09-10-25
ਆਨਲਾਈਨ ਚਲਾਨ
ਪਿਛਲੇ ਦਿਨੀਂ ਅਖ਼ਬਾਰਾਂ ਵਿਚ ਖ਼ਬਰ ਪੜ੍ਹੀ ਕਿ ਜਲੰਧਰ ਸ਼ਹਿਰ ਹੁਣ ਸਮਾਰਟ ਸਿਟੀ ਬਣਨ ਵੱਲ ਅੱਗੇ ਵਧ ਰਿਹਾ ਹੈ। ਇਸ ਦਾ ਕਾਰਨ ਇਹ ਦੱਸਿਆ ਗਿਆ ਕਿ ਹੁਣ ਜਲੰਧਰ ਵਿਚ ਆਨਲਾਈਨ ਚਲਾਨ ਹੋਇਆ ਕਰਨਗੇ। ਮੈਨੂੰ ਸਮਝ ਨਹੀਂ ਆਉਂਦਾ ਕਿ ਸਮਾਰਟ ਸਿਟੀ ਹੋਣ ਲਈ ਕੀ ਸਿਰਫ਼ ਆਨਲਾਈਨ ਚਲਾਨ ਹੋਣਾ ਹੀ ਕਾਫੀ ਹੈ। ਕੀ ਹੁਣ ਪੁਲਿਸ ਚੌਕਾਂ ਵਿਚ ਖੜ੍ਹੇ ਹੋ ਕੇ ਵਾਹਨਾਂ ਨੂੰ ਨਹੀਂ ਰੋਕੇਗੀ ਅਤੇ ਉਨ੍ਹਾਂ ਦੇ ਚਲਾਨ ਕੱਟਣ ਦਾ ਕੰਮ ਨਹੀਂ ਕਰੇਗੀ। ਆਨਲਾਈਨ ਚਲਾਨ ਕੱਟਣ ਨਾਲ ਕੀ ਜਲੰਧਰ ਸ਼ਹਿਰ ਭਿਖਾਰੀਆਂ ਤੋਂ ਮੁਕਤ ਹੋ ਜਾਵੇਗਾ। ਸਭ ਤੋਂ ਪਹਿਲਾਂ ਤਾਂ ਉਨ੍ਹਾਂ ਚੌਂਕਾਂ ਵਿਚ ਪੁਲਿਸ ਵਾਲਿਆਂ ਦੇ ਚਲਾਨ ਕੱਟਣੇ ਚਾਹੀਦੇ ਹਨ ਜਿਨ੍ਹਾਂ ਦੇ ਚੌਕਾਂ ਵਿਚ ਮੌਜੂਦ ਹੁੰਦਿਆਂ ਟ੍ਰੈਫਿਕ ਜਾਮ ਹੁੰਦੇ ਹਨ। ਜਿਨ੍ਹਾਂ ਦੀ ਮੌਜੂਦਗੀ ਵਿਚ ਭਿਖਾਰੀ ਅਤੇ ਥਰਡ ਜੈਂਡਰ ਲਾਲ ਬੱਤੀ ਹੋਣ 'ਤੇ ਗੱਡੀਆਂ ਵਾਲਿਆਂ ਕੋਲੋਂ ਹੱਥ ਜੋੜ-ਜੋੜ ਕੇ ਸ਼ਰ੍ਹੇਆਮ ਪੈਸਿਆਂ ਦੀ ਮੰਗ ਕਰਦੇ ਹਨ। ਕੀ ਸਮਾਰਟ ਸਿਟੀ ਲਈ ਇਹ ਜ਼ਰੂਰੀ ਨਹੀਂ ਕਿ ਦੂਜੇ ਸ਼ਹਿਰ ਜਾਂ ਦੂਜੇ ਰਾਜ ਦੀ ਗੱਡੀ ਨੂੰ ਬਿਨਾਂ ਰੋਕੇ ਜਾਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਜੇ ਇਹ ਚੀਜ਼ਾਂ ਨਹੀਂ ਰੁਕਣਗੀਆਂ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸ਼ਹਿਰ ਸਮਾਰਟ ਸਿਟੀ ਬਣਨ ਵੱਲ ਅੱਗੇ ਵਧ ਰਿਹਾ ਹੈ।
-ਅਸ਼ੀਸ਼ ਸ਼ਰਮਾ
ਜਲੰਧਰ।
ਗ਼ਰੀਬ ਔਰਤਾਂ ਨੂੰ ਕੀਤਾ ਜਾ ਰਿਹਾ ਬਦਨਾਮ
ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਬਹੁਤ ਚੰਗਾ ਮਾੜਾ ਗੰਦ-ਮੰਦ ਪੇਸ਼ ਕਰ ਕੇ ਪੈਸੇ ਕਮਾਉਣ ਲੱਗੇ ਹੋਏ ਹਨ। ਸੋਸ਼ਲ ਮੀਡੀਆ 'ਤੇ ਖੇਤਾਂ 'ਚ ਕੱਖ ਲੈਣ ਆਈਆਂ, ਦਿਹਾੜੀ ਕਰਨ ਆਈਆਂ ਔਰਤਾਂ ਦੀਆਂ ਗ਼ਲਤ ਤਰੀਕੇ ਨਾਲ ਵੀਡੀਓ ਬਣਾਈਆਂ ਜਾ ਰਹੀਆਂ ਹਨ। ਕੀ ਇਨ੍ਹਾਂ ਲੋਕਾਂ ਨੂੰ ਕੋਈ ਹੋਰ ਵਿਸ਼ਾ ਨਹੀਂ ਮਿਲਦਾ। ਥੋੜ੍ਹੀ ਬਹੁਤ ਤਾਂ ਸ਼ਰਮ ਮੰਨਣੀ ਚਾਹੀਦੀ ਹੈ ਕਿਉਂ ਆਪਣੀ ਔਕਾਤ ਵਿਖਾਉਂਦੇ ਹਨ। ਇਨ੍ਹਾਂ ਦੇ ਆਪਣੇ ਪਰਿਵਾਰ ਵੀ ਕੋਈ ਦੁੱਧੋਂ ਧੋਤੇ ਨਹੀਂ ਕਿ ਕਿਸੇ ਹੋਰ ਨੂੰ ਇੰਝ ਪੇਸ਼ ਕਰੋ। ਹੋਰ ਬਹੁਤ ਸਾਰੇ ਮੁੱਦੇ ਹਨ ਉਨ੍ਹਾਂ ਦੀ ਵੀਡੀਓ ਬਣਾ ਲਿਆ ਕਰੋ।
-ਮੱਖਣ ਸ਼ੇਰੋਂ ਵਾਲਾ
ਸੰਗਰੂਰ।
ਜੀਵਨ ਵਿਚ ਆਤਮ-ਨਿਰੀਖਣ
ਜੀਵਨ ਵਿਚ ਸਫਲਤਾ ਪਾਉਣ ਲਈ ਅਤੀ ਜ਼ਰੂਰੀ ਹੈ, ਆਤਮ-ਨਿਰੀਖਣ ਦੁਆਰਾ ਇਹ ਪਤਾ ਲਗਾਉਣਾ ਕਿ ਲੋਕਾਂ ਵਿਚ ਤੁਹਾਡੇ ਪ੍ਰਤੀ ਕੀ ਧਾਰਨਾਵਾਂ ਹਨ। ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਹਨ ਤੇ ਕਿੰਨਾ ਨਾਪਸੰਦ। ਲੋਕਾਂ ਦੇ ਵਿਚਾਰਾਂ ਦਾ ਪਤਾ ਉਨ੍ਹਾਂ ਦੇ ਵਿਹਾਰ ਅਤੇ ਗੱਲਾਂ ਤੋਂ ਲੱਗ ਜਾਂਦਾ ਹੈ। ਤੁਸੀਂ ਇਕਾਂਤ ਵਿਚ ਬੈਠ ਕੇ ਚਿੰਤਨ-ਮਨਨ ਕਰਨ ਦੀ ਆਦਤ ਸੌਣ ਤੋਂ ਪਹਿਲਾਂ ਬਣਾਓ ਅਤੇ ਨਿਰੀਖਣ ਕਰੋ ਅਤੇ ਦੇਖੋ ਕਿ ਦਿਨ ਭਰ ਵਿਚ ਤੁਸੀਂ ਕੀ-ਕੀ ਗ਼ਲਤੀਆਂ ਕੀਤੀਆਂ। ਇਸ ਨਾਲ ਤੁਸੀਂ ਬਹੁਤ ਸਾਰੀਆਂ ਭੁੱਲਾਂ ਵਿਚ ਸੁਧਾਰ ਕਰ ਸਕਦੇ ਹੋ ਅਤੇ ਮੁੜ ਉਹ ਗ਼ਲਤੀਆਂ ਕਰਨ ਤੋਂ ਬਚ ਸਕਦੇ ਹੋ। ਆਪਣੀਆਂ ਭੁੱਲਾਂ 'ਤੇ ਕੁੜਣਾ ਛੱਡੋ ਤੇ ਨਾ ਹੀ ਪਛਤਾਵੇ ਦੇ ਹੰਝੂ ਵਹਾਉ। ਬਲਕਿ ਇਹ ਸੋਚੋ ਕਿ ਹੁਣ ਭਵਿੱਖ ਵਿਚ ਉਹੋ ਜਿਹੀ ਭੁੱਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਆਤਮ-ਨਿਰੀਖਣ ਨਾਲ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਤੁਸੀਂ ਕਿੰਨੇ ਲੋਕਾਂ ਵਿਚ ਪਿਆਰੇ ਹੋ, ਤੇ ਕਿੰਨੇ ਲੋਕਾਂ ਵਿਚ ਨਾਪਸੰਦ ਕੀਤੇ ਜਾਂਦੇ ਹੋ। ਤੁਹਾਡੇ ਵਿਚ ਕਿੰਨੇ ਗੁਣ ਹਨ ਤੇ ਕਿੰਨੇ ਔਗੁਣ। ਆਪਣੇ ਔਗੁਣਾਂ ਨੂੰ ਭੁਲਾਓ, ਉਨ੍ਹਾਂ ਨੂੰ ਤਿਆਗੋ। ਜੋ ਵੀ ਬੁਰੀਆਂ ਆਦਤਾਂ ਹਨ। ਉਨ੍ਹਾਂ ਨੂੰ ਛੱਡ ਦਿਉ ਚੰਗੀਆਂ ਆਦਤਾਂ ਪਾ ਲਉ। ਬਿਨਾਂ ਆਤਮ-ਨਿਰੀਖਣ ਦੇ ਕਦੇ ਵੀ ਤੁਹਾਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ। ਜਦੋਂ ਤੱਕ ਤੁਸੀਂ ਇਹ ਨਹੀਂ ਜਾਣ ਲੈਂਦੇ ਉਦੋਂ ਤੱਕ ਤੁਸੀਂ ਅੱਗੇ ਨਹੀਂ ਵਧ ਸਕਦੇ।
-ਡਾ. ਨਰਿੰਦਰ ਭੱਪਰ
ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।