05-10-25
ਚਾਰ ਗੁਰੀਲੇ
ਲੇਖਕ : ਪਰਮਜੀਤ ਰੋਡੇ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 500, ਸਫ਼ੇ : 370
ਸੰਪਰਕ : pbrar50@icloud.com
'ਚਾਰ ਗੁਰੀਲੇ' ਪਰਮਜੀਤ ਰੋਡੇ ਦੀ ਪਲੇਠੀ ਰਚਨਾ ਹੈ। 370 ਸਫ਼ਿਆ 'ਤੇ ਫੈਲੇ ਇਸ ਵੱਡ ਆਕਾਰੀ ਨਾਵਲ ਦੀ ਕਹਾਣੀ ਪੰਜਾਬ ਦੇ ਇਕ ਪਿੰਡ ਤੋਂ ਸ਼ੁਰੂ ਹੋ ਕੇ ਛੱਤੀਸਗੜ੍ਹ ਦੇ ਜੰਗਲਾਂ 'ਚ ਜਾ ਪੁੱਜਦੀ ਹੈ। ਨਾਵਲ ਦਾ ਕੇਂਦਰੀ ਵਿਸ਼ਾ ਦੇਸ਼ ਭਰ 'ਚ ਵਾਪਰ ਰਹੀਆਂ ਜਬਰ ਜਨਾਹ ਦੀ ਘਟਨਾਵਾਂ ਤੋਂ ਪੀੜਤਾਂ ਕੁੜੀਆਂ ਹਨ ਜੋ ਆਪਣੇ ਨਾਲ ਹੋਈਆਂ ਵਧੀਕੀਆਂ ਦਾ ਇਨਸਾਫ਼ ਲੈਣ ਲਈ ਦਰ-ਦਰ ਭਟਕਦੀਆਂ ਹਨ, ਪ੍ਰੰਤੂ ਦੇਸ਼ ਦਾ ਭ੍ਰਿਸ਼ਟ ਪੁਲਿਸ ਤੇ ਨਿਆਂ ਤੰਤਰ ਅਮੀਰ ਸ਼੍ਰੇਣੀ ਦੇ ਹੱਥੀ ਚੜ੍ਹ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦਾ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਇਨਸਾਫ਼ ਲੈਣ ਲਈ ਆਪਣੇ ਹਮਖਿਆਲੀ ਨੌਜਵਾਨਾਂ ਨਾਲ ਹਥਿਆਰ ਚੁੱਕਣੇ ਪੈਂਦੇ ਹਨ। ਜਿਸ ਤਰ੍ਹਾਂ ਅਕਸਰ ਹੀ ਹੁੰਦਾ ਹੈ ਕਿ ਸਰੋਤਾਂ ਅਤੇ ਸਿੱਕੇਬੰਦ ਯੋਜਨਾਵਾਂ ਦੀ ਘਾਟ ਕਾਰਨ ਹਥਿਆਰਬੰਦ ਸੰਘਰਸ਼ ਬਹੁਤੀ ਦੇਰ ਨਹੀਂ ਚਲਦਾ। ਅਜਿਹਾ ਕੁਝ ਹੀ ਵਾਪਰਦਾ ਨਾਵਲ ਦੇ ਮੁੱਖ ਪਾਤਰਾਂ ਫੱਤੂ, ਮੀਨਾ ਅਤੇ ਛਿੰਦਰ ਨਾਲ ਜੋ ਜਬਰ ਜਨਾਹ ਦੀਆਂ ਪੀੜਤਾ ਕੁੜੀਆਂ ਲਈ ਇਨਸਾਫ਼ ਦੀ ਲੜਾਈ ਲੜਦਿਆਂ ਪੁਲਿਸ ਦੀ ਗੋਲੀ ਦਾ ਸ਼ਿਕਾਰ ਬਣਦੇ ਹਨ ਜਦਕਿ ਜੱਗਾ ਕਿਵੇਂ ਨਾ ਕਿਵੇਂ ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਕੇ ਛੱਤੀਸਗੜ੍ਹ ਦੇ ਆਦਿਵਾਸੀ ਗੁਰੀਲਿਆਂ ਨਾਲ ਜਾ ਮਿਲਦਾ ਹੈ। ਨਾਵਲਕਾਰ ਨੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ, ਜੋ ਸੱਤਾ ਵਿਚ ਆਉਣ ਤੋਂ ਪਹਿਲਾਂ ਸਮਾਜ ਵਿਚਲੀਆਂ ਕੁਰੀਤੀਆਂ ਅਤੇ ਲਾਅ ਐਂਡ ਆਰਡਰ ਦੀ ਸਥਿਤੀ 'ਚ ਬਦਲਾਅ ਲਿਆਉਣ ਦੇ ਸਬਜ਼ਬਾਗ ਦਿਖਾਉਂਦੇ ਹਨ, ਪ੍ਰੰਤੂ ਸੱਤਾ 'ਚ ਆਉਂਦਿਆਂ ਹੀ ਉਨ੍ਹਾਂ ਦੀ ਨੀਅਤ ਬਦਲ ਜਾਂਦੀ ਹੈ। ਨਵਾਲਕਾਰ ਦੀ ਇਹ ਖ਼ੂਬੀ ਹੈ ਕਿ ਉਹ ਸਮਾਜ ਦੇ ਹਾਸ਼ੀਆ ਗ੍ਰਸਤ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਨਾਇਕ ਵਜੋਂ ਇਸ ਤਰ੍ਹਾਂ ਉਭਾਰਦਾ ਹੈ ਕਿ ਉਹ ਲੋਕ ਨਾਇਕ ਹੋ ਨਿਬੜਦੇ ਹਨ। ਨਾਵਲਕਾਰ ਜਿੱਥੇ ਝੂਠ ਪੁਲਿਸ ਮੁਕਾਬਲਿਆਂ ਦੇ ਪਾਜ ਉਘੇੜਦਾ ਹੈ, ਉੱਥੇ ਪੰਜਾਬ ਅੰਦਰ ਕਮਿਊਨਿਸਟ ਵਿਚਾਰਧਾਰਾ ਦੀ ਆਮਦ 'ਤੇ ਉਸ ਦੀ ਅਸਫ਼ਲਤਾ ਦੇ ਕਾਰਨਾਂ ਤੋਂ ਵੀ ਪਾਠਕਾਂ ਨੂੰ ਜਾਣੂ ਕਰਵਾਉਂਦਾ ਹੈ। ਨਾਵਲਕਾਰ ਕਹਾਣੀ ਵਿਚਲੇ ਪ੍ਰੇਮ ਪ੍ਰਸੰਗ ਨੂੰ ਨਿਵੇਕਲ ਢੰਗ ਨਾਲ ਪੇਸ਼ ਕਰਦਿਆਂ ਮੁੱਖ ਪਾਤਰ ਨੂੰ ਜਾਤੀਵਾਦ ਤੋਂ ਉੱਪਰ ਉੱਠ ਕੇ ਵਿਆਹ ਦੇ ਬੰਧਨ 'ਚ ਬੱਝਣ ਦੇ ਨਾਲ-ਨਾਲ ਸਮਾਜ ਦੇ ਦੁੱਬੇ-ਕੁਚਲੇ ਲੋਕਾਂ ਲਈ ਨਿਰਸਵਾਰਥ ਆਪਣਾ ਆਪਾ ਕੁਰਬਾਨ ਕਰਦਿਆਂ ਦਿਖਾਇਆ ਹੈ। ਇਸ ਪ੍ਰਕਾਰ ਹੀ ਨਾਵਲ ਦੇ ਮੁੱਖ ਪਾਤਰਾਂ ਦੀ ਲੜਾਈ ਬੇਸ਼ੱਕ ਨਿੱਜ ਤੋਂ ਸ਼ੁਰੂ ਹੁੰਦੀ ਹੈ ਉਹ ਪ੍ਰਵਾਨ ਪਰ ਰੂਪ ਹੋ ਕੇ ਚੜ੍ਹਦੀ ਹੈ। ਨਾਵਲਕਾਰ ਆਪਣੀ ਇਸ ਰਚਨਾ ਅੰਦਰ ਮਾਨਵੀਂ ਕਦਰਾਂ ਕੀਮਤਾਂ ਨੂੰ ਪ੍ਰਥਮ ਸਥਾਨ ਦਿੰਦਾ ਜਦਕਿ ਰਿਸ਼ਤੇ ਗੌਣ ਹੋ ਜਾਂਦੇ ਹਨ। ਇਸ ਕਰਕੇ ਤਾਂ ਪਾਤਰ ਜੱਗਾ (ਜਗਜੀਤ) ਆਪਣੀ ਭੈਣ ਤਾਰੋ ਨਾਲ ਜਬਰ-ਜਨਾਹ ਕਰਨ ਵਾਲੇ ਆਪਣੇ ਸਕੇ ਮਾਮੇ ਨੂੰ ਮਾਰਨ ਲਈ ਸੀ ਨਹੀਂ ਵੱਟਦਾ। ਨਾਵਲਕਾਰ ਨੇ ਆਪਣੇ ਨਾਵਲ ਦੀਆਂ ਔਰਤਾਂ ਨੂੰ ਅਬਲਾ ਬਣਾਉਣ ਦੀ ਬਜਾਏ ਚੰਡੀ ਦੇ ਰੂਪ ਵਿਚ ਚਿਤਰਿਆ ਹੈ, ਜਿਹੜੀ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਦਾ ਬਦਲਾ ਲੈਣ ਲਈ ਇਕ ਜੱਜ, ਦੋ ਜਬਰ-ਜਨਾਹ ਦੇ ਅਪਰਾਧੀਆਂ ਅਤੇ ਇਕ ਨਸ਼ੇ ਦੇ ਸੌਦਾਗਰ ਨੂੰ ਆਪਣੇ ਹੱਥੀਂ ਮਾਰ ਕੇ ਆਪਣੇ ਗੁੱਸੇ ਦੀ ਅੱਗ ਠੰਢੀ ਕਰਦੀਆਂ ਹਨ। ਨਾਵਲ ਦੀ ਭਾਸ਼ਾ ਸਰਲ ਤੇ ਪਲਾਟ ਗੁੰਦਵਾਂ ਹੈ। ਜਿਸ ਕਰਕੇ ਨਾਵਲ ਨੂੰ ਪੜ੍ਹਦਿਆਂ ਅੰਤ ਤੱਕ ਪਾਠਕ ਅਕੇਵਾਂ ਮਹਿਸੂਸ ਨਹੀਂ ਕਰਦਾ। ਬੇਸ਼ੱਕ ਨਾਵਲ ਵਿਚਲੀਆਂ ਇਕਾ-ਦੁੱਕਾ ਸ਼ਬਦ ਜੋੜਾਂ ਦੀਆਂ ਗਲਤੀਆਂ ਅਤੇ ਕਿਤੇ-ਕਿਤੇ ਘਟਨਾਵਾਂ ਦੁਹਰਾਓ ਅੱਖਰਦਾ ਹੈ, ਪ੍ਰੰਤੂ ਪਰਮਜੀਤ ਰੋਡੇ ਦੀ ਇਹ ਪਲੇਠੀ ਰਚਨਾ ਗਲਪਕਾਰੀ ਦੇ ਖੇਤਰ 'ਚ ਆਪਣਾ ਥਾਂ ਬਣਾਉਣ ਦੇ ਕਾਬਲ ਹੈ। ਇਸ ਦੀ ਆਮਦ ਨਾਲ ਪੰਜਾਬੀ ਨਾਵਲਕਾਰੀ ਦਾ ਪਿੜ ਹੋਰ ਮੋਕਲਾ ਹੋਇਆ ਹੈ। ਪਰਮਜੀਤ ਰੋਡੇ ਇਸ ਲਈ ਵਧਾਈ ਦਾ ਪਾਤਰ ਹੈ।
-ਸੁਖਮੰਦਰ ਸਿੰਘ ਬਰਾੜ
ਮੋਬਾਈਲ : 98149-65928
ਮੇਰਾ ਗੁਆਚਿਆ ਮੁਲਕ
ਮੂਲ ਲੇਖਕ : ਗੇਲ ਫੇਅ
ਅਨੁ: ਰਜਨਦੀਪ ਕੌਰ ਸੰਧੂ
ਪ੍ਰਕਾਸ਼ਕ : ਵ੍ਹਾਈਟ ਕ੍ਰੋਅ ਪਬਲਿਸ਼ਰਜ਼, ਬਾਂਦਰਾ
ਮੁੱਲ : 299 ਰੁਪਏ, ਸਫ਼ੇ : 184
ਸੰਪਰਕ : 097809-09077
''ਮੇਰਾ ਗੁਆਚਿਆ ਮੁਲਕ'' ਫਰਾਂਸਿਸੀ ਲੇਖਕ, ਗੀਤਕਾਰ ਅਤੇ ਗਾਇਕ ਗੇਲ ਫੇਅ ਵਲੋਂ ਲਿਖਿਆ ਨਾਵਲ ਹੈ। (ਜਿਸ ਨੂੰ ਪੰਜਾਬੀ ਰੂਪ ਅਨੁਵਾਦਕ ਰਜਨਦੀਪ ਕੌਰ ਸੰਧੂ ਨੇ ਦਿੱਤਾ ਹੈ।) ਉਸ ਦਾ ਪਿਤਾ ਫਰਾਂਸਿਸੀ ਸੀ ਅਤੇ ਮਾਤਾ ਰਵਾਂਡਾ (ਅਫ਼ਰੀਕੀ ਮੁਲਕ) ਦੀ ਰਹਿਣ ਵਾਲੀ ਸੀ। ਉੱਥੇ ਬਹੁਗਿਣਤੀ ਹੁਤੂ ਅਤੇ ਘੱਟ ਗਿਣਤੀ ਤੁਤਸੀ ਰਹਿੰਦੇ ਹਨ। ਉਨ੍ਹਾਂ ਵਿਚਾਲੇ ਸਿਵਿਲ ਵਾਰ ਕਰਕੇ ਉਹ ਆਪਣੇ ਮਾਤਾ-ਪਿਤਾ ਨਾਲ ਬਰੁੰਡਾ ਤੋਂ ਪੈਰਿਸ ਸ਼ਿਫਟ ਕਰ ਗਿਆ ਸੀ। ਇਹ ਨਾਵਲ ਆਪਣੀ ਜੰਮਣ ਭੋਇੰ ਛੱਡ ਕੇ ਦੂਸਰੇ ਮੁਲਕ ਵਿਚ ਪਰਵਾਸ ਕਰਨ ਦੀ ਦਰਦ ਗਾਥਾ ਹੈ। ਨਾਵਲ ਦਾ ਮੁੱਖ ਕਿਰਦਾਰ ਅਤੇ ਸੂਤਰਧਾਰ ਗੈਬਰੀਅਲ ਹੈ। ਉਸ ਦੇ ਦਿਲ, ਦਿਮਾਗ਼, ਖੂਨ, ਸੋਚਾਂ ਵਿਚ ਹਰ ਸਮੇਂ ਉਸ ਦਾ ਆਪਣਾ ਮੁਲਕ ਧੜਕਦਾ ਹੈ। ਲੇਖਕ ਦੇ ਸ਼ਬਦਾਂ ਵਿਚ, ''ਕੋਈ ਦਿਨ ਅਜਿਹਾ ਨਹੀਂ ਸੀ ਲੰਘਦਾ, ਜਦੋਂ ਇੱਦਾਂ ਨਾ ਲਗਦਾ ਹੋਵੇ ਕਿ ਮੇਰਾ ਦੇਸ਼ ਮੈਨੂੰ ਬੁਲਾ (ਆਵਾਜ਼ਾਂ ਨਹੀਂ ਮਾਰ ਰਿਹਾ) ਨਹੀਂ ਰਿਹਾ। ਕਦੇ ਕੋਈ ਪੁਰਾਣੀ ਦੱਬੀ ਹੋਈ ਆਵਾਜ਼, ਕੋਈ ਖ਼ੁਸ਼ਬੂ, ਕੋਈ ਦੁਪਹਿਰ ਦੀ ਰੌਸ਼ਨੀ ਜਾਂ ਕਿਸੇ ਦਾ ਕੋਈ ਹਾਵ-ਭਾਵ ਤੇ ਕਦੇ-ਕਦੇ ਸਿਰਫ਼ ਖਾਮੋਸ਼ੀ ਹੀ ਕਾਫ਼ੀ ਹੁੰਦੀ ਸੀ। ਮੇਰੇ ਬਚਪਨ ਦੀਆਂ ਯਾਦਾਂ ਵਾਪਸ ਲੈ ਕੇ ਆਉਣ ਲਈ।''
ਨਾਵਲ ਵਿਚ ਗੈਬਰੀਅਲ ਉਰਫ਼ ਗੈਬੀ ਦੇ ਪਿਤਾ ਜੈਕਸ ਅਤੇ ਮਾਤਾ ਯਵੋਨ ਵਿਚਾਲੇ ਵਿਵਾਹਕ ਸੰਬੰਧ ਸੁਖਾਵੇਂ ਨਹੀਂ ਹਨ। ਉਹ ਵਿਆਹੁਤਾ ਹੋਣ ਦੇ ਬਾਵਜੂਦ ਜ਼ਿੰਦਗੀ ਦਾ ਵਧੇਰੇ ਸਮਾਂ ਆਪਣੇ ਪੇਕੇ ਨਿਵਾਸ ਰਵਾਂਡਾ ਹੀ ਰਹਿਣਾ ਪਸੰਦ ਕਰਦੀ ਹੈ। ਇਹ ਰਿਸ਼ਤਾ ਵੀ ਪ੍ਰਤੀਕਾਤਮਕ ਤੌਰ 'ਤੇ ਆਪਣੇ ਮੁਲਕ ਅਤੇ ਪਰਦੇਸ਼ ਵਿਚਾਲੇ ਦੀ ਮਾਨਸਿਕ ਖਿੱਚੋਤਾਣ ਅਤੇ ਮਾਨਸਿਕ ਅਤਰਿਪਤੀ ਦੀ ਬਾਤ ਪਾਉਂਦਾ ਹੈ। ਨਾਵਲ ਦਾ ਕਥਾਨਕ ਗੈਬੀ ਦੇ ਬਾਲਪਨ ਤੋਂ ਲੈ ਕੇ ਉਸ ਦੇ ਪ੍ਰੌੜ੍ਹ ਹੋਣ ਤੱਕ ਇਨ੍ਹਾਂ ਹੀ ਯਾਦਾਂ ਦੇ ਨਿੱਕੇ-ਨਿੱਕੇ ਵੇਰ੍ਹਵਿਆਂ, ਮਨ ਛੂੰਹਦੇ ਸਪਰਸ਼ਾਂ ਵਾਲੇ ਅਹਿਸਾਸਾਂ ਦੀਆਂ ਸੂਖ਼ਮ ਤੰਦਾਂ ਨਾਲ ਗੁੰਦਿਆ ਗਿਆ ਹੈ। ਵਿਸ਼ੇਸ਼ ਕਰ ਕੇ ਸਕੂਲ ਵਿਚ ਗੈਬੀ ਨੂੰ 10 ਵਰ੍ਹਿਆਂ ਦੀ ਲੈਰੀ ਵਲੋਂ ਪੈਨਫਰੈਂਡ ਬਣਾਉਣ ਲਈ ਪੱਤਰ ਲਿਖਣਾ ਅਤੇ ਆਖ਼ਿਰ ਵਿਚ ਲਿਖੇ ਸ਼ਬਦ , 'ਲਵ' ਸ਼ਬਦ ਤੋਂ , 'ਮੈਨੂੰ ਉਸ ਦੀ ਚਿੱਠੀ ਪੜ੍ਹ ਕੇ ਡਰ ਲੱਗਿਆ ਖ਼ਾਸ ਕਰਕੇ ਉਦੇ, 'ਲਵ' ਸ਼ਬਦ ਤੋਂ, ਜਿਸ ਨੂੰ ਪੜ੍ਹ ਕੇ ਮੈਂ ਸ਼ਰਮਾ ਗਿਆ। ਗੱਲ੍ਹਾਂ ਲਾਲ ਹੋ ਗਈਆਂ। ਮੈਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੈਨੂੰ ਡੱਬਾ ਭਰ ਕੇ ਮਠਿਆਈਆਂ ਭੇਜੀਆਂ। ਉਸ ਨੇ ਮੇਰੇ ਵਾਸਤੇ ਦੁਨੀਆ ਦੇ ਨਵੇਂ ਦਰਵਾਜ਼ੇ ਖ੍ਹੋਲ ਦਿੱਤੇ।' ਅਨੁਵਾਦਕ ਰਜਨਦੀਪ ਕੌਰ ਨੇ ਨਾਵਲ ਦਾ ਅਨੁਵਾਦ ਨਿੱਠ ਕੇ ਕੀਤਾ ਹੈ।
- ਡਾ.ਧਰਮਪਾਲ ਸਾਹਿਲ
ਮੋਬਾਈਲ : 98761-56964
ਖਾਲਸਾ ਪੰਥ ਦੀ ਸਿਰਜਣਾ
ਲੇਖਕ : ਰਤਨ ਟਾਹਲਵੀ
ਪ੍ਰਕਾਸ਼ਕ : ਮਿ. ਸਿੰਘ ਪਬਲੀਕੇਸ਼ਨ, ਤਲਵੰਡੀ ਸਾਬੋ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 81462-10637
ਰਤਨ ਟਾਹਲਵੀ ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਕਵੀ ਹਨ। ਹਥਲੇ ਕਾਵਿ-ਸੰਗ੍ਰਹਿ 'ਖ਼ਾਲਸਾ ਪੰਥ ਦੀ ਸਿਰਜਣਾ' ਤੋਂ ਪਹਿਲਾਂ ਉਨ੍ਹਾਂ ਦੇ 11 ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਚੋਣਵੀਆਂ ਰਚਨਾਵਾਂ ਦਾ ਇਕ ਕਾਵਿ-ਸੰਗ੍ਰਹਿ ਡਾ. ਜਸਵੰਤ ਬੇਗੋਵਾਲ ਵਲੋਂ ਵੀ ਸੰਪਾਦਿਤ ਕੀਤਾ ਗਿਆ ਹੈ। ਭਾਈ ਜੈਤਾ ਜੀ ਵਲੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਾਉਣ ਦਾ ਬੇਹੱਦ ਦਰਦਨਾਕ ਵਰਣਨ ਕਰਦੀ ਉਨ੍ਹਾਂ ਦੀ ਕਵਿਤਾ ਦੀਆਂ ਇਹ ਸਤਰਾਂ ਜ਼ਿਕਰਯੋਗ ਹਨ:
ਭਾਈ ਜੈਤੇ ਜਦ ਗੋਦੀ ਦੇ ਵਿਚ,
ਗੋਬਿੰਦ ਰਾਏ ਦੇ ਸੀਸ ਟਿਕਾਇਆ।
ਪੱਥਰ ਜਿਗਰੇ ਲੁਕ-ਲੁਕ ਰੋਏ,
ਸ਼ਹਿਰ ਅਨੰਦਪੁਰ ਮਾਤਮ ਛਾਇਆ।
ਬੇਸ਼ੱਕ ਦੁਨੀਆ ਵਿਚ ਬਹੁਤ ਸਾਰੇ ਗੁਰੂ-ਪੀਰ, ਸਰਬੰਸ-ਦਾਨੀ, ਕੂਟਨੀਤਕ ਅਤੇ ਸੂਰਮੇ ਹੋਏ ਹਨ ਪਰ ਸਦੀਆਂ ਤੋਂ ਨਪੀੜੇ ਜਾ ਰਹੇ ਦੱਬੇ-ਕੁਚਲੇ ਲੋਕਾਂ ਦੇ ਹੱਥਾਂ ਵਿਚ ਤਲਵਾਰਾਂ ਫੜਾ ਕੇ ਉਨ੍ਹਾਂ ਨੂੰ ਸ਼ਾਹੀ ਫ਼ੌਜਾਂ ਨਾਲ ਲੜਨ ਦੇ ਸਮਰੱਥ ਬਣਾ ਦੇਣਾ, ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਹਿੱਸੇ ਆਇਆ ਹੈ। ਰਤਨ ਟਾਹਲਵੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਸਿਰਜਣਾ ਨੂੰ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਇਕ ਯੁੱਗ ਪਲਟਾਊ ਇਤਿਹਾਸਕ ਘਟਨਾ ਦੇ ਰੂਪ ਵਿਚ ਦੇਖਦੇ ਹਨ:
ਬੁੱਤ ਮਿੱਟੀ ਦੇ ਬਣੇ ਜੋ ਹੋਏ ਜੱਗ 'ਤੇ,
ਸਾਰੇ ਗਿੱਦੜਾਂ ਤੋਂ ਸ਼ੇਰ ਉਹ ਬਣਾਵਾਂਗਾ।
ਜਿਹਦੀ ਵੱਖਰੀ ਪਛਾਣ ਹੋਊ ਜੱਗ 'ਤੇ,
ਐਸਾ ਦੁਨੀਆ 'ਤੇ ਪੰਥ ਸਜਾਵਾਂਗਾ।
ਰਤਨ ਟਾਹਲਵੀ ਦੀ ਇਸ ਪੁਸਤਕ ਦੀ ਸਿਰਜਣਾ ਪਰੰਪਰਿਕ ਢੰਗ ਨਾਲ ਪ੍ਰਸੰਗਾਂ ਦੇ ਰੂਪ ਵਿਚ ਕੀਤੀ ਗਈ ਹੈ, ਜਿਸ ਕਰਕੇ ਹਰੇਕ ਪ੍ਰਸੰਗ ਤੋਂ ਪਹਿਲਾਂ ਲੋੜੀਂਦੀ ਜਾਣਕਾਰੀ ਵੀ ਦਿੱਤੀ ਗਈ ਹੈ। ਤਸੱਲੀ ਵਾਲੀ ਗੱਲ ਹੈ ਕਿ ਉਹ ਆਪਣੀ ਮਿੱਟੀ, ਸੱਭਿਆਚਾਰ, ਵਿਰਸੇ ਅਤੇ ਮਾਂ-ਬੋਲੀ ਨਾਲ ਧੁਰ ਅੰਦਰੋਂ ਜੁੜੇ ਹੋਏ ਕਵੀ ਹਨ। ਸਿੱਖ ਇਤਿਹਾਸ ਅਤੇ ਰਵਾਇਤਾਂ ਬਾਰੇ ਵੀ ਉਹ ਬੜੀ ਸੂਖਮ ਸੂਝ-ਬੂਝ ਰੱਖਦੇ ਹਨ। ਉਨ੍ਹਾਂ ਨੂੰ ਮਿਲਣ-ਗਿਲਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਬੜੇ ਮਿੱਠਬੋਲੜੇ, ਮਿਲਾਪੜੇ ਅਤੇ ਮੁਹੱਬਤੀ ਸੁਭਾਅ ਦੇ ਮਾਲਕ ਹਨ। ਉਨ੍ਹਾਂ ਦੀ ਇਹ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਮਹੱਤਵਪੂਰਨ ਦਸਤਾਵੇਜ਼ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਸਨੇਹ ਭਰੀਆਂ ਬਾਲ ਕਹਾਣੀਆਂ
ਸੰਪਾਦਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 60
ਸੰਪਰਕ : 98764-52223
ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਨਾਂਅ ਪੰਜਾਬੀ ਸਾਹਿਤ ਜਗਤ ਵਿਚ ਕਾਫ਼ੀ ਚਰਚਿਤ ਹੈ। ਉਨ੍ਹਾਂ ਦੀ ਇਹ ਸੰਪਾਦਿਤ ਪੁਸਤਕ ਸਨੇਹ ਭਰੀਆਂ ਬਾਲ ਕਹਾਣੀਆਂ ਇਸ ਗੱਲ ਦਾ ਸਬੂਤ ਹੈ। ਇਸ ਪੁਸਤਕ ਦੀ ਸੰਪਾਦਨਾ ਦੇ ਨਾਲ ਨਵੇਂ ਲੇਖਕਾਂ ਨੂੰ ਵੀ ਥਾਂ ਦੇ ਕੇ ਬੱਚਿਆਂ ਪ੍ਰਤੀ ਆਪਣਾ ਪਿਆਰ ਦਰਸਾਇਆ ਹੈ। ਇਸ ਬਾਲ ਪੁਸਤਕ ਵਿਚ ਉਨ੍ਹਾਂ ਨੇ ਆਪਣੀ ਬਾਲ ਕਹਾਣੀ ਸਮੇਤ 14 ਹੋਰ ਲੇਖਕਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਹੈ ਜਿਸ ਨਾਲ ਉਹ ਸਾਰੇ ਬਾਲ ਸਾਹਿਤ ਨੂੰ ਪਿਆਰ ਕਰਨ ਲੱਗੇ ਹਨ ਅਤੇ ਬਾਲਾਂ ਪ੍ਰਤੀ ਚੰਗਾ ਲਿਖਣ ਦੀ ਸੇਧ ਲੈ ਰਹੇ ਹਨ। ਪ੍ਰਿੰ. ਗੋਸਲ ਨੇ ਇਸ ਪੁਸਤਕ ਦੀ ਸੰਪਾਦਨਾ ਕਰਦੇ ਹੋਏ ਸ. ਦਲਬੀਰ ਸਿੰਘ ਸਰੋਆ ਦੀ ਬਾਲ ਕਹਾਣੀ ਆਟੇ ਦਾ ਕਾਂ, ਬਲਦੇਵ ਸਿੰਘ ਦੀ ਕਹਾਣੀ ਕੋਈ ਮੁਸੀਬਤ ਵਿਚ ਹੋਵੇ ਤਾਂ, ਬਲਵਿਦਰ ਕੌਰ ਦੀ ਮਾਵਾਂ ਠੰਢੀਆਂ ਛਾਵਾਂ, ਰਾਜ ਕੁਮਾਰ ਸਾਹੋਵਾਲੀਆ ਦਾ ਟੁਕ-ਟੁਕ ਦਾ ਆਸਰਾ , ਕ੍ਰਿਸਨ ਰਾਹੀ ਦੀ ਮਜ਼ਿੰਲ ਮਿਲ ਗਈ , ਡਾ. ਪੰਨਾ ਲਾਲ ਮੁਸਤਫ਼ਾਬਾਦੀ ਦੀ ਬਾਲ ਕਹਾਣੀ ਕਹਿਆ ਕਰਣਾ ਦਿੱਤਾ ਲੈਣਾ ਅਟੱਲ ਹੈ, ਅਮਰਜੀਤ ਸਿੰਘ ਬਠਲਾਣਾ ਦੀ ਮਿਹਨਤ ਦੇ ਰੰਗ, ਭੁਪਿੰਦਰ ਭਾਗੋਮਾਜਰਾ ਦੀ ਹਾਂ ਵਿਚ ਬਰਕਤ , ਮੈਡਮ ਮੰਜੂ ਸ਼ਾਰਦਾ ਦੀ ਬਾਲ ਕਹਾਣੀ ਦੁਆ, ਤਰਲੋਚਨ ਸਿੰਘ ਦੀ ਫੁੱਲਾਂ ਦਾ ਗੁਲਦਸਤਾ , ਹਰਪ੍ਰੀਤ ਕੌਰ ਦੀ ਇਮਾਨਦਾਰੀ, ਕਾਕਾ ਯਸ਼ਵੀਰ ਸਿੰਘ ਦੀ ਮਿਹਨਤ ਦੀ ਕਮਾਈ, ਮਨਿੰਦਰ ਕੌਰ ਦੀ ਚਾਲ, ਬਾਲ ਸਾਹਿਤਕਾਰ ਸੁਖਪ੍ਰੀਤ ਸਿੰਘ ਦੀ ਮਨੁੱਖ ਜ਼ਿੰਦਗੀ ਅਤੇ ਖੁਦ ਆਪਣੀ ਬਾਲ ਕਹਾਣੀ ਬੱਚਿਆਂ ਵਲੋਂ ਪ੍ਰੇਰਣਾ ਸ਼ਾਮਲ ਕਰਕੇ ਇਸ ਬਾਲ ਪੁਸਤਕ ਨੂੰ ਵਧੀਆ ਰੂਪ ਦਿੱਤਾ ਹੈ। ਕਈ ਨਵੇਂ ਲੇਖਕ ਹੋਣ ਦੇ ਨਾਲ ਵੀ ਆਪਣੀ ਗੱਲ ਕਹਿਣ ਵਿਚ ਸਫ਼ਲ ਹੋਏ ਹਨ। ਸਾਰਿਆਂ ਦੀਆਂ ਰੌਚਿਕ ਕਹਾਣੀਆਂ ਨੂੰ ਪ੍ਰਿੰ. ਗੋਸਲ ਨੇ ਇਕ ਪੁਸਤਕ ਦੇ ਰੂਪ ਵਿਚ ਵਧੀਆ ਗੁਲਦਸਤਾ ਪੇਸ਼ ਕੀਤਾ ਹੈ। ਸਾਰੀਆਂ ਕਹਾਣੀਆਂ ਬੱਚਿਆਂ ਦੇ ਹਾਣ ਦੀਆਂ ਅਤੇ ਰੌਚਿਕ ਢੰਗ ਨਾਲ ਲਿਖੀਆਂ ਗਈਆਂ ਹਨ। ਇਸ ਤਰ੍ਹਾਂ ਹੀ ਸਾਰਿਆਂ ਲੇਖਕਾਂ ਦੀਆਂ ਕਹਾਣੀਆਂ ਨਾਲ ਮਿਲਦੇ ਵਧੀਆ ਚਿੱਤਰ ਬਣਾ ਕੇ ਪੁਸਤਕ ਨੂੰ ਬੱਚਿਆਂ ਲਈ ਮਨਮੋਹਕ ਬਣਾਇਆ ਗਿਆ ਹੈ। ਇਸ ਪੁਸਤਕ ਦੀ ਸੰਪਾਦਨਾ ਲਈ ਪ੍ਰਿੰਸੀਪਲ ਗੋਸਲ ਨੇ ਚੰਗੀ ਮਿਹਨਤ ਕੀਤੀ ਲਗਦੀ ਹੈ, ਉਨ੍ਹਾਂ ਦੀ ਇਹ ਭਾਵਨਾ ਕਿ ਆਪ ਹੀ ਨਹੀਂ ਲਿਖਣਾ ਸਗੋਂ ਹੋਰ ਲੇਖਕਾਂ ਨੂੰ ਪੰਜਾਬੀ ਪ੍ਰੇਮ ਲਈ ਪ੍ਰੇਰਨਾ ਅਤੇ ਨਵੀਆਂ ਰਚਨਾਵਾਂ ਲਈ ਤਿਆਰ ਕਰਨਾ, ਪਾਠਕਾਂ ਦੇ ਮਨ ਨੂੰ ਜ਼ਰੂਰ ਪਸੰਦ ਆਵੇਗੀ। ਸਾਰੇ ਲੇਖਕਾਂ ਨੇ ਪ੍ਰਿੰ. ਗੋਸਲ ਨੂੰ ਚੰਗਾ ਸਹਿਯੋਗ ਦਿੱਤਾ ਨਜ਼ਰ ਆ ਰਿਹਾ ਹੈ ਅਤੇ ਸੰਪਾਦਕ ਨੇ ਵੀ ਉਨ੍ਹਾਂ ਸਾਰੇ ਲੇਖਕਾਂ ਦੀਆਂ ਤਸਵੀਰਾਂ ਇਸ ਪੁਸਤਕ ਵਿਚ ਕਹਾਣੀਆਂ ਦੇ ਨਾਲ ਲਗਵਾ ਕੇ ਉਨ੍ਹਾਂ ਨੂੰ ਚੰਗਾ ਸਤਿਕਾਰ ਦਿੱਤਾ ਹੈ ਇਹ ਪ੍ਰਿੰ. ਗੋਸਲ ਦੀ ਵੱਖਰੀ ਅਤੇ ਅਨੁੱਠੀ ਸੋਚ ਦਾ ਨਤੀਜਾ ਹੈ। ਮੈਂ ਇਸ ਪੁਸਤਕ ਨੂੰ ਜੀ ਆਇਆਂ ਨੂੰ ਆਖਦਾ ਹੋਇਆ ਪ੍ਰਿੰ. ਗੋਸਲ ਨੂੰ ਵਧਾਈ ਦੇਂਦਾ ਹਾਂ।
-ਅਮਰੀਕ ਸਿੰਘ ਤਲਵੰਡੀ
ਮੋਬਾਈਲ : 94635-42869
ਪਾਣੀ 'ਤੇ ਲਿਖੇ ਹਰਫ਼
ਕਵੀ : ਸੁਖਰਾਜ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 54
ਸੰਪਰਕ : 94638-36591
ਸਾਬਕਾ ਸੇਵਾਮੁਕਤ ਡੀ.ਜੀ.ਪੀ. ਸੁਖਰਾਜ ਸਿੰਘ ਆਈ.ਪੀ.ਐਸ. ਪੰਜਾਬੀ ਅਤੇ ਹਿੰਦੀ ਕਾਵਿ-ਖੇਤਰ ਦਾ ਜਾਣਿਆ-ਪਛਾਣਿਆ ਰੁਕਨ ਹੈ। 'ਜ਼ਿੰਦਗੀ ਦੇ ਰੰਗ', 'ਉਦਾਸ ਰੁੱਤ', 'ਰੇਤ ਦਾ ਜੰਗਲ', 'ਹਰਫ਼ਾਂ ਦੀ ਹਲਚਲ' ਅਤੇ ਕੁਝ-ਇਕ ਹਿੰਦੀ ਪੁਸਤਕਾਂ ਤੋਂ ਇਲਾਵਾ ਹੁਣ ਉਸ ਦੀ ਨਵਪ੍ਰਕਾਸ਼ਿਤ ਪੁਸਤਕ 'ਪਾਣੀ ਤੇ ਲਿਖੇ ਹਰਫ਼' ਮੰਜ਼ਰ-ਇ-ਆਮ 'ਤੇ ਆਈ ਹੈ ਜਿਸ ਵਿਚ ਨਿੱਕੀਆਂ-ਨਿੱਕੀਆਂ ਕਵਿਤਾਵਾਂ ਅੰਕਿਤ ਹਨ। ਇਨ੍ਹਾਂ ਵਿਚ ਜੀਵਨ ਦੇ ਗਹਿਰੇ ਅਰਥਾਂ ਨੂੰ ਸਮੋਇਆ ਹੋਇਆ ਹੈ। ਕਵੀ ਇਨ੍ਹਾਂ ਨਜ਼ਮਾਂ ਦੇ ਜ਼ਰੀਏ ਸਮਾਜਿਕ ਵਰਤਾਰੇ ਨੂੰ ਬਹੁਤ ਨੇੜਿਉਂ ਤੱਕਦਾ ਹੋਇਆ ਅਨੁਭਵ ਕਰਦਾ ਹੈ ਕਿ ਵਰਤਮਾਨ ਦੌਰ ਵਿਚ ਮਾਨਵਵਾਦੀ ਕਦਰਾਂ-ਕੀਮਤਾਂ ਰਸਾਤਲ ਵੱਲ ਧੱਕੀਆਂ ਜਾ ਰਹੀਆਂ ਹਨ। ਮਨੁੱਖਤਾ ਵਿਚ ਪਿਆਰ ਮੁਹੱਬਤ, ਪਾਕੀਜ਼ਗੀ ਦੀ ਥਾਂ ਕੁੜੱਤਣਪੈਦਾ ਹੋ ਰਹੀ ਹੈ। ਮਾਨਵ ਦੀ ਕਹਿਣੀ ਤੇ ਕਥਨੀ ਵਿਚਲਾ ਅੰਤਰ ਅਤੇ ਸੰਕੀਰਣਤਾ ਵਧਦੇ ਜਾ ਰਹੇ ਹਨ ਜਿਸ ਕਰਕੇ ਖ਼ੁਸ਼ਬੂ ਭਰੀ ਫ਼ਿਜ਼ਾ ਵਿਚ ਸਾਹ ਲੈਣਾ ਦੁੱਭਰ ਹੋ ਗਿਆ ਹੈ। ਕਵੀ ਨੂੰ ਮਲਾਲ ਹੈ ਕਿ ਆਪੋ-ਧਾਪੀ ਦੇ ਇਸ ਅਧਰਮੀ ਦੌਰ ਵਿਚ ਗ਼ਲਤਾਨ ਹੋਇਆ ਮਨੁੱਖ ਸਭੇ ਸਾਂਝੀਵਾਲ ਸਦਾਇਨ ਦਾ ਸੁਨੇਹਾ ਭੁੱਲਦਾ ਜਾ ਰਿਹਾ ਹੈ। ਨਿਰਦੋਸ਼ ਮਾਸੂਮ ਪਰਿੰਦੇ ਬੇਵਜਾ ਮਾਰੇ ਜਾ ਰਹੇ ਹਨ। ਅੱਤਿਆਚਾਰ ਅਤੇ ਜ਼ੁਲਮ ਦੀਆਂ ਬਿਜਲੀਆਂ ਨਾਰੀ-ਮਨ ਉਪਰ ਨਿਰੰਤਰ ਡਿਗ ਰਹੀਆਂ ਹਨ। ਮੁਸਾਫ਼ਿਰ ਰਾਹਾਂ ਤੋਂ ਭਟਕ ਰਹੇ ਹਨ, ਸ਼ਾਸਨ ਤੇ ਕਾਨੂੰਨ ਵਿਵਸਥਾ ਦਾ ਅਰਥ-ਪਰਿਵਰਤਨ ਹੁੰਦਾ ਜਾ ਰਿਹਾ ਹੈ। ਦੰਭੀ ਅਤੇ ਪਦਾਰਥਵਾਦੀ ਸੋਚ ਵਾਲੇ ਮਨੁੱਖ ਦੇ ਹਿਰਦੇ ਵਿਚੋਂ ਹੁਣ ਦਰੱਖ਼ਤਾਂ ਲਈ ਦੁਆਵਾਂ ਨਹੀਂ ਨਿਕਲਦੀਆਂ। ਆਰਿਆਂ-ਕੁਹਾੜਿਆਂ ਤੇ ਬੁਲਡੋਜ਼ਰਾਂ ਨਾਲ ਪ੍ਰਕਿਰਤੀ ਦਾ ਵਿਨਾਸ਼ ਕਰਕੇ ਕੰਕਰੀਟ ਦੇ ਜੰਗਲਾਂ ਦਾ 'ਵਿਕਾਸ' ਕਰਨ ਵਿਚ ਵਧੇਰੇ ਦਿਲਚਸਪੀ ਦਿਖਾ ਰਹੀ ਹੈ। ਇਸ ਸੰਦਰਭ ਵਿਚ ਕਵੀ ਦੀਆਂ 'ਦੁਆ', 'ਜ਼ਿੰਮੇਦਾਰੀ', 'ਸਫ਼ਰ ਜਾਰੀ ਰੱਖੀਏ', 'ਅੱਖਾਂ ਦਾ ਜੰਗਲ', 'ਪਿਆਸ', 'ਦਰਿਆ', 'ਚੰਨ', 'ਸਫ਼ਰ', 'ਬਿਜਲੀਆਂ' ਅਤੇ 'ਸੰਘਰਸ਼' ਆਦਿ ਨਜ਼ਮਾਂ ਆਦਿ ਉਲੇਖਯੋਗ ਹਨ। ਮੁਖ਼ਾਲਫ਼ਤ ਪ੍ਰਸਥਿਤੀਆਂ ਦੇ ਬਾਵਜੂਦ ਵੀ ਕਵੀ ਆਸ਼ਾਵਾਦੀ ਸੋਚ ਨੂੰ ਪ੍ਰਣਾਇਆ ਹੋਇਆ ਹੈ। ਉਸ ਦੀ ਦ੍ਰਿੜ੍ਹ ਧਾਰਨਾ ਹੈ ਕਿ ਚੰਗਿਆਈ ਅਤੇ ਪਰਉਪਕਾਰੀ ਭਾਵਨਾਵਾਂ ਦਾ ਕਦੇ ਬੀਜ ਨਾਸ਼ ਨਹੀਂ ਹੁੰਦਾ ਅਤੇ ਅਜਿਹੀਆਂ ਭਾਵਨਾਵਾਂ ਵਾਲਾ ਸਮਾਜ ਹਮੇਸ਼ਾ ਹਨੇਰੇ ਕੋਨਿਆਂ ਨੂੰ ਰੌਸ਼ਨ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਕਵੀ ਨੇ ਆਪਣੀਆਂ ਕਵਿਤਾਵਾਂ ਵਿਚ ਦੀਵਾ, ਦਰਿਆ, ਚੰਨ, ਸਫ਼ਰ, ਕਾਤਿਲ, ਕਲੰਡਰ, ਜ਼ਖ਼ਮ, ਮਾਰੂਥਲ ਅਤੇ ਰਸਤਾ ਵਰਗੇ ਮੈਟਾਫ਼ਰਾਂ ਦਾ ਇਸਤੇਮਾਲ ਕਰਨ ਦੇ ਨਾਲ-ਨਾਲ ਉਰਦੂ-ਫ਼ਾਰਸੀ ਜ਼ੁਬਾਨਾਂ ਦੀ ਮਿੱਸ ਵਾਲੀ ਸ਼ਬਦਾਵਲੀ ਦਾ ਵੀ ਯਥਾਯੋਗ ਅਤੇ ਸੁੰਦਰ ਉਪਯੋਗ ਕੀਤਾ ਹੈ ਜਿਵੇਂ ਰੁਖ਼ਸਤੀ, ਮਜ਼ਾ, ਮੰਜ਼ਿਲ, ਇਬਾਰਤ, ਗੁਨਾਹਗਾਰ, ਇਲਜ਼ਾਮ, ਜ਼ਖ਼ਮ, ਤਾਰੀਫ਼, ਮੁਕਾਮ, ਸ਼ਮ੍ਹਾ, ਪਕਤ, ਹਿਫ਼ਾਜ਼ਤ, ਜ਼ਿਹਨ, ਰੁਖ਼ਸਤੀ, ਰਕੀਬ, ਉਲਫ਼ਤ, ਕਿਆਫ਼ਾ, ਗਿਰੇਵਾਨ, ਫ਼ਿਜ਼ਾਂ, ਇਬਾਰਤ, ਤੌਫ਼ੀਕ ਅਤੇ ਜ਼ਕਾਤ ਆਦਿ। ਕਿਤੇ ਕਿਤੇ ਕੁਝ ਸ਼ਾਬਦਿਕ ਗ਼ਲਤੀਆਂ ਰੜਕਦੀਆਂ ਹਨ ਜਿਵੇਂ ਛਿਕਨ (ਸ਼ਿਕਨ) ਅਤੇ ਮੁਸ਼ਹਿਰਾ (ਮੁਸ਼ਾਇਰਾ) ਆਦਿ ਪਰੰਤੂ ਇਸ ਦੇ ਬਾਵਜੂਦ ਖ਼ੂਬਸੂਰਤ ਗੈਟ-ਅਪ ਵਾਲੀ ਇਹ ਕਾਵਿ ਪੁਸਤਕ ਅਜੋਕੀ ਕਵਿਤਾ ਵਿਚ ਨਵੀਨ ਵਾਧਾ ਕਰਦੀ ਹੈ ਅਤੇ ਪਾਠਕਾਂ ਦੇ ਹਿਰਦਿਆਂ ਨੂੰ ਟੁੰਭਦੀ ਹੈ। ਕਵੀ ਨੂੰ ਮੁਬਾਰਕਵਾਦ!
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਗਾਥਾ ਸ੍ਰੀ ਫ਼ਤਿਹਗੜ੍ਹ ਸਾਹਿਬ
ਲੇਖਕ : ਡਾ. ਗੁਰਚਰਨ ਸਿੰਘ ਮਾਵੀ
ਪ੍ਰਕਾਸ਼ਕ : ਗੁਰਬਾਣੀ ਇਸ ਜਗ ਮਹਿ ਚਾਨਣੁ ਪ੍ਰਚਾਰ ਤੇ ਪ੍ਰਸਾਰ ਸੰਸਥਾ ਰਜਿ: (ਮੁਹਾਲੀ)
ਮੁੱਲ : 130, ਸਫ਼ੇ : 132
ਸੰਪਰਕ : 0172-2913729
ਕਿੱਤੇ ਵਜੋਂ ਕੀਟ ਵਿਗਿਆਨੀ ਡਾ. ਗੁਰਬਚਨ ਸਿੰਘ ਮਾਣੀ ਆਪਣੀ ਸੇਵਾਮੁਕਤੀ ਤੋਂ ਬਾਅਦ ਪੂਰੀ ਲਗਨ ਨਾਲ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਹਨ। ਸਿੱਖ ਚਿੰਤਨ ਅਤੇ ਇਤਿਹਾਸ ਬਾਰੇ ਇਹ ਉਨ੍ਹਾਂ ਦੀ 5ਵੀਂ ਪੁਸਤਕ ਹੈ।
ਵਿਚਾਰ-ਗੋਚਰੀ ਪੁਸਤਕ ਦੇ 7 ਖੰਡ ਹਨ। ਪੁਸਤਕ ਸ੍ਰੀ ਫ਼ਤਹਿਗੜ੍ਹ ਸਾਹਿਬ ਬਾਰੇ ਮੁਕੰਮਲ ਅਤੇ ਪੁਖ਼ਤਾ ਜਾਣਕਾਰੀ ਪ੍ਰਦਾਨ ਕਰਦੀ ਹੈ। ਪਹਿਲੇ ਅਧਿਆਏ ਵਿਚ ਫ਼ਤਹਿਗੜ੍ਹ ਸਾਹਿਬ ਬਾਰੇ ਅਤੇ ਸਰਹੰਦ ਸੰਬੰਧੀ ਜਾਣ-ਪਛਾਣ ਹੈ। ਦੂਜੇ ਅਧਿਆਏ ਵਿਚ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਬਾਰੇ ਬੇਸ਼ਕੀਮਤੀ ਜਾਣਕਾਰੀ ਦਿੱਤੀ ਗਈ ਹੈ। ਤੀਜੇ ਭਾਗ ਵਿਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਸੰਬੰਧੀ ਉਪ-ਖੰਡਾਂ ਵਿਚ ਜਾਣਕਾਰੀ ਪ੍ਰਦਾਨ ਕਰਦਾ ਹੈ। (ਪੰਨਾ 29 ਤੋਂ 57 ਤੱਕ)।
ਚੌਥਾ ਅਧਿਆਏ ਸ਼ਹੀਦੀਆਂ ਉਪਰੰਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਪਾਵਨ ਦੇਹਾਂ ਦੇ ਸਸਕਾਰ ਨੂੰ ਬੜੇ ਕਰੁਣਾਮਈ ਢੰਗ ਨਾਲ ਰੂਪਮਾਨ ਕਰਦਾ ਹੈ। ਦੀਵਾਨ ਟੋਡਰ ਮੱਲ ਖੱਤਰੀ ਅਤੇ ਮੋਤੀ ਰਾਮ ਮਹਿਰਾ ਦੀਆਂ ਮਹਾਨ ਸੇਵਾਵਾਂ ਨੂੰ ਕਲਮਬੱਧ ਕੀਤਾ ਗਿਆ ਹੈ। (ਪੰਨਾ 58 ਤੋਂ 62)।
ਪੰਜਵਾਂ ਖੰਡ ਸਾਲਾਨਾ ਸ਼ਹੀਦੀ ਜੋੜ ਮੇਲ ਸਿੰਘ ਸਭਾ ਬਾਰੇ ਹੈ। ਆਪਣੇ ਮਾਣਮੱਤੇ ਵਿਰਸੇ ਪ੍ਰਤੀ ਜਾਗਰੂਕ ਹੋਣ ਦੀ ਦਰਦ ਭਰੀ ਅਰਜ਼ੋਈ ਦੀਆਂ ਇਹ ਸਤਰਾਂ ਧਿਆਨਯੋਗ ਹਨ। 'ਬੜੀ ਹੈਰਾਨੀ ਅਤੇ ਸ਼ਰਮ ਦੀ ਗੱਲ ਹੈ ਕਿ ਸਿੱਖ ਕੌਮ ਇਸ ਮਹਾਨ ਸ਼ਹੀਦੀ ਸਾਕੇ ਨੂੰ 320 ਸਾਲਾਂ ਵਿਚ ਹੀ ਭੁਲਾਉਣ ਦੀ ਹਾਲਤ ਵਿਚ ਹੈ, ਜਦੋਂ ਕਿ ਵਿਸ਼ਵ ਭਰ ਦੇ ਈਸਾਈ ਭਾਈਚਾਰੇ ਨੂੰ ਤਾਂ 2 ਹਜ਼ਾਰ ਸਾਲ ਤੋਂ ਵੱਧ ਸਮੇਂ ਬਾਅਦ ਵੀ ਪ੍ਰਭੂ ਯਸੂ ਮਸੀਹ ਨੂੰ ਦਿੱਤੀ ਪੀੜਾ ਦੇ ਅਨੁਭਵ ਦਾ ਡੂੰਘਾ ਅਹਿਸਾਸ ਹੈ। ਇਸੇ ਤਰ੍ਹਾਂ ਇਸਲਾਮ ਮੱਤ ਦੇ ਪੈਰੋਕਾਰਾਂ ਨੂੰ 1350 ਸਾਲ ਬਾਅਦ ਵੀ 'ਕਰਬਲਾ' ਦਾ ਕਹਿਰ ਯਾਦ ਹੈ।' (ਪੰਨਾ 66)
ਛੇਵਾਂ ਖੰਡ ਸ਼ਹੀਦੀ ਸਾਕੇ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਬਾਰੇ ਹੈ। ਕੁੰਮਾ ਮਾਸ਼ਕੀ, ਮਾਈ ਲੱਛਮੀ, ਮੋਤੀ ਰਾਮ ਮਹਿਰਾ ਦੀ ਮਹਾਨ ਸ਼ਹੀਦੀ, ਬੀਬੀ ਭਾਗੋ ਉਰਫ਼ ਬੇਗ਼ਮ ਜੈਨਬੁਨਿਸਾਂ (ਜੈਨਾਂ), ਨਵਾਬ ਮਲੇਰਕੋਟਲਾ, ਦੀਵਾਨ ਟੋਡਰ ਮੱਲ, ਭਾਈ ਜੋਧ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੀਆਂ ਘਾਲਣਾਵਾਂ ਦਾ ਜ਼ਿਕਰ ਹੈ। 'ਚੰਡਾਲ ਚੌਕੜੀ ਦਾ ਅੰਤ', ਇਸ ਖੋਜ-ਭਰਪੂਰ ਪੁਸਤਕ ਦਾ ਅੰਤਿਮ ਖੰਡ ਹੈ। ਅੰਤਲੇ ਸਫ਼ਿਆਂ ਉੱਤੇ ਇਤਿਹਾਸਕ ਗੁਰਧਾਮਾਂ ਦੀਆਂ ਰੰਗੀਨ ਤਸਵੀਰਾਂ, ਪੁਸਤਕ ਨੂੰ ਵਧੀਆ ਦਿਖ ਪ੍ਰਦਾਨ ਕਰਦੀਆਂ ਹਨ। ਗੁਰਬਾਣੀ ਦੇ ਪ੍ਰਮਾਣ, ਇਤਿਹਾਸਕਾਰਾਂ ਦੇ ਹਵਾਲੇ ਅਨੇਕਾਂ ਸ਼ੇਅਰ ਅਤੇ ਸਹਾਇਕ ਪੁਸਤਕਾਂ ਦੀ ਸੂਚੀ ਸ਼ਾਮਿਲ ਹੈ। ਪੁਸਤਕ ਬਹੁਤ ਮੁਫ਼ੀਦ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710