06-10-25
ਵਧੀਆ ਲੇਖ
27 ਸਤੰਬਰ ਵਾਲੇ ਅੰਕ 'ਚ ਪੂਰਨ ਚੰਦ ਸਰੀਨ ਦਾ ਆਰਟੀਕਲ 'ਭ੍ਰਿਸ਼ਟਾਚਾਰ ਤੇ ਨੌਕਰਸ਼ਾਹੀ ਨੂੰ ਲਗਾਮ ਲਾਉਣ ਬਿਨਾਂ ਭਾਰਤੀ ਨਹੀਂ ਆਉਣਗੇ' ਪੜ੍ਹਿਆ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਦੇਸ਼ ਦੇ ਲੋਕ ਸਾਡੇ ਸਿਸਟਮ ਤੋ ਅੱਕ ਥੱਕ ਕੇ ਹੀ ਵਿਦੇਸ਼ਾਂ ਨੂੰ ਵਹੀਰਾਂ ਘੱਤਦੇ ਹਨ ਸ਼ੌਕ ਕਰਕੇ ਨਹੀਂ। ਕਿਉਂਕਿ ਕੁੱਲੀ-ਗੁੱਲੀ-ਜੁੱਲੀ ਦੀ ਲੋੜ ਆਪਣੇ ਦੇਸ਼ 'ਚ ਰਹਿ ਕਿ ਪੂਰੀ ਕਰਨ ਵਾਸਤੇ ਸੈਂਕੜੇ ਝਮੇਲਿਆਂ 'ਚੋਂ ਗੁਜ਼ਰਨਾ ਪੈਂਦਾ ਹੈ। ਜਿਸ ਕਰਕੇ ਲੋਕ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਇਹ ਗੱਲ ਵੀ ਬਿਲਕੁਲ ਸੱਚ ਹੈ ਕਿ ਉਨਾਂ ਦਾ ਵਾਪਿਸ ਮੁੜਨਾ ਮੁਸ਼ਕਲ ਹੀ ਨਹੀਂ, ਸਗੋਂ ਨਾ ਮੁਮਕਿਨ ਜਾਪਦਾ ਹੈ, ਜਿਸ ਦੀ ਵਜ੍ਹਾ ਇਹ ਹੈ ਕਿ ਭਾਰਤ ਦੇ ਕਿਸੇ ਵੀ ਸੂਬੇ 'ਚ ਉਨ੍ਹਾਂ ਨੂੰ ਨੌਕਰੀ ਜਾਂ ਕਾਰੋਬਾਰ ਲਈ ਸਹੀ ਮਾਹੌਲ ਮਿਲ ਸਕਣਾ ਅਸੰਭਵ ਹੈ । ਸੋ ਇਹ ਕੰਧ 'ਤੇ ਲਿਖਿਆ ਇਕ ਕੌੜਾ ਸੱਚ ਹੈ ਕਿ ਭਾਰਤ ਤੋਂ ਬਾਹਰਲੇ ਮੁਲਕਾਂ 'ਚ ਪਰਵਾਸ ਕਰਨ ਨੂੰ ਨਾ ਤਾਂ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਬਾਹਰਲੇ ਮੁਲਕੀ ਗਏ ਲੋਕਾਂ ਨੂੰ ਵਾਪਿਸ ਲਿਆਂਦਾ ਜਾ ਸਕਦਾ ਹੈ, ਕਿਉਂਕਿ ਉਹ ਉੱਥੋ ਦੇ ਸਿਸਟਮ 'ਚ ਢਲ ਚੁੱਕੇ ਹਾ ਤੇ ਉਨ੍ਹਾਂ ਦਾ ਰਹਿਣ-ਸਹਿਣ ਵੀ ਉੱਥੋਂ ਦੇ ਸੱਭਿਆਚਾਰ ਮੁਤਾਬਿਕ ਬਣ ਚੁੱਕਾ ਹੈ। ਇਹ ਲੀਡਰਾਂ ਦੀਆਂ ਫੋਕੀਆਂ ਟਾਹਰਾਂ ਹਨ ਕਿ ਵਿਦੇਸ਼ ਗਏ ਲੋਕ ਦੇਸ਼ ਮੁੜ ਆਉਣ। ਇੱਥੇ ਸਾਨੂੰ ਲੋਕਾਂ ਦੇ ਭਾਰਤ ਛੱਡ ਕੇ ਬਾਹਰਲੇ ਮੁਲਕਾਂ ਦੀ ਪੀ ਆਰ ਲੈਣ ਦੀ ਇੱਛਾ ਪਿਛਲੀ ਵਜ੍ਹਾ ਨੂੰ ਵੇਖਣਾ ਪਵੇਗਾ। ਜੇ ਅੰਕੜਿਆਂ ਮੁਤਾਬਿਕ ਵੇਖਿਆ ਜਾਵੇ ਤਾਂ ਦੋ ਤੋ ਤਿੰਨ ਲੱਖ ਲੋਕ ਭਾਰਤ ਦੀ ਨਾਗਰਿਕਤਾ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੀ ਨਾਗਰਿਕਤਾ ਲੈ ਰਹੇ।
-ਲੈਕਚਰਾਰ ਅਜੀਤ ਖੰਨਾ
ਐਮ ਏ ਐਮ ਫਿਲ.
ਨਸ਼ੇ ਦੀ ਸਮੱਸਿਆ
ਅੱਜ ਦੇ ਸਮੇਂ ਵਿਚ ਨਸ਼ਿਆਂ ਕਾਰਨ ਨੌਜਵਾਨ ਪੀੜ੍ਹੀ ਖ਼ਤਰੇ ਵਿਚ ਆ ਰਹੀ ਹੈ। ਜਦੋਂ ਕੋਈ ਨਸ਼ੇ ਕਰਨ ਲੱਗ ਜਾਂਦਾ ਹੈ ਤਾਂ ਉਸ ਨੂੰ ਨਸ਼ਾ ਛੱਡਣਾ ਬਹੁਤ ਔਖਾ ਹੋ ਜਾਂਦਾ ਹੈ, ਜਿਸ ਕਾਰਨ ਵਿਅਕਤੀ ਦੇ ਪਰਿਵਾਰ ਨੂੰ ਵੀ ਕਈ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਸ਼ੇ ਦੀ ਸਮੱਸਿਆ ਇਕ ਗੰਭੀਰ ਅਤੇ ਵਿਸ਼ਾਲ ਸਮਾਜਿਕ, ਆਰਥਿਕ ਅਤੇ ਸਿਹਤ ਸੰਬੰਧੀ ਮੁੱਦਾ ਹੈ, ਜਿਸ ਨਾਲ ਬਹੁਤ ਸਾਰੇ ਮਨੋਵਿਗਿਆਨਕ ਪ੍ਰਭਾਵ ਪੈਂਦੇ ਹਨ। ਨਸ਼ਾ ਜੋ ਕਿ ਸਰੀਰ ਜਾਂ ਮਨ ਨੂੰ ਖ਼ੁਸ਼ ਕਰਨ, ਥੋੜ੍ਹੀ ਚਿੰਤਾ ਘਟਾਉਣ ਲਈ ਵਰਤਿਆ ਜਾਂਦਾ ਹੈ। ਬਹੁਤੀ ਵਾਰੀ ਲੰਮਾ ਸਮਾਂ ਨਸ਼ਾ ਕਰਨ ਨਾਲ ਆਦਤ ਬਣ ਜਾਂਦੀ ਹੈ ਅਤੇ ਇਸ ਦੇ ਨਾਲ ਪ੍ਰੇਸ਼ਾਨੀਆਂ ਅਤੇ ਸਿਹਤ ਦੇ ਖ਼ਤਰੇ ਵਧ ਜਾਂਦੇ ਹਨ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨਸ਼ੇ ਨੂੰ ਫੈਸ਼ਨ ਦੇ ਤੌਰ 'ਤੇ ਵੀ ਵਰਤਦੀ ਹੈ। ਨਸ਼ੇ ਦੇ ਨਾਲ ਸ਼ੁਰੂ ਵਿਚ ਮਨੁੱਖ ਨੂੰ ਆਰਾਮ ਮਹਿਸੂਸ ਹੋ ਸਕਦਾ ਹੈ, ਪਰ ਵਕਤ ਦੇ ਨਾਲ ਇਹ ਮਨੋਵਿਗਿਆਨਕ ਤਣਾਅ, ਡਿਪ੍ਰੈਸ਼ਨ ਅਤੇ ਚਿੰਤਾ ਦਾ ਕਾਰਨ ਬਣ ਜਾਂਦੇ ਹਨ। ਨਸ਼ੇ ਦੇ ਨਾਲ ਸਮਾਜ ਵਿਚ ਅਪਰਾਧ ਅਤੇ ਦੂਜਿਆਂ ਨਾਲ ਵਿਵਾਦਾਂ ਦਾ ਜਨਮ ਹੁੰਦਾ ਹੈ। ਇਹ ਸਮਾਜਿਕ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਮਨੁੱਖ ਦੀ ਕਾਮਯਾਬੀ ਨੂੰ ਰੋਕਦਾ ਹੈ।
-ਅਰਪਿਤਾ
ਖੇੜੀ ਨੌਧ ਸਿੰਘ।
ਘਟਦਾ ਨੈਤਿਕ ਕਦਰਾਂ-ਕੀਮਤਾਂ ਦਾ ਮਿਆਰ
ਨੈਤਿਕ ਕਦਰਾਂ-ਕੀਮਤਾ ਮਨੁੱਖ ਨੂੰ ਸੱਭਿਅਕ ਬਣਾਉਂਦੀਆ ਹਨ। ਮਨੁੱਖ ਦੇ ਫਰਜ਼, ਉਸ ਦੇ ਸੰਸਕਾਰ, ਵਿਵਹਾਰ ਆਦਿ ਨੈਤਿਕ ਕਦਰਾਂ ਕੀਮਤਾਂ ਦੇ ਦਾਇਰੇ ਵਿਚ ਆਉਂਦੇ ਹਨ, ਇਸ ਦੇ ਨਾਲ ਹੀ ਪਰਿਵਾਰਕ ਜੀਵਨ ਵਿਚ ਬਜ਼ੁਰਗਾਂ ਦਾ ਸਤਿਕਾਰ, ਵੱਡਿਆਂ ਦੇ ਹੁਕਮ ਦੀ ਪਾਲਣਾ, ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਦਾ ਸਨਮਾਨ ਇਹ ਸਭ ਵੀ ਕਦਰਾਂ ਕੀਮਤਾਂ ਵਿਚ ਆਉਂਦਾ ਹੈ। ਬੜੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ, ਜਿਸ ਦਾ ਮੁੱਖ ਕਾਰਨ ਮਨੁੱਖ ਦੇ ਪੰਜ ਵਿਸ਼ੇ-ਵਿਕਾਰ ਹਨ। ਅੱਜ ਮਨੁੱਖ ਸਿਰਫ਼ ਪੈਸੇ ਦਾ ਪੁਜਾਰੀ ਹੋ ਕੇ ਰਹਿ ਗਿਆ ਹੈ। ਇਸ ਨਾਲ ਪਰਿਵਾਰਾਂ ਵਿਚ ਪਹਿਲਾਂ ਵਰਗਾ ਮੋਹ-ਪਿਆਰ ਤੇ ਰਿਸ਼ਤਿਆਂ ਦਾ ਨਿੱਘ ਨਹੀਂ ਰਿਹਾ। ਅੱਜ ਮਨੁੱਖ ਦੀਆਂ ਮਰ ਚੁੱਕੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਅਤੇ ਵਿਸ਼ੇ-ਵਿਕਾਰਾਂ 'ਤੇ ਕਾਬੂ ਪਾਵੇ। ਆਪਣੀਆਂ ਲੋੜਾਂ, ਇੱਛਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਹੀ ਪੂਰਾ ਕਰੇ ਅਤੇ ਰਿਸ਼ਤਿਆਂ ਦਾ ਨਿੱਘ ਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਰੱਖੇ।
-ਗੌਰਵ ਮੁੰਜਾਲ
(ਪੀ.ਸੀ.ਐਸ)
ਹੜ੍ਹ ਪੀੜਤਾਂ ਦੀ ਤੁਰੰਤ ਮਦਦ ਕਰੇ ਸਰਕਾਰ
ਪੰਜਾਬ ਵਿਚ ਆਏ ਹੜ੍ਹਾਂ ਕਰਕੇ ਜ਼ਿਲਿਆਂ ਵਿਚ ਫ਼ਸਲਾਂ, ਡੰਗਰਾਂ, ਪਸ਼ੂਆਂ, ਮਸ਼ੀਨਰੀ ਅਤੇ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਨ੍ਹਾਂ ਹੜ੍ਹਾਂ ਨੇ ਕਈ ਇਲਾਕਿਆਂ ਦੇ ਪਿੰਡਾਂ ਦੇ ਪਿੰਡ ਆਪਣੀ ਲਪੇਟ ਵਿਚ ਲੈ ਕੇ ਬਹੁਤ ਹੀ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਸਾਡੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਦੇ ਲੋਕਾਂ ਦੀ ਇਸ ਔਖੇ ਵਕਤ ਸੁਹਿਰਦਤਾ ਨਾਲ ਮਦਦ ਕੀਤੀ ਜਾਵੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਮੁੜ ਤੋਂ ਲੀਹ 'ਤੇ ਆ ਸਕੇ। ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦਾ ਸਭ ਕੁੱਝ ਬਰਬਾਦ ਹੋ ਗਿਆ। ਸਰਕਾਰਾਂ ਨੂੰ ਚਾਹੀਦਾ ਹੈ ਜਿਨ੍ਹਾਂ ਖੇਤਰਾਂ 'ਚੋਂ ਪਾਣੀ ਨਿਕਲ ਚੁੱਕਾ ਹੈ, ਉਨ੍ਹਾਂ ਖੇਤਰਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਘਰਾਂ, ਫਸਲਾਂ, ਮਸ਼ੀਨਰੀ, ਡੰਗਰ ਪਸ਼ੂਆਂ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ ਬਠਿੰਡਾ।
ਨਿਰਸੁਆਰਥ ਬਨਾਮ ਮੌਕਾਪ੍ਰਸਤ
ਆਲੇ-ਦੁਆਲੇ ਵਿਚਰਦਿਆਂ ਰੋਜ਼ਾਨਾ ਸਾਡਾ ਵਾਹ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਪੈਂਦਾ ਹੈ। ਹਰ ਵਿਅਕਤੀ ਦਾ ਆਪਣਾ ਇੱਕ ਓਰਾ ਹੁੰਦਾ ਹੈ। ਕੁਝ ਲੋਕ ਅਜਿਹੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ, ਜਿਨ੍ਹਾਂ ਨੂੰ ਮਿਲ ਕੇ ਇੱਕ ਵੱਖਰਾ ਸਕੂਨ, ਆਪਣਾਪਨ, ਸ਼ਾਂਤੀ ਅਤੇ ਸਾਕਾਰਾਤਮਕ ਊਰਜਾ ਮਿਲਦੀ ਹੈ ਜਿਹੜੀ ਸਾਨੂੰ ਦਿਨ ਭਰ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ਼ ਕਰਨ ਵਿਚ ਮਦਦ ਕਰਦੀ ਹੈ। ਇਹੋ ਜਿਹੇ ਲੋਕ ਈਰਖਾ, ਸਾੜੇ ਅਤੇ ਦੂਜਿਆਂ ਨੂੰ ਨੀਵਾਂ ਦਿਖਾਉਣ ਵਰਗੇ ਭੈੜਾਂ ਤੋਂ ਕੋਹਾਂ ਦੂਰ ਹੁੰਦੇ ਹਨ। ਇਨ੍ਹਾਂ ਦੀ ਸੰਗਤ ਵਿਚੋਂ ਕੁਝ ਗ਼ਲਤ ਹੋਣ ਤੇ ਵਾਪਰਨ ਦੀ ਸੰਭਾਵਨਾ ਸਿਫ਼ਰ ਦੇ ਬਰਾਬਰ ਹੁੰਦੀ ਹੈ। ਇਹ ਜਿੱਥੇ ਵੀ ਮੌਜੂਦ ਹੁੰਦੇ ਹਨ ਉੱਥੇ ਵਿਕਾਸ ਦੀ ਰਫ਼ਤਾਰ ਦਾ ਤੇਜ਼ ਹੋਣਾ ਵੀ ਸੁਭਾਵਿਕ ਹੁੰਦਾ ਹੈ। ਇਸ ਦੇ ਉਲਟ ਬਹੁਤੇ ਨਹੀਂ ਤਾਂ ਕੁਝ-ਕੁ ਅਜਿਹੀ ਸ਼ਖ਼ਸੀਅਤ ਦੇ ਧਾਰਨੀ ਵੀ ਹੁੰਦੇ ਹਨ ਜਿਹੜੇ ਹਰ ਸਮੇਂ ਪੁੱਠੀਆਂ ਗੱਲਾਂ ਦੀ ਪੋਟਲੀ ਹੀ ਖੋਲ੍ਹੀ ਰੱਖਦੇ ਹਨ, ਜਿਨ੍ਹਾਂ ਤੋਂਕਦੇ ਵੀ ਕੁਝ ਚੰਗਾ ਕਰਨ ਤੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਸ਼ਾਇਦ ਅਸੀਂ ਉਮੀਦ ਨਹੀਂ ਕਰ ਸਕਦੇ। ਸ਼ਖ਼ਸੀਅਤ ਦੇ ਇਨ੍ਹਾਂ ਦੋਹਾਂ ਪੱਖਾਂ ਦੇ ਮਾਲਕ ਲੋਕਾਂ ਵਿਚੋਂ ਅਸੀਂ ਕਿਸ ਦੇ ਪੱਲੜੇ ਵਿਚ ਰਹਿਣਾ ਹੈ, ਇਹ ਸਾਡੇ ਖ਼ੁਦ 'ਤੇ ਨਿਰਭਰ ਕਰਦਾ ਹੈ। ਸਾਨੂੰ ਚਾਹੀਦਾ ਹੈ ਕਿ ਚੰਗੀ ਤੇ ਨੇਕ ਸਲਾਹ ਦੇਣ ਵਾਲਿਆਂ ਦਾ ਸੰਗ ਕਰੀਏ ਨਾ ਕਿ ਉਨ੍ਹਾਂ ਦਾ ਜੋ ਮਤਲਬੀ ਤੇ ਮੌਕਾਪ੍ਰਸਤ ਹੁੰਦੇ ਹਨ।
-ਲਾਭ ਸਿੰਘ ਸ਼ੇਰਗਿੱਲ,
ਬਡਰੁੱਖਾਂ (ਸੰਗਰੂਰ)