JALANDHAR WEATHER

08-10-25

 ਜੈਸੀ ਸੰਗਤ ਵੈਸੀ ਰੰਗਤ

ਇਹ ਕਹਾਵਤ ਹੈ ਕਿ 'ਜੈਸੀ ਸੰਗਤ ਵੈਸੀ ਰੰਗਤ' ਭਾਵ ਜਿਸ ਤਰ੍ਹਾਂ ਦੀ ਸੰਗਤ ਵਿਚ ਅਸੀਂ ਰਹਿੰਦੇ ਹਾਂ ਸਾਡੀ ਸੋਚ ਉਸੇ ਤਰ੍ਹਾਂ ਦੀ ਬਣ ਜਾਂਦੀ ਹੈ। ਇਕ ਇਨਸਾਨ ਆਪਣੇ ਸੰਗਤ ਤੋਂ ਹੀ ਪ੍ਰਭਾਵਿਤ ਹੁੰਦਾ ਹੈ। ਇਸ ਲਈ ਚੰਗੀ ਸੰਗਤ ਦਾ ਹੋਣਾ ਸਾਡੀ ਜੀਵਨ ਵਿਚ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਹੀ ਸਾਡਾ ਬਿਹਤਰੀਨ ਜੀਵਨ ਉਪਜਦਾ ਹੈ। ਇਸ ਦੇ ਫਾਇਦੇ ਹੀ ਫਾਇਦੇ ਹੁੰਦੇ ਹਨ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ। ਚੰਗੀ ਸੰਗਤ ਵਿਚ ਰਹਿ ਕੇ ਇਨਸਾਨ ਆਪਣੇ ਆਪ ਵਿਚ ਬਹੁਤ ਚੰਗੇ ਗੁਣਾਂ ਦਾ ਵਿਕਾਸ ਕਰਦਾ ਹੈ, ਉਹ ਸਕਾਰਾਤਮਕ ਅਤੇ ਉੱਚੀ ਸੋਚ ਵਾਲਾ ਬਣ ਜਾਂਦਾ ਹੈ। ਅਤੇ ਆਪਣੀ ਜ਼ਿੰਦਗੀ ਵਿਚ ਸਫਲਤਾ ਜ਼ਰੂਰ ਪ੍ਰਾਪਤ ਕਰਦਾ ਹੈ। ਇਸ ਲਈ ਸਾਨੂੰ ਚੰਗੇ ਤੇ ਨੇਕ ਲੋਕਾਂ ਦੀ ਸੰਗਤ ਹੀ ਕਰਨੀ ਚਾਹੀਦੀ ਹੈ। ਜਿਸ ਨਾਲ ਸਾਡਾ ਜੀਵਨ ਸਫਲ ਤੇ ਖੁਸ਼ਹਾਲ ਬਣਦਾ ਹੈ।

-ਹਰਸਿਮਰਨ ਕੌਰ

ਆਓ, ਪੰਜਾਬ ਲਈ ਅਰਦਾਸ ਕਰੀਏ

ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੇ ਅਨੇਕਾਂ ਦਰਦ ਹੰਢਾਏ ਹਨ। ਕਦੇ ਵੰਡ ਦਾ ਦਰਦ, ਕਦੇ 84 ਦਾ ਦਰਦ ਕਦੇ ਹੜ੍ਹਾਂ ਦਾ ਦਰਦ। ਵੱਖ ਵੱਖ ਸਮੇਂ ਤੇ ਆਏ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਪਰ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਪੰਜਾਬ ਹਰ ਵਾਰ ਮੁੜ ਆਪਣੇ ਪੈਰਾਂ ਸਿਰ ਖੜ੍ਹਾ ਹੋਇਆ ਹੈ। ਪੰਜਾਬ ਦੇ ਲੋਕ ਗੁਰੂਆਂ ਦੇ ਦਰਸਾਏ ਮਾਰਗ ਨੂੰ ਅਪਣਾਉਂਦੇ ਹੋਏ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੇ ਰਹੇ ਹਨ ਅਤੇ ਮੁਸੀਬਤ ਵੇਲੇ ਹਰ ਵਾਰ ਆਪਣੇ ਲੋਕਾਂ ਦੇ ਨਾਲ ਖੜ੍ਹਦੇ ਆਏ ਹਨ। ਇਨਸਾਨੀਅਤ ਦੇ ਨਾਤੇ ਇੱਕ ਦੂਜੇ ਦਾ ਸਾਥ ਦੇਣ ਦੀ ਪ੍ਰੰਪਰਾ ਹੀ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਦੀ ਆਈ ਹੈ। ਇਸ ਵਾਰ ਫਿਰ ਪੰਜਾਬ ਨੂੰ ਹੜ੍ਹਾਂ ਦੀ ਮਾਰ ਨੇ ਘੇਰਿਆ ਹੈ ਜਿਸ ਕਰਕੇ ਅਨੇਕਾਂ ਲੋਕ ਤੇ ਉਨ੍ਹਾਂ ਦੇ ਘਰ ਬਾਰ, ਖੇਤ, ਫਸਲਾਂ ਅਤੇ ਡੰਗਰ ਪਸ਼ੂ ਇਸ ਮਾਰ ਹੇਠ ਆਏ ਹਨ। ਇਸਨੂੰ ਕੁਦਰਤੀ ਕ੍ਰੋਪੀ ਕਹੀਏ ਜਾਂ ਇਨਸਾਨੀ ਗ਼ਲਤੀ ਪਰ ਨੁਕਸਾਨ ਤਾਂ ਪੰਜਾਬ ਦੇ ਲੋਕਾਂ ਦਾ ਹੀ ਹੋਇਆ ਹੈ। ਆਓ ਸਾਰੇ ਰਲ ਕੇ ਪੰਜਾਬ ਲਈ ਅਰਦਾਸ ਕਰੀਏ ਕਿ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠ ਆਏ ਲੋਕ ਮੁੜ ਆਪਣੇ ਪੈਰਾਂ ਸਿਰ ਹੋ ਸਕਣ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ:ਸਿਹੌੜਾ, ਤਹਿਸੀਲ:ਪਾਇਲ

ਨੌਜਵਾਨ ਅਤੇ ਕਿਤਾਬਾਂ

ਮੋਬਾਈਲ ਫੋਨ ਅਤੇ ਟੀਵੀ ਆਦਿ ਨੇ ਬੱਚਿਆਂ ਨੂੰ ਕਿਤਾਬਾਂ ਤੋਂ ਬਿਲਕੁਲ ਦੂਰ ਕਰ ਦਿੱਤਾ ਹੈ ਹੈ। ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣ ਵਿਚ ਮਾਪਿਆਂ ਦੀ ਵੀ ਭੂਮਿਕਾ ਹੈ ਕਿਉਂਕਿ ਜ਼ਿਆਦਾਤਰ ਮਾਪੇ ਸਮਝਦੇ ਹਨ ਕਿ ਸਕੂਲ ਦੀਆਂ ਕਿਤਾਬਾਂ ਹੀ ਬਹੁਤ ਹਨ, ਹੋਰ ਕਿਤਾਬਾਂ ਕੀ ਕਰਨੀਆਂ। ਪਰੰਤੂ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹੋਣ ਦੇ ਨਾਲ ਨਾਲ ਸਮੇਂ ਦੀ ਸੁਚੱਜੀ ਵਰਤੋਂ ਕਰਨ, ਬੌਧਿਕ ਵਿਕਾਸ, ਨੈਤਿਕ ਕਦਰਾਂ ਕੀਮਤਾਂ ਵਿਚ ਵਾਧਾ, ਸਮਾਜਿਕ ਮਸਲਿਆਂ ਨੂੰ ਸੁਲਝਾਉਣ ਅਤੇ ਜ਼ਿੰਦਗੀ ਦੇ ਫਲਸਫੇ ਨੂੰ ਸਮਝਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸੋਸ਼ਲ ਮੀਡੀਆ ਦੀ ਵਧ ਰਹੀ ਵਰਤੋਂ ਕਰਕੇ ਨੌਜਵਾਨ ਪਾਠਕਾਂ ਦੀ ਗਿਣਤੀ ਕਿਤਾਬਾਂ ਵਿਚ ਘਟਦੀ ਜਾ ਰਹੀ ਹੈ। ਅਜੋਕੀ ਨੌਜਵਾਨ ਪੀੜ੍ਹੀ ਲਈ ਤਾਂ ਕਿਤਾਬਾਂ ਦੀ ਹੋਰ ਵੀ ਖ਼ਾਸ ਮਹੱਤਤਾ ਹੈ, ਨੌਜਵਾਨ ਕਿਤਾਬਾਂ ਦੇ ਗਿਆਨ ਰਾਹੀਂ ਆਪਣੀ ਦਿਸ਼ਾ ਦੀ ਸਹੀ ਚੋਣ ਕਰ ਸਕਦੇ ਹਨ। ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਦੇ ਅਦਭੁਤ ਸੰਸਾਰ ਨਾਲ ਜੋੜਨ ਲਈ ਸਰਕਾਰੀ ਅਤੇ ਨਿੱਜੀ ਸੰਸਥਾਵਾਂ, ਸਾਹਿਤ ਅਕਾਦਮੀਆਂ, ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ਦੁਆਰਾ ਲੋਕ ਲਹਿਰ ਚਲਾਉਣ ਦੀ ਲੋੜ ਹੈ ਤਾਂ ਜੋ ਨੌਜਵਾਨ ਪਾਠਕਾਂ ਦੀ ਗਿਣਤੀ ਵਿਚ ਵਾਧਾ ਹੋ ਸਕੇ ਅਤੇ ਉਹ ਮੋਬਾਈਲ ਤੋਂ ਹਟ ਕੇ ਕਿਤਾਬਾਂ ਨੂੰ ਆਪਣਾ ਮਿੱਤਰ ਬਣਾ ਸਕਣ।

-ਗੌਰਵ ਮੁੰਜਾਲ ਪੀ.ਸੀ.ਐਸ

ਪਰਾਲੀ ਸਾੜਨ ਦੀ ਸਮੱਸਿਆ

ਮੈਂ ਸਰਕਾਰ ਅਤੇ ਲੋਕਾਂ ਦਾ ਧਿਆਨ ਇੱਕ ਗੰਭੀਰ ਸਮੱਸਿਆ ਵੱਲ ਖਿੱਚਣਾ ਚਾਹੁੰਦੀ ਹਾਂ। ਹਰ ਸਾਲ ਪੰਜਾਬ ਦੇ ਕਿਸਾਨ ਆਪਣੀ ਫ਼ਸਲ ਕੱਟਣ ਤੋਂ ਬਾਅਦ ਖੇਤਾਂ ਵਿਚ ਪਰਾਲੀ ਨੂੰ ਸਾੜ ਦਿੰਦੇ ਹਨ। ਇਸ ਨਾਲ ਨਾ ਸਿਰਫ਼ ਹਵਾ ਪ੍ਰਦਸ਼ਿਤ ਹੁੰਦੀ ਹੈ, ਸਗੋਂ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਪਰੀਮ ਕੋਰਟ ਵਲੋਂ ਸਰਕਾਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਪਰਾਲੀ ਸਾੜਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਪਰ ਸਿਰਫ਼ ਸਜ਼ਾ ਦੇਣ ਨਾਲ ਹੀ ਹੱਲ ਨਹੀਂ ਨਿਕਲੇਗਾ। ਸਰਕਾਰ ਵਲੋਂ ਕਿਸਾਨਾਂ ਨੂੰ ਸਸਤੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਜਾਣ, ਅਤੇ ਲੋਕਾਂ ਵਿਚ ਜਾਗਰੂਕਤਾ ਫੈਲਾਈ ਜਾਵੇ ਤਾਂ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ। ਸਰਕਾਰ ਕਿਸਾਨਾਂ ਨੂੰ ਦੋਸ਼ੀ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਬਿਨਾਂ ਪਰਾਲੀ ਸਾੜੇ ਆਪਣੀ ਫ਼ਸਲ ਦੀ ਸੰਭਾਲ ਕਰ ਸਕਣ।

-ਨੀਲਾਕਸ਼ੀ
ਫਗਵਾੜਾ

ਵਧੀਆ ਲੇਖ

ਬੀਤੇ ਦਿਨੀਂ 'ਜਥੇਦਾਰ ਮੋਹਨ ਸਿੰਘ ਤੁੜ' ਬਾਰੇ ਲੇਖ ਪੜ੍ਹਿਆ ਕਿ ਉਹ ਕਿੰਨੀ ਕੁਰਬਾਨੀ ਵਾਲੇ ਇਨਸਾਨ ਸਨ ਅਤੇ ਉਨ੍ਹਾਂ ਜਿੰਨੀਆਂ ਵੀ ਚੋਣਾਂ ਲੜੀਆਂ, ਸਭ ਵਿਚ ਸ਼ਾਨਦਾਰ ਫਤਹਿ ਪ੍ਰਾਪਤ ਕੀਤੀ। ਉਨ੍ਹਾਂ ਜੇਲ੍ਹ ਵਿਚੋਂ ਹੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਦਿੱਤਾ ਸੀ, ਭਾਵੇਂ ਬਾਅਦ ਵਿਚ ਧੱਕੇਸ਼ਾਹੀ ਨਾਲ ਕੈਰੋਂ ਨੂੰ ਜੇਤੂ ਐਲਾਨ ਦਿੱਤਾ ਸੀ। ਐਮਰਜੈਂਸੀ ਮੋਰਚਾ ਜਿੱਤਣਾ ਜਥੇਦਾਰ ਤੁੜ ਸਾਹਿਬ ਦੀ ਸਿਆਣਪ ਹੀ ਸੀ। ਦਿੱਲੀ ਸਰਕਾਰ ਵੀ ਉਨ੍ਹਾਂ ਤੋਂ ਡਰਦੀ ਸੀ। ਉਸ ਪਾਰਟੀ ਦੇ ਏਕੇ ਲਈ ਆਪਣੀ ਪ੍ਰਧਾਨਗੀ ਵਾਰ ਦਿੱਤੀ ਸੀ। ਹੁਣ ਅਕਾਲੀ ਦਲ ਦਾ ਕੀ ਹਾਲ ਹੈ? ਪਾਰਟੀ ਨੇ ਤੁੜ ਦੇ ਪਰਿਵਾਰ, ਬਰਨਾਲਾ ਸਾਹਿਬ ਦਾ ਪਰਿਵਾਰ, ਟੌਹੜਾ ਸਾਹਿਬ ਦੇ ਪਰਿਵਾਰ ਅਤੇ ਸ਼ੇਰ ਸਿੰਘ ਘੁਬਾਇਆ, ਸਰਦਾਰਾ ਸਿੰਘ ਕੋਹਲੀ, ਬਸੰਤ ਸਿੰਘ ਖਾਲਸਾ, ਸੇਵਾ ਸਿੰਘ ਸੇਖਵਾਂ ਦੇ ਪਰਿਵਾਰਾਂ ਨੂੰ ਵਿਸਾਰ ਦਿੱਤਾ ਹੈ ਅਤੇ ਜਿਨ੍ਹਾਂ ਨੂੰ ਅਕਾਲੀ ਦਲ ਬਾਰੇ ਕੁਝ ਵੀ ਪਤਾ ਨਹੀਂ ਉਹ ਮੋਹਰੀ ਬਣ ਬੈਠੇ ਹਨ। ਅਕਾਲੀ ਦਲ ਨੇ ਤੇਲਗੂ ਦੇਸਮ ਪਾਰਟੀ, ਡੀ.ਐਮ.ਕੇ., ਤ੍ਰਿਣਮੂਲ ਕਾਂਗਰਸ ਜੋ ਆਪਣੇ ਸੂਬਿਆਂ ਲਈ ਸਟੈਂਡ ਰੱਖਦੀਆਂ ਹਨ ਉਸ ਤੋਂ ਕੁਝ ਵੀ ਨਹੀਂ ਸਿੱਖਿਆ। ਅਕਾਲੀ ਦਲ ਆਪਣੇ ਸਿਧਾਂਤ ਤੋਂ ਦੂਰ ਹੋ ਚੁੱਕਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭੈਅ ਵੀ ਨਹੀਂ ਮੰਨਦਾ। ਬੱਸ ਆਪਣੀ ਪ੍ਰਧਾਨਗੀ ਬਰਕਰਾਰ ਰੱਖਣ ਲਈ ਯਤਨਸ਼ੀਲ ਹੈ ਪਰ ਲੋਕਾਂ ਦਾ ਭਰੋਸਾ ਗੁਆ ਚੁੱਕਾ ਹੈ। ਅੱਜ ਇਸ ਨੂੰ ਜਥੇਦਾਰ ਮੋਹਨ ਸਿੰਘ ਤੁੜ ਵਰਗੇ ਇਨਸਾਨ ਦੀ ਲੋੜ ਹੈ।

-ਸੋਢੀ ਸਿੰਘ ਵਿਰਦੀ
ਸ਼ਾਹਕੋਟ।

ਹੜ੍ਹਾਂ 'ਚ ਜੂਝ ਰਹੇ ਬੇਜ਼ੁਬਾਨ
ਹੜ੍ਹਾਂ ਕਾਰਨ ਲੋਕ ਤਾਂ ਬੇਹਾਲ ਹੁੰਦੇ ਹੀ ਹਨ ਪਰ ਉਸ ਤੋਂ ਵੀ ਜ਼ਿਆਦਾ ਬੇਜ਼ੁਬਾਨ ਜਾਨਵਰ ਹੁੰਦੇ ਹਨ ਜੋ ਆਪਣੀ ਦੁੱਖ ਤਕਲੀਫ਼ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੇ। ਹੜ੍ਹਾਂ ਕਾਰਨ ਲੋਕਾਂ ਦੇ ਪਾਲਤੂ ਜਾਨਵਰ ਅਤੇ ਪਸ਼ੂ ਰੁੜ੍ਹ ਗਏ ਜਾਂ ਬਹੁਤ ਸਾਰੇ ਜ਼ਿਆਦਾ ਪਾਣੀ ਕਾਰਨ ਮਰ ਗਏ। ਬੇਜ਼ੁਬਾਨ ਪਸ਼ੂ ਭੁੱਖੇ ਹੀ ਕਈ-ਕਈ ਦਿਨ ਪਾਣੀ ਵਿਚ ਵੀ ਰਹਿੰਦੇ ਰਹੇ। ਭਾਵੇਂ ਕਈ ਪਸ਼ੂਆਂ ਨੂੰ ਲੋਕਾਂ ਨੇ ਸੁਰੱਖਿਅਤ ਥਾਵਾਂ 'ਤੇ ਬਚਾਅ ਵੀ ਲਿਆ। ਪਰ ਬਹੁਤੇ ਪਸ਼ੂ ਪਾਣੀ ਵਿਚ ਹੀ ਮਰ ਗਏ। ਕਈ ਗਰੀਬ ਆਪਣੇ ਪਾਲਤੂ ਪਸ਼ੂਆਂ ਨੂੰ ਨਹੀਂ ਬਚਾਅ ਸਕੇ। ਕਈ ਲੋਕਾਂ ਨੇ ਤਾਂ ਆਪਣੇ ਪਾਲਤੂ ਜਾਨਵਰਾਂ ਨੂੰ ਘਰਾਂ ਦੀਆਂ ਛੱਤਾਂ ਉੱਪਰ ਹੀ ਚੜ੍ਹਾ ਲਿਆ। ਬਹੁਤ ਸਾਰੇ ਪਸ਼ੂ ਪਾਣੀ ਵਿਚ ਰੁੜ੍ਹ ਕੇ ਪਾਕਿਸਤਾਨ ਪਹੁੰਚ ਗਏ।

-ਹਰਪ੍ਰੀਤ ਕੌਰ ਸੇਖੋਂ,
ਬਾਗਸਿਕੰਦਰ।