17-09-25
ਵੱਧ ਚੀਨੀ ਖਾਣ ਦੇ ਨੁਕਸਾਨ
ਲੋੜ ਨਾਲੋਂ ਵੱਧ ਚੀਨੀ ਖਾਣਾ ਮਨੁੱਖੀ ਸਰੀਰ ਲਈ ਬਹੁਤ ਹੀ ਘਾਤਕ ਪਦਾਰਥ ਹੈ ਅਤੇ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਸਰੀਰ 'ਤੇ ਨੁਕਸਾਨਦਾਇਕ ਪ੍ਰਭਾਵ ਪੈਂਦਾ ਹੈ। ਇਸ ਕਾਰਨ ਵਜ਼ਨ ਤੇਜ਼ੀ ਨਾਲ ਵਧਣ ਲੱਗਦਾ ਹੈ ਅਤੇ ਬਲਡ ਪ੍ਰੈਸ਼ਰ ਵੀ ਹਾਈ ਹੋ ਸਕਦਾ ਹੈ। ਚੀਨੀ ਦੇ ਅੰਦਰ ਕਈ ਤਰ੍ਹਾਂ ਦੇ ਕੈਮੀਕਲ ਮਿਲਾਏ ਜਾਂਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਚੀਨੀ ਦੀ ਥਾਂ ਸ਼ੱਕਰ (ਦੇਸੀ ਖੰਡ) ਸਰੀਰ ਲਈ ਬਹੁਤ ਲਾਭਦਾਇਕ ਹੈ ਕਿਉਂਕਿ ਇਹ ਸਿੱਧੇ ਤੌਰ 'ਤੇ ਗੰਨੇ ਦੀ ਫ਼ਸਲ ਤੋਂ ਤਿਆਰ ਕੀਤੀ ਜਾ ਸਕਦੀ ਹੈ। ਇਸ ਵਿਚ ਨੁਕਸਾਨਦਾਇਕ ਰਸਾਇਣ ਨਹੀਂ ਹੁੰਦੇ ਅਤੇ ਇਹ ਸਿਹਤ ਲਈ ਜ਼ਿਆਦਾ ਲਾਭਦਾਇਕ ਹੈ।
-ਰਣਵੀਰ ਸਿੰਘ
ਮੰਡੀ ਗੋਬਿੰਦਗੜ੍ਹ
ਸੋਸ਼ਲ ਮੀਡੀਆ ਦਾ ਅਸਰ
ਅੱਜਕਲ੍ਹ ਸੋਸ਼ਲ ਮੀਡੀਆ ਦਾ ਅਸਰ ਨੌਜਵਾਨਾਂ 'ਤੇ ਵਧ ਰਿਹਾ ਹੈ। ਅੱਜ ਸੋਸ਼ਲ ਮੀਡੀਆ ਹਰੇਕ ਮਨੁੱਖ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ। ਸੋਸ਼ਲ ਮੀਡੀਆ ਚੰਗਾ ਵੀ ਹੈ ਤੇ ਮਾੜਾ ਵੀ। ਇਹ ਸਾਡੀ ਵਰਤੋਂ 'ਤੇ ਨਿਰਭਰ ਕਰਦਾ ਹੈ। ਇਸ ਲਈ ਲੋੜ ਹੈ ਕਿ ਸੋਸ਼ਲ ਮੀਡੀਆ ਨੂੰ ਸਿਰਫ ਜਾਣਕਾਰੀ ਤੇ ਸਿੱਖਣ ਲਈ ਵਰਤੀਏ। ਇਸ ਦਾ ਅਸਰ ਨੌਜਵਾਨਾਂ ਦੀਆਂ ਅੱਖਾਂ ਤੇ ਦਿਮਾਗ 'ਤੇ ਵੀ ਪੈਂਦਾ ਹੈ।
ਸੋਸ਼ਲ ਮੀਡੀਆ ਰਾਹੀਂ ਸਾਨੂੰ ਦੁਨੀਆ ਭਰ ਦੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ/ਨੌਜਵਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਕੇ ਉਸ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਨੂੰ ਮਾਲਕ ਨਹੀਂ ਦੋਸਤ ਬਣਾਓ।
ਜੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਨੌਜਵਾਨਾਂ ਦੇ ਭਵਿੱਖ ਲਈ ਰੌਸ਼ਨੀ ਬਣ ਸਕਦਾ ਹੈ।
-ਪ੍ਰਭਜੋਤ ਕੌਰ
ਲੁਧਿਆਣਾ।
ਸੱਚ ਦਾ ਮਾਰਗ
ਸੱਚ ਹਮੇਸ਼ਾ ਜੇਤੂ ਹੁੰਦਾ ਹੈ ਤੇ ਝੂਠ ਦੇ ਕਦੇ ਵੀ ਪੈਰ ਨਹੀਂ ਹੁੰਦੇ। ਇਕ ਝੂਠ ਨੂੰ ਛੁਪਾਉਣ ਲਈ ਸਾਨੂੰ ਸੌ ਵਾਰ ਝੂਠ ਬੋਲਣਾ ਪੈਂਦਾ ਹੈ। ਕਈ ਬੰਦੇ ਤਾਂ ਸਾਰਾ ਦਿਨ ਝੂਠ ਦਾ ਖੱਟਿਆ ਹੀ ਖਾਂਦੇ ਹਨ। ਅਜਿਹੇ ਵਿਅਕਤੀ ਆਪਣੇ ਦੋਸਤਾਂ ਤੇ ਪਰਿਵਾਰਾਂ ਵਿਚ ਆਪਣਾ ਵਿਸ਼ਵਾਸ ਖ਼ਤਮ ਕਰ ਲੈਂਦੇ ਹਨ। ਜੇ ਕਦੇ ਉਹ ਸੱਚ ਵੀ ਬੋਲਣ ਤਾਂ ਪਰਿਵਾਰ ਤੇ ਦੋਸਤਾਂ ਨੂੰ ਉਨ੍ਹਾਂ 'ਤੇ ਬਿਲਕੁਲ ਵੀ ਯਕੀਨ ਨਹੀਂ ਆਉਂਦਾ। ਅਕਸਰ ਦੇਖਦੇ ਹਾਂ ਕਿ ਪਰਿਵਾਰਾਂ ਵਿਚ ਕਈ ਵੱਡੇ ਮੈਂਬਰ ਝੂਠ ਬੋਲਦੇ ਹਨ ਤਾਂ ਉਨ੍ਹਾਂ ਦੀ ਦੇਖਾਦੇਖੀ ਛੋਟੇ ਬੱਚੇ ਵੀ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਨ। ਜੀਵਨ 'ਚ ਚਾਹੇ ਜਿੰਨੀਆਂ ਮਰਜ਼ੀ ਮੁਸੀਬਤਾਂ ਆਉਣ, ਸਾਨੂੰ ਕਦੇ ਵੀ ਝੂਠ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਕਿਉਂਕਿ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ।
ਹੁਨਰ ਦੀ ਮਹੱਤਤਾ
ਅੱਜ ਦੇ ਸਮੇਂ ਵਿਚ ਚੰਗਾ ਹੁਨਰ ਹੋਣਾ ਬਹੁਤ ਜ਼ਰੂਰੀ ਹੈ। ਕਈ ਨੌਜਵਾਨ ਨੌਕਰੀ ਲਈ ਤਲਾਸ਼ ਕਰ ਰਹੇ ਹਨ, ਪਰ ਉਨ੍ਹਾਂ ਕੋਲ ਚੰਗਾ ਹੁਨਰ ਨਾ ਹੋਣ ਕਾਰਨ ਨੌਕਰੀ ਨਹੀਂ ਮਿਲਦੀ। ਅੱਜ ਦੇ ਸਮੇਂ ਵਿਚ ਸਿੱਖਿਆ ਦੇ ਨਾਲ-ਨਾਲ ਕੋਈ ਹੁਨਰ ਸਿੱਖਣਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਅੱਜ ਦੇ ਆਧੁਨਿਕ ਸੰਸਾਰ ਵਿਚ ਸਿੱਖਣ ਲਈ ਬਹੁਤ ਸਾਰੀਆਂ ਚੀਜ਼ਾਂ ਹਨ ਜਿਵੇਂ ਕਿ ਕੰਪਿਊਟਰ ਪ੍ਰੋਗਰਾਮਿੰਗ, ਗ੍ਰਾਫਿਕ ਡਿਜ਼ਾਇਨਿੰਗ, ਡਿਜੀਟਲ ਮਾਰਕੀਟਿੰਗ, ਵੀਡੀਓ ਐਡੀਟਿੰਗ ਆਦਿ। ਅੱਜ ਦੇ ਸਮੇਂ ਵਿਚ ਤਕਨਾਲੋਜੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਸਮੇਂ ਨਾਲ ਅੱਪਟੂਡੇਟ ਰਹਿਣ ਲਈ ਨਵੇਂ ਹੁਨਰ ਸਿੱਖਣੇ ਲਾਜ਼ਮੀ ਹੋ ਗਏ ਹਨ। ਮਨੁੱਖ ਸਿਰਫ਼ ਕਿਸੇ ਹੁਨਰ ਨੂੰ ਸਿੱਖਣ ਤੋਂ ਬਾਅਦ ਕੇਵਲ ਨੌਕਰੀ ਹੀ ਨਹੀਂ ਕਰ ਸਕਦਾ, ਬਲਕਿ ਆਪਣਾ ਵਪਾਰ ਵੀ ਚਲਾ ਸਕਦਾ ਹੈ ਅਤੇ ਹੋਰਾਂ ਨੂੰ ਰੁਜ਼ਗਾਰ ਵੀ ਦੇ ਸਕਦਾ ਹੈ ਜਿਸ ਨਾਲ ਬੇਰੁਜ਼ਗਾਰੀ ਵੀ ਘੱਟ ਸਕਦੀ ਹੈ।
-ਸਾਕੇਤ,
ਫ਼ਤਹਿਗੜ੍ਹ ਸਾਹਿਬ
ਖਿਡਾਰੀਆਂ ਵੱਲ ਧਿਆਨ ਦੇਣਾ ਜ਼ਰੂਰੀ
ਅਜੋਕੇ ਸਮੇਂ ਵਿਚ ਅਸੀਂ ਵੇਖ ਰਹੇ ਹਾਂ ਕਿ ਸਾਡਾ ਨੌਜਵਾਨ ਵਰਗ ਨਸ਼ਿਆਂ ਦੇ ਦਰਿਆ ਵਿਚ ਡੁੱਬ ਰਿਹਾ ਹੈ। ਸਰਕਾਰ ਵੱਲੋਂ ਨਸ਼ਿਆਂ 'ਤੇ ਕਾਬੂ ਪਾਉਣ ਲਈ ਕਈ ਕੇਂਦਰ ਅਤੇ ਸੰਸਥਾਵਾਂ ਤਾਂ ਖੋਲ੍ਹੀਆਂ ਗਈਆਂ ਹਨ, ਪਰ ਉਨ੍ਹਾਂ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਗਿਆ ਜੋ ਖੇਡਾਂ ਦੇ ਮੈਦਾਨ ਵਿਚ ਆਪਣਾ ਭਵਿੱਖ ਸਵਾਰਨਾ ਚਾਹੁੰਦੇ ਹਨ। ਸਰਕਾਰ ਹਰ ਪਿੰਡ ਅਤੇ ਕਸਬੇ ਵਿਚ ਖੇਡ ਦਾ ਮੈਦਾਨ ਅਤੇ ਇਕ ਯੋਗ ਟ੍ਰੇਨਰ ਦੀ ਸੁਵਿਧਾ ਪ੍ਰਦਾਨ ਕਰੇ। ਇਸ ਨਾਲ ਸਾਡਾ ਨੌਜਵਾਨ ਨਾ ਸਿਰਫ਼ ਨਸ਼ਿਆਂ ਤੋਂ ਦੂਰ ਰਹੇਗਾ, ਬਲਕਿ ਖੇਡ ਦੇ ਖੇਤਰ ਵਿਚ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਵੀ ਰੌਸ਼ਨ ਕਰੇਗਾ।
ਸਭ ਨੂੰ ਆਪਣੇ-ਆਪਣੇ ਪਿੰਡਾਂ ਅਤੇ ਕਸਬਿਆਂ ਵਿਚ ਸਰਪੰਚ ਜਾਂ ਐਮ.ਸੀ. ਨਾਲ ਗੱਲ ਕਰ ਕੇ ਬੱਚਿਆਂ ਲਈ ਗਰਾਊਂਡ ਅਤੇ ਵਧੀਆ ਟ੍ਰੇਨਰ ਦੀ ਸੁਵਿਧਾ ਜ਼ਰੂਰ ਯਕੀਨੀ ਬਣਾਈ ਜਾਵੇ।
-ਗੁਰਦਿੱਤ ਸਿੰਘ
ਮੰਡੀ ਗੋਬਿੰਦਗੜ੍ਹ