03-10-25
ਸੱਭਿਆਚਾਰ ਨੂੰ ਨਾ ਭੁੱਲੋ
ਆਧੁਨਿਕ ਯੁੱਗ ਵਿਚ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਲੋਕ ਆਪਣੀ ਕੀਮਤੀ ਸੱਭਿਆਚਾਰਕ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਪੱਛਮੀ ਸੱਭਿਆਚਾਰ ਦਾ ਵਧਦਾ ਪ੍ਰਭਾਵ ਹੈ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਸਲ ਪਛਾਣ ਉਨ੍ਹਾਂ ਦਾ ਆਪਣਾ ਸੱਭਿਆਚਾਰ ਹੈ। ਪਰ ਅਜੋਕੇ ਪਦਾਰਥਵਾਦੀ ਸਮਾਜ ਵਿਚ ਲੋਕ ਆਪਣੀਆਂ ਕੀਮਤੀ ਰਵਾਇਤਾਂ, ਰੀਤੀ-ਰਿਵਾਜਾਂ ਅਤੇ ਜੀਵਨ-ਮੁੱਲਾਂ ਨੂੰ ਤਿਆਗਦੇ ਹੋਏ ਆਪਣੀਆਂ ਜੜਾਂ ਤੋਂ ਦੂਰ ਹੋ ਰਹੇ ਹਨ। ਜੇ ਅਸੀਂ ਆਪਣੀ ਹੀ ਪਛਾਣ ਨੂੰ ਭੁੱਲ ਬੈਠੇ, ਤਾਂ ਭਵਿੱਖ ਵਿਚ ਆਪਣੇ ਬੱਚਿਆਂ ਨੂੰ ਆਪਣੀ ਧਰੋਹਰ ਬਾਰੇ ਦੱਸਣ ਲਈ ਕੁਝ ਨਹੀਂ ਰਹਿ ਜਾਵੇਗਾ। ਇਸ ਲਈ ਜਿੰਨਾ ਵੀ ਅਸੀਂ ਤਕਨੀਕੀ ਤੌਰ 'ਤੇ ਅੱਗੇ ਵਧੀਏ, ਸਾਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਹਮੇਸ਼ਾਂ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
-ਏਕਮਜੋਤ ਸਿੰਘ, ਦਿਆਲਪੁਰਾ
ਸੋਸ਼ਲ ਮੀਡੀਆ ਦਾ ਨੌਜਵਾਨਾਂ 'ਤੇ ਪ੍ਰਭਾਵ
ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਨੌਜਵਾਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਇਸ ਦਾ ਸਭ ਤੋਂ ਵੱਧ ਉਪਯੋਗ ਕਰ ਰਹੀ ਹੈ। ਫੇਸਬੁੱਕ, ਇੰਸਟਾਗ੍ਰਾਮ, ਵਾਟਸਐਪ, ਸਨੈਪਚੈਟ ਆਦਿ ਪਲੇਟਰਾਮ ਨੌਜਵਾਨਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਨੌਜਵਾਨ ਆਪਣਾ ਜ਼ਿਆਦਾਤਰ ਸਮਾਂ ਇਨ੍ਹਾਂ ਪਲੇਟਫ਼ਾਰਮਾ ਉੱਤੇ ਬਿਤਾ ਰਹੇ ਹਨ ਇਸਦੇ ਕੁਝ ਚੰਗੇ ਅਤੇ ਮਾੜੇ ਪ੍ਰਭਾਵ ਹਨ। ਇਸਦੇ ਚੰਗੇ ਪ੍ਰਭਾਵ ਹਨ ਕਿ ਸੋਸ਼ਲ ਮੀਡੀਆ ਰਾਹੀਂ ਨੌਜਵਾਨ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਲੈ ਸਕਦੇ ਹਨ। ਆਨਲਾਈਨ ਕੋਰਸ ਅਤੇ ਵਿੱਦਿਆ ਸੰਬੰਧੀ ਸਮੱਗਰੀ ਅਸਾਨੀ ਨਾਲ ਹਾਸਲ ਕਰ ਸਕਦੇ ਹਾਂ। ਇਸ ਦੇ ਰਾਹੀਂ ਨੌਜਵਾਨ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਦੁਨੀਆ ਭਰ ਦੇ ਲੋਕਾਂ ਨਾਲ ਜੁੜ ਕੇ ਸੰਚਾਰ ਕਰਦੇ ਹਨ। ਇਸਦੇ ਮਾੜੇ ਪ੍ਰਭਾਵ ਹਨ ਕਿ ਸੋਸ਼ਲ ਮੀਡੀਆ ਦੀ ਆਦਤ ਨੌਜਵਾਨਾਂ ਵਿਚ ਆਲਸ, ਟਾਈਮ ਅਤੇ ਨੀਂਦ ਦੀ ਘਾਟ ਪੈਦਾ ਹੁੰਦੀ ਹੈ। ਫੇਕ ਨਿਊਜ਼ ਅਤੇ ਅਫਵਾਹਾਂ ਸੋਸ਼ਲ ਮੀਡੀਆ ਰਾਹੀ ਤੇਜ਼ੀ ਨਾਲ ਫੈਲਦੀਆਂ ਹਨ ਜੋ ਮਨੋਵਿਗਿਆਨ ਪ੍ਰਭਾਵ ਪਾਉਂਦੀਆਂ ਹਨ। ਇਸਦਾ ਨੌਜਵਾਨਾਂ ਨੂੰ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।
-ਅਰਪਿਤਾ, ਖੇੜੀ ਨੌਧ ਸਿੰਘ।
ਚੰਗੀਆਂ ਆਦਤਾਂ ਨੂੰ ਅਪਣਾਓ
ਚੰਗੀਆ ਆਦਤਾਂ ਇਨਸਾਨ ਦਾ ਗਹਿਣਾ ਹੁੰਦੀਆਂ ਹਨ ਤੇ ਉਸ ਦੀ ਸ਼ਾਨ ਨੂੰ ਵਧਾਉਂਦੀਆਂ ਹਨ, ਜਦਕਿ ਬੁਰੀਆਂ ਆਦਤਾਂ ਵਿਅਕਤੀ ਦੇ ਪਤਨ ਦਾ ਕਾਰਨ ਬਣਦੀਆਂ ਹਨ। ਆਦਮੀ ਦੀਆਂ ਆਦਤਾਂ ਤੇ ਰੁਚੀਆਂ ਵੱਖ -ਵੱਖ ਹੁੰਦੀਆਂ ਹਨ। ਉਹ ਚੰਗੀਆਂ ਵੀ ਹੁੰਦੀਆਂ ਹਨ ਅਤੇ ਬੁਰੀਆਂ ਵੀ। ਆਦਤਾਂ ਅਤੇ ਜ਼ਰੂਰਤਾਂ ਵਿਚ ਫਰਕ ਹੁੰਦਾ ਹੈ। ਅਜਿਹੇ ਲੋਕ ਵੀ ਹਨ ਜੋ ਵੱਡੇ ਧਰਮਾਤਮਾ, ਵਿਦਵਾਨ ਤੇ ਪੰਡਿਤ ਹਨ, ਪਰ ਆਚਾਰ-ਵਿਚਾਰ ਦੀ ਦ੍ਰਿਸ਼ਟੀ ਤੋਂ ਸਿਫ਼ਰ ਹਨ। ਬੁਰੀਆਂ ਆਦਤਾਂ ਨੇ ਇਨਸਾਨੀ ਕਿਰਦਾਰ ਨੂੰ ਧੁੰਦਲਾ ਕਰ ਦਿੱਤਾ ਹੈ। ਕਿਸੇ ਵੀ ਮਾੜੀ ਆਦਤ ਨੂੰ ਲਾਉਣਾ ਜਿੰਨਾ ਆਸਾਨ ਹੁੰਦਾ ਹੈ, ਉਸ ਨੂੰ ਛੱਡਣਾ ਉਨ੍ਰਾਂ ਹੀ ਮੁਸ਼ਕਲ ਹੁੰਦਾ ਹੈ। ਕਿਸੇ ਵੀ ਮਾੜੀ ਆਦਤ ਦਾ ਗੁਲਾਮ ਵਿਅਕਤੀ ਖੁਦ ਸੋਚਦਾ, ਦੇਖਦਾ ਨਹੀਂ ਅਤੇ ਖੁਦ ਫ਼ੈਸਲਾ ਨਹੀਂ ਲੈਂਦਾ।
-ਸਤਵਿੰਦਰ ਕੌਰ ਮੱਲ੍ਹੇਵਾਲ
ਮਸਨੂਈ ਬੁੱਧੀ ਦੀ ਚਰਚਾ
ਨਜ਼ਰੀਆ ਪੰਨਾ 31 ਅਗਸਤ ਪ੍ਰੋਫੈਸਰ ਕੁਲਵੀਰ ਸਿੰਘ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ: 'ਚਾਰੇ ਪਾਸੇ ਹੋ ਰਹੀ। ਮਸਨੂਈ ਬੁੱਧੀ ਦੀ ਚਰਚਾ' ਦਾ ਮਿਡਲ ਪੜ੍ਹ ਕੇ ਬਹੁਤ ਵਧੀਆ ਲੱਗਿਆ। ਇਸ ਏ.ਆਈ. ਦੀ ਸ਼ੁਰੂਆਤ 1950 ਦੇ ਦਹਾਕੇ ਵਿੱਚ ਹੋਈ ,ਪਰ ਇਸ ਦੀ ਪਹਿਲੀ ਵਾਰ ਵਰਤੋਂ 1956 ਦੇ ਦਹਾਕੇ ਵਿੱਚ ਕੀਤੀ ਗਈ। ਇਸ ਤੋਂ ਬਾਅਦ ਹੌਲੀ ਹੌਲੀ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਚੀਨ , ਜਪਾਨ, ਅਮਰੀਕਾ, ਇੰਗਲੈਂਡ, ਆਸਟਰੇਲੀਆ ਆਦਿ ਦੇਸ਼ਾਂ ਨੇ ਏ.ਆਈ. ਦੀ ਸਹਾਇਤਾ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਦੁਨੀਆ ਵਿਚ ਖਿੱਚ ਦਾ ਕੇਂਦਰ ਬਣੇ। ਏ.ਆਈ. ਦੀ ਮਦਦ ਨਾਲ ਮਨੁੱਖ ਦੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਏ.ਆਈ. ਇਕ ਬਹੁਤ ਵਧੀਆ ਤਕਨੀਕ ਹੈ। ਕੁਝ ਲੋਕਾਂ ਦੁਆਰਾ ਏ.ਆਈ. ਦੀ ਵਰਤੋਂ ਗ਼ਲਤ ਕੰਮਾਂ ਨਾਲ ਕੀਤੀ ਜਾਂਦੀ ਹੈ। ਏ.ਆਈ. ਦੀ ਵਰਤੋਂ ਸਹੀ ਢੰਗ ਨਾਲ ਸਹੀ ਕੰਮਾਂ ਲਈ ਕਰਨੀ ਚਾਹੀਦੀ ਹੈ।
-ਦਲਜੀਤ ਕੌਰ ਮਾਹੀ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)
ਮਿੱਟੀ ਨੂੰ ਉਪਜਾਊ ਕਰਨ ਦੇ ਤਰੀਕੇ
ਅੱਜ ਦੇ ਸਮੇਂ ਵਿਚ ਕਿਸਾਨ ਆਪਣੀ ਫਸਲ ਦਾ ਝਾੜ ਵਧਾਉਣ ਲਈ ਯੂਰੀਆ, ਕੀਟਨਾਸ਼ਕ ਦਵਾਈਆਂ ਆਦਿ ਵਰਤਦਾ ਹੈ। ਇਸ ਨਾਲ ਥੋੜ੍ਹੇ ਸਮੇਂ ਲਈ ਤਾਂ ਉਤਪਾਦਨ ਵਧਦਾ ਹੈ, ਪਰ ਲੰਬੇ ਸਮੇਂ ਵਿਚ ਮਿੱਟੀ ਦੀ ਉਪਜਾਊ ਸ਼ਕਤੀ ਘਟਣ ਲਗਦੀ ਹੈ, ਜਿਸ ਨਾਲ ਵੱਡਾ ਨੁਕਸਾਨ ਹੁੰਦਾ ਹੈ। ਮਿੱਟੀ ਦੀ ਸ਼ਕਤੀ ਵਧਾਉਣ ਲਈ ਸਾਨੂੰ ਵਧੀਆ ਕਿਸਮ ਦੀ ਖਾਦ ਵਰਤਣੀ ਚਾਹੀਦੀ ਹੈ। ਜਿਵੇਂ ਕਿ ਰੂੜੀ (ਗੋਬਰ) ਆਦਿ ਦੀ ਖਾਦ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕੁਦਰਤੀ ਢੰਗ ਨਾਲ ਵਧਦੀ ਹੈ। ਇਸ ਦੇ ਨਾਲ ਹੀ ਹਮੇਸ਼ਾਂ ਆਰਗੈਨਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ, ਤਾਂ ਜੋ ਮਿੱਟੀ ਦੀ ਸਿਹਤ ਲੰਬੇ ਸਮੇਂ ਤੱਕ ਕਾਇਮ ਰਹੇ।
-ਗੁਰਦਿੱਤ ਸਿੰਘ,
ਮੰਡੀ ਗੋਬਿੰਦਗੜ੍ਹ।
ਸੰਗਰੂਰ ਦੇ ਹਾਲਾਤ
ਅੱਜ ਦੇ ਅਜੀਤ ਵਿਚ ਸੰਗਰੂਰ ਨਗਰ ਕੌਂਸਲ ਦੀ ਖ਼ਬਰ ਪੜ੍ਹਕੇ ਹੈਰਾਨੀ ਹੋਈ ਕਿ ਮੌਜੂਦਾ ਸੱਤਾਧਾਰੀ ਸਰਕਾਰ ਦੇ ਕੌਂਸਲਰਾਂ ਨੇ ਹੀ ਆਪਣੇ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਦੇ ਖਿਲਾਫ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ। ਬੜਾ ਸਖਤ ਅਲਟੀਮੇਟਮ ਹੈ ਕਿ ਜਾਂ ਤਾਂ ਪ੍ਰਧਾਨ 30 ਸਤੰਬਰ ਤਕ ਅਸਤੀਫਾ ਦੇਵੇ ਜਾਂ ਫਿਰ 9 ਕੌਂਸਲਰਾਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣ। ਖ਼ਬਰ ਪੜ੍ਹ ਕੇ ਮਹਿਸੂਸ ਹੋਇਆ ਕਿ ਇਹ ਤਾਂ ਇੱਕ ਨਾ ਇਕ ਦਿਨ ਹੋਣਾ ਹੀ ਸੀ ਕਿਉਂਕਿ ਸੰਗਰੂਰ ਸ਼ਹਿਰ ਦੇ ਹਾਲਾਤ ਦਿਨੋ ਦਿਨ ਬਦ ਤੋਂ ਬਦਤਰ ਹੋ ਰਹੇ ਹਨ। ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ਤੋਂ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਤੇ ਜਦੋਂ ਸ਼ਹਿਰ ਵਿਚ ਦਾਖਲ ਹੁੰਦੇ ਹਾਂ ਤਾਂ ਪਟਿਆਲਾ ਗੇਟ ਬਜ਼ਾਰ ਵਾਲੀ ਸੜਕ 'ਚ ਪਏ ਡੂੰਘੇ ਟੋਏ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਿਆਨ ਕਰਦੇ ਹਨ। ਧੂਰੀ ਗੇਟ ਸਥਿਤ ਲਾਲ ਬੱਤੀਆਂ ਵਾਲੇ ਚੌਂਕ ਤੋਂ ਡਿਪਟੀ ਕਮਿਸ਼ਨਰ ਦੇ ਦਫਤਰ ਨੂੰ ਜਾਂਦਿਆਂ ਵੀ ਟੁੱਟੀ-ਫੁੱਟੀ ਸੜਕ ਤੋਂ ਲੰਘਣਾ ਪੈਂਦਾ ਹੈ। ਬਰਸਾਤਾਂ ਦੇ ਦਿਨਾਂ 'ਚ ਸ਼ਹਿਰ ਦੀ ਜੋ ਦੁਰਦਸ਼ਾ ਹੋਈ ਹੈ, ਤੋਂ ਹਰ ਸ਼ਹਿਰੀ ਜਾਣੂ ਹੈ।
-ਸ. ਸ. ਰਮਲਾ, ਸੰਗਰੂਰ।