01-09-25
ਵਧੀਆ ਸੁਝਾਅ ਜੇ ਹਕੀਕਤ ਬਣ ਸਕੇ
ਅਜੀਤ ਦੇ ਸੰਪਾਦਕੀ ਪੰਨੇ 'ਤੇ 28 ਅਗਸਤ ਨੂੰ ਛਪਿਆ 'ਸ਼ਾਂਤੀ ਅਤੇ ਖੁਸ਼ਹਾਲੀ ਦਾ ਰਸਤਾ ਦਿਖਾ ਸਕਦਾ ਹੈ ਅੰਮ੍ਰਿਤਸਰ' ਸਿਰਲੇਖ ਵਾਲਾ ਡਾ. ਅੰਮ੍ਰਿਤ ਸਾਗਰ ਮਿੱਤਲ ਦਾ ਲੇਖ ਸੋਚਣ ਲਈ ਮਜਬੂਰ ਕਰਨ ਵਾਲਾ ਹੈ। ਮੈਨੂੰ ਯਕੀਨ ਹੈ ਕਿ ਤੁਹਾਡੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰ ਨੂੰ ਆਧੁਨਿਕ ਬਣਾਉਣ ਅਤੇ ਹੋਰ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿਚ ਮਦਦ ਕਰ ਸਕਦੀ ਹੈ ਅਤੇ ਸ਼ਹਿਰ ਦੀ ਆਮਦਨ ਤੁਹਾਡੇ ਚੰਗੇ ਸੁਭਾਅ ਦੁਆਰਾ ਸੁਝਾਏ ਗਏ 3.5 ਲੱਖ ਕਰੋੜ ਰੁਪਏ ਦੇ ਟੀਚੇ ਤੱਕ ਪਹੁੰਚ ਸਕਦੀ ਹੈ। ਸ੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਇਕ ਅਜਿਹਾ ਸਥਾਨ ਹੈ, ਜੋ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਮਨ ਦੀ ਸ਼ਾਂਤੀ ਅਤੇ ਅਧਿਆਤਮਕ ਉੱਨਤੀ ਪ੍ਰਦਾਨ ਕਰਦਾ ਹੈ। ਸ਼ਬਦ ਗੁਰੂ ਵਿਚ ਨਾ ਸਿਰਫ਼ 6 ਗੁਰੂਆਂ, ਸਗੋਂ ਵੱਖ-ਵੱਖ ਧਰਮਾਂ, ਜਾਤਾਂ ਅਤੇ ਸੰਪਰਦਾਵਾਂ ਨਾਲ ਸੰਬੰਧਿਤ ਕਈ ਸੰਤਾਂ ਦੇ ਸ਼ਬਦ ਦਰਜ ਹਨ। ਹਰਿਮੰਦਰ ਸਾਹਿਬ ਅਤੇ ਹੋਰ ਪ੍ਰਮੁੱਖ ਸਥਾਨ ਸੈਲਾਨੀਆਂ ਨੂੰ ਆਕਰਸ਼ਿਤ ਕਰ ਸਕਦੇ ਹਨ ਅਤੇ ਸੂਬੇ ਦੀ ਜੀ.ਡੀ.ਪੀ. ਵਿਚ ਵੱਡਾ ਯੋਗਦਾਨ ਪਾ ਸਕਦੇ ਹਨ। ਤੁਸੀਂ ਕੈਬਨਿਟ ਰੈਂਕ ਦੇ ਸਲਾਹਕਾਰ ਹੋ ਜੋ ਸਿਆਸਤਦਾਨ ਨਹੀਂ, ਪੰਜਾਬ ਦੀ ਆਰਥਿਕਤਾ ਵਿਚ ਵੱਡਾ ਬਦਲਾਅ ਲਿਆ ਸਕਦੇ ਹੋ। ਐਸ.ਜੀ.ਪੀ.ਸੀ. ਵਰਗੀਆਂ ਸੰਸਥਾਵਾਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਅਤੇ ਅੰਮ੍ਰਿਤਸਰ ਨੂੰ ਇਕ ਆਦਰਸ਼ ਸ਼ਹਿਰ ਬਣਾਉਣ ਲਈ ਪ੍ਰੇਰਿਤ ਕਰ ਸਕਦੇ ਹੋ। ਇਸ ਪ੍ਰੋਜੈਕਟ ਦੀ ਸਫ਼ਲਤਾ ਲਈ ਅਜਿਹੀ 'ਪੰਪ ਪ੍ਰਾਈਮਿੰਗ' ਪਹਿਲ ਸਮੇਂ ਦੀ ਲੋੜ ਹੈ।
-ਜੇ.ਐਸ. ਆਹਲੂਵਾਲੀਆ, ਆਈ.ਆਰ.ਐਸ.,
ਸਾਬਕਾ ਮੁੱਖ ਆਮਦਨ ਟੈਕਸ ਕਮਿਸ਼ਨਰ, ਚੰਡੀਗੜ੍ਹ।
ਅਲੋਪ ਹੁੰਦੀਆਂ ਬਚਪਨ ਦੀਆਂ ਖੇਡਾਂ
ਬਚਪਨ ਉਹ ਮਿੱਠਾ ਅਹਿਸਾਸ ਹੈ ਜੋ ਕਦੇ ਵੀ ਵਾਪਸ ਨਹੀਂ ਆਉਂਦਾ। ਹਰ ਬੱਚਾ ਆਪਣੀ ਮਰਜ਼ੀ ਦਾ ਮਾਲਕ ਹੁੰਦਾ। ਬਚਪਨ ਦੀ ਮਰਜ਼ੀ ਹੁਣ ਨਹੀਂ ਰਹੀ, ਕਿਉਂਕਿ ਬਚਪਨ ਮੋਬਾਈਲ ਦੀ ਮਰਜ਼ੀ ਦਾ ਗੁਲਾਮ ਹੋ ਗਿਆ ਹੈ। ਹੁਣ ਬੱਚੇ ਬਾਹਰ ਖੇਡਾਂ ਖੇਡਣ ਦੀ ਬਜਾਏ ਚਾਰਦੀਵਾਰੀ ਅੰਦਰ ਰਹਿ ਕੇ ਮੋਬਾਈਲ ਗੇਮਾਂ ਖੇਡਣ ਦੇ ਆਦੀ ਹੋ ਗਏ ਹਨ। ਜਿਸ ਨਾਲ ਬੱਚਿਆਂ ਦਾ ਮਾਨਸਿਕ ਹੀ ਨਹੀਂ, ਸਗੋਂ ਸਰੀਰਕ ਵਿਕਾਸ ਵੀ ਪ੍ਰਭਾਵਿਤ ਹੋ ਰਿਹਾ ਹੈ। ਬੱਚਿਆਂ ਵਿਚ ਮੋਬਾਈਲ ਜ਼ਿੱਦ ਇਸ ਕਦਰ ਵਧ ਗਈ ਹੈ ਕਿ ਮਾਪਿਆਂ ਨੂੰ ਬੱਚਿਆਂ ਦੀ ਜ਼ਿਦ ਪੂਰੀ ਕਰਨੀ ਪੈਂਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਮੋਬਾਈਲ ਦੀ ਵਰਤੋਂ ਘੱਟ ਕਰਨ। ਆਪਣੇ ਬੱਚੇ ਨੂੰ ਸਮਾਂ ਦੇ ਕੇ ਉਨ੍ਹਾਂ ਅੰਦਰ ਮੋਬਾਈਲ ਤੋਂ ਬਾਹਰ ਦੀਆਂ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਉਪਰਾਲੇ ਕਰਨ। ਬੱਚੇ ਘਰ ਵਿਚ ਵੀ ਆਪਣੇ ਵੱਡੇ ਭੈਣ-ਭਰਾਵਾਂ ਨਾਲ ਕੈਰਮਬੋਰਡ, ਲੁਡੋ, ਸ਼ਤਰੰਜ, ਦਿਮਾਗ਼ੀ ਕਸਰਤ ਵਾਲੀਆਂ ਬੁਝਾਰਤਾਂ, ਰੱਸੀ ਟੱਪਣਾ, ਕਲੀ ਜੋਟਾ ਆਦਿ ਖੇਡਾਂ ਖੇਡ ਸਕਦੇ ਹਨ।
-ਗੌਰਵ ਮੁੰਜਾਲ ਪੀ.ਸੀ.ਐਸ.
ਸਫ਼ਰ ਦੌਰਾਨ ਦੋਸਤੀ
ਸਾਡੀ ਜ਼ਿੰਦਗੀ ਇਕ ਸਫ਼ਰ ਹੈ। ਡਿਊਟੀ ਦੌਰਾਨ ਸਫ਼ਰ ਵਿਚ ਕਾਫੀ ਸਮਾਂ ਬੀਤ ਹੋਣ ਕਰਕੇ ਜਿਨ੍ਹਾਂ ਨਾਲ ਅਸੀਂ ਪਹਿਲਾਂ ਸਰਸਰੀ ਗੱਲਬਾਤ ਕਰਦੇ ਹਾਂ ਪਰ ਹੌਲੀ-ਹੌਲੀ ਬੋਲ ਚਾਲ ਵਧ ਜਾਂਦੀ ਹੈ। ਲੰਮੇ ਸਫ਼ਰ ਦੌਰਾਨ ਅਸੀਂ ਅਕਸਰ ਕਈ ਲੋਕਾਂ ਦੇ ਸੰਪਰਕ ਵਿਚ ਆਉਂਦੇ ਹਾਂ ਜਿਨ੍ਹਾਂ ਨੂੰ ਕਦੇ ਮਿਲੇ ਵੀ ਨਹੀਂ ਹੁੰਦੇ, ਸਫ਼ਰ ਵਿਚ ਅਸੀਂ ਵੈਸੇ ਹੀ ਰਸਮੀ ਗੱਲਬਾਤ ਕਰ ਲੈਂਦੇ ਹਾਂ। ਪਰ ਸਫ਼ਰ ਦੌਰਾਨ ਆਪਣਾ ਪੂਰਾ ਭੇਤ ਕਦੇ ਨਾ ਦੱਸੋ, ਕਿਸੇ ਨਾਲ ਪੂਰੀ ਤਰ੍ਹਾਂ ਨਾਲ ਨਾ ਖੁੱਲ੍ਹੋ। ਕਈ ਵਾਰ ਲੋਕ ਗੱਲਾਂ-ਗੱਲਾਂ ਵਿਚ ਹੀ ਭੇਤ ਪਾ ਜਾਂਦੇ ਹਨ ਤੇ ਸਾਡਾ ਨੁਕਸਾਨ ਕਰ ਸਕਦੇ ਹਨ। ਸਫ਼ਰ ਦੌਰਾਨ ਖਿਆਲ ਰੱਖੋ ਆਪਣੇ ਬਾਰੇ ਕਦੇ ਵੀ ਜਾਣਕਾਰੀ ਨਾ ਦਿਉ ਨਾ ਹੀ ਘਰ ਦਾ ਪੂਰਾ ਪਤਾ ਦੱਸੋ। ਸਫ਼ਰ ਦੌਰਾਨ ਪੂਰੇ ਸੁਚੇਤ ਰਹੋ। ਅਕਸਰ ਸਫ਼ਰ ਦੌਰਾਨ ਵਾਰਦਾਤਾਂ ਵਾਪਰ ਜਾਂਦੀਆਂ ਹਨ।
-ਰਾਮ ਸਿੰਘ ਪਾਠਕ
ਲਾਇਬ੍ਰੇਰੀ ਦੀ ਮਹੱਤਤਾ
ਲਾਇਬ੍ਰੇਰੀ ਇਕ ਐਸੀ ਥਾਂ ਹੈ ਜਿਥੇ ਕਿਤਾਬਾਂ, ਅਖ਼ਬਾਰਾਂ, ਰਸਾਲਿਆਂ ਅਤੇ ਹੋਰ ਪਾਠ ਸਮੱਗਰੀ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਇਹ ਗਿਆਨ ਦਾ ਮੰਦਰ ਹੈ, ਜਿੱਥੇ ਹਰ ਉਮਰ ਦੇ ਲੋਕ ਪੜ੍ਹਨ ਤੇ ਸਿੱਖਣ ਲਈ ਆਉਂਦੇ ਹਨ। ਵਿਦਿਆਰਥੀਆਂ ਲਈ ਲਾਇਬ੍ਰੇਰੀ ਬਹੁਤ ਹੀ ਲਾਭਦਾਇਕ ਸਾਬਤ ਹੁੰਦੀ ਹੈ, ਕਿਉਂਕਿ ਇਥੇ ਉਨ੍ਹਾਂ ਨੂੰ ਪਾਠਕ੍ਰਮ ਤੋਂ ਇਲਾਵਾ ਕਿਤਾਬਾਂ ਮਿਲਦੀਆਂ ਹਨ। ਲਾਇਬ੍ਰੇਰੀ ਪਾਠਕਾਂ ਵਿਚ ਪੜ੍ਹਨ ਦੀ ਆਦਤ ਪੈਦਾ ਕਰਦੀ ਹੈ। ਇੱਥੇ ਮਿਲਣ ਵਾਲਾ ਸ਼ਾਂਤ ਮਾਹੌਲ ਅਧਿਐਨ ਲਈ ਬਹੁਤ ਉਚਿਤ ਹੁੰਦਾ ਹੈ। ਅੱਜ-ਕੱਲ੍ਹ ਦੀਆਂ ਆਧੁਨਿਕ ਲਾਇਬ੍ਰੇਰੀਆਂ ਵਿਚ ਕੰਪਿਊਟਰ, ਇੰਟਰਨੈੱਟ ਅਤੇ ਡਿਜੀਟਲ ਸਹੂਲਤਾਂ ਵੀ ਉਪਲਬਧ ਹੁੰਦੀਆਂ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਵਿਚ ਰੋਜ਼ਾਨਾ ਦੇ ਅਖ਼ਬਾਰ ਅਤੇ ਰਸਾਲੇ ਵੀ ਪਾਠਕਾਂ ਨੂੰ ਨਵੀਨ ਜਾਣਕਾਰੀ ਪ੍ਰਦਾਨ ਕਰਦੇ ਹਨ।
-ਸਤਵਿੰਦਰ ਕੌਰ ਮੱਲ੍ਹੇਵਾਲ
ਹਿੰਸਾ ਤੋਂ ਦੂਰ ਰਹੋ
ਅੱਜ ਕੱਲ੍ਹ ਦੇਸ਼ ਦੁਨੀਆ ਵਿਚ ਹਿੰਸਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹਿੰਸਾ ਨਾ ਸਿਰਫ਼ ਸਾਡਾ ਸਰੀਰਕ ਨੁਕਸਾਨ ਕਰਦੀ ਹੈ, ਸਗੋਂ ਮਨ ਅਤੇ ਸਮਾਜ ਦੀ ਸ਼ਾਂਤੀ ਨੂੰ ਵੀ ਖ਼ਤਮ ਕਰ ਦਿੰਦੀ ਹੈ। ਕਿਸੇ ਨਾਲ ਵੀ ਹਿੰਸਕ ਵਿਵਹਾਰ ਨਾ ਕਰੋ ਕਿਉਂਕਿ ਇਸ ਦਾ ਸਭ ਤੋਂ ਵੱਧ ਨੁਕਸਾਨ ਅਖੀਰ ਵਿਚ ਸਾਨੂੰ ਹੀ ਭੁਗਤਣਾ ਪੈਂਦਾ ਹੈ। ਸਾਨੂੰ ਆਪਸ ਵਿਚ ਪਿਆਰ ਨਾਲ ਮਿਲ ਜੁਲ ਕੇ ਰਹਿੰਦਿਆਂ ਲੜਾਈ-ਝਗੜਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਹਿਣਸ਼ੀਲਤਾ, ਗੱਲਬਾਤ ਅਤੇ ਸਮਝੌਤੇ ਰਾਹੀਂ ਟਕਰਾਅ ਹੱਲ ਹੋ ਸਕਦੇ ਹਨ, ਜਦੋਂ ਕਿ ਹਿੰਸਾ ਸਿਰਫ਼ ਹੋਰ ਹਿੰਸਾ ਹੀ ਪੈਦਾ ਕਰਦੀ ਹੈ। ਸ਼ਾਂਤੀ, ਸਤਿਕਾਰ ਅਤੇ ਏਕਤਾ ਹੀ ਸੁਖਮਈ ਜੀਵਨ ਦਾ ਅਸਲ ਆਧਾਰ ਹਨ।
-ਗੁਰਕਿਰਤ ਸਿੰਘ ਅਰਾਂਈ ਮਾਜਰਾ।
ਸਮੇਂ ਦੀ ਸੁਚੱਜੀ ਵਰਤੋਂ
ਜੋ ਇਨਸਾਨ ਸਮੇਂ ਦੀ ਕਦਰ ਕਰਦੇ ਹਨ, ਉਹ ਹਮੇਸ਼ਾ ਕਾਮਯਾਬ ਹੁੰਦੇ ਹਨ। ਹਰ ਕੰਮ ਸਮੇਂ ਸਿਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਸਮਾਂ ਹੱਥੋਂ ਨਿਕਲ ਜਾਂਦਾ ਹੈ। ਜਲਦਬਾਜ਼ੀ ਵਿਚ ਕੀਤਾ ਕੰਮ ਗਲਤ ਵੀ ਹੋ ਜਾਂਦਾ ਹੈ, ਫਿਰ ਸਾਨੂੰ ਪਛਤਾਉਣਾ ਪੈਂਦਾ ਹੈ। ਕੁਦਰਤ ਦਾ ਵੀ ਇਕ ਨਿਯਮ ਹੈ ਸਵੇਰੇ ਸੂਰਜ ਆਪਣੇ ਸਹੀ ਸਮੇਂ 'ਤੇ ਚੜ੍ਹਦਾ ਹੈ ਤੇ ਸ਼ਾਮ ਨੂੰ ਛਿਪ ਜਾਂਦਾ ਹੈ। ਗਰਮੀ ਦਾ ਵੀ ਅਤੇ ਬਰਸਾਤ ਦਾ ਵੀ ਇਕ ਸਮਾਂ ਹੁੰਦਾ ਹੈ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕਈ ਵਾਰ ਅਸੀਂ ਸਮੇਂ ਨੂੰ ਅਹਿਮੀਅਤ ਨਹੀਂ ਦੇ ਪਾਉਂਦੇ ਅਤੇ ਲਾਪਰਵਾਹੀ ਕਰ ਜਾਂਦੇ ਹਾਂ। ਜੋ ਬੰਦੇ ਸਮੇਂ ਦੇ ਪਾਬੰਦ ਨਹੀਂ ਹੁੰਦੇ, ਉਹ ਜੀਵਨ ਵਿਚ ਕਦੇ ਵੀ ਕਾਮਯਾਬ ਨਹੀਂ ਹੋ ਪਾਉਂਦੇ।
-ਸੰਜੀਵ ਸਿੰਘ ਸੈਣੀ ਮੋਹਾਲੀ।
ਸਬਰ ਅਤੇ ਸੰਤੋਖ
ਇਨਸਾਨ ਕੋਲ ਭਾਵੇਂ ਜਿੰਨਾ ਮਰਜ਼ੀ ਧਨ ਹੋਵੇ, ਪਰ ਜੇ ਸਬਰ ਤੇ ਸੰਤੋਖ ਨਹੀਂ ਹੈ ਤਾਂ ਸਭ ਕੁਝ ਵਿਅਰਥ ਹੈ। ਇਹ ਪਰਮਾਤਮਾ ਦਾ ਦਿੱਤਾ ਹੋਇਆ ਉਹ ਅਨਮੋਲ ਖਜ਼ਾਨਾ ਹੈ ਜੋ ਹਰ ਕਿਸੇ ਨੂੰ ਨਹੀਂ ਮਿਲਦਾ। ਦੌਲਤ ਕਮਾਉਣ ਦੀ ਹੋੜ ਵਿਚ ਲੱਗੇ ਲੋਕਾਂ ਨੂੰ ਸਬਰ-ਸੰਤੋਖ ਦੀ ਕੀਮਤ ਪਤਾ ਨਹੀਂ ਹੁੰਦੀ। ਸਬਰ-ਸੰਤੋਖ ਵਾਲੇ ਇਨਸਾਨ ਅੰਦਰ ਧੀਰਜ, ਠਰੰਮਾ ਅਤੇ ਸਹਿਣਸ਼ੀਲਤਾ ਹੁੰਦੀ ਹੈ। ਉਹ ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਸੜਦਾ ਨਹੀਂ ਸਗੋਂ ਜੋ ਪਰਮਾਤਮਾ ਨੇ ਉਸ ਨੂੰ ਦਿੱਤਾ ਹੈ, ਉਸ ਵਿਚ ਹੀ ਸੰਤੁਸ਼ਟ ਰਹਿੰਦਾ ਹੈ। ਅਜਿਹੇ ਵਿਅਕਤੀ ਨੂੰ ਜ਼ਿੰੰਦਗੀ ਵਿਚ ਭਾਵੇਂ ਜਿੰਨੀ ਮਰਜ਼ੀ ਔਕੜਾਂ ਆ ਜਾਣ, ਉਹ ਆਪਣੇ ਸਬਰ-ਸੰਤੋਖ ਦੇ ਗੁਣਾਂ ਕਰਕੇ ਸਭ ਪਾਰ ਕਰ ਜਾਂਦਾ ਹੈ। ਆਓ, ਆਪਾਂ ਸਾਰੇ ਮਿਲ ਕੇ ਇਸ ਸੰਕਲਪ ਨੂੰ ਮਨ ਵਿਚ ਧਾਰ ਕੇ ਪ੍ਰਣ ਲਈਏ ਅਤੇ ਬੇਲੋੜੀਆਂ ਇੱਛਾਵਾਂ ਪਿੱਛੇ ਭੱਜਣਾ ਛੱਡ ਕੇ ਜੋ ਮਿਲਿਆ ਹੈ, ਉਸ ਨੂੰ ਹੀ ਸਬਰ-ਸੰਤੋਖ ਨਾਲ ਹੰਢਾਈਏ।
-ਸੰਗੀਤਾ (ਈ.ਟੀ.ਟੀ.)
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਤੂਰਾਂ।