੍ਹਾਂ ਮਤਾਂ ਦਾ ਵਰਣਨ ਕੀਤਾ ਹੈ ਉਸ ਵਿਚ ਹੁਣ ਸੁਥਰੇਸ਼ਾਹੀ, ਸਤਿਕਰਤਾਰੀਏ, ਹਿੰਦਾਲੀਏ ਤੇ ਹੀਰਾਦਾਸੀਏ, ਕੂਕੇ, ਗੰਗੂਸ਼ਾਹੀਏ, ਗਹਿਰ ਗੰਭੀਰੀਏ, ਦੀਵਾਨੇ ਜਾਂ ਮਿਹਰਬਾਨੀਏ, ਨਿਰੰਕਾਰੀਏ ਤੇ ਭਾਈ ਬਹਿਲੋ ਦਾ ਮੱਤ ਜਾਂ ਭਾਈ ਮੂਲੇ ਦਾ ਮੱਤ ਇਨ੍ਹਾਂ ਦਾ ਸਿੱਖ ਧਰਮ ਨਾਲ ਹੁਣ ਕੋਈ ਸੰਬੰਧ ਦਿਖਾਈ ਨਹੀਂ ਦਿੰਦਾ | ਅੱਜ ਦੇ ਸਮੇਂ ਅੰਦਰ ਕੇਵਲ ਉਦਾਸੀ ਸੰਪ੍ਰਦਾਇ, ਨਿਰਮਲ ਸੰਪ੍ਰਦਾਇ, ਨਿਹੰਗ ਤੇ ਸੇਵਾ ਪੰਥੀ ਇਹ ਚਾਰ ਕੁ ਹੀ ਸੰਪ੍ਰਦਾਵਾਂ ਸਿੱਖ ਧਰਮ ਦੀਆਂ ਸੰਪ੍ਰਦਾਵਾਂ ਹਨ | ਬਾਕੀ ਜਿਨ੍ਹਾਂ ਦਾ ਸੰਬੰਧ ਮਹੰਤ ਜੀ ਸਿੱਖ ਧਰਮ ਨਾਲ ਜੋੜ ਰਹੇ ਹਨ ਇਹ ਸਾਰੇ ਮੱਤ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਜਾ ਚੁੱਕੇ ਹਨ ਤੇ ਇਨ੍ਹਾਂ ਦੀ ਆਪਣੀ-ਆਪਣੀ ਮਰਯਾਦਾ ਹੈ | ਗੁਰਮਤ ਫਲਸਫ਼ਾ 'ਮੰਨੂ ਸਿਮ੍ਰਤੀ' ਦੀ ਫਿਲਾਸਫ਼ੀ ਤੋਂ ਵੱਖਰਾ ਹੈ | ਇੱਥੇ ਮਹੰਤ ਜੀ ਨੇ ਗੁਰਮਤ ਮਰਯਾਦਾ ਨੂੰ ਮੰਨੂ ਦੀ ਮਰਯਾਦਾ ਨਾਲ ਰਲਗੱਡ ਕਰਨ ਦਾ ਯਤਨ ਕੀਤਾ ਹੈ | ਏਵੇਂ ਹੀ ਭਾਰਤ ਮੱਤ ਦਰਪਣ ਦੀ ਭੂਮਿਕਾ ਵਿਚ ਕਈ ਅਜਿਹੇ ਮੱਤਾਂ ਦਾ ਉਲੇਖ ਕੀਤਾ ਗਿਆ ਹੈ, ਜਿਨ੍ਹਾਂ ਦੇ ਦੋ ਜਾਂ ਦੋ ਤੋਂ ਵੱਧ ਨਾਮ ਹਨ ਜੋ ਕਿ ਇਕ ਹੀ ਮੱਤ ਦੀ ਸ਼੍ਰੇਣੀ ਵਿਚ ਆਉਂਦੇ ਹਨ ਪਰ ਮਹੰਤ ਸਾਹਿਬ ਨੇ ਅੱਖਰ ਕ੍ਰਮ 'ੳ' ਅਨੁਸਾਰ ਨਾਵਾਂ ਦੇ ਆਧਾਰ 'ਤੇ, ਇਕ ਹੀ ਮੱਤ ਦੋ ਜਾਂ ਤਿੰਨ ਮੱਤ ਦੱਸ ਕੇ ਪੁਸਤਕ ਵਿਚ ਮੱਤਾਂ ਦੀ ਗਿਣਤੀ ਵਧਾਈ ਹੈ | ਅਜਿਹੇ ਮੱਤ 16 ਹਨ ਪਰ ਇਨ੍ਹਾਂ 16 ਮੱਤਾਂ ਨੂੰ 32 ਬਣਾਇਆ ਗਿਆ ਹੈ | ਇਸ ਤਰ੍ਹਾਂ 16 ਮੱਤ ਅਜਿਹੇ ਹਨ ਜੋ ਵੱਖਰੇ ਮੱਤ ਨਹੀਂ ਹਨ, ਸਗੋਂ ਹੋਰ ਮੱਤਾਂ ਦੇ ਹੀ ਦੂਜੇ ਨਾਮ ਹਨ |
ਡਾ. ਮਾਨਸਾ ਲਿਖਦੇ ਹਨ ਕਿ ਇਤਿਹਾਸਕਾਰੀ ਵਿਚ ਭਾਈ ਸੰਤੋਖ ਸਿੰਘ, ਮਹੰਤ ਦਿਆਲ ਸਿੰਘ, ਗਿਆਨੀ ਗਿਆਨ ਸਿੰਘ ਅਤੇ ਮਹੰਤ ਗਣੇਸ਼ਾ ਸਿੰਘ ਨਾਮਵਰ ਵਿਦਵਾਨ ਹੋਏ ਹਨ | ਨਿਰਮਲੇ ਵਿਦਵਾਨਾਂ ਨੇ ਜਿੱਥੇ ਗੁਰਬਾਣੀ ਵਿਆਖਿਆਕਾਰੀ ਵਿਚ ਅਹਿਮ ਭੂਮਿਕਾ ਨਿਭਾਈ, ਉਥੇ ਸਿੱਖ ਧਰਮ ਦਾ ਪ੍ਰਚਾਰ ਵੀ ਪੂਰੀ ਤਨਦੇਹੀ ਨਾਲ ਕੀਤਾ | ਇਨ੍ਹਾਂ ਵਿਦਵਾਨਾਂ ਨੇ ਵੇਦਾਂਤ ਦੀ ਗਹਿਰ ਗੰਭੀਰ ਵਿੱਦਿਆ ਨੂੰ ਗ੍ਰਹਿਣ ਕਰਕੇ ਗੁਰਬਾਣੀ ਦੀ ਵਿਆਖਿਆਕਾਰੀ ਨੂੰ ਨਿਖਾਰਨ ਲਈ ਵੇਦਾਂਤਿਕ ਪ੍ਰਮਾਣਾਂ ਦਾ ਵੀ ਸਹਾਰਾ ਲੈਂਦੇ ਸਨ | ਭਾਈ ਵੀਰ ਸਿੰਘ, ਨਿਰਮਲ ਆਸ਼ਰਮ ਦੇ ਮਹੰਤ ਬੁੱਢਾ ਸਿੰਘ ਕੋਲੋਂ ਗੁਰਮਤਿ ਗਿਆਨ ਪ੍ਰਾਪਤ ਕਰਦੇ ਰਹੇ | ਸਿੱਖ ਪੰਥ ਦੇ ਮਹਾਨ ਕਥਾ-ਵਾਚਕ ਗਿਆਨੀ ਸੰਤ ਸਿੰਘ ਮਸਕੀਨ ਵੀ ਨਿਰਮਲ ਬਾਗ ਹਰਿਦੁਆਰ ਵਿਖੇ ਮਹੰਤ ਬੁੱਢਾ ਸਿੰਘ ਪਾਸੋਂ ਵੇਦਾਂਤ ਅਤੇ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਦੇ ਰਹੇ | ਮਹੰਤ ਗਣੇਸ਼ਾ ਸਿੰਘ ਨੇ ਲਗਭਗ 30-32 ਗ੍ਰੰਥਾਂ ਦੀ ਰਚਨਾ ਕੀਤੀ | ਇਨ੍ਹਾਂ ਸਾਰੀਆਂ ਰਚਨਾਵਾਂ ਨੂੰ ਲੇਖਕ ਨੇ ਆਪਣੇ ਅਧਿਐਨ ਖੇਤਰ ਵਿਚ ਸ਼ਾਮਿਲ ਕੀਤਾ ਹੈ | ਮਹੰਤ ਨੇ ਸਿੱਖ ਰਹੁ-ਰੀਤਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਰਸਮਾਂ ਦਾ ਵਿਵੇਚਨ ਆਪਣੀ ਪ੍ਰਸਿੱਧ ਪੁਸਤਕ 'ਖ਼ਾਲਸਾ ਬਿਵਾਹ ਪਧੱਤਿ' ਵਿਚ ਕੀਤਾ ਹੈ |
ਲੇਖਕ ਨੇ ਮਹੰਤ ਗਣੇਸ਼ਾ ਸਿੰਘ ਦੀਆਂ ਰਚਨਾਵਾਂ ਅਨੁਕੂਲ ਹੀ ਅਧਿਆਇ ਬਣਾਏ ਹਨ | ਸਭ ਤੋਂ ਪਹਿਲਾਂ ਤਤਕਾਲੀ ਪ੍ਰਸਥਿਤੀਆਂ ਉਪਰੰਤ ਜੀਵਨ ਤੇ ਰਚਨਾ ਤੇ ਖੂਬਸੂਰਤ ਐਧਿਅਨ ਕੀਤਾ ਹੈ | ਉਸ ਵੱਲੋਂ ਵਰਤੇ ਗਏ ਸਰੋਤ ਲੇਖਕ ਦੀ ਲਿਖਿਤ ਨੂੰ ਮਿਹਨਤੀ ਤੇ ਪ੍ਰਪੱਕਤਾ ਜਾਣਕਾਰੀ ਦੀ ਮੋਹਰ ਲਾਉਂਦੇ ਹਨ | ਇਨ੍ਹਾਂ ਪਾਠਾਂ ਤੋਂ ਉਪਰੰਤ ਉਨ੍ਹਾਂ ਦੀਆਂ ਰਚਨਾਵਾਂ ਦਾ ਕੀਤਾ ਗਿਆ ਖੋਜ ਭਰਪੂਰ ਅਧਿਐਨ ਵੀ ਇਸ ਅਧਿਆਏ ਵਿਚ ਅੰਕਿਤ ਕੀਤਾ ਹੈ | ਜਿਸ ਤੋਂ ਲੇਖਕ ਦੀ ਮਿਹਨਤ ਸਿਰੜ, ਦਿਆਨਦਾਰੀ ਦੀ ਤਸਵੀਰ ਝਲਕਦੀ ਹੈ |
ਮੰਨੂਵਾਦੀ ਸਿਮਰਤੀ ਸੰਸਕਾਰਾਂ ਤੇ ਗੁਰਮਤਿ ਮਰਯਾਦਾ ਅਨੁਸਾਰ ਸੰਸਕਾਰਾਂ ਨੂੰ ਸਾਫ਼ ਸੁਥਰੇ ਤੇ ਵੱਡਾ ਗੁਰਦਾ ਰੱਖ ਕੇ ਲੇਖਕ ਨੇ ਵਿਸ਼ਲੇਸ਼ਣ ਕੀਤਾ ਹੈ | ਗਣੇਸ਼ਾ ਸਿੰਘ ਦੀਆਂ ਲਿਖਤਾਂ ਮੁਲਵਾਨ ਹੋਣ ਦੇ ਬਾਵਜੂਦ ਵੀ ਮੰਨੂ ਸੰਸਕਿ੍ਤੀ ਤੋਂ ਮੁਕਤ ਨਹੀਂ ਹੁੰਦੀਆਂ | ਜੋਤਿਸ਼ ਰਾਹੀਂ ਸ਼ਗਨ ਵਿਚਾਰਨੇ, ਨੌਂ ਗ੍ਰੈਹਾਂ ਅਤੇ ਬਾਰਾਂ ਰਾਸਾਂ ਬਾਰੇ ਵੀ ਤੁਲਨਾਤਮਿਕ ਐਧਿਅਨ ਹੈ | ਅਖ਼ੀਰ ਵਿਚ ਇਹ ਆਖਾਂਗੇ ਕਿ ਨਿਰਸੰਦੇਹ ਮਹੰਤ ਗਣੇਸ਼ਾ ਸਿੰਘ ਇਕ ਚਲਦੀ ਫਿਰਦੀ ਸੰਸਥਾ ਸਨ | ਉਨ੍ਹਾਂ ਦੀਆਂ ਰਚਨਾਵਾਂ ਦਾ ਅਧਿਐਨ ਕਰਕੇ ਅਸੀਂ ਸਾਰੇ ਉਨ੍ਹਾਂ ਨੂੰ ਆਪਣੇ ਵੱਲੋਂ ਅਭਿਨੰਦਨ ਪ੍ਰਸਤੁਤ ਕਰ ਸਕਦੇ ਹਾਂ |
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
<br/>
ਨੱਚਦੇ-ਅਹਿਸਾਸ
ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053
ਹਥਲੀ ਕਾਵਿ-ਪੁਸਤਕ ਵਿਚ 72 ਸ਼ਾਨਦਾਰ ਕਵਿਤਾਵਾਂ ਹਨ, ਜਿਨ੍ਹਾਂ ਨੂੰ ਨਜ਼ਮਾਂ ਵੀ ਕਿਹਾ ਜਾ ਸਕਦਾ ਹੈ ਅਤੇ ਗੀਤ ਵੀ | ਖੁਸ਼ੀ ਦੀ ਗੱਲ ਇਹ ਹੈ ਕਿ ਮੁਕਤਸਰੀ ਨੇ ਸਾਰੇ ਗੀਤ ਨਵੀਂ ਪੀੜ੍ਹੀ ਦੀ ਸਿੱਖਿਆ ਵਾਸਤੇ ਸਿਰਜੇ ਹਨ ਜਿਵੇਂ :-
ਕਰ ਲਉ ਸੇਵਾ ਮਾਪਿਆਂ ਦੀ,
ਜੇਕਰ ਸੁਖ ਜ਼ਿੰਦਗੀ ਵਿਚ ਲੈਣਾ |
ਜੇ ਰਹਿਮਤ ਪਾਉਣੀ ਏਾ ਤੂੰ
ਸਿੱਖ ਲੈ ਚਰਨਾਂ ਦੇ ਵਿਚ ਢਹਿਣਾ |
ਉਹ ਨਸ਼ਿਆਂ ਦੀ ਲਾਹਣਤ ਉੱਤੇ ਗੀਤ/ਨਜ਼ਮ ਕਹਿੰਦਾ ਹੈ:
ਇਹ ਜਨਮ ਅਮੋਲਕ ਓ ਬੰਦਿਆ
ਵਾਰ ਵਾਰ ਨਹੀਂ ਆਉਣਾ,
ਇਨ੍ਹਾਂ ਚੰਦਰੇ ਨਸ਼ਿਆਂ ਨੇ
ਤੈਨੂੰ ਆਰ ਪਾਰ ਨਹੀਂ ਲਾਉਣਾ |
ਪੰਜਾਬ ਦੀ ਵੰਡ ਬਾਰੇ ਉਸ ਦੇ ਬੋਲ ਹਨ:
ਦੋ ਵਿਛੜੇ ਭਾਈਆਂ ਨੂੰ ਦਾਤਿਆ, ਹੁਣ ਤੇ ਕੱਠੇ ਕਰਦੇ
ਬਿਨ ਤੇਰੀ ਰਹਿਮਤ ਦੇ ਅਸੀਂ ਤਾਂ ਨਾ ਜੀਂਦੇ ਨਾ ਮਰਦੇ
ਜਗਜੀਤ ਮੁਕਤਸਰੀ ਗੀਤਕਾਰੀ ਨੂੰ ਸਮਰਪਿਤ ਜੀਊੜਾ ਹੈ ਉਸ ਨੇ ਹੁਣ ਤੱਕ 1700 ਗੀਤ ਸਿਰਜੇ ਹਨ ਜਿਹੜੇ ਧਾਰਮਿਕ ਅਤੇ ਸੱਭਿਆਚਾਰਕ ਹਨ | ਉਸ ਦੇ ਵੱਖ-ਵੱਖ ਗਾਇਕਾਵਾਂ ਨੇ 280 ਗੀਤ ਗਾਏ ਹਨ | ਉਸ ਦੀਆਂ 10 ਕੈਸੇਟਾਂ ਹਨ | ਉਸ ਨੇ ਰੱਬੀ ਜੋਤ, ਕਲਯੁੱਗ ਦੇ ਅਵਤਾਰ, ਸ਼ਹੀਦਾਂ ਦੇ ਸਿਰਤਾਜ, ਮੂੰਹੋਂ ਮੰਗੀਆਂ, ਮੁਰਾਦਾਂ, ਲਾਲ ਦਸਮੇਸ਼ ਦੇ ਆਦਿ ਦਰਜਨ ਧਾਰਮਿਕ ਤੇ ਸੱਭਿਆਚਾਰਕ ਕਿਤਾਬਾਂ ਵੀ ਛਪਵਾਈਆਂ ਹਨ | ਉਸ ਨੂੰ ਕਈ ਮਾਣ-ਸਨਮਾਨ ਵੀ ਮਿਲੇ ਹਨ ਕਿਉਂਕਿ ਉਸ ਦੇ ਗੀਤ ਸਮਾਜ ਨੂੰ ਸੇਧ ਦਿੰਦੇ ਹਨ | ਉਸ ਦੀ ਹਥਲੀ ਪੁਸਤਕ ਉੱਤੇ ਰਾਜ ਕੁਮਾਰ ਸੋਹਵਾਲੀਆ ਅੰਡਰ ਸੈਕਟਰੀ ਪੰਜਾਬ ਸਰਕਾਰ ਨੇ ਪ੍ਰਸੰਸਾ ਮੁਖੀ ਸ਼ਬਦ ਲਿਖੇ ਹਨ ਅਤੇ ਹੋਰ ਵੀ ਵਿਦਵਾਨਾਂ ਨੇ ਉਸ ਦੀ ਕਲਮ ਦੀ ਸ਼ਲਾਘਾ ਕੀਤੀ ਹੈ | ਇਹ ਸਾਰੇ ਗੀਤ ਜਿਥੇ ਸਮਾਜ ਨੂੰ ਸੇਧ ਦੇਣ ਵਾਲੇ ਹਨ, ਉਥੇ ਸੱਚੇ ਤੇ ਸੁੱਚੇ ਪ੍ਰੇਮ ਦੀ ਬਹਾਲੀ ਵਾਸਤੇ ਵੀ ਹਨ | ਜਗਜੀਤ ਧੀਆਂ ਦੇ ਸਤਿਕਾਰ ਵਿਚ ਦਾਜ ਦੀ ਲਾਹਣਤ ਨੂੰ ਵੀ ਨਿੰਦਦਾ ਹੈ :
ਬਿਨਾਂ ਦਾਜ ਦੇ ਵਿਆਹ ਕੇ ਤੈਨੂੰ ਲੈਜੂਗਾ ਨੀ,
ਮਾਲਵੇ ਦਾ ਜੱਟ ਬੱਲੀਏ
ਗੱਲਾਂ ਕਰਕੇ ਸਮਾਜ ਚੁੱਪ ਹੋਜੂਗਾ ਨੀ
ਸ਼ੋਭਾ ਲੈਣੀ ਖੱਟ ਬੱਲੀਏ
ਉਹ ਸਿੱਖੀ ਸਰੂਪ ਵੀ ਸ਼ਲਾਘਾ ਕਰਦਿਆਂ ਲਿਖਦਾ ਹੈ:
ਮੁਖੜੇ ਤੇ ਦਾਹੜੀ ਵੇਖ ਸੁਹਣੀ ਦਸਤਾਰ ਨੂੰ
ਡੁੱਲ੍ਹ ਗਈ ਮੈਂ ਚੰਨਾਂ ਵੇਖ ਸੁਹਣੇ ਸਰਦਾਰ ਨੂੰ
ਪ੍ਰਚਲਿਤ ਯਾਰੀਆਂ-ਮੁਹੱਬਤਾਂ ਨੂੰ ਸਾਫ਼ਗੋਈ ਵਿਚ ਬਦਲਣ ਉਹ ਕਹਿੰਦਾ ਹੈ :
ਅੱਜ ਕੀਹਨੂੰ ਆਖਾਂ ਯਾਰ,
ਕੀਹਨੂੰ ਆਖਾਂ ਦਿਲਦਾਰ?
ਕਿਤੇ ਦਿਸਦਾ ਨਈ
ਮੈਨੂੰ ਕੋਈ ਐਸਾ ਕਿਰਦਾਰ
ਕੌਲੀ ਚੱਟ ਯਾਰ ਮਨਾਂ ਭੁੱਲ ਕੇ ਬਣਾਂਦੀ ਨਾ |...
ਸਭਿਆਚਾਰ ਦੀ ਸੁੱਚ ਵਾਸਤੇ ਲਿਖਦਾ ਹੈ :
ਭਾਗਾਂ ਵਾਲਾ ਦਿਲ ਹੈ ਭਾਬੀ, ਨਹੀਂ ਮੇਰੇ ਨਾਲ ਵੀ...
ਵੀਰ ਦੇ ਵਿਆਹ 'ਚ ਗਿੱਧੇ ਭੰਗੜੇ ਵੀ ਪੈਣਗੇ,
ਮੇਲਣਾ ਤੇ ਮੇਲੀ ਵੀ ਨਜ਼ਾਰੇ ਅੱਜ ਲੈਣਗੇ...
ਮਾੜੀ ਸੰਗਤ ਤੇ ਮਾੜੀ ਰੰਗਤ ਲਈ ਉਹ ਲਿਖਦਾ ਹੈ:
ਹੁਣ ਤੂੰ ਮੰਨ ਲੈ ਮੇਰਾ ਕਹਿਣਾ
ਤੂੰ ਛਡਦੇ ਮਾੜੀ ਸੰਗਤ ਬਹਿਣਾ...
ਜਗਜੀਤ ਮੁਕਤਸਰੀ ਦੇ ਸਾਰੇ ਦੇ ਸਾਰੇ ਗੀਤ ਨਵੀਂ ਪੀੜ੍ਹੀ ਲਈ ਸਿੱਖਿਆਦਾਇਕ ਹਨ | ਮੈਂ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ |
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਤਾਰਿਆਂ ਦੀ ਲੋਅ
ਸੰਪਾਦਕੀ ਮੰਡਲ : ਭੁਪਿੰਦਰ ਸਿੰਘ ਬੇਦੀ (ਡਾ.), ਮਲਵਿੰਦਰ ਸ਼ਾਇਰ, ਰਾਮ ਸਰੂਪ ਸ਼ਰਮਾ
ਕਵੀ : 34 ਕਵੀ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 98766-36159
ਹਥਲੀ ਪੁਸਤਕ ਪੰਜਾਬੀ ਸਾਹਿਤ ਸਭਾ (ਰਜਿ.) ਦੀ ਇਕ ਸ਼ਾਨਦਾਰ ਸੀਮਿਲਤ ਕਾਵਿ-ਸੰਗ੍ਰਹਿ ਹੈ ਜਿਸ ਵਿਚ ਸਾਹਿਤ ਸਭਾ ਦੇ ਹੀ 34 ਕਵੀ ਸ਼ਾਮਿਲ ਹਨ | ਉਹ ਜੋ ਹੋਣਹਾਰ ਕਵੀ ਹਨ, ਉਨ੍ਹਾਂ ਦੀਆਂ ਚੁਨਿੰਦਾ ਰਚਨਾਵਾਂ ਇਸ ਪੁਸਤਕ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ | ਪੰਜਾਬੀ ਸਾਹਿਤ ਸਭਾ ਬਰਨਾਲਾ (ਰਜਿ.) ਪੰਜਾਬ ਦੀਆਂ ਉਨ੍ਹਾਂ ਵਿਸ਼ੇਸ਼ ਸਾਹਿਤ ਸਭਾਵਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਇਸ ਖੇਤਰ ਵਿਚ ਨਵੀਆਂ ਪੈੜਾਂ ਪਾਈਆਂ | ਇਹ ਸਭਾ 1955 ਵਿਚ ਦਰਸ਼ਨ ਸਿੰਘ ਦਰਸ਼, ਮੁਖਤਿਆਰ ਸਿੰਘ ਦਰਦੀ, ਈਸ਼ਰ ਰਾਮ, ਪ੍ਰੀਤਮ ਸਿੰਘ ਪ੍ਰੇਮੀ, ਪੀ. ਐਸ. ਕੁਮਾਰ ਅਤੇ ਪ੍ਰੀਤਮ ਸਿੰਘ ਦਰਦੀ ਨੇ ਇਸ ਸਭਾ ਦਾ ਮੁੱਢ ਬੰਨਿ੍ਹਆ | ਤਦੋਂ ਓਮ ਪ੍ਰਕਾਸ਼ ਪੀਪਲ ਨੇ ਪ੍ਰਧਾਨਗੀ ਕੀਤੀ ਸੀ | ਤਦੋਂ ਤੋਂ ਲੈ ਕੇ ਇਹ ਸਭ ਚੜ੍ਹਦੀ ਕਲਾ ਵਿਚ ਰਹੀ | ਇਸ ਦੇ ਮੈਂਬਰਾਂ ਵਿਚ ਸਰਵਸ੍ਰੀ ਰਾਮ ਸਰੂਪ ਅਣਖੀ, ਸ. ਸ. ਪਦਮ, ਇੰਦਰ ਸਿੰਘ ਖਾਮੋਸ਼, ਸੁਰਜੀਤ ਸਿੰਘ, ਜਗੀਰ ਸਿੰਘ ਜਗਤਾਰ, ਸਾਧੂ ਸਿੰਘ ਬੇਦਿਲ, ਬੂਟਾ ਰਾਮ ਸ਼ਾਦ, ਗੁਰਦਿਆਲ ਸਿੰਘ ਨਾਵਲਕਾਰ, ਰਾਮ ਲਾਲ ਪ੍ਰੇਮੀ, ਰਵਿੰਦਰ ਰਵੀ ਐਸ. ਤਰਸੇਮ ਤੇ ਅਮਰ ਕੋਮਲ ਸਰਗਰਮ ਤੇ ਵੱਡੇ ਲੇਖਕ ਸ਼ਾਮਿਲ ਰਹੇ | ਇਸ ਸਭਾ ਨੇ ਹਰ ਵਿਧਾ ਉੱਤੇ ਸੰਮੇਲਨ ਕਰਵਾਏ | ਪਿਛਲੇ ਕੁਝ ਸਮੇਂ ਤੋਂ ਉਕਤ ਵੱਡੇ ਲੇਖਕ ਹੋਰ ਹੋਰ ਸ਼ਹਿਰਾਂ ਵਿਚ ਚਲੇ ਗਏ ਤਾਂ ਇਸ ਦੀਆਂ ਸਰਗਰਮੀਆਂ ਕੁਝ ਮੱਠੀਆਂ ਪੈ ਗਈਆਂ | ਪਰ ਹੁਣ ਫੇਰ ਤੋਂ ਮਲਵਿੰਦਰ ਸ਼ਾਇਰ, ਭੁਪਿੰਦਰ ਬੇਦੀ ਤੇ ਰਾਮ ਸਰੂਪ ਸ਼ਰਮਾ, ਨੇ ਇਸ ਸਭਾ ਨੂੰ ਇਸ ਦਾ ਪੁਰਾਤਨ ਗੌਰਵ ਬਹਾਲ ਕਰਨ ਦਾ ਬੀੜਾ ਚੁੱਕਿਆ ਹੈ | ਏਸੇ ਸੰਦਰਭ ਵਿਚ ਇਨ੍ਹਾਂ ਆਪਣੇ ਸਰਗਰਮ 34 ਮੈਂਬਰਾਂ ਦੀਆਂ ਕਾਵਿ-ਰਚਨਾਵਾਂ ਦਾ ਗੁਲਦਸਤਾ 'ਤਾਰਿਆਂ ਦੀ ਲੋਅ' ਪੰਜਾਬੀ ਮਾਂ ਦੀ ਝੋਲੀ ਪਾਈ ਹੈ | ਜੋ ਕਿ ਇਕ ਜ਼ਿਕਰਯੋਗ ਕਾਰਜ ਹੈ | ਸਭਾ ਦੇ ਜਨਰਲ ਸਕੱਤਰ ਮਲਵਿੰਦਰ ਸ਼ਾਇਰ ਤੇ ਪ੍ਰਧਾਨ ਤੇਜਾ ਸਿੰਘ ਤਿਲਕ ਦੀ ਦੇਖਰੇਖ ਵਿਚ ਇਹ ਕਾਵਿ ਪੁਸਤਕ ਸਭ ਦੇ ਹੱਥਾਂ ਵਿਚ ਹੈ | ਇਸ ਪੁਸਤਕ ਵਿਚਲੇ 34 ਕਵੀਆਂ ਦੀ ਲਿਸਟ ਦਿੱਤੀ ਜਾ ਰਹੀ ਹੈ ਜਿਨ੍ਹਾਂ ਵਿਚ ਵੱਡੇ ਲੇਖਕ ਅਤੇ ਨਵੇਂ ਲੇਖਕ ਵੀ ਸ਼ਾਮਿਲ ਹਨ:- ਉਜਾਗਰ ਸਿੰਘ ਮਾਨ, ਓਮ ਪ੍ਰਕਾਸ਼ ਗਾਸੋ, ਅਨਿਲ ਸ਼ੋਰੀ, ਅਣੂ ਸ਼ਰਮਾ, ਅੰਜਨਾ ਮੈਨਿਨ, ਅਣੂ ਸ਼ਰਮਾ ਵਾਤਿਸ਼, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਸੰਪੂਰਨ ਸਿੰਘ ਟੱਲੇਵਾਲੀਆ, ਸਿਮਰਜੀਤ ਕੌਰ ਬਰਾੜ, ਹਰਪ੍ਰੀਤ ਕੌਰ, ਹਰਭਗਵਾਨ ਡਾ., ਕੰਵਰਜੀਤ ਭੱਠਲ, ਜਤਿੰਦਰ ਸਿੰਘ ਰੁਪਾਲ, ਜਸਪਾਲ ਕੌਰ ਜੱਸ, ਜਸਪ੍ਰੀਤ ਕੌਰ ਬੱਬੂ, ਜਸਵੀਰ ਕੌਰ ਪੱਖੋ, ਜੁਆਲ ਸਿੰਘ ਮੌੜ, ਜੋਤੀ ਸ਼ਰਮਾ, ਤਰਸਪਾਲ ਕੌਰ, ਡਾ. ਤੇਜਾ ਸਿੰਘ ਤਿਲਕ, ਤੇਜਿੰਦਰ ਚੰਡਹੋਕ, ਦਵਿੰਦਰਦੀਪ ਵਰਿੰਦਰ ਕੌਰ ਸਿੱਧੂ, ਪਰਮਜੀਤ ਕੌਰ ਮਾਨ, ਪਾਲ ਸਿੰਘ ਲਹਿਰੀ, ਬੂਟਾ ਸਿੰਘ ਚੌਹਾਨ, ਭੁਪਿੰਦਰ ਸਿੰਘ ਬੇਦੀ, ਮਹਿੰਦਰ ਸਿੰਘ ਰਾਹੀ, ਮਨਦੀਪ ਕੌਰ ਭਦੌੜ, ਮਾਲਵਿੰਦਰ ਸ਼ਾਇਰ, ਮੇਜਰ ਸਿੰਘ ਗਿੱਲ, ਮੇਜਰ ਸਿੰਘ ਰਾਜਗੜ੍ਹ, ਰਘਬੀਰ ਸਿੰਘ ਗਿੱਲ ਕੱਟੂ, ਰਾਮ ਸਰੂਪ ਸ਼ਰਮਾ ਤੇ ਰਾਮਪਾਲ ਸ਼ਾਹਪੁਰੀ | ਇਨ੍ਹਾਂ 34 ਦੇ 34 ਕਵੀਆਂ ਦੀਆਂ ਕਾਵਿ ਰਚਨਾਵਾਂ ਪੰਜਾਬੀ ਸਾਹਿਤ ਦੇ ਮਿਆਰ ਦੀਆਂ ਹਨ | ਮੈਂ ਸਭਨਾਂ ਦੀ ਮਿਸਾਲ ਤਾਂ ਨਹੀਂ ਦੇ ਸਕਦਾ ਪਰ ਸਭਨਾ ਨੂੰ ਪੜ੍ਹਨ ਦਾ ਆਹਵਾਹਨ ਕਰਦਾ ਹਾਂ | ਪੁਸਤਕ ਦਾ ਦਿਲ ਤੋਂ ਸਵਾਗਤ ਹੈ |
c c c
<br/>
ਹਵਾ ਦੇ ਜ਼ੋਰ ਨਾਲ ਵੱਜਣ ਵਾਲੇ ਲੋਕ-ਸਾਜ਼
ਲੇਖਕ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ : ਸ਼ਾਈਨ ਬੁੱਕ ਪਬਲਿਸ਼ਿੰਗ, ਬਿਲਾਸਪੁਰ (ਛੱਤੀਸਗੜ੍ਹ)
ਮੁੱਲ : 120 ਰੁਪਏ, ਸਫ਼ੇ : 38
ਸੰਪਰਕ : 94785-90189
ਜਾਣੇ-ਪਛਾਣੇ ਤੇ ਬਹੁਵਿਧਾਈ ਪੰਜਾਬੀ ਲੇਖਕ ਕੁੰਦਨ ਲਾਲ ਭੱਟੀ ਦੀ ਨਿਰੰਤਰ ਸਾਹਿਤਕ ਪ੍ਰਕਿਰਿਆ ਵਿਚੋਂ ਨਵੀਂ ਪੁਸਤਕ 'ਹਵਾ ਦੇ ਜ਼ੋਰ ਨਾਲ ਵੱਜਣ ਵਾਲੇ ਲੋਕ-ਸਾਜ਼' ਮੰਜ਼ਰ-ਇ-ਆਮ 'ਤੇ ਆਈ ਹੈ | ਇਸ ਪੁਸਤਕ ਵਿਚ ਉਨ੍ਹਾਂ ਪ੍ਰਚੱਲਿਤ ਲੋਕ-ਸਾਜ਼ਾਂ ਬਾਰੇ ਪਾਠਕਾਂ ਦੀ ਵਾਕਫ਼ੀਅਤ ਕਰਵਾਈ ਗਈ ਹੈ ਜੋ ਮੁੱਢ-ਕਦੀਮ ਤੋਂ ਹੀ ਭਾਰਤੀ ਸੱਭਿਆਚਾਰ ਅਤੇ ਲੋਕਯਾਨ ਦਾ ਅਟੁੱਟ ਹਿੱਸਾ ਹੋਣ ਦੇ ਨਾਲ ਨਾਲ ਭਾਰਤੀ ਸੰਗੀਤਕ-ਪਰੰਪਰਾ ਨਾਲ ਵਾਬਸਤਾ ਹਨ |
ਲੇਖਕ ਨੇ ਇਸ ਪੁਸਤਕ ਵਿਚ ਬੀਨ, ਬੰਸਰੀ, ਅਲਗ਼ੋਜ਼ੇ ਅਤੇ ਸ਼ਹਿਨਾਈ ਲੋਕ-ਸਾਜ਼ਾਂ ਦੀ ਬਣਤਰ-ਬੁਣਤਰ ਅਤੇ ਵਜਾਉਣ ਦੀਆਂ ਵਿਧੀਆਂ ਬਾਰੇ ਵਿਸਥਾਰਪੂਵਕ ਜਾਣਕਾਰੀ ਮੁਹੱਈਆ ਕਰਵਾਉਂਦੇ ਹੋਏ ਇਨ੍ਹਾਂ ਸਾਜ਼ਾਂ ਦੇ ਪ੍ਰਾਚੀਨ ਮਹੱਤਵ ਨੂੰ ਵੀ ਉਜਾਗਰ ਕੀਤਾ ਹੈ | ਮਨੁੱਖ ਨਾਲ ਇਨ੍ਹਾਂ ਲੋਕ-ਸਾਜ਼ਾਂ ਦੀ ਕਦੀਮੀ-ਸਾਂਝ ਦਾ ਜ਼ਿਕਰ ਕਰਦਿਆਂ ਲੇਖਕ ਲਿਖਦਾ ਹੈ ਕਿ ਜਦੋਂ ਵਗਦੀ ਹਵਾ ਦੇ ਸ਼ੂਕਣ ਦੀ ਆਵਾਜ਼ ਮਾਨਵ ਦੇ ਕੰਨੀਂ ਪਈ ਹੋਵੇਗੀ ਤਾਂ ਉਸ ਨੇ ਸੋਚਿਆ ਕਿ ਸੁਰ ਆਧਾਰਿਤ ਇਹ ਸਾਜ਼ ਸੰਗੀਤਕ ਦੁਨੀਆ ਵਿਚ ਲੋਕ ਪਿ੍ਯਤਾ ਹਾਸਲ ਕਰ ਸਕਦੇ ਹਨ | ਨਤੀਜਤਨ ਮਨੁੱਖ ਨੇ ਲੋਕ ਮਨੋਰੰਜਨ ਦੇ ਮਕਸਦ ਹਿਤ ਇਨ੍ਹਾਂ ਲੋਕ ਸਾਜ਼ਾਂ ਦੀ ਈਜ਼ਾਦ ਹੋਈ ਜੋ ਮਨੁੱਖ ਦੇ ਬਾਕੀ ਮਨੋਰੰਜਨ ਸਾਧਨਾਂ ਵਾਂਗ ਇਹ ਸਾਜ਼ ਵੀ ਪੀੜ੍ਹੀ-ਦਰ-ਪੀੜ੍ਹੀ ਸਫ਼ਰ ਕਰਦੇ ਹੋਏ ਵਰਤਮਾਨ ਦੌਰ ਵਿਚ ਅੱਪੜੇ ਹਨ | ਉਦਾਹਰਨ ਵਜੋਂ ਬੀਨ ਦੇ ਇਤਿਹਾਸਕ ਪਿਛੋਕੜ ਨੂੰ ਬਿਆਨਦਾ ਹੋਇਆ ਲੇਖਕ ਇਹ ਤੱਥ ਸਾਂਝਾ ਕਰਦਾ ਹੈ ਕਿ ਇਸ ਸਾਜ਼ ਦੀ ਉਤਪਤੀ ਚੀਨ, ਬਰਮਾ ਦੇਸ਼ਾਂ ਤੋਂ ਹੁੰਦੀ ਹੋਈ ਭਾਰਤ ਦੇ ਆਸਾਮ ਵਿਚ ਪਹੁੰਚਦੀ ਹੈ ਅਤੇ ਇਸ ਲੋਕ ਸਾਜ਼ ਨੂੰ ਪਹਿਲਾਂ ਹੁਲੁਸੀ' ਦੇ ਨਾਂਅ ਵਜੋਂ ਜਾਣਿਆ ਜਾਂਦਾ ਰਿਹਾ ਹੈ |
ਇਸ ਪੁਸਤਕ ਵਿਚ ਲੋਕ ਸਾਜ਼ਾਂ ਦੀ ਬਣਤਰ ਬਾਰੇ ਦਲੀਲਯੁਕਤ ਢੰਗ ਨਾਲ ਸਪੱਸ਼ਟ ਕੀਤਾ ਗਿਆ ਕਿ ਇਨ੍ਹਾਂ ਦੀ ਬਣਤਰ ਵਿਚ ਡੰਡਿਆਂ ਵਿਚ ਸੁਰਾਖ਼ ਕਰਕੇ ਢਾਂਚਾ ਤਿਆਰ ਕਰਨ ਉਪਰੰਤ ਵਿਚ ਧਾਤੂ ਆਦਿ ਦੀ ਚਾਦਰ, ਬਾਂਸ, ਰਬੜ ਦੀ ਪਰਤ, ਲੱਕੜ ਦਾ ਖੋਲ, ਡੋਰੀ, ਰੱਸੀ, ਲਟਕਣ ਅਤੇ ਰੰਗਾਂ ਦੀ ਉਪਯੋਗਤਾ ਨਾਲ ਅੰਤਿਮ ਛੂਹਾਂ ਦਿੱਤੀਆਂ ਜਾਂਦੀਆਂ ਹਨ | ਹਰ ਲੋਕ ਸਾਜ਼ ਦੇ ਆਕਾਰ ਬਾਰੇ ਵੀ ਮਾਲੂਮਾਤ ਪ੍ਰਦਾਨ ਕੀਤੀ ਗਈ ਹੈ ਜਿਵੇਂ ਬੰਸਰੀ ਬਾਰੇ ਅੰਕਿਤ ਹੈ ਕਿ ਇਸ ਦੀ ਲੰਬਾਈ ਆਮ ਤੌਰ 'ਤੇ 13-14 ਇੰਚ ਤੱਕ ਮੰਨੀ ਜਾਂਦੀ ਹੈ | ਬਾਂਸ ਦੇ ਖੋਲ ਵਿਚ 7-8 ਛੇਕ/ਛੇਦ ਤਰਾਸ਼ੇ ਜਾਂ ਬਣਾਏ, ਕੱਢੇ ਜਾ ਸਕਦੇ ਹਨ | ਇਸੇ ਤਰ੍ਹਾਂ ਅਲਗ਼ੋਜ਼ੇ ਦੀ ਬਣਤਰ ਨੂੰ ਅਭਿਵਿਅਕਤ ਕਰਦਿਆਂ ਲਿਖਿਆ ਗਿਆ ਹੈ ਕਿ 18-10 ਇੰਚ ਤੱਕ ਦੇ ਲੰਬੇ ਬਾਂਸ ਦੇ ਖੋਲ ਉਤੇ ਤਰਾਸ਼ੇ 9-10 ਛੇਕਾਂ ਵਾਲੇ ਸਾਜ਼ ਨੂੰ ਅਲਗ਼ੋਜ਼ੇ ਦੀ ਸੰਗਿਆ ਦਿੱਤੀ ਜਾ ਸਕਦੀ ਹੈ | ਪੁਸਤਕ ਵਿਚ ਇਨ੍ਹਾਂ ਵੰਨ-ਸੁਵੰਨੇ ਲੋਕ ਸਾਜ਼ਾਂ ਦੇ ਪੂਰੇ ਪੰਨੇ ਦੇ ਚਿੱਤਰ ਪ੍ਰਕਾਸ਼ਿਤ ਕੀਤੇ ਹਨ ਜਿਨ੍ਹਾਂ ਦੇ ਇਕੱਲੇ-ਇਕੱਲੇ ਅੰਗ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ | ਹਰ ਮਜ਼ਮੂਨ ਨਾਲ ਢੁੱਕਵੀਆਂ ਕਾਵਿ ਸਤਰਾਂ, ਲੋਕ ਸਾਜ਼ਾਂ ਦੀ ਪ੍ਰਕਿਰਤੀ ਤੇ ਪ੍ਰਵਿਰਤੀ ਨੂੰ ਆਸਾਨ ਵਿਧੀ ਨਾਲ ਸਮਝਣ ਵਿਚ ਮਦਦਗਾਰ ਸਿੱਧ ਹੁੰਦੀਆਂ ਹਨ | ਲੋਕ ਸਾਜ਼ਾਂ ਦੀ ਪਰਿਭਾਸ਼ਾ ਬਿਆਨ ਕਰਦਿਆਂ, ਉਨ੍ਹਾਂ ਦੇ ਆਕਾਰ 'ਤੇ ਵਜਾਉਣ ਢੰਗਾਂ ਬਾਰੇ ਵੀ ਚਾਨਣਾ ਪਾਇਆ ਗਿਆ ਹੈ | ਪੰਜਾਬ ਦੀ ਗੁੰਮਦੀ ਜਾ ਰਹੀ ਲੋਕ ਸਾਜ਼ ਪਰੰਪਰਾ ਨੂੰ ਪੁਨਰ ਜਾਗਿ੍ਤ ਕਰਨ ਵਾਲੀਆਂ ਅਜਿਹੀਆਂ ਪੁਸਤਕਾਂ ਦੀ ਹੋਰ ਜ਼ਰੂਰਤ ਹੈ ਤਾਂ ਜੋ ਨਵੀਂ ਪੀੜ੍ਹੀ ਗ਼ੈਰ-ਮਿਆਰੀ ਪੱਛਮੀ ਸੱਭਿਆਚਾਰ ਦੀ ਦਲਦਲ ਵਿਚ ਨਾ ਧੱਸ ਸਕੇ | ਚਹੁਰੰਗਾ ਟਾਈਟਲ ਆਕਰਸ਼ਕ ਹੈ |
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਕੱਚਾ ਮਾਸ
ਲੇਖਕ : ਸੁਖਮੰਦਰ ਬਰਾੜ ਗੁੰਮਟੀ
ਪ੍ਰਕਾਸ਼ਕ : ਰਵੀ ਬੁੱਕਸ, ਸੰਗਰੂਰ
ਮੁੱਲ : 249 ਰੁਪਏ, ਸਫ਼ੇ : 119
ਸੰਪਰਕ : 62807-62584
ਇਸ ਪੁਸਤਕ ਦਾ ਲੇਖਕ ਪੰਜ ਕਿਤਾਬਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾ ਚੁੱਕਾ ਹੈ | ਕੱਚਾ ਮਾਸ (ਨਾਵਲ) ਉਨ੍ਹਾਂ ਦੀ ਛੇਵੀਂ ਪੁਸਤਕ ਹੈ | ਇਹ ਉਨ੍ਹਾਂ ਦੀਆਂ ਯਾਦਾਂ ਦੇ ਝਰੋਖਿਆਂ ਵਿਚੋਂ ਅਤੇ ਅੱਜ ਤੋਂ ਲਗਭਗ 50 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਇਕ ਸੰਗ੍ਰਹਿ ਹੈ | ਇਸ ਨਾਵਲ ਵਿਚ ਮਾਰਕਸਵਾਦ, ਲੈਨਿਨਵਾਦ ਅਤੇ ਯਥਾਰਥਵਾਦ ਦਾ ਸੁਮੇਲ ਹੈ | 1968-69 ਵਿਚ ਪੰਜਾਬ ਵਿਚ ਚੱਲੀ ਨਕਸਲਬਾੜੀ ਲਹਿਰ ਦਾ ਪ੍ਰਭਾਵ ਵੀ ਇਸ ਨਾਵਲ ਦੇ ਤਨ-ਪੇਟੇ ਵਿਚ ਮਿਲਦਾ ਹੈ | ਭਾਰਤੀ ਸਮਾਜ ਮਰਦ ਪ੍ਰਧਾਨ ਸਮਾਜ ਹੈ | ਮਰਦ ਚਾਹੇ ਕਿੰਨੇ ਉੱਚੇ ਰੁਤਬੇ ਦਾ ਮਾਲਕ, ਪੜਿ੍ਹਆ ਲਿਖਿਆ ਹੋਵੇ, ਉਸ ਦਾ ਔਰਤ ਪ੍ਰਤੀ ਨਜ਼ਰੀਆ ਹਰ ਵੇਲੇ ਮੰਦ ਭਾਵਨਾ ਵਾਲਾ ਹੁੰਦਾ ਹੈ | ਉਸ ਦਾ ਕਿਰਦਾਰ ਇਨਸਾਨੀਅਤ ਅਤੇ ਦਇਆ ਭਾਵਨਾ ਵਾਲਾ ਨਹੀਂ, ਸਗੋਂ ਜੰਗਲੀ ਜਾਨਵਰ ਤੋਂ ਵੀ ਭੈੜਾ ਹੁੰਦਾ ਹੈ | ਅਮਨ ਇਸ ਨਾਵਲ ਦੀ ਮੁੱਖ ਪਾਤਰ ਅਤੇ ਨਾਇਕਾ ਹੈ | ਉਹ ਇਕ ਪੇਂਡੂ ਪਿਛੋਕੜ ਵਾਲੀ ਲੜਕੀ ਹੈ | ਉਹ ਪਿੰਡ ਤੋਂ ਸ਼ਹਿਰ ਦੇ ਕਾਲਜ ਵਿਚ ਪੜ੍ਹਨ ਲਈ ਆਉਂਦੀ ਹੈ | ਉਸ ਦੇ ਸਾਊ ਸੁਭਾਅ ਅਤੇ ਭੋਲੇਪਨ ਦਾ ਫ਼ਾਇਦਾ ਉਠਾ ਕੇ ਉਸ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾਂਦਾ ਹੈ | ਇਸ ਤਰ੍ਹਾਂ ਉਸ ਨੂੰ ਮਾਨਸਿਕ ਪੱਖ ਤੋਂ ਝੰਜੋੜਿਆ ਜਾਂਦਾ ਹੈ | ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੁਜ਼ਗਾਰ ਦੀ ਭਾਲ ਕਰਦੇ ਸਮੇਂ ਵੀ ਸਰੀਰਕ ਸੋਸ਼ਣ ਦਾ ਸ਼ਿਕਾਰ ਹੋ ਜਾਂਦੀ ਹੈ | ਇਸ ਨਾਵਲ ਵਿਚ ਨਾਇਕਾ ਦੀ ਕਹਾਣੀ ਦਾ ਵਿਵਰਣ ਸਮਾਜ ਦੀਆਂ ਹੋਰ ਔਰਤਾਂ ਲਈ ਇਕ ਪ੍ਰੇਰਨਾ ਸਰੋਤ ਹੈ | ਸਾਡੇ ਸਮਾਜ ਦੇ ਅੰਦਰ ਸਮਾਜਿਕ ਬੁਰਿਆਈਆਂ ਦੀ ਭਰਮਾਰ ਹੈ | ਸਮਾਜ ਵਿਚ ਫੈਲੀਆਂ ਅਨੇਕ ਤਰ੍ਹਾਂ ਦੀਆਂ ਅਲਾਮਤਾਂ ਜਿਨ੍ਹਾਂ ਵਿਚ ਬੇਰੁਜ਼ਗਾਰੀ, ਰਿਸ਼ਵਤਖੋਰੀ, ਬੇਈਮਾਨੀ ਅਤੇ ਔਰਤਾਂ ਦਾ ਸਰੀਰਕ ਸੋਸ਼ਣ ਆਦਿ ਪ੍ਰਚੱਲਿਤ ਹਨ | ਇਸ ਨਾਵਲ ਦੀ ਪਾਤਰ ਅਮਨ ਦਾ ਜਿਨਸੀ ਭੁੱਖ ਦੇ ਹਿਤੈਸ਼ੀਆਂ ਨੇ ਸਰੀਰਕ ਸੋਸ਼ਣ ਕਰਕੇ ਉਸ ਨੂੰ ਅਧਮੋਈ ਲਾਸ਼ ਬਣਾ ਦਿੱਤਾ ਸੀ | ਇਸ ਨਾਵਲ ਦੀ ਭਾਸ਼ਾ ਵਿਚ ਮਲਵਈ ਰੰਗ ਦੀ ਪ੍ਰਧਾਨਤਾ ਹੈ | ਪਾਤਰਾਂ ਰਾਹੀਂ ਵਰਤੀ ਗਈ ਭਾਸ਼ਾ ਬਹੁਤ ਮੁਹਾਵਰੇਦਾਰ ਹੈ | ਨਾਵਲ ਦੀ ਕਹਾਣੀ ਵਿਚ ਰੌਚਿਕਤਾ ਹੋਣ ਕਾਰਨ ਪਾਠਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਨਾਵਲ ਦੀਆਂ ਘਟਨਾਵਾਂ ਵਿਚ ਲਿਪਤ ਰਹਿੰਦਾ ਹੈ | ਇਸ ਨਾਵਲ ਦੀ ਨਾਇਕਾ ਘਰੇਲੂ ਮਜਬੂਰੀਆਂ ਦੇ ਕਾਰਨ ਸਮਾਜ ਦੇ ਗੰਧਲੇ ਵਰਤਾਰੇ ਦਾ ਸ਼ਿਕਾਰ ਹੋ ਕੇ ਉਸ ਵਿਚ ਬੁਰੀ ਤਰ੍ਹਾਂ ਧਸ ਜਾਂਦੀ ਹੈ | ਨਾਵਲ ਦੇ ਖ਼ਤਮ ਹੋਣ ਤੋਂ ਪਹਿਲਾਂ ਉਹ ਚੇਤੰਨ ਹੋ ਕੇ ਮੌਜੂਦਾ ਨਿਜ਼ਾਮ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀ ਹੈ | ਉਹ ਸਰੀਰਕ ਤੇ ਮਾਨਸਿਕ ਸੋਸ਼ਣ ਕਰਨ ਵਾਲਿਆਂ ਦੇ ਵਿਰੁੱਧ ਆਪਣੀ ਕ੍ਰਾਂਤੀਕਾਰੀ ਆਵਾਜ਼ ਉਠਾਉਂਦੀ ਹੈ | ਉਹ ਚੰਗਾ ਸਮਾਜ ਸਿਰਜਣ ਦਾ ਸੰਕਲਪ ਵੀ ਲੈਂਦੀ ਹੈ | ਸਾਹਿਤ ਦੀ ਕਿਸੇ ਵੀ ਵਿਧਾ ਦੀ ਗੱਲ ਕੀਤੀ ਜਾਵੇ ਤਾਂ ਉਸ ਵਿਚ ਯਥਾਰਥਵਾਦ ਮਾਨਵਤਾਵਾਦ ਤੇ ਸਮਾਜਵਾਦ ਦੀ ਗੱਲ ਹੋਈ ਮਿਲਦੀ ਹੈ | ਨਾਵਲ ਦੇ ਅੰਤ 'ਤੇ ਨਾਵਲ ਦੀ ਦਸ਼ਾ ਤੇ ਦਿਸ਼ਾ ਤੇ ਝਾਤ ਪਾਉਂਦਿਆਂ ਸਮਾਜ ਵਿਚ ਪੈਦਾ ਹੋਏ ਖਲਾਅ ਬੇਰੁਜ਼ਗਾਰੀ, ਭਿ੍ਸ਼ਟਾਚਾਰ ਅਨਿਆਂ ਵਿਰੁੱਧ ਪਾਠਕਾਂ, ਵਿਦਵਾਨਾਂ, ਪੜ੍ਹੇ ਲਿਖੇ ਨੌਜਵਾਨਾਂ ਅਤੇ ਚਿੰਤਨਸ਼ੀਲ ਲੋਕਾਂ ਲਈ ਇਕ ਸਮਾਜਿਕ ਵੰਗਾਰ ਹੈ | ਇਸ ਲਈ ਸਾਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ | ਭਾਰਤੀ ਸਮਾਜ ਦੀ ਉਲਝੀ ਹੋਈ ਤਾਣੀ ਨੂੰ ਲੋਕਾਂ ਦੇ ਸਨਮੁਖ ਰੱਖਣ ਅਤੇ ਸੇਧ ਦੇਣ ਲਈ ਲੇਖਕ ਵਧਾਈ ਦੇ ਪਾਤਰ ਹਨ |
-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-88572
ਅਮੀਰ ਖੁਸਰੋ ਅਤੇ ਉਸ ਦੀਆਂ ਪਹੇਲੀਆਂ
ਜੀਵਨੀ ਅਤੇ ਬੁਝਾਰਤਾਂ
ਸੰਗ੍ਰਹਿਕਰਤਾ : ਰਾਮ ਸਰੂਪ ਸ਼ਰਮਾ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 84277-12890
ਭਾਰਤੀ ਸਾਹਿਤ ਤੇ ਸੂਫ਼ੀ-ਪਰੰਪਰਾ ਵਿਚ ਅਮੀਰ ਖੁਸਰੋ ਦਾ ਨਾਂਅ ਬਹੁਤ ਹੀ ਅਦਬ ਸਤਿਕਾਰ ਨਾਲ ਲਿਆ ਜਾਂਦਾ ਹੈ | ਸੂਫ਼ੀ ਸਿਲਸਿਲੇ ਵਿਚ ਮਹਾਨ ਸੂਫ਼ੀ ਸੰਤ, ਵਿਦਵਾਨ ਹਜ਼ਰਤ ਮੁਹੰਮਦ ਔਲੀਆ ਜੀ ਉਨ੍ਹਾਂ ਦੇ ਗੁਰੂ ਸਨ ਜਿਨ੍ਹਾਂ ਨੇ ਖ਼ੁਦ ਅਧਿਆਤਮਿਕ ਗਿਆਨ ਪ੍ਰਸਿੱਧ ਸੂਫ਼ੀ ਦਰਵੇਸ਼ ਤੇ ਸ਼ਾਇਰ ਸ਼ੇਖ ਫ਼ਰੀਦ ਜੀ ਤੋਂ ਹਾਸਿਲ ਕੀਤਾ ਸੀ | ਅਮੀਰ ਖੁਸਰੋ ਦਾ ਪੂਰਾ ਨਾਂਅ ਅਮੀਨ ਦੌਲਾ ਅਬਲ-ਹਸਨ ਸੀ, ਖੁਸਰੋ ਉਸ ਦਾ ਉਪ ਨਾਂਅ ਸੀ | ਬਾਦਸ਼ਾਹ ਜਲਾਲੁਦੀਨ ਖਿਲਜੀ ਨੇ ਉਸ ਦੀ ਇਕ ਫਾਰਸੀ ਕਵਿਤਾ ਤੋਂ ਖੁਸ਼ ਹੋ ਕੇ ਉਸ ਨੂੰ 'ਅਮੀਰ' ਦੀ ਉਪਾਧੀ ਦੇ ਦਿੱਤੀ ਅਤੇ ਇਉਂ ਇਹ ਮਹਾਨ ਪ੍ਰਤਿਭਾਸ਼ੀਲ ਸ਼ਖ਼ਸੀਅਤ ਅਮੀਰ ਖੁਸਰੋ ਦੇ ਨਾਂਅ ਨਾਲ ਪ੍ਰਸਿੱਧ ਹੋ ਗਈ ਹੈ | ਅਮੀਰ ਖੁਸਰੋ ਨੂੰ ਪਿਆਰ, ਸਤਿਕਾਰ ਨਾਲ 'ਤੂਤੀ-ਏ-ਹਿੰਦ' ਦਾ ਖ਼ਿਤਾਬ ਵੀ ਦਿੱਤਾ ਗਿਆ ਕਿਉਂਕਿ ਅਰਬੀ, ਫਾਰਸੀ, ਤੁਰਕੀ ਤੇ ਹਿੰਦੀ ਸਭ ਭਾਸ਼ਾਵਾਂ ਵਿਚ ਬਰਾਬਰ ਵੱਡਾ ਵਿਦਵਾਨ ਹੋਣ ਦੇ ਬਾਵਜੂਦ ਉਹ ਆਪਣੀ ਮਾਤ ਭਾਸ਼ਾ ਨੂੰ ਬਹੁਤ ਪਿਆਰ ਕਰਦਾ ਸੀ ਜੋ ਉਸ ਵੇਲੇ ਦਾ ਹਿੰਦੀ ਰੂਪ 'ਖੜੀ ਬੋਲੀ' ਸੀ | ਉਸ ਨੂੰ ਹਿੰਦੀ ਸਾਹਿਤ ਵਿਚ ਖੜੀ ਬੋਲੀ ਦਾ 'ਪਹਿਲਾ' ਕਵੀ ਹੋਣ ਦਾ ਮਾਣ ਵੀ ਦਿੱਤਾ ਜਾਂਦਾ ਹੈ | ਆਪਣੇ ਇਕ ਸ਼ਿਅਰ ਵਿਚ ਬਹੁਤ ਦਿਲਕਸ਼ ਕਾਵਿਕ ਅੰਦਾਜ਼ ਵਿਚ ਉਹ ਆਪਣੇ ਆਪ ਨੂੰ ਹਿੰਦੁਸਤਾਨ ਦੀ ਤੂਤੀ ਆਖਦੇ ਹੋਏ ਕਹਿੰਦੇ ਹਨ ਜੇ ਮੇਰੇ ਨਾਲ ਮਿੱਠੀਆਂ ਗੱਲਾਂ ਕਰਨੀਆਂ ਚਾਹੁੰਦੇ ਹੋ ਤਾਂ ਮੇਰੇ ਨਾਲ ਹਿੰਦ ਵੀ ਵਿਚ ਗੱਲ ਕਰੋ | ਗੰਗਾ ਜਗਨੀ ਤਹਿਜ਼ੀਬ ਦੇ ਸਹੀ ਅਰਥਾਂ ਵਿਚ ਅਸਲ ਪ੍ਰਤੀਕ ਅਮੀਰ ਖੁਸਰੋ ਦੇ ਜੀਵਨ ਤੇ ਰਚਨਾ ਬਾਰੇ ਇਹ ਪੁਸਤਕ ਰਾਮ ਸਰੂਪ ਸ਼ਰਮਾ ਨੇ ਬਹੁਤ ਮਿਹਨਤ ਨਾਲ ਤਿਆਰ ਕੀਤੀ ਹੈ | ਇਸ ਪੁਸਤਕ ਦੀ ਸਮੁੱਚੀ ਵਿਸ਼ਾ-ਸਮੱਗਰੀ ਨੂੰ ਮੋਟੇ ਤੌਰ 'ਤੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ | ਪਹਿਲੇ ਭਾਗ ਵਿਚ ਅਮੀਰ ਖੁਸਰੋ ਦੇ ਜੀਵਨ ਤੇ ਰਚਨਾ ਬਾਰੇ ਆਰੰਭਲੇ ਪੰਜ ਅਧਿਆਵਾਂ ਰਾਹੀਂ ਜਾਣਕਾਰੀ ਦਿੱਤੀ ਗਈ ਹੈ | ਇਹ ਜਾਣਕਾਰੀ ਸੰਖੇਪ, ਤੱਥਾਤਮਿਕ ਤੇ ਖੋਜ ਭਰਪੂਰ ਹੈ | ਖੁਸਰੋ ਦੀਆਂ ਹਿੰਦੀ ਰਚਨਾਵਾਂ ਨੂੰ ਲੋਕ ਰੁਚੀ ਦੀਆਂ ਰਚਨਾਵਾਂ, ਸਾਹਿਤਕ ਰਚਨਾਵਾਂ ਤੇ ਖਾਲਿਕ ਬਾਰੀ ਕੋਸ਼ ਦੇ ਰੂਪ ਵਿਚ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ | ਪੁਸਤਕ ਦੇ ਦੂਜੇ ਭਾਗ ਵਜੋਂ ਪਹੇਲੀਆਂ (ਬੁਝਾਰਤਾਂ), ਮੁਕਰੀਆਂ, ਸੂਫ਼ੀ ਦੋਹੇ ਤੇ ਅੱਖ ਦਾ ਨੁਸਖਾ ਦੇ ਪਾਠ ਨੂੰ ਲਿਆ ਜਾ ਸਕਦਾ ਹੈ | ਪਹੇਲੀਆਂ ਦੇ ਉੱਤਰ ਵੱਖਰੇ ਤੌਰ 'ਤੇ ਦਰਜ ਦਿੱਤੇ ਗਏ ਹਨ | ਮੇਰੇ ਲਈ ਇਹ ਜਾਣਕਾਰੀ ਵੀ ਨਵੀਂ ਤੇ ਹੈਰਾਨਕੁੰਨ ਸੀ ਕਿ ਖੁਸਰੋ ਸਾਹਿਬ ਇਕ ਮਹਾਨ ਸੰਗੀਤਕਾਰ ਵੀ ਸਨ ਅਤੇ ਤਬਲਾ, ਢੋਲਕ ਤੇ ਸਿਤਾਰ ਆਦਿ ਸੰਗੀਤ ਯੰਤਰਾਂ ਦੀ ਖੋਜ ਕਰਨ 'ਤੇ ਇਨ੍ਹਾਂ ਨੂੰ ਵਜਾਉਣ ਦੀਆਂ ਵਿਧੀਆਂ ਵੀ ਬਣਾਈਆਂ | ਕਵਾਲੀ, ਹੈਰੀ, ਸਵਾਰੀ, ਦਾਸਤਾਨ, ਪਰਤਾਲ (ਪੜਤਾਲ), ਚਪਕ, ਆੜਾ, ਚੌਤਾਲਾ, ਝਮਰਾ, ਝਪਤਾਲ, ਜ਼ਬਹਰ ਆਦਿ ਅਨੇਕਾਂ ਤਾਲਾਂ ਵੀ ਉਨ੍ਹਾਂ ਦੁਆਰਾ ਪ੍ਰਚੱਲਿਤ ਕੀਤੀਆਂ ਗਈਆਂ | ਅਜਿਹੀ ਬਹੁਭਾਸ਼ਾਈ ਤੇ ਬਹੁਪੱਖੀ ਪ੍ਰਤਿਭਾਸ਼ੀਲ ਮਹਾਨ ਸ਼ਖ਼ਸੀਅਤ ਨੂੰ ਬਹੁਤ-ਬਹੁਤ ਸਿਜਦਾ | ਪੁਸਤਕ ਪੜ੍ਹਨਯੋਗ ਵੀ ਹੈ ਤੇ ਸਾਂਭਣਯੋਗ ਵੀ |
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਨਾਨੀ ਦੀਆਂ ਬਾਤਾਂ
ਲੇਖਿਕਾ : ਹਰਪ੍ਰੀਤ ਕੌਰ ਸੰਧੂ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 79
ਸੰਪਰਕ : 90410-73310
ਬਾਤਾਂ ਮਨੁੱਖੀ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ | ਦਾਦੀ ਨਾਨੀ ਦੀਆਂ ਸੁਣਾਈਆਂ ਬਾਤਾਂ ਅਚੇਤ ਹੀ ਮਨ ਵਿਚ ਘਰ ਕਰਦੀਆਂ ਤੇ ਉਹ ਸਬਕ ਸਹਿਜੇ ਹੀ ਸਿਖਾ ਜਾਂਦੀਆਂ ਹਨ ਜਿਹੜੇ ਸਾਡੇ ਰੋਜ਼ਮਰ੍ਹਾ ਦੇ ਜੀਵਨ ਦਾ ਅਹਿਮ ਹਿੱਸਾ ਹਨ | ਪੁਸਤਕ ਨਾਨੀ ਦੀਆਂ ਬਾਤਾਂ ਵੀ ਅਜਿਹੀਆਂ ਹੀ ਬਾਤਾਂ ਦਾ ਸੰਗ੍ਰਹਿ ਹੈ ਜਿਸ ਵਿਚ ਲੇਖਕਾਂ ਨੇ ਲੋਕ ਕਹਾਣੀਆਂ ਰਾਹੀਂ ਨਵੀਂ ਪੀੜੀ ਨੂੰ ਸੁਹਜ ਅਤੇ ਸੰਵੇਦਨਾ ਨਾਲ ਜੋੜਨ ਦਾ ਖੂਬਸੂਰਤ ਉਪਰਾਲਾ ਕੀਤਾ ਹੈ ਕਿਉਂਕਿ ਇਨ੍ਹਾਂ ਦੋਨਾਂ ਬਿਨਾਂ ਜ਼ਿੰਦਗੀ, ਜ਼ਿੰਦਗੀ ਨਹੀਂ ਮਹਿਜ ਉਮਰ ਬਿਤਾਉਣਾ ਜਾਪਦੀ ਹੈ | ਇਨ੍ਹਾਂ 31 ਬਾਤਾਂ ਵਿਚ ਜੀਵਨ ਦੇ ਉਹ ਮੁੱਲਵਾਨ ਸਬਕ ਹਨ ਜਿਨ੍ਹਾਂ ਨੂੰ ਜੀਵਨ ਵਿਚ ਅਪਣਾਉਣਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਇਨਸਾਨ, ਇਨਸਾਨ ਕਹਾਏ ਜਾਣ ਦੇ ਕਾਬਿਲ ਬਣਿਆ ਰਹੇ | ਜੁਬਾਨ ਦਾ ਰਸ, ਏਕੇ ਦੀ ਬਰਕਤ, ਕਰਮਾਂ ਦਾ ਫਲ, ਰਿਸ਼ਤਿਆਂ ਵਿਚ ਇਮਾਨਦਾਰੀ ਤੇ ਪਾਰਦਰਸ਼ਤਾ, ਮਿਹਨਤ ਕਰਨ ਦੀ ਆਦਤ ਅਤੇ ਵਰਤਮਾਨ ਵਿਚ ਜਿਊਣਾ, ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਤੋਲਣਾ, ਮਨੁੱਖੀ ਸ਼ਖ਼ਸੀਅਤ ਤੇ ਉਸ ਦੀ ਪਰਵਰਿਸ਼ ਦਾ ਅਸਰ, ਸੱਚੀ ਮੁਹੱਬਤ ਦੀ ਪਰਿਭਾਸ਼ਾ, ਔਖੇ ਸਮਿਆਂ ਵਿਚ ਦੋਸਤੀ ਦਾ ਫਰਜ਼ ਨਿਭਾਉਣਾ, ਸੰਤੋਖ ਨਾਲ ਜ਼ਿੰਦਗੀ ਜਿਉਣੀ, ਮੰਜ਼ਿਲ ਪ੍ਰਾਪਤੀ ਲਈ ਦਿ੍ੜ੍ਹ ਨਿਸ਼ਚਾ ਕਰਨਾ, ਪਰਦੇ ਕੱਜਣ ਵਾਲੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਆਦਿ ਅਨੇਕਾਂ ਸਬਕ ਇਨ੍ਹਾਂ ਲੋਕ ਕਹਾਣੀਆਂ ਵਿਚੋਂ ਮਿਲਦੇ ਹਨ ਜਿਨ੍ਹਾਂ ਨੂੰ ਜਾਣਨਾ ਅੱਜ ਦੀ ਨੌਜਵਾਨ ਪੀੜ੍ਹੀ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਜ ਦਾ ਮਨੁੱਖ ਏਨਾ ਸੰਵੇਦਨਹੀਣ ਹੋ ਚੁੱਕਿਆ ਹੈ ਕਿ ਉਸ ਨੂੰ ਆਪਣੇ ਆਪੇ ਤੋਂ ਬਿਨਾਂ ਹੋਰ ਕਿਸੇ ਨਾਲ ਕੋਈ ਗਰਜ਼ ਹੀ ਨਹੀਂ ਜਾਪਦੀ | ਅਜਿਹੇ ਸਮੇਂ ਵਿਚ ਅਜਿਹੀਆਂ ਲੋਕ ਕਹਾਣੀਆਂ ਦਾ ਬਾਲ ਸਾਹਿਤ ਦੇ ਰੂਪ ਵਿਚ ਬਾਲਾਂ ਤੱਕ ਪਹੁੰਚਣਾ ਇਕ ਅਜਿਹੀ ਕੋਸ਼ਿਸ਼ ਹੈ ਜੋ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਵਿਰਾਸਤ ਦੇ ਨਾਲ ਜੋੜਦੀ ਉਨ੍ਹਾਂ ਵਿਚ ਉਨ੍ਹਾਂ ਸਾਰੇ ਗੁਣਾਂ ਨੂੰ ਭਰਨ ਦੇ ਉਪਰਾਲੇ ਕਰਦੀ ਜਾਪਦੀ ਹੈ ਜਿਹੜੇ ਕਿ ਇਨਸਾਨ ਦੀ ਅਸਲੀ ਪਹਿਚਾਣ ਹਨ | ਸਰਲ ਤੇ ਸਧਾਰਨ ਭਾਸ਼ਾ ਵਿਚ ਪੇਸ਼ ਕੀਤੀਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਦਿਆਂ ਹਰ ਵਰਗ ਦਾ ਪਾਠਕ ਜ਼ਰੂਰ ਉਸ ਆਨੰਦ ਨੂੰ ਮਾਣੇਗਾ ਜੋ ਉਸਨੂੰ ਆਪਣੇ ਦਾਦੀ ਨਾਨੀ ਤੋਂ ਬਾਤਾਂ ਸੁਣਨ ਵੇਲੇ ਮਿਲਦਾ ਹੋਵੇਗਾ |
-ਡਾ.ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਅਧੂਰਾ ਸਫ਼ਰ
ਲੇਖਕ : ਜਸਵੰਤ ਸਿੰਘ ਰਾਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 152
ਸੰਪਰਕ : 94648-94994
ਇਸ ਨਾਵਲ ਦਾ ਪਿਛਕੋੜ ਮੁੱਖ ਤੌਰ 'ਤੇ 1939 ਤੋਂ 1962 ਤੱਕ ਦੇ ਚੀਨੀ ਹਮਲੇ ਤੱਕ ਫੈਲਿਆ ਹੋਇਆ ਹੈ | ਸ਼ਾਇਦ ਕੁਝ ਗੱਲਾਂ 1970-71 ਤੱਕ ਦੀਆਂ ਵੀ ਸ਼ਾਮਲ ਹੋ ਗਈਆਂ ਹੋਣ | ਇਸ ਵਿਚ 1947 ਦੇ ਦੰਗੇ ਵੀ ਸ਼ਾਮਿਲ ਹਨ | ਇਕ ਦੋ ਪਿਆਰ ਦੇ ਦਿ੍ਸ਼ ਵੀ ਹਨ | ਨਾਵਲ ਦਾ ਨਾਇਕ ਸ਼ਾਮ ਲਾਲ ਤਰਖਾਣਾ ਦਾ ਮੁੰਡਾ ਹੈ | ਉਹ ਲਾਹੌਰ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਪੱਕਾ ਕਾਮਰੇਡ ਬਣ ਗਿਆ ਸੀ | ਉਹ ਆਰਥਿਕ ਗ਼ਰੀਬੀ ਕਾਰਨ ਨਿਜ਼ਾਮ ਦੀ ਤਬਦੀਲੀ ਦਾ ਸਮਰਥਕ ਸੀ | ਉਹ 'ਉਤਰੋ ਵਸ ਕੀ' ਦੇ ਨਾਵਲ 'ਦਾਰੋ ਰਸਨ ਕੀ ਅਜ਼ਮਾਇਸ਼' ਦਾ ਪ੍ਰਸੰਸਕ ਸੀ | ਨਾਇਕ ਪਾਰਟੀ ਦੇ ਪ੍ਰਚਾਰ ਲਈ ਪਿੰਡਾਂ ਵਿਚ ਸਟੇਜਾਂ ਬਣਾ ਕੇ ਡਰਾਮੇ ਵੀ ਖੇਡਿਆ ਕਰਦਾ ਸੀ | ਗਰਮਾ-ਗਰਮ ਭਾਸ਼ਨ ਵੀ ਕਰਦਾ ਸੀ | ਉਸ ਨੂੰ ਵਾਰੰਟ ਵੀ ਜਾਰੀ ਹੁੰਦੇ ਸਨ | ਗਿ੍ਫ਼ਤਾਰ ਵੀ ਹੋ ਜਾਂਦਾ ਸੀ | ਹਵਾਲਾਤ ਵਿਚ ਤਸੀਹੇ ਸਹਿੰਦਾ ਸੀ ਪਰ ਪਾਰਟੀ ਦੇ ਭੇਦ ਬਾਹਰ ਨਹੀਂ ਦੱਸਦਾ ਸੀ | ਉਸ ਦੇ ਬੱਚੇ, ਪਤਨੀ, ਮਾਂ ਭੁੱਖੇ ਰਹਿ ਕੇ ਖਾ ਔਖਾ-ਸੌਖਾ ਗੁਜ਼ਾਰਾ ਕਰਦੇ ਸਨ | ਮਾਂ ਲੋਕਾਂ ਦੀਆਂ ਪੂਣੀਆਂ ਕੱਤਦੀ ਸੀ, ਪਤਨੀ ਕਿਸੇ ਦੇ ਨਾਲ ਉਣਦੀ ਸੀ | ਆਟਾ ਘਰਾਂ ਤੋਂ ਮੰਗਦੇ ਸੀ | ਹਿਰਦੇਵੇਦਕ ਵਰਣਨ ਹੈ | ਬੱਚੇ ਉਡੀਕਦੇ ਨੇ ਅਤੇ ਕਹਿੰਦੇ ਨੇ 'ਭਾਪਾ ਜ਼ਰੂਰ ਆਏਗਾ | ਅਸੀਂ ਸਦਾ ਭੁੱਖੇ ਥੋਹੜੇ ਰਹਿ ਸਕਦੇ ਹਾਂ | ਭਾਪਾ ਆਇਆ ਰੱਜ ਕੇ ਰੋਟੀ ਖਾਵਾਂਗੇ | ਆਪਣੀ ਫ਼ੀਸ ਦਿਆਂਗੇ | ਝਾਈ ਦੀ ਸ਼ਿਕਾਇਤ ਕਰਾਂਗੇ, ਭਾਪਾ ਜੀ ਝਾਈ ਸਾਨੂੰ ਭੁੱਖਿਆਂ ਨੂੰ ਰੋਟੀ ਮੰਗਣ 'ਤੇ ਮਾਰਦੀ ਹੈ |' ਪੰਨਾ 150, ਕੋਈ ਸ਼ੱਕ ਨਹੀਂ ਸ਼ਾਮ ਲਾਲ ਨੇ ਲੀਡਰੀ ਵੀ ਕੀਤੀ | ਅਖ਼ਬਾਰਾਂ ਵਿਚ ਖ਼ਬਰਾਂ ਵੀ ਲੱਗੀਆਂ | ਕਈ ਐਲਾਨ ਵੀ ਕੀਤੇ | ਮੁਜ਼ਾਹਰਿਆਂ ਦੀ ਅਗਵਾਈ ਵੀ ਕੀਤੀ | ਕਈ ਅਫ਼ਸਰਾਂ ਦੀ ਬਦਲੀ ਕਰਵਾਈ | ਕਈ ਮੁਅੱਤਲ ਵੀ ਕਰਵਾਏ | ਪੁਲਿਸ ਨਾਲ ਹਮੇਸ਼ਾ ਟੱਕਰ ਰਹੀ | ਉਹ ਪਾਰਟੀ ਗਤੀਵਿਧੀਆਂ ਛੱਡ ਕੇ ਮੁਲਾਜ਼ਮ-ਠੇਕੇਦਾਰ ਬਣ ਕੇ ਆਪਣਾ ਟੱਬਰ ਪਾਲ ਸਕਦਾ ਸੀ | ਉਹ ਪਾਰਟੀ ਵਿਚ ਸਭ ਤੋਂ ਵੱਡੀ ਘਾਟ ਧੜੇਬੰਦੀ ਅਤੇ ਹੀਰੋ-ਵਰਸ਼ਿਪ, ਗੁਰੂ-ਡੰਮ੍ਹ, ਮਹੰਤਪੁਣੇ ਨੂੰ ਮੰਨਦਾ ਸੀ | ਇਕ ਅਨੰਦ ਨਾਂਅ ਦੇ ਕਾਮਰੇਡ ਦੇ ਸਮਝਾਉਣ 'ਤੇ ਸਾਰੀ ਆਯੂ ਆਪਣੇ ਮਕਸਦ 'ਤੇ ਡਟਿਆ ਰਿਹਾ | ਇਹ ਨਾਵਲ ਚੇਤਨਾ ਵਿਧੀ ਰਾਹੀਂ ਸੰਪੂਰਨ ਕੀਤਾ ਗਿਆ ਹੈ | ਲੇਖਕ ਦਾ ਕਹਿਣਾ ਹੈ ਕਿ ਲਗਭਗ ਪੰਜ ਨਾਵਲਾਂ ਦੀ ਸਮੱਗਰੀ ਨੂੰ ਇਸ ਨਾਵਲ ਵਿਚ ਸਮੇਟਿਆ ਗਿਆ ਹੈ ਤਾਂ ਹੀ ਪਾਤਰਾਂ ਦਾ ਮਨੋਵਿਸ਼ਲੇਸ਼ਣ ਜ਼ਿਆਦਾ ਨਹੀਂ ਹੋ ਸਕਿਆ | ਨਾਵਲਕਾਰ ਨੇ ਨਾਇਕ ਸ਼ਾਮ ਲਾਲ ਦਾ ਸਾਈਕਲ ਪੰਚਰ ਦਿਖਾਇਆ ਹੈ | ਸ਼ਾਮ ਲਾਲ ਪਾਸ ਪੰਚਰ ਲਵਾਉਣ ਲਈ ਅੱਠ ਆਨੇ ਵੀ ਨਹੀਂ ਸਨ | ਸਾਰੇ ਨਾਵਲ ਦੇ 14 ਕਾਂਡਾਂ ਵਿਚ ਉਹ ਸਾਈਕਲ ਹੀ ਘੜੀਸੀ ਜਾਂਦਾ ਹੈ | ਚੇਤਨਧਾਰਾ, ਬੈਕਵਾਰਡ ਮੂਵਮੈਂਟ ਰਾਹੀਂ, ਮਨ ਬਚਨੀਆਂ ਰਾਹੀਂ ਹਰ ਮੀਲ ਦੀਆਂ ਘਟਨਾਵਾਂ ਚੇਤੇ ਕਰਕੇ ਮਾਨਸਿਕ ਪ੍ਰਕਿਰਿਆ ਦੁਆਰਾ ਪੇਸ਼ ਕਰਦਾ ਜਾਂਦਾ ਹੈ | ਇਹੋ ਘਟਨਾਵਾਂ ਨਾਵਲ ਦਾ ਕਥਾਨਕ ਸਿਰਜਦੀਆਂ ਹਨ | ਘਰ ਤਾਂ ਉਸ ਦਾ 24 ਮੀਲ ਦੂਰ ਹੈ | ਪਰ 14ਵੇਂ ਮੀਲ 'ਤੇ ਜਾ ਕੇ ਲੋੜਾਂ ਤੋਂ ਤੰਗ ਆ ਕੇ ਰਾਵੀ ਦਰਿਆ 'ਚ ਰਲਦੇ ਨਾਲੇ ਕੋਲ ਪਹੁੰਚਿਆ | ਉਥੇ ਇਕ ਐਸਾ ਡੁੰਮ੍ਹ ਵੇਖਿਆ ਜਿਸ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਜਾਂਦਾ ਹੈ | ਪਾਠਕ ਪ੍ਰਸ਼ਨ-ਚਿੰਨ੍ਹ ਦੀ ਸੂਲੀ 'ਤੇ ਟੰਗਿਆ ਜਾਂਦਾ ਹੈ ਕਿ ਆਖ਼ਰ ਉਸ ਦੇ ਪਰਿਵਾਰ ਦਾ ਕੀ ਹਾਲ ਹੋਵੇਗਾ?
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand0gmail.com
70% ਪ੍ਰੇਮ ਕਥਾ
ਲੇਖਕ : ਜਸਵੀਰ ਸਿੰਘ ਰਾਣਾ
ਪ੍ਰਕਾਸ਼ਕ : ਦਾ ਬੁੱਕ ਹਾਈਵੇਅ, ਮਲੇਰਕੋਟਲਾ
ਮੁੱਲ : 450 ਰੁਪਏ, ਸਫ਼ੇ : 335
ਸੰਪਰਕ : 98156-59220
ਜਜਸਵੀਰ ਸਿੰਘ ਰਾਣਾ ਪੰਜਾਬੀ ਦਾ ਨਾਮਵਰ ਅਦੀਬ ਹੈ | ਪੰਜਾਬੀ ਦੇ ਅਦਬੀ ਆਲਮ ਵਿਚ ਉਸ ਦੀ ਗੁਣਾਤਮਿਕਤਾ ਦਾ ਗੁਣਗਾਨ ਅਕਸਰ ਹੁੰਦਾ ਰਹਿੰਦਾ ਹੈ | ਉਸ ਦੀ ਕਲਮ ਵਿਚ ਵੀ ਤੇ ਉਸ ਦੇ ਸੁਭਾਅ ਵਿਚ ਵੀ ਇਕ ਖ਼ਾਸ ਕਿਸਮ ਦਾ ਸਹਿਜ ਹੈ, ਜਿਸ ਸਦਕਾ ਉਸ ਦਾ ਬੋਲਣਾ ਤੇ ਲਿਖਣਾ ਪਾਠਕਾਂ/ਸਰੋਤਿਆਂ ਵਿਚ ਸਹਿਜੇ ਹੀ ਪ੍ਰਵਾਨ ਚੜ੍ਹ ਜਾਂਦਾ ਹੈ |
'70% ਪ੍ਰੇਮ ਕਥਾ' ਜਸਵੀਰ ਸਿੰਘ ਰਾਣਾ ਦਾ ਦੂਜਾ ਨਾਵਲ ਹੈ | ਇਸ ਬਾਰੇ 'ਸਵੈ ਜੀਵਨੀ ਦੇ ਦੋ ਪੰਨਿਆਂ 'ਤੇ ਉਸਰਿਆ ਨਾਵਲ' ਤਹਿਤ ਆਰੰਭ 'ਚ ਹੀ ਜਸਵੀਰ ਨੇ ਲਿਖ ਦਿੱਤਾ ਹੈ ਕਿ 'ਇਹ ਨਾਵਲ ਮੇਰੀ ਸਵੈ ਜੀਵਨੀ ਦੇ ਦੋ ਪੰਨਿਆਂ 'ਤੇ ਉਸਰਿਆ ਹੋਇਆ ਹੈ | ਪਹਿਲਾ ਪੰਨਾ ਮੇਰੀ ਮਾਂ ਤੇ ਦੂਜਾ ਪੰਨਾ ਮੇਰਾ ਬਾਜੀ ਹੈ | ਮੈਂ ਦੋਵਾਂ ਦੇ ਵਿਚਕਾਰ ਹਾਂ |'
ਸਪੱਸ਼ਟ ਹੈ ਕਿ ਇਹ ਸਵੈਜੀਵਨੀ ਮੂਲਕ ਗਲਪ ਰਚਨਾ ਗਲਪਕਾਰ ਦੇ ਮਾਪਿਆਂ ਦੇ ਜੀਵਨ ਦੀ ਪਰਿਕਰਮਾ ਕਰਦੀ ਹੋਈ ਐਸਾ ਟੁੰਬਵਾਂ ਸੰਦੇਸ਼ ਦਿੰਦੀ ਹੈ ਜਿਸ ਦੀ ਸਾਰਥਿਕਤਾ ਸਦੀਵੀ ਹੋ ਨਿਬੜਦੀ ਹੈ | ਮਾਪਿਆਂ ਪ੍ਰਤੀ ਜਿਸ ਕਿਸਮ ਦੀ ਸੁਹਿਰਦਤਾ ਨਾਲ ਜਸਵੀਰ ਸਿੰਘ ਰਾਣਾ ਨੇ ਗਲਪੀ ਬੁਣਤੀ ਬੁਣੀ ਹੈ ਉਹ ਵਿਰਲੇ ਕਲਮਕਾਰਾਂ ਦੇ ਹਿੱਸੇ ਆਉਂਦੀ ਹੁੰਦੀ ਹੈ | ਨਿਰਸੰਦੇਹ ਕਿਸੇ ਬਿਰਤਾਂਤ ਦੀ ਵਿਲੱਖਣਤਾ ਹੀ ਉਸ ਨੂੰ ਵੱਡੇ ਅਰਥ ਦਿੰਦੀ ਹੈ |
ਭਾਵੇਂ ਨਾਵਲ ਵਿਚਲੇ ਇਕ ਰੇਡੀਓ ਪ੍ਰੋਗਰਾਮ ਦਾ ਨਾਂਅ ਵੀ '70% ਪ੍ਰੇਮ ਕਥਾ' ਹੈ ਪਰ ਨਾਵਲ ਅੰਦਰਲੀ ਪ੍ਰੇਮ ਕਥਾ ਦੀਆਂ ਪਰਤਾਂ ਬੜੀਆਂ ਡੂੰਘੀਆਂ ਹਨ | ਮਾਂ ਤੇ ਪਿਓ ਦੀ ਆਪਸ ਵਿਚ ਤੇ ਆਪਣੀ ਔਲਾਦ ਨਾਲ ਅੰਤਰ ਸਾਂਝ ਸ