JALANDHAR WEATHER

29-08-25

 ਬਾਬੇ ਦਾ ਵਿਆਹ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਦੇ ਨਿਵਾਸੀ ਮੂਲ ਚੰਦ ਤੇ ਬੀਬੀ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀ ਯਾਦ ਵਿਚ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ ਅਤੇ ਬਟਾਲਾ ਦੇ ਨਜ਼ਦੀਕ ਹੀ ਗੁਰਦੁਆਰਾ ਫਲਾਹੀ ਸਾਹਿਬ ਕਾਦੀਆਂ ਰੋਡ 'ਤੇ ਸਥਿਤ ਹੈ। ਜਲੰਧਰ ਰੋਡ 'ਤੇ ਅੱਚਲ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਥੇ ਗੁਰੂ ਸਾਹਿਬ ਨੇ ਚਰਨ ਪਾਏ ਅਤੇ ਸਿੱਧਾਂ ਨਾਲ ਗੋਸ਼ਟੀ ਹੋਈ। ਇਸੇ ਅਸਥਾਨ 'ਤੇ ਗੁਰਦੁਆਰਾ ਤੇ ਸ਼ਿਵਜੀ ਦਾ ਮੰਦਰ ਹੈ ਅਤੇ ਖਾਸ ਗੱਲ ਇਹ ਹੈ ਕਿ ਦੋਵਾਂ ਧਾਰਮਿਕ ਅਸਥਾਨਾਂ ਦਾ ਇਕ ਸਾਂਝਾ ਸਰੋਵਰ ਹੈ ਅਤੇ ਹਿੰਦੂ-ਸਿੱਖ ਇਸ਼ਨਾਨ ਕਰ ਕੇ ਇਨ੍ਹਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਦੇ ਹਨ। ਇਸ ਅਸਥਾਨ 'ਤੇ ਵੀ ਸਾਲ ਵਿਚ ਇਕ ਵਾਰ ਮੇਲਾ ਲਗਦਾ ਹੈ। ਬਾਬੇ ਦੇ ਵਿਆਹ ਮੌਕੇ ਬਟਾਲਾ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਗੁਰਦੁਆਰਿਆਂ ਵਿਚ ਸ੍ਰੀ ਅਖੰਡ ਸਾਹਿਬ ਰਖਵਾਏ ਜਾਂਦੇ ਹਨ ਅਤੇ ਭੋਗ ਪਾਉਣ ਉਪਰੰਤ ਲੰਗਰ ਲਗਦੇ ਹਨ ਤੇ ਵਿਆਹ ਦੀ ਤਿਆਰੀ ਕੀਤੀ ਜਾਂਦੀ ਹੈ, ਜਿਸ ਦੀ ਰੌਣਕ ਵੇਖਿਆਂ ਹੀ ਬਣਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਵਿਆਹ ਵਾਲੇ ਦਿਨ ਸੁਲਤਾਨਪੁਰ ਲੋਧੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬਟਾਲੇ ਆਉਂਦੀ ਹੈ ਅਤੇ ਰਸਤੇ ਵਿਚ ਹਰ ਧਰਮ ਦੇ ਲੋਕਾਂ ਵਲੋਂ ਥਾਂ-ਥਾਂ ਵੱਖ-ਵੱਖ ਕਿਸਮਾਂ ਦੇ ਲੰਗਰ ਲਗਾਏ ਜਾਂਦੇ ਹਨ। ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਂਦਾ ਹੈ। ਇਸ ਸਾਲ 30 ਅਗਸਤ, 2025 ਨੂੰ ਬਾਬੇ ਦਾ ਵਿਆਹ ਪੁਰਬ ਆ ਰਿਹਾ ਹੈ, ਜੋ ਕਿ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ (ਬਟਾਲਾ), ਜ਼ਿਲ੍ਹਾ ਗਰੁਦਾਸਪੁਰ।

ਟੌਪ ਟੈੱਨ 'ਚ ਆਉਣ ਦੇ ਯਤਨ

ਹਰੀ ਕ੍ਰਾਂਤੀ ਸਾਰੇ ਭਾਰਤ ਵਿਚ ਚੱਲੀ ਸੀ, ਜਿਸ ਦਾ ਆਗਾਜ਼ ਨੌਰਮਨ ਬੋਰਲਾਗ ਨੇ ਕੀਤਾ, ਪਰ ਇਹ ਪ੍ਰਫੁੱਲਿਤ ਪੰਜਾਬ 'ਚ ਹੋਈ ਸੀ। ਇਸ ਪ੍ਰਸੰਗ ਵਿਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਪਛਾਣ ਅੱਜ ਤੱਕ ਉਨ੍ਹਾਂ ਦੇ ਕੀਤੇ ਕੰਮਾਂ ਲਈ ਹੈ। ਉਨ੍ਹਾਂ ਨੇ ਪੂਰੇ ਸਮਰਪਣ ਨਾਲ ਹਰੀ ਕ੍ਰਾਂਤੀ ਨੂੰ ਪ੍ਰਫੁੱਲਿਤ ਕਰ ਕੇ ਕੇਂਦਰੀ ਪੂਲ ਵਿਚ ਅਨਾਜ ਦੇ ਭੰਡਾਰ ਭਰ ਦਿੱਤੇ। ਜੋ ਅੱਜ ਤੱਕ ਜਾਰੀ ਹਨ। ਸਰਦਾਰ ਕੈਰੋਂ ਨੇ ਇਹ ਉਦਾਹਰਨਾਂ ਵੀ ਸੈੱਟ ਕੀਤੀਆਂ ਕਿ ਸੱਤਾ ਵਿਚ ਬੈਠੇ ਵਿਅਕਤੀ ਲਈ ਪੈਸਾ ਨਾ ਹੋਣਾ ਕੋਈ ਬਹਾਨਾ ਨਹੀਂ ਹੁੰਦਾ। ਅੱਜ ਟੌਪ ਟੈੱਨ ਮੁੱਖ ਮੰਤਰੀਆਂ ਦੀ ਲਿਸਟ ਵਿਚ ਸਰਦਾਰ ਕੈਰੋਂ ਦਾ ਨਾਂਅ ਇਸ ਲਈ ਹੈ ਕਿ ਉਨ੍ਹਾਂ ਨੇ ਇੱਕੋ ਵਿਸ਼ੇ 'ਤੇ ਧਿਆਨ ਕੇਂਦਰਿਤ ਕਰਕੇ ਬਾਕੀ ਸੂਬੇ ਪਛਾੜ ਦਿੱਤੇ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ, ਨਸ਼ਾ ਜੋ ਪੰਜਾਬ ਨੂੰ ਵਿਰਸੇ ਵਿਚ ਮਿਲਿਆ ਸੀ, 'ਤੇ ਧਿਆਨ ਲਗਾਉਣਾ ਪੈ ਰਿਹਾ ਹੈ। ਸਰਕਾਰ ਪੂਰੀ ਤਰ੍ਹਾਂ ਦ੍ਰਿੜ੍ਹ ਹੈ, ਜਵਾਨੀ ਬਚੂ ਤਾਂ ਹੀ ਵਿਕਾਸ ਸੰਭਵ ਹੈ। ਪੰਜਾਬ ਸਰਕਾਰ ਉਂਝ ਚਹੁੰ ਪਾਸਿਓਂ ਪੰਜਾਬ ਨੂੰ ਲੀਹ 'ਤੇ ਲਿਆਉਣ ਦੇ ਯਤਨ ਵਿਚ ਹੈ, ਪਰ ਮਾਣਯੋਗ ਮੁੱਖ ਮੰਤਰੀ ਨੂੰ ਟੌਪ ਟੈੱਨ ਵਿਚ ਆਉਣ ਲਈ ਟੀਚਾ ਮਿੱਥਣਾ ਚਾਹੀਦਾ ਹੈ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।

ਐਤਵਾਰ ਅੰਕ ਦਿਲਚਸਪ ਰਿਹਾ

ਹਫ਼ਤੇ ਦੀ ਸ਼ੁਰੂਆਤ ਕਰਨ ਅਤੇ ਐਤਵਾਰ ਦੀ ਛੁੱਟੀ ਦਾ ਅਨੰਦ ਲੈਣ ਲਈ ਐਤਵਾਰ ਦਾ ਸਮੁੱਚਾ ਅੰਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਸੀ। ਡਾ. ਬਰਜਿੰਦਰ ਸਿੰਘ ਹਮਦਰਦ ਦੀ ਸੰਪਾਦਕੀ ਜਿਥੇ ਬਿਹਾਰ ਦੀਆਂ ਵੋਟਰ ਸੂਚੀਆਂ 'ਤੇ ਪੈ ਰਹੇ ਰੌਲੇ ਰੱਪੇ ਅਤੇ ਚੋਣ ਕਮਿਸ਼ਨ ਦੀ ਚੱਲ ਰਹੀ ਕਾਰਵਾਈ ਤੇ ਚਿੰਤਾ ਪ੍ਰਗਟ ਕਰਦੀ ਹੈ ਉਥੇ ਪ੍ਰੋ. ਕੁਲਬੀਰ ਸਿੰਘ ਦੁਆਰਾ ਮਾਈਕਲ ਜੈਕਸਨ ਦੀ ਜ਼ਿੰਦਗੀ ਦਾ ਕੀਤਾ ਗਿਆ ਚਿੱਤਰਣ ਉਸ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਪ੍ਰਾਪਤ ਕੀਤੀਆਂ ਸ਼ੁਹਰਤਾਂ ਨੂੰ ਬਿਆਨ ਕਰਦਾ ਹੈ। ਗੁਲਜ਼ਾਰ ਸਿੰਘ ਸੰਧੂ ਦੀ ਨਿੱਕ ਸੁੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੁਨੀਆਂ ਦੀਆਂ ਚੋਟੀ ਦੀਆਂ 100 ਸੰਸਥਾਵਾਂ ਵਿਚ ਸ਼ਾਮਿਲ ਹੋਣ 'ਤੇ ਵਧਾਈ ਦਿੰਦਾ ਹੋਇਆ ਮਾਣ ਮਹਿਸੂਸ ਕਰਦਾ ਹੈ ਉਥੇ ਮਹਿਲਾ ਪੱਤਰਕਾਰਾਂ ਦੀ ਵਧ ਰਹੀ ਭੂਮਿਕਾ 'ਤੇ ਫ਼ਖ਼ਰ ਕਰਦਾ ਦਿਖਾਈ ਦਿੰਦਾ ਹੈ। ਸਤਨਾਮ ਸਿੰਘ ਮਾਣਕ ਦਾ 'ਕਿਛੁ ਸੁਣੀਐ ਕਿਛੁ ਕਹੀਐ' ਪੰਜਾਬ ਦੇ ਬਹੁ ਪੱਖੀ ਸੰਕਟ ਨੂੰ ਉਜਾਗਰ ਕਰਦੇ ਹੋਏ ਸੰਕਟ 'ਚੋਂ ਨਿਕਲਣ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੰਦਾ ਹੈ। ਅਜੀਤ ਮੈਗਜ਼ੀਨ ਵਿਚ ਡਾ ਮੋਹਿੰਦਰ ਸਿੰਘ ਦੁਆਰਾ ਇਤਿਹਾਸਕ ਬਹੁਮੁੱਲੀ ਵਸਤਾਂ ਦੀ ਦਿੱਤੀ ਜਾਣਕਾਰੀ ਅਤੇ ਸੰਜੈ ਸ਼੍ਰੀਵਾਸਤਵ ਦੁਆਰਾ ਨਿਸਾਰ ਉਪਗ੍ਰਹਿ ਮਿਸ਼ਨ ਦੀ ਸਫ਼ਲਤਾ ਨਾਲ ਆਕਾਸ਼ ਤੋਂ ਧਰਤੀ ਤੇ ਕਿਵੇਂ ਉਤਰਨਗੀਆਂ ਆਸਾਂ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਭਾਰਤ ਦੇ ਪੁਲਾੜ ਦੇ ਖ਼ੇਤਰ ਵਿਚ ਵਧ ਰਹੇ ਯੋਗਦਾਨ ਨੂੰ ਵੀ ਉਜਾਗਰ ਕਰਦਾ ਹੈ। ਭੁਪਿੰਦਰਵੀਰ ਸਿੰਘ ਦਾ ਲਿਖਿਆ 'ਜਦੋਂ ਲੋਕ ਐਟਮ ਬੰਬ ਦੇ ਤਾਪ ਨਾਲ ਉੱਡ ਗਏ' ਪੜ੍ਹ ਕੇ ਪਰਮਾਣੂ ਬੰਬਾਂ ਦੁਆਰਾ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਕੀਤੀ ਗਈ ਤਬਾਹੀ ਨੂੰ ਮੁੜ ਚੇਤੇ ਕਰਵਾ ਕੇ ਭਵਿੱਖ ਲਈ ਸੁਚੇਤ ਕਰਦੀ ਹੈ। ਸਾਹਿਤ ਫੁਲਵਾੜੀ ਵਿਚ ਛਪੀਆਂ ਗ਼ਜ਼ਲਾਂ ਅਤੇ ਕਹਾਣੀਆਂ ਨੇ ਸਮਾਜ ਦੀ ਮੌਜੂਦਾ ਦਸ਼ਾ 'ਤੇ ਚੋਟ ਕਰਨ ਵਿਚ ਕਾਮਯਾਬ ਰਹੀਆਂ ਹਨ। ਮੋਹਿਤ ਸਿੰਗਲਾ ਦੁਆਰਾ ਡਾਕ ਸੇਵਾ ਬਾਰੇ ਦਿੱਤੀ ਜਾਣਕਾਰੀ ਡਾਕ ਸੇਵਾ ਦੇ ਇਤਿਹਾਸ ਅਤੇ ਡਾਕ ਸੇਵਾ ਦੇ ਮੱਧਮ ਪੈ ਰਹੇ ਦੌਰ ਨੂੰ ਦਰਸਾਉਣ ਵਿਚ ਕਾਮਯਾਬ ਰਹੀ ਹੈ। ਮੈਗਜ਼ੀਨ ਦੇ ਆਖ਼ਰੀ ਸਫ਼ੇ ਤੇ ਨਵੀਆਂ ਛਪ ਕੇ ਆ ਚੁੱਕੀਆਂ ਕਿਤਾਬਾਂ ਬਾਰੇ ਦਿੱਤੀ ਸੰਖੇਪ ਜਾਣਕਾਰੀ ਪਾਠਕਾਂ ਨੂੰ ਕਿਤਾਬਾਂ ਖਰੀਦਣ ਲਈ ਉਤਸ਼ਾਹਿਤ ਕਰੇਗੀ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਤਹਿ ਅਤੇ ਜ਼ਿਲ੍ਹਾ ਬਠਿੰਡਾ

ਰਿਸ਼ਤਿਆਂ ਨੂੰ ਬਚਾਉਣ ਦੀ ਲੋੜ

ਅਜੋਕੇ ਸਮਾਜ ਵਿਚ ਰਿਸ਼ਤਿਆਂ ਦਾ ਰੂਪ ਤੇਜ਼ੀ ਨਾਲ ਬਦਲ ਰਿਹਾ ਹੈ। ਪਹਿਲਾਂ ਦੇ ਸਮਿਆਂ ਵਿਚ ਰਿਸ਼ਤਿਆਂ ਦੀ ਨੀਂਹ ਪਿਆਰ, ਵਿਸ਼ਵਾਸ ਅਤੇ ਸਮਰਪਣ 'ਤੇ ਟਿਕੀ ਹੁੰਦੀ ਸੀ ਅਤੇ ਇਹੀ ਮੁੱਲ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਦੇ ਸਨ। ਪਰ ਮੌਜੂਦਾ ਸਮੇਂ ਵਿਚ ਰਿਸ਼ਤੇ ਸਿਰਫ਼ ਮਤਲਬ ਲਈ ਨਿਭਾਏ ਜਾਂਦੇ ਹਨ। ਇਸ ਬਦਲਾਅ ਕਾਰਨ ਲੋਕਾਂ ਦੇ ਦਿਲਾਂ ਵਿਚੋਂ ਨੇੜਤਾ ਘੱਟਦੀ ਜਾ ਰਹੀ ਹੈ ਅਤੇ ਦੂਰੀਆਂ ਵਧ ਰਹੀਆਂ ਹਨ। ਜੇ ਅਸੀਂ ਰਿਸ਼ਤਿਆਂ ਦੀ ਉਹ ਪੁਰਾਣੀ ਗਰਮਾਹਟ ਮੁੜ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਨੂੰ ਸਮਾਂ, ਧਿਆਨ ਅਤੇ ਸੱਚੀ ਭਾਵਨਾ ਦੇਣੀ ਪਵੇਗੀ।

-ਅਰਪਿਤਾ, ਖੇੜੀ ਨੋਧ ਸਿੰਘ

ਸਰਕਾਰ ਦਾ ਚੰਗਾ ਫ਼ੈਸਲਾ

ਪੰਜਾਬ ਸਰਕਾਰ ਨੇ ਜੋ ਪੰਜਾਬ ਵਿਚ ਲੈਂਡ ਪੂਲਿੰਗ ਨੀਤੀ ਲਾਗੂ ਕੀਤੀ ਸੀ ਉਹ ਸਰਕਾਰ ਨੇ ਪੰਜਾਬ ਦੇ ਕਿਸਾਨਾਂ, ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਦੇ ਵਿਰੋਧ ਕਰ ਕੇ ਵਾਪਿਸ ਲੈ ਲਈ ਹੈ। ਇਹ ਪੰਜਾਬ ਸਰਕਾਰ ਦਾ ਚੰਗਾ ਫ਼ੈਸਲਾ ਹੈ। ਸਰਕਾਰ ਨੇ ਪੰਜਾਬ ਵਿਚ ਬਿਨਾਂ ਕਿਸੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਇਹ ਕਿਸਾਨ ਵਿਰੋਧੀ ਨੀਤੀ ਵਾਪਸ ਲੈ ਲਈ ਹੈ। ਵਿਰੋਧੀ ਪਾਰਟੀਆਂ ਵੀ ਇਸ ਨੀਤੀ ਦਾ ਵਿਰੋਧ ਕਰ ਰਹੀਆਂ ਸਨ। ਸਾਡੀ ਕੇਂਦਰ ਅਤੇ ਸੂਬਾ ਸਰਕਾਰ ਨੂੰ ਬੇਨਤੀ ਹੈ ਕਿ ਕੋਈ ਵੀ ਨਵੀਂ ਨੀਤੀ ਬਣਾਉਣ ਅਤੇ ਲਾਗੂ ਕਰਨ ਤੋਂ ਪਹਿਲਾਂ ਸੰਬੰਧਿਤ ਧਿਰਾਂ ਨੂੰ ਜੇਕਰ ਵਿਸ਼ਵਾਸ ਵਿਚ ਲਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਪੈਦਾ ਨਹੀਂ ਹੁੰਦੀਆਂ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।